ਚੜ੍ਹਾਵਾ ਚੋਰੀ ਵਿਰੁੱਧ ‘ਆਪ’ ਦੀ ਹਸਤਾਖਰ ਮੁਹਿੰਮ

ਨਵੀਂ ਦਿੱਲੀ:ਭਗਵਾਨ ਸ਼੍ਰੀ ਰਾਮ ਦੇ ਮੰਦਰ ‘ਚ ਚੜ੍ਹਾਵਾ ਚੋਰੀ ਮਾਮਲੇ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿਵਾਉਣ ਲਈ ਆਮ ਆਦਮੀ ਪਾਰਟੀ ਨੇ ਐਤਵਾਰ ਨੂੰ ਸੁੰਦਰਕਾਂਡ ਪਾਠ ਤੇ ਹਨੂਮਾਨ ਆਰਤੀ ਦੇ ਨਾਲ ਦੇਸ਼ ਪੱਧਰੀ ਹਸਤਾਖਰ ਮੁਹਿੰਮ ਦਾ ਆਗਾਜ਼ ਕਰ ਦਿੱਤਾ।

ਦਿੱਲੀ ਦੇ ਰੋਹਿਣੀ ਸੈਕਟਰ-10 ਸਥਿਤ ਜਾਪਾਨੀ ਪਾਰਕ ‘ਚ ਸੁੰਦਰਕਾਂਡ ਦੇ ਪਾਠ ‘ਚ ਵੱਡੀ ਗਿਣਤੀ ‘ਚ ਰਾਮ ਭਗਤ ਇਕੱਠੇ ਹੋਏ। ਸਾਰਿਆਂ ਨੇ ਰਾਮ ਮੰਦਰ ‘ਚ ਡਾਕਾ ਮਾਰਨ ਵਾਲੇ ਮਹਾਂਪਾਪੀਆਂ ਨੂੰ ਫਾਂਸੀ ਦੀ ਸਜ਼ਾ ਦਿਵਾਉਣ ਦੀ ਸਹੁੰ ਚੁੱਕੀ। ਇਸ ਦੌਰਾਨ ਰਾਮ ਭਗਤਾਂ ਵੱਲੋਂ ਪ੍ਰਧਾਨ ਮੰਤਰੀ ਨੂੰ ਭੇਜੀ ਜਾਣ ਵਾਲੀ ਚਿੱਠੀ ‘ਤੇ ਪਹਿਲਾਂ ‘ਆਪ’ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਫਿਰ ਰਾਮ ਭਗਤਾਂ ਨੇ ਹਸਤਾਖਰ ਕੀਤੇ।ਪ੍ਰੋਗਰਾਮ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪਿਛਲੇ ਕੁਝ ਹਫ਼ਤਿਆਂ ਤੇ ਮਹੀਨਿਆਂ ਤੋਂ ਦੇਸ਼-ਦੁਨੀਆ ਦੇ ਰਾਮ ਭਗਤ ਇਸ ਗੱਲ ਤੋਂ ਦੁਖੀ ਹਨ ਕਿ ਅਯੁੱਧਿਆ ਸਥਿਤ ਸ੍ਰੀ ਰਾਮ ਮੰਦਰ ਦੇ ਚੜ੍ਹਾਵੇ ‘ਚ ਚੋਰੀ, ਡਾਕਾ ਤੇ ਜ਼ਮੀਨਾਂ ਦੇ ਅੰਦਰ ਘੁਟਾਲੇ ਹੋਏ ਹਨ। ਲੱਖਾਂ-ਕਰੋੜਾਂ ਭਗਤਾਂ ਨੇ ਭਗਵਾਨ ਦੇ ਨਾਮ ‘ਤੇ ਜੋ ਪੈਸੇ ਦਿੱਤੇ ਸਨ, ਉਨ੍ਹਾਂ ਨਾਲ ਸਸਤੀ ਜ਼ਮੀਨ ਮਹਿੰਗੀ ਖ਼ਰੀਦ ਕੇ ਪੈਸਿਆਂ. ਦੀ ਚੋਰੀ ਕਰ ਲਈ ਗਈ ਅਤੇ ਮੰਦਰ ਨਿਰਮਾਣ ਦੌਰਾਨ 40 ਫ਼ੀਸਦੀ ਦੀ ਭਾਰੀ ਕਮਿਸ਼ਨਖੋਰੀ ਦੇ ਦੋਸ਼ ਲੱਗ ਰਹੇ ਹਨ। ਮੰਦਰ ‘ਚ ਆਉਣ ਵਾਲੇ ਚੜ੍ਹਾਵੇ ‘ਚੋਂ 40 ਦਿਨਾਂ ਦੇ ਅੰਦਰ ਸੀਸੀਟੀਵੀ ‘ਚ 70 ਵਾਰ ਚੋਰੀ ਦੀਆਂ ਘਟਨਾਵਾਂ ਫੜੀਆਂ ਗਈਆਂ ਤੇ ਇਨ੍ਹਾਂ ਨੇ ਚੋਰਾਂ ਨੂੰ ਬਚਾਉਣ ਲਈ 8 ਮਹੀਨਿਆਂ ਦੀ ਸੀਸੀਟੀਵੀ ਰਿਕਾਰਡਿੰਗ ਵੀ ਡਿਲੀਟ ਕਰ ਦਿੱਤੀ।
ਕੇਜਰੀਵਾਲ ਨੇ ਕਿਹਾ ਕਿ ਲੋਕਾਂ ਨੂੰ ਇਹ ਉਮੀਦ ਸੀ ਕਿ ਜਿਸ ਪ੍ਰਧਾਨ ਮੰਤਰੀ ਨੇ ਖ਼ੁਦ ਅੱਗੇ ਵਧ ਕੇ ਇਹ ਟ੍ਰਸਟ ਬਣਾਇਆ ਤੇ ਆਪਣੇ ਖਾਸ ਲੋਕਾਂ ਨੂੰ ਨਿਯੁਕਤ ਕੀਤਾ, ਉਹ ਕਿਸੇ ਵੀ ਚੋਰ ਜਾਂ ਡਾਕੂ ਨੂੰ ਛੱਡਣਗੇ ਨਹੀਂ। ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣਗੇ। ਪਰ ਲੋਕਾਂ ਦੇ ਭਰੋਸੇ ਨੂੰ ਝਟਕਾ ਲੱਗਾ ਹੈ। ਕਿਉਂਕਿ ਜ਼ਮੀਨਾਂ ਦੇ ਘੁਟਾਲੇ ਤੇ ਕਮਿਸ਼ਨਖੋਰੀ ‘ਤੇ ਕੋਈ ਜਾਂਚ ਹੀ ਨਹੀਂ ਚੱਲ ਰਹੀ ਹੈ । ਚੜ੍ਹਾਵਾ ਚੋਰੀ ਦੇ ਮਾਮਲੇ ‘ਚ ਵੀ ਸਿਰਫ਼ ਲੋਕਾਂ ਦੀਆਂ ਅੱਖਾਂ ‘ਚ ਘੱਟਾ ਪਾਇਆ ਜਾ ਰਿਹਾ ਹੈ। ਸਿਰਫ਼ ਛੋਟੇ ਮੁਲਾਜ਼ਮਾਂ ਨੂੰ ਫੜ ਕੇ ਵੱਡੇ ਲੋਕਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।ਅਸੀਂ ਸਾਰੇ ਲਗਾਤਾਰ ਮੰਗ ਕਰਦੇ ਰਹੇ ਕਿ. ਉੱਪਰ ਬੈਠੇ ਲੋਕ ਕੁਝ ਨਾ ਕੁਝ ਕਾਰਵਾਈ ਜ਼ਰੂਰ ਕਰਨਗੇ। ਪਰ ਹੁਣ ਇਹ ਸਾਫ਼ ਹੋ ਗਿਆ ਹੈ ਕਿ ਉਹ ਕੁਝ ਨਹੀਂ ਕਰੇਨਗੇ ਕਿਉਂਕਿ ਉਨ੍ਹਾਂ ਦੀ ਹੀ ਪਾਰਟੀ, ਉਨ੍ਹਾਂ ਦੇ ਸੰਗਠਨ ਤੇ ਆਲੇ-ਦੁਆਲੇ ਦੇ ਜਿੰਨੇ ਵੀ ਸਾਥੀ ਤੇ ਭਰਾ ਸੰਗਠਨ ਹਨ, ਉਹ ਸਾਰੇ ਇਸ ‘ਚ ਮਿਲੇ ਹੋਏ ਹਨ। ਪੂਰਾ ਦਾ ਪੂਰਾ ਢਾਂਚਾ ਡਾਕੂਆਂ ਅਤੇ ਚੋਰਾਂ ਨੂੰ ਬਚਾਉਣ ਵਿੱਚ ਲੱਗਾ ਹੋਇਆ ਹੈ। ਇਸ ਵਜ੍ਹਾ ਕਰਕੇ ਸਾਰੇ ਰਾਮ ਭਗਤ ਬਹੁਤ ਪੀੜਤ ਹਨ। ਕੇਜਰੀਵਾਲ ਨੇ ਕਿਹਾ ਕਿ ਜੋ ਲੋਕ ਚੋਰੀ ਕਰ ਰਹੇ ਸਨ, ਉਹ ਰਾਮ ਨੂੰ ਭਗਵਾਨ ਨਹੀਂ ਮੰਨਦੇ। ਉਨ੍ਹਾਂ ਨੂੰ ਕੇਵਲ ਰਾਮ ਦੇ ਨਾਮ ‘ਤੇ ਵੋਟਾਂ ਚਾਹੀਂਦੀਆਂ ਹਨ। ਉਹ ਰਾਮ ਦੇ ਨਾਂਮ ਤੇ ਦੇਸ਼, ਜਨਤਾ ਅਤੇ ਸਰਕਾਰ ਨੂੰ ਲੁੱਟਦੇ ਹਨ। ਪਰ ਉਹ ਰਾਮ ਨੂੰ ਭਗਵਾਨ ਨਹੀਂ/ ਮੰਨਦੇ। ਸਾਰੇ ਰਾਮ ਭਗਤ ਅੱਜ ਤੋਂ ਇਹ ਸਹੁੰ ਲੈਣ ਕਿ ਸਾਨੂੰ ਉਨ੍ਹਾਂ ਸਾਰੇ ਲੋਕਾਂ ਨੂੰ ਫਾਂਸੀ ਚੜ੍ਹਾਉਣਾ ਹੈ ਜਿਨ੍ਹਾਂ-ਜਿਨ੍ਹਾਂ ਲੋਕਾਂ ਨੇ ਭਗਵਾਨ ਰਾਮ ਦੇ ਇੱਥੇ ਡਾਕਾ ਮਾਰਨ ਦੀ ਹਿੰਮਤ ਕੀਤੀ। ਉਨ੍ਹਾਂ ਕਿਹਾ ਕਿ ਅੱਜ ਤੋਂ ਸ਼ੁਰੂ ਕੀਤੀ ਜਾ ਰਹੀ ਹਸਤਾਖਰ ਮੁਹਿੰਮ ਕਿਸੇ ਇੱਕ ਪਾਰਟੀ ਦੀ ਕੋਸ਼ਿਸ਼ ਨਹੀਂ ਹੈ, ਬਲਕਿ ਇਸ ‘ਚ ਹਰ ਪਾਰਟੀ ਤੇ ਹਰ ਵਿਚਾਰਧਾਰਾ ਦੇ ਰਾਮ ਭਗਤਾਂ ਨੂੰ ਸ਼ਾਮਲ ਹੋਣਾ ਪਵੇਗਾ, ਤਾਂ ਜੋ ਜਦੋਂ ਲੱਖਾਂ-ਕਰੋੜਾਂ ਦੀ ਗਿਣਤੀ ‘ਚ ਦਸਤਖ਼ਤ ਕੀਤੇ ਗਏ ਪੱਤਰ ਪ੍ਰਧਾਨ ਮੰਤਰੀ ਜੀ ਕੋਲ ਪਹੁੰਚਣ, ਤਾਂ ਭਗਵਾਨ ਦੇ ਆਸ਼ੀਰਵਾਦ ਨਾਲ ਦੋਸ਼ੀਆਂ ਨੂੰ ਸਜ਼ਾ ਮਿਲ ਸਕੇ। ਉਨ੍ਹਾਂ ਕਿਹਾ ਕਿ ਹਰ ਰਾਮ ਭਗਤ ਤੋਂ ਇਸ ਚਿੱਠੀ ‘ਤੇ ਦਸਤਖਤ ਕਰਵਾਏ ਜਾਣ।