ਸਰਬਜੀਤ ਧਾਲੀਵਾਲ
ਸਪੇਨ ਵਰਲਡ ਕੱਪ ਜਿੱਤ ਗਿਆ ਹੈ, ਇਹ ਖ਼ਬਰ ਕਈ ਦਿਨ ਪੁਰਾਣੀ ਹੋ ਚੁੱਕੀ ਹੈ। ਤਸੱਲੀ ਇਸ ਗੱਲ ਦੀ ਹੈ ਕਿ ਵਧੀਆ ਟੀਮ ਵਰਲਡ ਕੱਪ ਜਿੱਤੀ ਹੈ। ਉਹ ਟੀਮ ਕੱਪ ਜਿੱਤੀ ਹੈ ਜਿਸ ਦੇ ਖ਼ਿਲਾਫ ਸਾਰੇ ਟੂਰਨਾਮੈਂਟ ਵਿਚ ਸਿਰਫ ਇਕ ਹੀ ਗੋਲ਼ ਹੋਇਆ ਸੀ।
ਸਭ ਤੋਂ ਵੱਡੀ ਤੇ ਦਿਲਚਸਪ ਗੱਲ ਇਹ ਹੈ ਕਿ ਸਪੇਨ ਨੇ ਇਹ ਕੱਪ ਅਮਰੀਕਾ ਦੇ ਰਾਸ਼ਟਰਪਤੀ ਦੀ ਹਾਜ਼ਰੀ ਵਿਚ ਅਮਰੀਕਾ ਦੀ ਧਰਤੀ ‘ਤੇ ਨਿਊ ਜਰਸੀ ਦੇ ਖੇਡ ਮੈਦਾਨ ਵਿਚ ਜਿੱਤਿਆ ਹੈ। ਸਪੇਨੀਆਂ ਨੇ ਇਹ ਕੱਪ ਜਿੱਤ ਕੇ ਟਰੰਪ ਦੀ ‘ਹਿੱਕ ‘ਤੇ ਮੂੰਗ ਦਲਿਆ’ ਹੈ। ਸਪੇਨ ਤੇ ਅਮਰੀਕਾ ਦਾ ਫਸਵਾਂ ਟਕਰਾਓ ਕਈ ਵਰਿ੍ਹਆਂ ਤੋਂ ਚਲ ਰਿਹਾ ਹੈ ਤੇ ਅਰਜਨਟੀਨਾ ਇਸ ਵੇਲੇ ਅਮਰੀਕਾ ਦਾ ਸਭ ਤੋਂ ਵੱਡਾ ਹਮਾਇਤੀ ਹੈ। ਅਰਜਨਟੀਨਾ ਦਾ ਰਾਸ਼ਟਰਪਤੀ ਜੇਵੀਅਰ ਜੇਰਾਰਡੋ ਮਿਲੇਈ ਟਰੰਪ ਭਗਤ ਹੈ ਤੇ ਸੱਜੇ-ਪੱਖੀ ਰਾਜਨੀਤੀ ਦਾ ਧਾਰਨੀ ਹੈ।
ਦੂਸਰੇ ਪਾਸੇ ਸਪੇਨ ਖੱਬੇ-ਪੱਖੀ ਰਾਜਨੀਤੀ ਤੋਂ ਪ੍ਰਭਾਵਤ ਹੈ। ਮੈਚ ਤੋਂ ਪਹਿਲਾਂ ਜਦੋਂ ਵਹਿਮੀ ਕਿਸਮ ਦੇ ਪ੍ਰਸ਼ਾਸ਼ਕ ਜੇਵੀਅਰ ਨੂੰ ਅਰਜਨਟੀਨਾ ਤੇ ਸਪੇਨ ਦੇ ਮੈਚ ਬਾਰੇ ਪੁੱਛਿਆ ਗਿਆ ਤਾਂ ਉਸਨੇ ਸਪੇਨ ਦੀ ਖੱਬੇ-ਪੱਖੀ ਰਾਜਨੀਤੀ ਖਿਲਾਫ ਵਿਅੰਗਮਈ ਵਿਚਾਰਧਾਰਕ ਟਿਪਣੀ ਫ਼ੁਟਬਾਲ ਦੀ ਭਾਸ਼ਾ ਵਿਚ ਕਰਦੇ ਹੋਏ ਕਿਹਾ ਸੀ ‘ਠਹੲ ੋਨਲੇ ਲੲਾਟ ਟਹਅਟ ੱੋਰਕਸ ਸਿ ਲੲਾਟ ਾੋੋਟ ੋਾ ੰੲਸਸੇ’ ਉਸਦਾ ਕਹਿਣ ਦਾ ਭਾਵ ਸੀ ਕਿ ਖੱਬੇ-ਪੱਖੀ ਸੋਚ, ਰਾਜਨੀਤੀ ਖਤਮ ਹੋ ਚੁਕੀ ਤੇ ਹੁਣ ਸਿਰਫ ਮੈਸੀ ਦੇ ਖੱਬੇ ਪੈਰ ਦਾ ਹੀ ਦੁਨੀਆਂ ਵਿਚ ਜਲਵਾ ਹੈ। ਇਹ ਗੱਲ ਵੱਖਰੀ ਹੈ ਕੇ ਫਾਈਨਲ ਵਿਚ ਸਪੇਨੀਆਂ ਨੇ ਅਜਿਹਾ ਜਾਲ ਵਿਛਾਇਆ ਕਿ ਮੈਸੀ ਦਾ ਖੱਬਾ ਪੈਰ ਆਪਣਾ ਉਹ ਜਲਵਾ ਨਹੀਂ ਦਿਖਾ ਸਕਿਆ, ਜਿਸ ਕਰਕੇ ਸੰਸਾਰ ਵਿਚ ਉਸਦੀ ਗੁੱਡੀ ਚੜ੍ਹੀ ਹੋਈ ਹੈ। ਜੇਵੀਅਰ ਵਹਿਮੀ ਇੰਨਾ ਹੈ ਕਿ ਉਹ ਆਪਣੀ ਟੀਮ ਦਾ ਫਾਈਨਲ ਮੈਚ ਦੇਖਣ ਇਸ ਕਰਕੇ ਅਰਜਨਟੀਨਾ ਤੋਂ ਨਹੀਂ ਆਇਆ ਕਿ ਉਸਨੂੰ ਵਹਿਮ ਸੀ ਕਿ ਜੇਕਰ ਉਹ ਉੱਥੇ ਗਿਆ ਤਾਂ ਉਸਦੀ ਟੀਮ ਫਾਈਨਲ ਮੈਚ ਹਾਰ ਜਾਵੇਗੀ।
ਦੂਸਰੇ ਪਾਸੇ ਸਪੇਨ ਦਾ ਪ੍ਰਧਾਨ ਮੰਤਰੀ ਪੇਡਰੋਂ ਸੈਂਚੇਜ ਫਾਈਨਲ ਮੈਚ ਦੇਖਣ ਪਹੁੰਚਿਆ ਹੋਇਆ ਸੀ। ਸਪੇਨ ਦਾ ਬਾਦਸ਼ਾਹ ਫੇਲਿਪ ਛੇਵਾਂ ਵੀ ਆਪਣੇ ਪੂਰੇ ਪਰਿਵਾਰ ਨਾਲ ਫਾਈਨਲ ਮੈਚ ਦੇਖਣ ਆਇਆ ਸੀ। ਆਪਣੇ ਦੇਸ਼ ਦੇ ਕਈ ਕ੍ਰਿਕਟ ਖਿਡਾਰੀ ਵੀ ਅਹਿਮ ਮੈਚਾਂ ਸਮੇਂ ਆਪਣੀ ਕੁਰਸੀ ਤੋਂ ਇਸ ਵਹਿਮ ਵਿਚ ਨਹੀਂ ਉਠਦੇ ਕਿ ਜੇਕਰ ਉੱਠੇ ਤਾਂ ਟੀਮ ਮੈਚ ਹਰ ਜਾਵੇਗੀ। ਪ੍ਰਸਿੱਧ ਕ੍ਰਿਕਟ ਖਿਡਾਰੀ ਤੇ ਆਸਟ੍ਰੇਲੀਆ ਦਾ ਪੂਰਵ ਕਪਤਾਨ ਸਟੀਵ ਵਾਹ ਹਮੇਸ਼ਾਂ ਖੇਡਣ ਸਮੇਂ ਲਾਲ ਰੰਗ ਦੀ ਲੀਰ ਆਪਣੀ ਜੇਬ ਵਿਚ ਰੱਖਦਾ ਸੀ। ਉਸਦਾ ਵਿਸ਼ਵਾਸ ਸੀ ਕਿ ਇਹ ਉਸਦੀ ਮੈਚ ਜਿੱਤਣ ਵਿਚ ਮਦਦ ਕਰਦੀ ਹੈ। ਖਿਡਾਰੀ ਵਹਿਮਾਂ-ਭਰਮਾਂ ਦੇ ਸਭ ਤੋਂ ਜ਼ਿਆਦਾ ਸ਼ਿਕਾਰ ਹੁੰਦੇ ਨੇ।
ਇਸ ਵਰਲਡ ਕੱਪ ਦਾ ਪਰਛਾਵੇਂ ਵਾਂਗ ਪਿੱਛਾ ਕਰਦੀ ਰਾਜਨੀਤੀ ਦੀ ਸਾਰੀ ਕਹਾਣੀ ਸ਼ਾਇਦ ਇਸ ਗੱਲ ਤੋਂ ਹੀ ਵਧੀਆ ਢੰਗ ਨਾਲ ਸਮਝ ਜਾਵੋ ਕਿ ਵਰਲਡ ਕੱਪ ਜਿੱਤਣ ਤੋਂ ਤੁਰੰਤ ਬਾਅਦ ਸਭ ਤੋਂ ਪਹਿਲਾਂ ਸਪੇਨ ਨੂੰ ਵਧਾਈ ਦੇਣ ਵਾਲਿਆਂ ਵਿਚ ਇਰਾਨ ਸੀ। ਜਿਸ ਦਿਨ ਸਪੇਨ ਵਰਲਡ ਕੱਪ ਜਿਤਿਆ, ਉਸ ਦਿਨ ਗਾਜ਼ਾ ਪੱਟੀ ਤੇ ਫਲਸਤੀਨ ਵਿਚ ਭੰਗੜੇ ਪਏ। ਗਾਜ਼ਾ ਪੱਟੀ ਦੇ ਲੋਕਾਂ ਨੇ ਸਾਰਾ ਮੈਚ ਵੱਡੀ ਸਕਰੀਨ ਲਾ ਕੇ ਵੇਖਿਆ ਤੇ ਸਪੇਨ ਦੀ ਜਿੱਤ ਦੇ ਜਸ਼ਨ ਇਜ਼ਰਾਈਲ ਵਲੋਂ ਗਾਜ਼ਾ ਪੱਟੀ ਵਿਚ ਇਮਾਰਤਾਂ ਦੀ ਕੀਤੀ ਤਬਾਹੀ ਦੇ ਢੇਰਾਂ ‘ਤੇ ਖੜ੍ਹ ਕੇ ਮਨਾਏ। ਸਪੇਨ ਨੇ ਫਲਸਤੀਨ ਨੂੰ ਮਾਨਤਾ ਦਿਤੀ ਹੋਈ ਹੈ ਤੇ ਉਹ ਇਸਨੂੰ ਪ੍ਰਭੂਸੰਪੰਨ ਦੇਸ਼ ਮੰਨਦਾ ਹੈ।
ਫਾਈਨਲ ਮੈਚ ਤੋਂ ਪਹਿਲਾਂ ਇਜ਼ਰਾਈਲ ਦੇ ਰਾਸ਼ਟਰਪਤੀ ਨੇਤਨਯਾਹੂ ਨੇ ਇਕ ਵੀਡੀਓ ਜਾਰੀ ਕਰਕੇ ਅਰਜਨਟੀਨਾ ਦੇ ਜਿੱਤ ਦੀ ਕਾਮਨਾ ਕੀਤੀ ਸੀ। ਟੂਰਨਾਮੈਂਟ ਦੌਰਾਨ ਇਹ ਦੋਸ਼ ਆਮ ਲਗਦੇ ਰਹੇ ਕਿ ਅਰਜਨਟੀਨਾ ਦੀ ਟੀਮ ਪ੍ਰਤੀ ਰੈਫਰੀ ਨਰਮ ਰਵਈਆ ਅਪਣਾ ਰਹੇ ਨੇ। ਉਸ ਟੀਮ ਵਲੋਂ ਕੀਤੇ ਸੰਗੀਨ ਫਾਉਲ ਨੂੰ ਅਣਦੇਖਿਆ ਕੀਤਾ ਜਾ ਰਿਹਾ ਹੈ। ਇਸ ਗੱਲ ਦੀ ਚਰਚਾ ਦੁਨੀਆ ਭਰ ਦੇ ਮੀਡੀਆ ਵਿਚ ਰਹੀ। ਜਿਵੇਂ ਉਪਰ ਜ਼ਿਕਰ ਕੀਤਾ ਹੈ, ਇਸ ਵਰਲਡ ਕੱਪ ‘ਤੇ ਰਾਜਨੀਤੀ ਦਾ ਬਹੁਤ ਹੀ ਸੰਘਣਾ ਪਰਛਾਵਾਂ ਰਿਹਾ। ਸੈਮੀ ਫਾਈਨਲ ਵਿਚ ਅਰਜਨਟੀਨਾ ਨੇ ਇੰਗਲੈਂਡ ਨੂੰ ਹਰਾਇਆ। ਇਨ੍ਹਾਂ ਦੋਨਾਂ ਦੇਸ਼ਾਂ ਦਾ ਵੀ ਆਪਸ ਵਿਚ ਵੈਰ ਹੈ। ਇੰਗਲੈਂਡ ਨੂੰ ਹਰਾ ਕੇ ਅਰਜਨਟੀਨਾ ਨੂੰ ਬੜੀ ਤਸੱਲੀ ਹੁੰਦੀ ਹੈ।
ਅਰਜਨਟੀਨਾ ਨੇ ਫਾਈਨਲ ਮੈਚ ਵਿਚ ਹੋਈ ਹਾਰ ਤੋਂ ਬਾਅਦ ਬਹੁਤ ਹੀ ਛੋਟਾਪਣ ਦਿਖਾਇਆ। ਉਸਨੇ ਸਪੇਨ ਨੂੰ ਵਧਾਈ ਤਾਂ ਕੀ ਦੇਣੀ ਸੀ, ਸਗੋਂ ਇਨਾਮਾਂ ਦੀ ਵੰਡ ਵੇਲੇ ਸਪੇਨ ਦੀ ਟੀਮ ਵੱਲ ਪਿੱਠ ਕਰ ਲਈ। ਮੈਚ ਖਤਮ ਹੋਣ ਤੋਂ ਬਾਅਦ ਸਪੇਨ ਦੇ ਖਿਡਾਰੀਆਂ ਨੂੰ ਧੱਕੇ ਮਾਰੇ ਤੇ ਉਨ੍ਹਾਂ ਦੀ ਕੁੱਟ-ਮਾਰ ਵੀ ਕੀਤੀ। ਇਸ ਦੀ ਫੀਫਾ ਨੇ ਜਾਂਚ ਸ਼ੁਰੂ ਕਰ ਦਿਤੀ ਹੈ। ਇਸ ਟੂਰਨਾਮੈਂਟ ਵਿਚ ਸਭ ਤੋਂ ਭਾਵੁਕ ਉਹ ਲਮਹੇ ਸੀ, ਜਦੋਂ ਲੋਕਾਂ ਨੇ ਆਪਣੀਆਂ ਟੀਮਾਂ ਦੀ ਹਾਰ ਤੋਂ ਬਾਅਦ ਅਰਜਨਟੀਨਾ ਦੇ ਮੈਸੀ ਤੇ ਪੁਰਤਗਾਲ ਦੇ ਕ੍ਰਿਸਟੀਨ ਰੋਨਾਲਡੋ ਨੂੰ ਰੋਂਦੇ ਵੇਖਿਆ ਤੇ ਮੈਸੀ ਤੇ ਸਪੇਨ ਦੇ ਖਿਡਾਰੀ ਯਮਾਲ ਨੂੰ ਘੁੱਟ ਕੇ ਜੱਫੀ ਪਾ ਕੇ ਮਿਲਦੇ ਵੇਖਿਆ। ਮੈਚ ਹਾਰਨ ਤੋਂ ਬਾਅਦ ਮੈਸੀ ਗ੍ਰਾਉਂਡ ਵਿਚ ਇੱਕਲਾ ਬੈਠਾ ਸੀ। ਹਾਰ ਦਾ ਦੁੱਖ ਉਸਦੇ ਚਿਹਰੇ ਤੋਂ ਸਾਫ ਦਿਖਾਈ ਦਿੰਦਾ ਸੀ। ਆਪਣੀ ਟੀਮ ਨਾਲ ਖੜਾ ਯਮਾਲ ਮੈਸੀ ਨੂੰ ਵੇਖ ਕੇ ਕਈ ਕਦਮ ਚੱਲ ਕੇ ਉਸ ਵੱਲ ਆਇਆ। ਮੈਸੀ ਉਸਨੂੰ ਵੇਖ ਖੜਾ ਹੋ ਗਿਆ ਤੇ ਉਸਨੂੰ ਗਲ ਲੱਗ ਕੇ ਮਿਲਿਆ। ਉਸ ਸਮੇਂ ਮੈਸੀ ਨੇ ਉਹ ਪਲ ਜ਼ਰੂਰ ਯਾਦ ਆਏ ਹੋਣੇ, ਜਦੋਂ ਉਸਨੇ ਛੇ ਮਹੀਨਿਆਂ ਦੇ ਯਮਾਲ ਨੂੰ ਬਾਰਸੀਲੋਨਾ ਵਿਚ ਯੂ.ਐਨ ਦੇ ਇਕ ਪ੍ਰੋਗਰਾਮ ਤਹਿਤ ਇਸ਼ਨਾਨ ਕਰਵਾਇਆ ਸੀ। ਹੁਣ ਫ਼ੁਟਬਾਲ ਦੁਨੀਆਂ ਵਿਚ ਯਮਾਲ ਮੈਸੀ ਦੇ ਹਾਣ ਦਾ ਹੋ ਗਿਆ ਹੈ। ਉਸਦੀਆਂ ਸਿਫਤਾਂ ਹੋ ਰਹੀਆਂ ਨੇ। ਉਸਨੂੰ ਫ਼ੁਟਬਾਲ ਦੇ ਉਪਾਸ਼ਕ ਮੈਸੀ ਦਾ ਵਾਰਿਸ ਮੰਨ ਰਹੇ ਨੇ। ਇਹ ਗੱਲ ਹੈ ਵੀ ਠੀਕ ਕਿ ਇਸ ਵੇਲੇ ਜਿਸ ਫ਼ੁਟਬਾਲ ਦੇ ਖਿਡਾਰੀ ਨੂੰ ਖੇਡਦੇ ਵੇਖ ਕੇ ਜੀਅ ਨਹੀਂ ਭਰਦਾ ਉਹ ਹੈ ਯਮਾਲ। ਉਸਦਾ ਸੂਰਜ ਫ਼ੁਟਬਾਲ ਦੇ ਅਸਮਾਨ ਤੋਂ ਉਸ ਵੇਲੇ ਚੜ੍ਹਨਾ ਸ਼ੁਰੂ ਹੋਇਆ ਹੈ ਜਦੋਂ ਮੈਸੀ ਤੇ ਰੋਨਾਲਡੋ ਦਾ ਸੂਰਜ ਅਸਤ ਹੋਣ ਵੱਲ ਵਧ ਰਿਹਾ ਹੈ।
ਜੇਕਰ ਮੈਸੀ ਦੇ ਹੁਣ ਤੱਕ ਫ਼ੁਟਬਾਲ ਦੇ ਸਫ਼ਰ ਤੇ ਝਾਤ ਮਾਰੀਏ ਤਾਂ ਮੈਸੀ ਇਕ ਤਰਾਂ ਨਾਲ ਮਾਊਂਟਐਵਰੈਸਟ ਦੀ ਚੋਟੀ ‘ਤੇ ਖੜਾ ਹੈ। ਉਹ 2006 ਤੋਂ ਹੁਣ ਤੱਕ ਹੋਏ ਵਰਲਡ ਕੱਪਾਂ ਵਿਚ 34 ਮੈਚ ਖੇਡ ਚੁਕਾ ਹੈ ਤੇ 21 ਗੋਲ਼ ਕਰ ਚੁੱਕਾ ਹੈ। ਉਹ 27 ਮੈਚਾਂ ਵਿਚ ਆਪਣੀ ਟੀਮ ਦੇ ਕਪਤਾਨੀ ਕਰ ਚੁਕਾ ਹੈ ਤੇ ਉਸਦੀ ਟੀਮ ਨੇ 23 ਮੈਚ ਜਿਤੇ ਨੇ। ਫਰਾਂਸ ਦਾ ਮਬਾਪੇ 22 ਗੋਲ਼ ਕਰਕੇ ਉਸਤੋਂ ਅਗੇ ਲੰਘ ਚੁਕਾ ਹੈ। ਇਸ ਵਰਲਡ ਕੱਪ ਵਿਚ ਸਭ ਤੋਂ ਵੱਧ ਗੋਲ਼ ਕਰਕੇ ਮਬਾਪੇ ਨੇ ਲਗਾਤਾਰ ਦੂਸਰੀ ਵਾਰ ਗੋਲਡਨ ਬੂਟ ਜਿੱਤਿਆ ਹੈ। ਪਿਛਲੇ ਵਰਲਡ ਕੱਪ ਵਿਚ ਵੀ ਉਸਨੇ ਗੋਲਡਨ ਬੂਟ ਜਿੱਤਿਆ ਸੀ।
ਇਸ ਵਰਲਡ ਕੱਪ ਵਿਚ ਅਰਜਨਟੀਨਾ ਦੀ ਟੀਮ ਨੂੰ ਰੈਫਰੀਆਂ ਦੁਆਰਾ ਦਿੱਤੀ ਖੁਲ੍ਹ ਹੀ ਇਸ ਟੀਮ ‘ਤੇ ਭਾਰੀ ਪੈ ਗਈ। ਇਸਨੇ ਇਕ-ਦੋ ਮੈਚ ਤਾਂ ਸ਼ਰ੍ਹੇਆਮ ਦੂਸਰੀਆਂ ਟੀਮਾਂ ਨਾਲ ਧੱਕਾ ਕਰਕੇ, ਕਹਿਣ ਤੋਂ ਬਾਅਦ ਵੱਡੇ-ਵੱਡੇ ਫਾਉਲ ਮਾਰ ਕੇ ਜਿੱਤੇ ਸੀ। ਫਾਈਨਲ ਮੈਚ ਦੌਰਾਨ ਵੀ ਇਸ ਟੀਮ ਨੇ ਉਹੀ ਰੁਖ਼ ਅਪਣਾਇਆ। ਪਰ ਇਸ ਮੈਚ ਵਿਚ ਉਹ ਜਾਦੂ ਨਹੀਂ ਚਲਿਆ। ਸਪੇਨ ਦੀ ਟੀਮ ਬਾਰੇ ਮਸ਼ਹੂਰ ਹੈ ਕਿ ਜੇਕਰ ਉਹ ਚਾਹੇ ਤਾਂ ਉਹ ਬਾਲ ਆਪਣੇ ਕੰਟਰੋਲ ਵਿਚ ਪੂਰੇ ਮੈਚ ਦੌਰਾਨ ਰੱਖ ਸਕਦੀ ਹੈ। ਉਸ ਟੀਮ ਕੋਲ ਇਹ ਸਭ ਤੋਂ ਵੱਡਾ ਗੁਰ ਹੈ ਕਿ ਉਹ ਵਿਰੋਧੀ ਟੀਮ ਨੂੰ ਕਈ ਕਈ ਮਿੰਟ ਬਾਲ ਦੇ ਪੈਰ ਹੀ ਨਹੀਂ ਲਾਉਣ ਦਿੰਦੀ। ਵਿਰੋਧੀ ਟੀਮ ਦੀ ਫਾਰਵਰਡ ਲਾਈਨ ਨੂੰ ਇਸ ਹੱਦ ਤੱਕ ਖਿਝਾ ਦਿੰਦੀ ਹੈ ਕਿ ਉਸ ਟੀਮ ਦੇ ਪਲੇਅਰ ਅੱਕ ਜਾਂਦੇ ਨੇ। ਸਪੇਨ ਨੇ ਅਰਜਨਟੀਨਾ ਦੀ ਟੀਮ ਨੂੰ ਆਪਣੇ ਗੋਲ਼ ‘ਤੇ ਨਿਸ਼ਾਨਾ ਸਾਧਣ ਦੇ ਦੋ-ਤਿੰਨ ਹੀ ਮੌਕੇ ਦਿੱਤੇ। ਦੂਸਰੀ ਗੱਲ ਕਿ ਅਰਜਨਟੀਨਾ ਦੀ ਟੀਮ ਦਾ ਸਾਰਾ ਦਾਰੋਮਦਾਰ ਮੈਸੀ ‘ਤੇ ਸੀ।
ਇਸ ਗੱਲ ਵਿਚ ਸ਼ੱਕ ਵੀ ਕੋਈ ਨਹੀਂ ਕਿ ਮੈਸੀ ਨੇ ਆਪਣੀ ਅਰਜਨਟੀਨਾ ਦੀ ਟੀਮ ਤੋਂ ਫਾਈਨਲ ਤੱਕ ਲਿਆਉਣ ਵਿਚ ਵੱਡੀ ਭੂਮਿਕਾ ਨਿਭਾਈ ਸੀ, ਜਾਂ ਕਹਿ ਲਵੋ ਕਿ ਸਿਰਫ ਉਸ ਕਰਕੇ ਹੀ ਟੀਮ ਫਾਈਨਲ ਵਿਚ ਪਹੁੰਚੀ ਸੀ। ਉਸਨੇ ਘਟੋ-ਘੱਟ ਦੋ ਮੈਚਾਂ ਵਿਚ ਤਾਂ ਅਰਜਨਟੀਨਾ ਦੀ ਪਿਛੇ ਚੱਲ ਰਹੀ ਟੀਮ ਨੂੰ ਖੇਡ ਦੇ ਆਖਰੀ ਪਲਾਂ ਵਿਚ ਆਪਣੇ ਯਤਨਾਂ ਸਦਕਾ ਜਿੱਤ ਪ੍ਰਾਪਤ ਕਾਰਵਾਈ ਸੀ। ਪਰ ਮੈਸੀ ਪ੍ਰਤੀ ਸਪੇਨ ਨੇ ਫਾਈਨਲ ਮੈਚ ਵਿਚ ਅਜੇਹੀ ਰਣਨੀਤੀ ਅਪਣਾਈ ਕਿ ਉਸਨੂੰ ਜਾਮ ਕਰਕੇ ਰੱਖ ਦਿੱਤਾ। ਸਪੇਨ ਦੀ ਟੀਮ ਦੀ ਖਾਸੀਅਤ ਇਹ ਹੈ ਕਿ ਉਹ ਕਿਸੇ ਇਕ ਖਿਡਾਰੀ ਦੇ ਦਮ ‘ਤੇ ਨਹੀਂ ਖੇਡਦੀ। ਉਹ ਪੂਰੀ ਟੀਮ ਵਾਂਗ ਖੇਡਦੀ ਹੈ ਤੇ ਉਸਦੇ ਸਾਰੇ ਹੀ ਖਿਡਾਰੀ ਮੈਚ ਦੌਰਾਨ ਆਪਣੀ ਭੂਮਿਕਾ ਨਿਭਾਉਂਦੇ ਨੇ। ਭਾਵੇਂ ਉਸ ਟੀਮ ਵਿਚ ਹੁਣ ਯਮਾਲ ਦੀ ‘ਹੀਰੋ ਵਰਸ਼ਿਪ’ ਵਾਲੀ ਸਥਿਤੀ ਬਣਦੀ ਜਾ ਰਹੀ ਹੈ ਪਰ ਉਹ ਟੀਮ ਵਿਚ ਇਸ ਤਰ੍ਹਾਂ ਦਾ ਰਿਵਾਜ ਨਹੀਂ ਹੈ। ਉਹ ਕਿਸੇ ਵੀ ਵਿਅਕਤੀਗਤ ਖਿਡਾਰੀ ਨੂੰ ਨਾਇਕ ਮੰਨ ਕੇ ਨਹੀਂ ਚਲਦੀ। ਪੂਰੇ ਸਮਂੇ ਵਿਚ ਦੋਵੇਂ ਟੀਮਾਂ ਬਰਾਬਰ ਰਹੀਆਂ ਹਾਲਾਂਕਿ ਸਪੇਨ ਪੂਰੀ ਤਰ੍ਹਾਂ ਅਰਜਨਟੀਨਾ ‘ਤੇ ਭਾਰੂ ਰਹੀ। ਇਕ ਸਮੇਂ ਤਾਂ ਇਹ ਮੈਚ ਇਕ ਪਾਸੜ ਜਿਹਾ ਲੱਗਣ ਲਗ ਪਿਆ ਸੀ। ਮੈਚ ਦਾ ਐਕਸਟਰਾ ਟਾਈਮ ਚਲ ਰਿਹਾ ਸੀ, ਜਦੋਂ 106ਵੇਂ ਮਿੰਟ ਵਿਚ ਗੋਲ ਫੇਰਾਨ ਟੋਰੇਸ ਨੇ ਕੀਤਾ। ਉਹ ਇਕ ਪੇਸ਼ੇਵਰ ਖਿਡਾਰੀ ਹੈ ਤੇ ਐਫ ਸੀ ਬਾਰਸੀਲੋਨਾ ਵਲੋਂ ਖੇਡਦਾ ਹੈ। ਮੈਚ ਵਿਚ ਉਹ ਸਪੇਨ ਦੇ ਇਕ ਖਿਡਾਰੀ ਦੇ ਬਦਲ ਵਜੋਂ ਆਇਆ ਸੀ। ਉਹ ਗੋਲ਼ ਕਰ ਗਿਆ ਤੇ ਸਟਾਰ ਬਣ ਗਿਆ। ਯਮਾਲ ਨੇ ਸੱਜੇ ਪਾਸੇ ਤੋਂ ਪੋਰੀਸ ਨੂੰ ਇਕ ਕਰੌਸ ਪਾਸ ਦਿੱਤਾ। ਇਸਤੋਂ ਪਹਿਲਾਂ ਕਿ ਅਰਜਨਟੀਨਾ ਦਾ ਖਿਡਾਰੀ ਪੋਰੀਸ ਦੇ ਨਜ਼ਦੀਕ ਆਵੇ, ਉਸਨੇ ਪਹਿਲ ਕਰਦੇ ਹੋਏ ਉੱਚੀ ਕਿੱਕ ਸਿੱਧੀ ਗੋਲ਼ ਦੇ ਕੋਲ ਖੜੇ ਨੀਕੋ ਵਿਲੀਅਮ ਵੱਲ ਨੂੰ ਮਾਰੀ। ਨੀਕੋ ਬਿਲਕੁਲ ਗੋਲ਼ ਕੀਪਰ ਦੇ ਕੋਲ ਖੜਾ ਸੀ। ਨੀਕੋ ਨੇ ਆਪਣੇ ਸਿਰ ਨਾਲ ਬਾਲ ਨੂੰ ਟੋਰੇਸ ਵੱਲ ਮੋੜ ਦਿੱਤਾ। ਉਸਦੇ ਨੇੜੇ ਉਸ ਸਮਂੇ ਕੋਈ ਅਰਜਨਟੀਨਾ ਦਾ ਖਿਡਾਰੀ ਨਹੀਂ ਸੀ। ਇਸਤੋਂ ਪਹਿਲਾਂ ਕਿ ਅਰਜਨਟੀਨਾ ਦੇ ਖਿਡਾਰੀ ਵੇਲਾ ਸੰਭਾਲਦੇ, ਟੋਰੇਸ ਨੇ ਲੋਹੜੇ ਦੀ ਫੁਰਤੀ ਦਿਖਾਉਂਦੇ ਹੋਏ ਬਾਲ ਗੋਲ਼ ਦੇ ਅੰਦਰ ਇਸਦੇ ਛੱਤ ਵਿਚ ਮਾਰੀ। ਉਸਨੇ ਕਿੱਕ ਇੰਨੀ ਜ਼ੋਰ ਨਾਲ ਮਾਰੀ ਕਿ ਕਿਸੇ ਖਿਡਾਰੀ ਨੂੰ ਵੀ ਰੋਕਣ ਦਾ ਥੋੜ੍ਹਾ ਜਿਹਾ ਵੀ ਮੌਕਾ ਨਾ ਮਿਲਿਆ। ਅਖੀਰ ਅਰਜਨਟੀਨਾ ਦਾ ਗੋਲ਼ ਕੀਪਰ ਬਾਜ਼ੀ ਹਰ ਗਿਆ। ਉਸਨੇ ਇਸ ਮੈਚ ਵਿਚ ਅਰਜਨਟੀਨਾ ਦੀ 106ਵੇਂ ਮਿੰਟ ਤਕ ਬੜੀ ਲਾਜ ਰੱਖੀ, ਨਹੀਂ ਤਾਂ ਸ਼ਇਦ ਉਸਦੀ ਟੀਮ 2/3 ਗੋਲਾਂ ਨਾਲ ਮੈਚ ਦੇ ਨਿਰਧਾਰਤ ਸਮੇਂ ਵਿਚ ਹੀ ਹਾਰ ਜਾਂਦੀ। ਇਹ ਉਹੀ ਟੋਰੇਸ ਹੈ ਜੋ ਕਿਸੇ ਸਮੇਂ ਕਲਕੱਤੇ ਵਿਚ ਜੂਨੀਅਰ ਵਰਡਲ ਕੱਪ ਦੇ ਮੈਚ ਵਿਚ ਖੇਡਿਆ ਸੀ। ਉਸ ਮੈਚ ਵਿਚ ਉਸਦੀ ਟੀਮ ਇੰਗਲੈਂਡ ਤੋਂ 5-2 ਗੋਲਾਂ ਦੇ ਫਰਕ ਨਾਲ ਹਾਰ ਗਈ ਸੀ।
ਇਸ ਵਰਲਡ ਕੱਪ ਦੇ ਬਹੁਤ ਸਾਰੇ ਅਜਿਹੇ ਪਹਿਲੂ ਰਹੇ, ਜਿਸ ਕਾਰਨ ਫ਼ੁਟਬਾਲ ਦੀ ਆਮ ਲੋਕਾਂ ਦੀ ਖੇਡ ਨੂੰ ਨੁਕਸਾਨ ਪਹੁੰਚਿਆ ਹੈ। ਇਸ ਟੂਰਨਾਮੈਂਟ ਵਿਚ ਟੈਕਨੋਲੋਜੀ ਦੀ ਭਰਪੂਰ ਵਰਤੋਂ ਹੋਈ ਪਰ ਲੋਕਾਂ ਨੂੰ ਲੱਗਿਆ ਕਿ ਇਸ ਦੀ ਦੁਰਵਰਤੋਂ ਜ਼ਿਆਦਾ ਹੋਈ ਹੈ ਤੇ ਇਸਨੇ ਘਟੋ-ਘੱਟ ਇਜਿਪਟ (ਓਗੇਪਟ) ਦੀ ਟੀਮ ਨੂੰ ਹਰਾਉਣ ਵਿਚ ਭੂਮਿਕਾ ਨਿਭਾਈ। ਰੈਫਰੀਆਂ ਦੀ ਨਿਰਪੱਖਤਾ ਸ਼ੱਕ ਦੇ ਘੇਰੇ ਵਿਚ ਰਹੀ। ਕਈ ਦੇਸ਼ਾਂ ਦੇ ਲੋਕਾਂ ਨੂੰ ਵੀਜ਼ੇ ਨਹੀਂ ਦਿੱਤੇ ਗਏ। ਇਰਾਨ ਦੀ ਟੀਮ ਨੂੰ ਅਮਰੀਕਾ ਵਿਚ ਰਾਤ ਰਹਿਣ ਦੀ ਇਜਾਜ਼ਤ ਨਹੀਂ ਦਿਤੀ ਗਈ, ਉਸਨੂੰ ਗੁਆਂਢੀ ਦੇਸ਼ ਮੈਕਸੀਕੋ ਆਪਣਾ ਠਿਕਾਣਾ ਬਣਾਉਣਾ ਪਿਆ। ਅਮਰੀਕਾ ਦੇ ਰਾਸ਼ਟਰਪਤੀ ਨੇ ਸ਼ਰ੍ਹੇਆਮ ਫੀਫਾ ਦੀ ਬਾਂਹ ਮਰੋੜ ਕੇ ਬਾਲੋਗੰਨ ਦਾ ਲਾਲ ਕਾਰਡ ਅਗਲੇ ਮੈਚ ਵਾਸਤੇ ਮਨਸੂਖ ਕਰਵਾਇਆ। ਫੀਫਾ ਦੇ ਪੂਰਵ ਪ੍ਰਧਾਨ ਸੈੱਪ ਬਲੈੱਟਰ ਨੇ ਇਸ ਵਰਲਡ ਕੱਪ ‘ਤੇ ਟਿਪਣੀ ਕਰਦਿਆਂ ਕਿਹਾ ਹੈ ਕਿ ਬਹੁਤ ਅਫਸੋਸ ਦੀ ਗੱਲ ਹੈ ਕਿ ਫ਼ੁਟਬਾਲ ਕੱਪ ਬੁਰੀ ਤਰ੍ਹਾਂ ਰਾਜਨੀਤੀ ਦੀ ਲਪੇਟ ਵਿਚ ਆ ਗਿਆ ਹੈ। ਇਸ ਨਾਲ ਫ਼ੁਟਬਾਲ ਦੀ ਖੇਡ ਤੇ ਇਸ ਨਾਲ ਜੁੜੀ ਵਿਸ਼ਵਾਸਯੋਗਤਾ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ। ਉਸਨੇ ਫ਼ੁਟਬਾਲ ਨਾਲ ਸੰਬੰਧਿਤ ਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਇਸਨੂੰ ਰਾਜਨੀਤੀ ਦੀ ਚੁੰਗਲ ਵਿਚੋਂ ਕੱਢੋ। ਹੁਣ ਇਹ ਚਾਰ ਸਾਲਾਂ ਬਾਅਦ 2030 ਵਿਚ ਸਪੇਨ, ਪੁਰਤਗਾਲ ਤੇ ਮੋਰਾਕੋ ਵਿਚ ਹੋਵੇਗਾ। ਸਪੇਨ ਉਸ ਸਾਲ ਆਪਣਾ ਵਰਲਡ ਕੱਪ ਟਾਈਟਲ ਡਿਫੈਂਡ ਕਰੇਗਾ। ਸਾਲ 2030 ਵਿਚ ਵਰਲਡ ਕੱਪ ਦੀ ਉਮਰ 100 ਸਾਲ ਹੋ ਜਾਵੇਗੀ ਤੇ ਉਹ ਇਸ ਕੱਪ ਲਈ ਰੰਗਲੇ ਜਸ਼ਨਾਂ ਦਾ ਸਾਲ ਹੋਵੇਗਾ।
ਜਾਂਦੇ-ਜਾਂਦੇ ਆਪਣੇ ਦੇਸ਼ ਦੀ ਗੱਲ ਵੀ ਕਰ ਲੈਣੀ ਚਾਹੀਦੀ ਹੈ। ਪੰਜਾਬ, ਬੰਗਾਲ ਤੇ ਕੇਰਲਾ ਤੋਂ ਇਲਾਵਾ ਨੌਰਥ ਈਸਟ ਰਾਜਾਂ ਦੇ ਲੋਕ ਫ਼ੁਟਬਾਲ ਨੂੰ ਬਹੁਤ ਪਿਆਰ ਕਰਦੇ ਨੇ। ਇਨ੍ਹਾਂ ਰਾਜਾਂ ਵਿਚ ਫ਼ੁਟਬਾਲ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਪ੍ਰਬੰਧ ਕਰਨ ਦੀ ਜ਼ਰੂਰਤ ਹੈ। ਇਥੇ ਅਕੈਡਮੀਆਂ ਖੋਲ੍ਹਣ ਦੀ ਲੋੜ ਹੈ। ਸਪੇਨ ਵਿਚ ਫ਼ੁਟਬਾਲ ਦੇ ਵੱਡੇ ਰੀਅਲ ਮੈਡ੍ਰਿਡ ਤੇ ਐਫ ਸੀ ਬਾਰਸੀਲੋਨਾ ਵਰਗੇ ਕਲੱਬ ਹਨ ਤੇ ਕਲੱਬਾਂ ਕਰਕੇ ਹੀ ਉਥੇ ਫ਼ੁਟਬਾਲ ਚਲਦੀ ਹੈ। ਪੰਜਾਬ ਵਿਚ ਪੰਜ ਦਹਾਕੇ ਪਹਿਲਾਂ ਜੇ.ਸੀ.ਟੀ. ਬਹੁਤ ਮਸ਼ਹੂਰ ਫ਼ੁਟਬਾਲ ਕਲੱਬ ਰਿਹਾ ਹੈ। ਇਸੇ ਤਰ੍ਹਾਂ ਲੀਡਰਜ਼ ਕਲੱਬ ਰਿਹਾ ਹੈ। ਬੰਗਾਲ ਵਿਚ ਮੋਹਨ ਬੇਗਾਨ ਵਰਗੇ ਕਲੱਬ ਹਨ। ਪੰਜਾਬ ਨੂੰ ਜ਼ਰੂਰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ।
