ਗੁਲਜ਼ਾਰ ਸਿੰਘ ਸੰਧੂ
ਫੋਨ: 91-98157-78469
ਸਿਹਤ ਪੂਰੀ ਤਰ੍ਹਾਂ ਠੀਕ ਨਾ ਹੋਣ ਕਾਰਨ ਮੈਂ ਖ਼ੁਦ ਪੰਜਾਬ ਦੇ ਪਿੰਡਾਂ ਵਿਚ ਨਹੀਂ ਜਾ ਸਕਦਾ| ਕੁਝ ਏਸ ਲਈ ਵੀ ਕਿ ਹੁਣ ਮੈਨੂੰ ਕਾਰ ਚਲਾਉਣਾ ਮਨ੍ਹਾਂ ਹੈ| ਰਿਸ਼ਤੇਦਾਰਾਂ ਤੇ ਅੰਗੀਆਂ-ਸੰਗੀਆਂ ਤੋਂ ਪੰਜਾਬ ਦੇ ਪਿੰਡਾਂ ਦੀ ਖ਼ਬਰ ਲਗਾਤਾਰ ਮਿਲਦੀ ਰਹਿੰਦੀ ਹੈ|
ਪੁਰਾਣੇ ਖੂਹਾਂ ਦੇ ਢਕੇ ਜਾਣ ਸਦਕਾ ਉਨ੍ਹਾਂ ਉਪਰੋਂ ਗੱਡੇ ਗਡੀਆਂ ਲੰਘਣ ਦੀ ਵੀ ਤੇ ਬਾਰਾਸ਼ ਨਾ ਹੋਣ ਦੀ ਸੂਰਤ ਵਿਚ ਫਸਲਾਂ ਦੇ ਮੁਰਝਾਉਣ ਤੇ ਝਾੜ ਘੱਟ ਮਿਲਣ ਦੀ ਵੀ| ਪੇਂਡੂ ਕਵੀ ਦੇ ਕਹਿਣ ਵਾਂਗ:
ਪੱਕੀ ਫਸਲ ਦੇਖ ਕੇ ਗਰਭ ਕਰੇ ਕਿਰਸਾਨ
ਨ੍ਹੇਰੀ ਝਖੜ ਬਹੁਤ ਹੈ, ਘਰ ਆਈ ਤਾਂ ਜਾਣ
ਚੋਣਾਂ ਨੇੜੇ ਆਉਣ ਕਾਰਨ ਵੋਟਾਂ ਬਟੋਰਨ ਲਈ ਹਾਕਮ ਜਮਾਤਾਂ ਵਲੋਂ ਕੀਤੇ ਜਾ ਰਹੇ ਪਾਖੰਡਾਂ ਬਾਰੇ ਵੀ| ਖਾਸ ਕਰਕੇ ਅਜਿਹੇ ਲੁਭਾਉਣੇ ਬਿਆਨਾਂ ਬਾਰੇ ਜਿਨ੍ਹਾਂ ਵਿਚ ਬੀਬੀਆਂ, ਭੈਣਾਂ ਤੇ ਮਾਵਾਂ ਨੂੰ ਮਾਹਵਾਰੀ ਪੈਨਸ਼ਨਾਂ ਦਿੱਤੀਆਂ ਜਾਂਦੀਆਂ ਹਨ| ਇਹ ਵਾਲੇ ਬਿਨ ਮੰਗੇ ਸਾਧਨ ਬਿਆਨਾਂ ਤੱਕ ਹੀ ਸੀਮਤ ਨਹੀਂ ਗਰੀਬੀ ਰੇਖਾ ਤੋਂ ਥੱਲੇ ਵਾਲੇ ਹਰ ਵਿਅਕਤੀ ਦੇ ਘਰ ਪਹੁੰਚਦੇ ਕਰ ਦਿੱਤੇ ਜਾਂਦੇ ਹਨ| ਸੁਣਨ ਵਿਚ ਤਾਂ ਇਹ ਵੀ ਆਇਆ ਹੈ ਕਿ ਖਾਣ-ਪੀਣ ਦਾ ਸਮਾਨ ਗਡੀਆਂ ਉੱਤੇ ਲੱਦ ਕੇ ਸਰਕਾਰੀ ਕਾਰਕੁਨ ਹੋਕਾ ਦਿੰਦੇ ਫਿਰਦੇ ਹਨ ਕਿ ਸਾਰੇ ਮਾਈ ਭਾਈ, ਖਾਸ ਕਰਕੇ ਗਰੀਬੀ ਰੇਖਾ ਤੋਂ ਥੱਲੇ ਵਾਲੋ ਆਪੋ ਆਪਣੀਆਂ ਬਾਲਟੀਆਂ ਤੇ ਥੈਲੇ ਲੈ ਕੇ ਪਿੰਡਾਂ ਦੇ ਚੌਕਾਂ, ਜਾਂ ਢਕੇ ਜਾ ਚੁਕੇ ਖੂਹਾਂ ਵਾਲੀ ਥਾਂ ਉੱਤੇ ਪਹੁੰਚ ਸਕਦੇ ਹਨ ਜਿਥੇ ਸਰਕਾਰ ਦੇ ਬੰਦੇ ਉਨ੍ਹਾਂ ਦੀ ਉਡੀਕ ਕਰ ਰਹੇ ਹੁੰਦੇ ਹਨ| ਨਤੀਜਾ ਇਹ ਨਿਕਲਦਾ ਹੈ ਕਿ ਪਿੰਡਾਂ ਦੇ ਵਸਨੀਕ ਖੇਤਾਂ ਦੀਆਂ ਫਸਲਾਂ ਵਲ ਧਿਆਨ ਦੇਣ ਦੀ ਥਾਂ ਪਿੰਡ ਦੇ ਚੌਕਾਂ ਤੇ ਚੁਰਸਤਿਆਂ ਪ੍ਰਤੀ ਆਪਣੇ ਨੈਣਾਂ ਤੇ ਕੰਨਾਂ ਨੂੰ ਸੁਚੇਤ ਕਰੀ ਰਖਦੇ ਹਨ| ਇਹ ਵੀ ਸੁਣਨ ਵਿਚ ਆਇਆ ਹੈ ਕਿ ਵਧੇਰੇ ਮਾਲ ਅਸਬਾਬ ਮਿਲਣ ਦੀ ਆਸ ਵਿਚ ਪਿੰਡਾਂ ਦੀਆਂ ਸੁਆਣੀਆਂ ਅਜਿਹੇ ਗਹਿਣੇ ਵੀ ਚੁੱਕੀ ਫਿਰਦੀਆਂ ਹਨ ਜਿਹੜੇ ਕਈ ਪੀੜ੍ਹੀਆਂ ਵਿਆਹ-ਸ਼ਾਦੀ ਦੇ ਅਵਸਰ ਉਤੇ ਸੀਮਤ ਦਿਨਾਂ, ਹਫਤਿਆਂ ਤੇ ਮਹੀਨਿਆਂ ਤੱਕ ਲੋੜਵੰਦ ਜੋੜੀ ਨੂੰ ਪਹਿਨਾ ਕੇ ਵੇਲਾ ਲੰਘਾਉਂਦੀਆਂ ਰਹੀਆਂ ਹਨ| ਅਜੋਕੇ ਸਰਕਾਰੀ ਕਰਮਚਾਰੀ ਇਸਨੂੰ ਸਵੱਛ ਰਾਜ (ਵੈਲਫੇਅਰ ਸਟੇਟ) ਦੇ ਨਾਂ ਨਾਲ ਸ਼ਿੰਗਾਰਨ ਲੱਗੇ ਵੀ ਨਹੀਂ ਝਿਜਕਦੇ|
ਆਉਣ ਵਾਲੇ ਕੱਲ੍ਹ ਨੂੰ ਕੀ ਨਤੀਜਾ ਨਿਕਲਣਾ ਹੈ, ਇਸਦੀ ਪਛਾਣ ਕੋਈ ਹੀ ਕਰਦਾ| ਚੋਣਾਂ ਦਾ ਸਮਾਂ ਲੰਘਣ ਉਪਰੰਤ ਸਰਕਾਰ ਨੇ ਜਿਹੜਾ ਪਾਸਾ ਪਰਤਣਾ ਹੈ ਉਸ ਪਾਸੇ ਕੋਈ ਧਿਆਨ ਨਹੀਂ ਦਿੰਦਾ|
ਉਹ ਵੀ ਨਹੀਂ ਜਿਹੜਾ ਖਾਂਦਾ-ਪੀਂਦਾ ਪਰਿਵਾਰ ਅੱਜ ਦੇ ਦਿਨ ਲਾਭ ਲੈਣ ਲਈ ਆਪਣੇ ਆਪ ਨੂੰ ਗਰੀਬੀ ਰੇਖਾ ਤੋਂ ਥੱਲੇ ਦੱਸ ਰਿਹਾ ਹੈ| ਏਥੋਂ ਤਕ ਕਿ ਆਪਣੇ ਆਪ ਨੂੰ ਇਸ ਰੇਖਾ ਤੋਂ ਥੱਲੇ ਦੱਸਣ ਲਈ ਉਹ ਉੱਤਰ ਪ੍ਰਦੇਸ਼ ਤੇ ਬਿਹਾਰ ਦੇ ਭਈਆਂ ਦਾ ਪ੍ਰਮਾਣ ਦਿੰਦੇ ਵੀ ਫੋਰਾ ਨਹੀਂ ਲਾਉਂਦੇ| ਉਨ੍ਹਾਂ ਨੂੰ ਭਈਏ ਬਣਦਿਆਂ ਸ਼ਰਮ ਨਹੀਂ ਆਉਂਦੀ|
ਸਵਾਲ ਇਹ ਨਹੀਂ ਕਿ ਪੰਜਾਬ ਵਿਚ ਕਿਹੜੀ ਸਰਕਾਰ ਨੇ ਰਾਜ ਕੀਤਾ| ਸਵਾਲ ਇਹ ਹੈ ਕਿ ਦਹਾਕਿਆਂ ਦੀ ਸਿਆਸਤ ਨੇ ਪੰਜਾਬ ਨੂੰ ਕਿਹੜੀ ਦਿਸ਼ਾ ਦਿੱਤੀ? ਕੀ ਅਸੀਂ ਆਪਣੇ ਨੌਜਵਾਨਾਂ ਲਈ ਅਜਿਹੀ ਅਰਥ-ਵਿਵਸਥਾ ਬਣਾਈ ਜਿੱਥੇ ਉਹ ਆਪਣੇ ਸੁਪਨਿਆਂ ਨੂੰ ਹਕੀਕਤ ਵਿਚ ਬਦਲ ਸਕਣ ਤੇ ਵਿਦੇਸ਼ਾਂ ਦੀ ਤਾਕ ਨਾ ਰੱਖਣ?
ਜੇ ਜਵਾਬ ਨਾਂਹ ਵਿਚ ਹੈ, ਤਾਂ ਸਾਨੂੰ ਇਹ ਮੰਨਣਾ ਪਵੇਗਾ ਕਿ ਸਮੱਸਿਆ ਸਿਰਫ਼ ਸਰੋਤਾਂ ਦੀ ਨਹੀਂ ਤਰਜੀਹਾਂ ਦੀ ਹੈ| ਸਰਕਾਰਾਂ ਆਪਣੇ ਕੰਮ ਨਾਲੋਂ ਵੱਧ ਆਪਣੇ ਪ੍ਰਚਾਰ ’ਤੇ ਖ਼ਰਚ ਕਰਨ ਲੱਗ ਪਈਆਂ ਹਨ| ਲੋਕਾਂ ਨੂੰ ਅਸਲ ਵਿਚ ਕੀ ਚਾਹੀਦਾ ਹੈ?
ਲੋਕਾਂ ਨੂੰ ਆਪਣੇ ਬੱਚਿਆਂ ਲਈ ਚੰਗੇ ਸਕੂਲ ਚਾਹੀਦੇ ਹਨ| ਬਿਮਾਰੀ ਵੇਲੇ ਇੱਜ਼ਤ ਨਾਲ ਇਲਾਜ ਚਾਹੀਦਾ ਹੈ| ਨੌਜਵਾਨਾਂ ਨੂੰ ਸਥਾਈ ਰੁਜ਼ਗਾਰ ਚਾਹੀਦਾ ਹੈ| ਕਿਸਾਨ ਨੂੰ ਆਪਣੀ ਫ਼ਸਲ ਦਾ ਵਾਜਬ ਮੁੱਲ ਚਾਹੀਦਾ ਹੈ| ਮਜ਼ਦੂਰ ਨੂੰ ਆਪਣੀ ਮਿਹਨਤ ਦਾ ਪੂਰਾ ਸਨਮਾਨ ਚਾਹੀਦਾ ਹੈ|
ਸਵਾਲ ਮੁਫ਼ਤ ਬਿਜਲੀ, ਰਾਸ਼ਨ ਜਾਂ ਮੁਫ਼ਤ ਸਫ਼ਰ ਦਾ ਨਹੀਂ| ਸਵਾਲ ਇਹ ਹੈ ਕਿ ਕੀ ਰਾਜ ਅਜਿਹੀ ਵਿਵਸਥਾ ਵੀ ਖੜ੍ਹੀ ਕਰ ਰਿਹਾ ਹੈ ਜਿਸ ਵਿਚ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਨ੍ਹਾਂ ਰਿਆਇਤਾਂ ਦੀ ਲੋੜ ਘੱਟ ਤੋਂ ਘੱਟ ਰਹਿ ਜਾਵੇ| ਅੱਜ ਲੋੜ ਕਿਸੇ ਨਵੀਂ ਰਿਆਇਤ ਦੀ ਨਹੀਂ, ਨਵੀਂ ਸੋਚ ਦੀ ਹੈ| ਅਜਿਹੀ ਸੋਚ ਜੋ ਨਾਗਰਿਕ ਨੂੰ ਮੁਥਾਜ ਨਹੀਂ, ਸਮਰੱਥ ਬਣਾਏ| ਅਜਿਹੀ ਸਿਆਸਤ ਜੋ ਵੋਟ ਨਹੀਂ, ਵਿਸ਼ਵਾਸ ਜਿੱਤੇ| ਅਜਿਹਾ ਰਾਜ, ਆਪਣੇ ਕੰਮ ਨਾਲ ਪਛਾਣਿਆ ਜਾਵੇ|
ਅਖ਼ੀਰ ਵਿਚ ਸਵਾਲ ਇਹ ਨਹੀਂ ਕਿ ਸਰਕਾਰ ਲੋਕਾਂ ਨੂੰ ਕੀ ਦੇ ਰਹੀ ਹੈ| ਸਵਾਲ ਇਹ ਹੈ, ਕਿ ਕੀ ਉਹ ਲੋਕਾਂ ਤੋਂ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਦਾ ਹੱਕ ਤਾਂ ਨਹੀਂ ਖੋਹ ਰਹੀ?
ਦੋ ਮਹਾਰਥੀਆਂ ਦਾ ਤੁਰ ਜਾਣਾ
ਪਿਛਲੇ ਦਿਨਾਂ ਵਿਚ ਪ੍ਰਸਿੱਧ ਚਿੰਤਕ ਤੇ ਲੇਖਕ ਮਾਲਵਿੰਦਰ ਜੀਤ ਸਿੰਘ ਵੜੈਚ ਤੇ ਕਹਾਣੀਕਾਰ ਲਾਲ ਸਿੰਘ ਦਸੂਹਾ ਪੰਜਾਬੀ ਸਾਹਿਤ ਤੇ ਸਭਿਆਚਾਰ ਦੀ ਝੋਲੀ ਵਿਚ ਅਮੁਲ ਰਚਨਾਵਾਂ ਪਾਉਣ ਪਿਛੋਂ ਆਪਣੀ ਸੰਸਾਰਕ ਯਾਤਰਾ, ਪੂਰੀ ਕਰਕੇ ਵਿਛੋੜਾ ਦੇ ਗਏ ਹਨ| ਉਪਰ ਵਾਲਾ ਉਨ੍ਹਾਂ ਦੇ ਅੰਗ-ਸੰਗ ਰਹੇ| ਵੜੈਚ ਹੁਰੀਂ ਮੇਰੇ ਨਾਲੋਂ ਚਾਰ ਸਾਲ ਵਡੇ ਸਨ 96 ਸਾਲ ਦੇ|
ਵਛੜਾ ਇੱਕ ਚਹੇਤੇ ਚਾਰ
ਹਰਿਆਣਾ ਦੇ ਝੱਜਰ ਜ਼ਿਲ੍ਹੇ ਵਿਚ ਇੱਕ ਵੱਛਾ ਬੰਦ ਖੂਹ ਵਿਚ ਡਿਗ ਪਿਆ| ਖੂਹ ਕਾਫੀ ਸਮੇਂ ਤੋਂ ਬੰਦ ਸੀ ਪਰ ਇਲਾਕੇ ਵਾਲਿਆਂ ਨੇ ਉਸਨੂੰ ਹਾਲੀ ਤੱਕ ਉਪਰੋਂ ਨਹੀਂ ਸੀ ਢਕਿਆ| ਹਰ ਕਿਸੇ ਨੇ ਵੱਛੇ ਨੂੰ ਬਚਾਉਣਾ ਜ਼ਰੂਰੀ ਸਮਝਿਆ ਤੇ ਦੋ ਬੰਦੇ ਖੂਹ ਵਿਚ ਉਤਰ ਗਏ| ਜਦੋਂ ਉਨ੍ਹਾਂ ਨੇ ਬਾਹਰ ਖੜ੍ਹੇ ਲੋਕਾਂ ਦੀ ਕਿਸੇ ਪੁੱਛ ਦਾ ਕੋਈ ਹੁੰਗਾਰਾ ਨਹੀਂ ਦਿੱਤਾ ਤਾਂ ਦੋ ਬੰਦੇ ਹੋਰ ਖੂਹ ਵਿਚ ਉਤਰ ਗਏ| ਜਦੋਂ ਉਨ੍ਹਾਂ ਵਲੋਂ ਵੀ ਕੋਈ ਹੁੰਗਾਰਾ ਨਹੀਂ ਮਿਲਿਆ ਤਾਂ ਬਚਾਅ ਕਾਰਜ ਸ਼ੁਰੂ ਕੀਤੇ ਗਏ| ਚਾਰੇ ਬੰਦੇ ਤਾਂ ਬਾਹਰ ਕਢ ਲਏ ਪਰ ਉਹ ਸਾਹ ਨਹੀਂ ਸਨ ਲੈ ਰਹੇ| ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ| ਮ੍ਰਿਤਕਾਂ ਦੀ ਪਛਾਣ ਮੋਨੂੰ, ਦਲਬੀਰ ਅਤੇ ਨਰਿੰਦਰ ਵਜੋਂ ਹੋਈ ਹੈ, ਸਾਰੇ ਸਥਾਨਕ ਪਿੰਡ ਵਾਸੀ ਅਤੇ ਚੌਥੇ ਦੀ ਪਛਾਣ ਰਾਮੂ ਵਜੋਂ ਹੋਈ ਹੈ, ਜੋ ਪ੍ਰਵਾਸੀ ਮਜ਼ਦੂਰ ਹੈ| ਵਛੜਾ ਤਾਂ ਸ਼ਾਇਦ ਉਨ੍ਹਾਂ ਤੋਂ ਵੀ ਪਹਿਲਾਂ ਮਰ ਚੁੱਕਾ ਸੀ| ਸਾਰੇ ਕਹਿੰਦੇ ਹਨ ਕਿ ਇਹ ਸਾਰੀਆਂ ਮੌਤਾਂ ਜ਼ਹਿਰੀਲੀ ਗੈਸ ਚੜ੍ਹਨ ਨਾਲ ਹੋਈਆਂ ਹੋ ਸਕਦੀਆਂ ਹਨ|
ਅੰਤਿਕਾ
—ਲੋਕ ਬੋਲੀ—
ਗੁੜ ਨਾਲੋਂ ਇਸ਼ਕ ਮਿੱਠਾ
ਲੱਗ ਨਾ ਕਿਸੇ ਨੂੰ ਜਾਵੇ।
