ਅਲੋਕਾਰੇ ਅਧਿਆਪਕ – ਬਾਊ ਜੀ

ਡਾ ਗੁਰਬਖ਼ਸ਼ ਸਿੰਘ ਭੰਡਾਲ
ਪਿੰਡ ਦੇ ਸਕੂਲ ਵਿਚ ਸੋਸ਼ਲ ਸਟੱਡੀਜ਼ ਦੇ ਮਾਸਟਰ ਸ. ਦਰਸ਼ਨ ਸਿੰਘ ਨੂੰ ਸਕੂਲ ਜਾਂ ਪਿੰਡ ਵਿਚ ਸਾਰੇ ਹੀ ਪਿਆਰ ਨਾਲ ‘ਬਾਊ ਜੀ’ ਕਹਿੰਦੇ ਸਨ। ਉਹ ਆਪਣੇ ਸਾਥੀਆਂ ਅਤੇ ਵਿਦਿਆਰਥੀਆਂ ਵਿਚ ਵੀ ਬਾਊ ਜੀ ਦੇ ਨਾਮ ਨਾਲ ਹੀ ਜਾਣੇ ਜਾਂਦੇ। ਸ. ਦਰਸ਼ਨ ਸਿੰਘ ਜੀ ਮੇਰੇ ਪਿੰਡ ਦੇ ਜਾਣੇ-ਪਛਾਣੇ ਕੋਠੀ ਵਾਲਿਆਂ ਦੇ ਪਰਿਵਾਰ ਵਿਚੋਂ ਸਨ। ਉਨ੍ਹਾਂ ਨੇ ਸਾਰੀ ਉਮਰ ਹੀ ਪਿੰਡ ਦੇ ਮਿਡਲ ਸਕੂਲ ਵਿਚ ਪੜ੍ਹਾਇਆ ਅਤੇ ਇਥੋਂ ਹੀ ਸੇਵਾ ਮੁਕਤ ਹੋਏ।

ਬਾਊ ਜੀ ਬਹੁਤ ਹੀ ਸਾਊ, ਮੱਧਰਾ ਕੱਦ, ਹਲਕਾ ਸਰੀਰ, ਗੋਰਾ ਰੰਗ, ਬਿਨਾਂ ਫਿਕਸੋ ਤੋਂ ਪੋਲੀ ਜਹੀ ਬੰਨ੍ਹੀ ਹੋਈ ਦਾਹੜੀ ਤੇ ਬਹੁਤ ਫੁਰਤੀਲੇ ਵਿਅਕਤੀ ਸਨ। ਉਨ੍ਹਾਂ ਦੀ ਪੱਗ ਇੰਜ ਬੰਨ੍ਹੀ ਹੁੰਦੀ ਜਿਵੇਂ ਉਨ੍ਹਾਂ ਨੇ ਸਕੂਲੇ ਪਹੁੰਚਣ ਦੀ ਕਾਹਲ ਵਿਚ ਜਲਦੀ ਜਲਦੀ ਸਿਰ ‘ਤੇ ਵਲ੍ਹੇਟੀ ਹੋਵੇ।
ਬਾਊ ਜੀ ਆਪਣੇ ਹਰ ਵਿਦਿਆਰਥੀ ਨੂੰ ਉਸਦੇ ਘਰ ਦੇ ਨਾਮ ਜਾਂ ਉਸਦੇ ਬਾਪ ਦੇ ਨਾਂ ਜਾਂ ਘਰਦਿਆਂ ਵੱਲੋਂ ਪਾਇਆ ਛੋਟਾ ਨਾਂ ਲੈ ਕੇ ਬੁਲਾਉਂਦੇ। ਉਹ ਕਲਾਸ ਵਿਚ ਸਾਰਿਆਂ ਨੂੰ ਆਹਰੇ ਲਾਈ ਰੱਖਦੇ ਭਾਵੇਂ ਕਿ ਉਨ੍ਹਾਂ ਦੀ ਆਦਤ ਪੜ੍ਹਾਉਣ ਨਾਲੋਂ ਹੋਰ ਕੰਮਾਂ ਵੱਲ ਜ਼ਿਆਦਾ ਧਿਆਨ ਦੇਣਾ ਹੁੰਦਾ। ਦਰਅਸਲ ਸਾਡੇ ਸਮਿਆਂ ਵਿਚ ਸਕੂਲੀ ਪੜ੍ਹਾਈ ਦਾ ਵਾਤਾਵਰਣ ਵੀ ਕਮਾਲ ਦਾ ਹੁੰਦਾ ਸੀ। ਜਮਾਤ ਵਿਚ ਜਾਣ ਵੇਲੇ ਹਰ ਮਾਸਟਰ ਦੇ ਹੱਥ ਵਿਚ ਡੰਡਾ ਹੁੰਦਾ ਜਿਹੜਾ ਵਿਦਿਆਰਥੀਆਂ ਦਾ ਤਰਾਹ ਕੱਢੀ ਰੱਖਦਾ। ਇਕ ਦਿਨ ਪਹਿਲਾਂ ਪੜ੍ਹਾਇਆ ਸਬਕ ਸੁਣਾਉਣ ਸਮੇਂ ਗਲਤੀ ਹੋਣ ‘ਤੇ ਤੁਹਾਡੇ ਹੱਥਾਂ ਦੀਆਂ ਤਲੀਆਂ ਸੋਟੀਆਂ ਨਾਲ ਸੁਕੀਆਂ ਜਾਂਦੀਆਂ। ਕਿਸਦੇ ਕਿੰਨੀਆਂ ਪੈਣੀਆਂ, ਇਹ ਮਾਸਟਰ ਜਾਣਦਾ ਕਿਉਂਕਿ ਉਸਨੂੰ ਹੀ ਪਤਾ ਹੁੰਦਾ ਕਿ ਕਿਹੜਾ ਪੜ੍ਹਨ ਵਿਚ ਹੁਸ਼ਿਆਰ ਹੈ? ਕਿਹੜਾ ਇਲਤੀ ਅਤੇ ਕਿਸ ਨੇ ਜਾਣ ਬੁੱਝ ਕੇ ਯਾਦ ਨਹੀਂ ਕੀਤਾ ਜਾਂ ਆਦਤਨ ਸ਼ਰਾਰਤ ਕੀਤੀ ਹੈ? ਸਕੂਲ ਵਿਚ ਮਾਸਟਰ ਕਿੰਨਾ ਵੀ ਝਿੜਕ ਲੈਂਦਾ ਜਾਂ ਕੁੱਟ ਲੈਂਦਾ ਤਾਂ ਕੋਈ ਵੀ ਵਿਦਿਆਰਥੀ ਘਰ ਆ ਕੇ ਆਪਣੇ ਮਾਪਿਆਂ ਨੂੰ ਕਦੇ ਨਹੀਂ ਸੀ ਦੱਸਦਾ ਕਿ ਸਕੂਲੇ ਕੁੱਟ ਪਈ ਹੈ। ਹਰ ਬੱਚਾ ਇਹ ਜਾਣਦਾ ਸੀ ਕਿ ਮਾਂ-ਪਿਉ ਨੂੰ ਦੱਸਣ ਦਾ ਮਤਲਬ ਸੀ ਦੋਹਰੀ ਕੁੱਟ। ਮਾਂ ਜਾਂ ਬਾਪ ਨੇ ਵੱਖਰੀ ਤੌਣੀ ਲਾ ਦੇਣੀ ਹੁੰਦੀ। ਮਾਪੇ ਮਾਸਟਰਾਂ ਦਾ ਬਹੁਤ ਆਦਰ ਕਰਦੇ ਸਨ ਅਤੇ ਉਹ ਇਹ ਸਮਝਦੇ ਸਨ ਕਿ ਜੇਕਰ ਕਿਸੇ ਮਾਸਟਰ ਨੇ ਬੱਚਿਆਂ ਨੂੰ ਝਿੜਕਿਆ ਜਾਂ ਕੁੱਟਿਆ ਹੈ ਤਾਂ ਬੱਚੇ ਦਾ ਕਸੂਰ ਜ਼ਰੂਰ ਹੋਵੇਗਾ। ਇਸ ਨਾਲ ਸੁਧਰ ਜਾਵੇਗਾ, ਪੜ੍ਹਾਈ ਵੱਲ ਧਿਆਨ ਦੇਵੇਗਾ ਤੇ ਸ਼ਰਾਰਤਾਂ ਤੋਂ ਬਾਝ ਆਵੇਗਾ।

ਜ਼ਿਆਦਾਤਰ ਮਾਸਟਰ ਪੜ੍ਹਾਉਣ ਪ੍ਰਤੀ ਬਹੁਤ ਪ੍ਰਤੀਬੱਧ ਹੁੰਦੇ ਸਨ। ਸਕੂਲ ਦੇ ਸਮੇਂ ਤੋਂ ਬਾਅਦ ਵੀ ਸਕੂਲ ਵਿਚ ਹੀ ਪੜ੍ਹਾ ਦਿੰਦੇ ਤਾਂ ਕਿ ਸਕੂਲ ਦਾ ਨਤੀਜਾ ਵਧੀਆ ਆਵੇ। ਅੱਜ-ਕੱਲ੍ਹ ਤਾਂ ਹਰ ਮਾਸਟਰ ਇਹ ਚਾਹੁੰਦਾ ਕਿ ਹਰ ਬੱਚਾ ਮੇਰੇ ਕੋਲੋਂ ਟਿਊਸ਼ਨ ਪੜ੍ਹੇ ਅਤੇ ਮੈਂ ਵਾਧੂ ਕਮਾਈ ਕਰਾਂ। ਕਈ ਮਾਸਟਰ ਜਾਂ ਪ੍ਰੋਫੈਸਰ ਜਾਣ-ਬੁੱਝ ਕੇ ਬੱਚਿਆਂ ਨੂੰ ਝਿੜਕਦੇ ਜਾਂ ਸਜ਼ਾਵਾਂ ਦਿੰਦੇ ਤਾਂ ਕਿ ਬੱਚੇ ਟਿਊਸ਼ਨ ਪੜ੍ਹਨ ਲਈ ਮਜਬੂਰ ਹੋ ਜਾਣ। ਯਾਦ ਹੈ ਕਿ ਜਦ ਵੀ ਪੀਰੀਅਡ ਵਿਹਲਾ ਹੋਣਾ ਸਾਡੇ ਸਕੂਲ ਦੇ ਹੈਡਮਾਸਟਰ ਸ. ਹਰਭਜਨ ਸਿੰਘ ਹੁੰਦਲ ਹੁਰਾਂ ਅੱਠਵੀਂ ਕਲਾਸ ਵਿਚ ਆ ਕੇ ਅੰਗਰੇਜ਼ੀ ਦੀ ਵਿਆਕਰਣ ਪੜ੍ਹਾਉਣ ਲੱਗ ਜਾਣਾ। ਸਕੂਲ ਦੇ ਅੱਠਵੀਂ ਦੇ ਬੋਰਡ ਦੇ ਇਮਤਿਹਾਨ ਹਾਈ ਸਕੂਲ ਸੁਰਖਪੁਰ ਵਿਚ ਹੋਏ ਤਾਂ ਸਾਰੇ ਵਿਸ਼ਿਆਂ ਦੇ ਮਾਸਟਰ ਵਾਰੀ-ਵਾਰੀ ਉਥੇ ਰਾਤ ਰਹਿ ਕੇ ਸਾਰਿਆਂ ਦੀ ਤਿਆਰੀ ਕਰਵਾਉਂਦੇ ਰਹੇ ਤਾਂ ਕਿ ਸਕੂਲ ਜ਼ਿਲ੍ਹੇ ਵਿਚੋਂ ਅੱਵਲ ਸਥਾਨ ਪ੍ਰਾਪਤ ਕਰ ਲਵੇ। ਪਰ ਇਹ ਵਰਤਾਰਾ ਹੁਣ ਖਤਮ ਹੋ ਚੁੱਕਾ ਹੈ।
ਬਾਊ ਜੀ ਕੋਠੀ ਵਾਲਿਆਂ ਦੇ ਪਰਿਵਾਰ ਵਿਚੋਂ ਸਨ ਜਿਨ੍ਹਾਂ ਦੀ ਕਿਸੇ ਸਮੇਂ ਸਰਕਾਰੇ-ਦਰਬਾਰੇ ਬਹੁਤ ਚਲਦੀ ਸੀ। ਪਿੰਡ ਵਿਚ ਸੱਭ ਤੋਂ ਪਹਿਲੀ ਕੋਠੀ ਉਨ੍ਹਾਂ ਦੀ ਹੀ ਹੁੰਦੀ ਸੀ ਤਾਂ ਹੀ ਉਸ ਪਰਿਵਾਰ ਨੂੰ ਕੋਠੀ ਵਾਲੇ ਕਹਿੰਦੇ ਸਨ। ਉਨ੍ਹਾਂ ਦੀ ਜ਼ਮੀਨ ਵੀ ਵਾਹਵਾ ਸੀ। ਕੇਰਾਂ ਬਾਊ ਜੀ ਨੇ ਅੱਠਵੀਂ ਦੇ ਵਿਦਿਆਰਥੀਆਂ ਨੂੰ ਕਿਹਾ ਕਿ ਕੱਲ੍ਹ ਨੂੰ ਘਰੋਂ ਦਾਤਰੀਆਂ ਲੈ ਕੇ ਆਉਣਾ, ਖੇਤਾਂ ਵਿਚ ਲੇਹ ਜਾਂ ਪੋਹਲੀ ਨੂੰ ਵੱਡਣਾ ਹੈ ਅਤੇ ਸਾਰਾ ਦਿਨ ਆਪਣੇ ਖੇਤਾਂ ਵਿਚ ਕੰਮ ਕਰਵਾ ਕੇ ਸ਼ਾਮ ਨੂੰ ਵਿਹਲਾ ਕੀਤਾ। ਸਾਨੂੰ ਵੀ ਚੰਗਾ ਲੱਗਾ ਸੀ ਕਿ ਇਕ ਦਿਨ ਪੜ੍ਹਨਾ ਨਹੀਂ ਪਿਆ ਸਗੋਂ ਸਾਰਾ ਦਿਨ ਖੇਤਾਂ ਵਿਚ ਹੀ ਲੰਘ ਗਿਆ।
ਮਾਸਟਰਾਂ ਵਲੋਂ ਵਿਦਿਆਰਥੀਆਂ ਨੂੰ ਵਗਾਰ ਪਾਉਣਾ ਆਮ ਵਤੀਰਾ ਸੀ ਭਾਵੇਂ ਕਿਸੇ ਘਰੋਂ ਦੁੱਧ ਜਾਂ ਚਾਹ ਮੰਗਵਾਉਣਾ ਹੋਵੇ, ਸਾਗ ਲਿਆਉਣ ਲਈ ਕਹਿਣਾ ਹੋਵੇ ਜਾਂ ਕਿਸੇ ਚਲਦੇ ਵੇਲਣੇ ਤੋਂ ਗੰਨਿਆਂ ਦਾ ਰਸ ਅਤੇ ਗੰਡ ਤੋਂ ਤੱਤਾ ਤੱਤਾ ਗੁੱੜ ਲਿਆਉਣਾ ਹੋਵੇ। ਵਿਦਿਆਰਥੀ ਹੱਸ ਕੇ ਇਹ ਕੰਮ ਕਰਦੇ ਸਨ। ਘਰ ਵਾਲੇ ਵੀ ਸਮਝਦੇ ਸਨ ਕਿ ਇਸ ਨਾਲ ਸਾਡਾ ਬੱਚਾ ਪਾਸ ਕਰ ਦੇਣਗੇ। ਨੰਬਰਾਂ ਬਾਰੇ ਤਾਂ ਘਰਦਿਆਂ ਨੂੰ ਕੋਈ ਇਲਮ ਨਹੀਂ ਸੀ ਹੁੰਦਾ। ਉਨ੍ਹਾਂ ਲਈ ਪਾਸ ਹੋਣ ‘ਤੇ ਪਤਾਸੇ ਵੰਡਣਾ ਹੀ ਸੱਭ ਤੋਂ ਵੱਡੀ ਖੁਸ਼ੀ ਹੁੰਦੀ ਸੀ।
ਮਾਪਿਆਂ ਲਈ ਪਾਸ ਕੀਤੀਆਂ ਜਮਾਤਾਂ ਦੀ ਗਿਣਤੀ ਹੀ ਸੱਭ ਤੋਂ ਜ਼ਿਆਦਾ ਮਹੱਤਵਪੂਰਨ ਹੁੰਦੀ ਸੀ।
ਬਾਊ ਜੀ ਬਹੁਤ ਹੀ ਸਾਊ ਵਿਅਕਤੀਤਵ ਦੇ ਮਾਲਕ ਸਨ। ਉਨ੍ਹਾਂ ਦੇ ਸਾਊਪੁਣੇ ਕਰਕੇ ਪਤਾ ਨਹੀਂ ਕਿੰਨੇ ਵਿਦਿਆਰਥੀਆਂ ਦਾ ਪਾਰ-ਉਤਾਰਾ ਹੋਇਆ ਹੋਵੇਗਾ ਜਿਹੜੇ ਫੇਲ੍ਹ ਹੁੰਦਿਆਂ ਵੀ ਪਾਸ ਕਰ ਦਿੱਤੇ ਗਏ ਹੋਣਗੇ। ਭਾਵੇਂ ਅਜੇਹੇ ਪਾਸ ਹੋਇਆਂ ਨੇ ਬਾਅਦ ਵਿਚ ਕੁਝ ਵੀ ਨਾ ਕੀਤਾ ਹੋਵੇ ਪਰ ਉਹ ਸਾਰੀ ਉਮਰ ਇਹ ਸਮਝਦੇ ਰਹੇ ਕਿ ਉਨ੍ਹਾਂ ਨੇ ਅੱਠ ਜਮਾਤਾਂ ਪਾਸ ਕਰ ਲਈਆਂ ਸਨ।
ਬਾਊ ਜੀ ਨੇ ਅਕਸਰ ਹੀ ਕਹਿਣਾ ਕਿ ਬੱਚਿਓ! ਪੜ੍ਹ ਲਵੋ। ਚੰਗੇ ਰਹੋਗੇ। ਨਹੀਂ ਤਾਂ ਸਾਰੀ ਉਮਰ ਆਪਣੇ ਪਿਉਆਂ ਵਾਗੂੰ ਖੇਤਾਂ ਵਿਚ ਹੀ ਕੰਮ ਕਰਨਾ ਪੈਣਾ। ਕਿਸੇ ਚੱਜ ਦੀ ਨੌਕਰੀ ‘ਤੇ ਲੱਗ ਗਏ ਤਾਂ ਤੁਹਾਡੀ ਵੀ ਜੂਨ ਸੁਧਰ ਜਾਊ ਅਤੇ ਤੁਸੀਂ ਆਪਣੇ ਮਾਪਿਆਂ ਦੀ ਜ਼ਿੰਦਗੀ ਵੀ ਬਦਲ ਦੇਵੋਗੇ। ਭਾਵੇਂ ਕਿ ਬਾਊ ਜੀ ਦੀ ਖੁਦ ਪੜ੍ਹਾਉਣ ਵਿਚ ਕੋਈ ਬਹੁਤੀ ਰੁਚੀ ਨਹੀਂ ਸੀ ਹੁੰਦੀ ਅਤੇ ਨਾ ਹੀ ਕਦੇ ਉਹ ਉਚੇਚ ਕਰਦੇ ਸਨ। ਸਕੂਲ ਵਿਚ ਪੜ੍ਹਾਉਣ ਨਾਲੋਂ ਪਰਿਵਾਰਕ ਰੁਝੇਵਿਆਂ ਜਾਂ ਪਿੰਡ ਦੇ ਹੋਰ ਕੰਮਾਂ-ਕਾਰਾਂ ਵਿਚ ਰੁੱਝੇ ਰਹਿਣਾ, ਉਨ੍ਹਾਂ ਦੀ ਫਿਤਰਤ ਸੀ।
ਬਾਊ ਜੀ ਨੂੰ ਯਾਦ ਕਰਦਿਆਂ ਸੋਚਦਾਂ ਕਿ ਉਹ ਕੇਹੇ ਫੱਕਰ ਲੋਕ ਸਨ ਜਿਨ੍ਹਾਂ ਦੇ ਮਨਾਂ ਵਿਚ ਕੋਈ ਮੁਲੰਮਾ ਨਹੀਂ ਸੀ। ਉਹ ਅੰਦਰੋਂ-ਬਾਹਰੋਂ ਇਕਸਾਰ। ਕਿਸੇ ਨੂੰ ਵੀ ਘੂਰ ਸਕਦੇ, ਕਿਸੇ ਦੀ ਸ਼ਿਕਾਇਤ ਉਸਦੇ ਪਿਉ ਨੂੰ ਕਰ ਸਕਦੇ ਕਿਉਂਕਿ ਉਹ ਜਾਣਦੇ ਸਨ ਕਿ ਮਾਂ ਨਾਲੋਂ ਪਿਉ ਆਪਣੇ ਬੱਚਿਆਂ ਪ੍ਰਤੀ ਜ਼ਿਆਦਾ ਸਖ਼ਤ ਹੁੰਦਾ ਅਤੇ ਬੱਚਿਆਂ ਨੂੰ ਸਿੱਧੇ ਰਾਹ ਪਾਉਣ ਤੇ ਸਮਝਾਉਣ ਦੇ ਨਾਲ-ਨਾਲ ਕੰਨਾਂ ‘ਤੇ ਲਾ ਵੀ ਸਕਦਾ।
ਬਾਊ ਜੀ ਕਦੇ ਵੀ ਕਿਸੇ ਵੀ ਵਿਦਿਆਰਥੀ ਦਾ ਮਾੜਾ ਨਹੀਂ ਸੀ ਸੋਚਦੇ ਸਗੋਂ ਉਨ੍ਹਾਂ ਦੇ ਮਨ ਵਿਚ ਪਿੰਡ ਦੇ ਜਵਾਕਾਂ ਨੂੰ ਉਚੇ ਅਹੁਦਿਆਂ ‘ਤੇ ਦੇਖਣ ਦੀ ਤਮੰਨਾ ਹੁੰਦੀ ਸੀ। ਤਾਂ ਹੀ ਉਸਨੇ ਮੇਰੇ ਫੇਲ੍ਹ ਹੋਣ ‘ਤੇ ਧੀਰਜ ਵੀ ਬੰਨ੍ਹਾਇਆ ਅਤੇ ਫਿਰ ਐਮਐਸਸੀ ਕਰਨ ‘ਤੇ ਮੁਬਾਰਕ ਵੀ ਦਿੱਤੀ। ਦਰਅਸਲ ਅਜੇਹੀ ਬਿਰਤੀ ਵਾਲੇ ਬੀਤੇ ਦੀ ਗੱਲ ਹੋ ਗਏ ਹਨ। ਹੁਣ ਤਾਂ ਪਿੰਡਾਂ ਵਿਚ ਆਪਸੀ ਖ਼ਹਿਬਾਜ਼ੀ ਅਤੇ ਰੰਜਸ਼ ਕਾਰਨ ਇਕ ਦੂਜੇ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾਉਣ ਦੀ ਰੀਤ ਹੈ। ਤਾਂ ਹੀ ਪਿੰਡ ਵਿਚੋਂ ਪਾੜ੍ਹੇ ਅਤੇ ਪਾੜ੍ਹਿਆਂ ਦੇ ਘਰ ਪਰਵਾਸ
ਕਰ ਗਏ ਹਨ। ਪਿੰਡਾਂ ਦੀ ਜਰਖੇਜ਼ ਧਰਾਤਲ ਵਿਚ ਜਨਮ ਲੈ ਕੇ, ਫੱਟੀ ਵਾਲੇ ਸਕੂਲਾਂ ਵਿਚ ਬੋਰੀਆਂ ‘ਤੇ ਬਹਿ ਕੇ ਵਿਦਿਆ ਪ੍ਰਾਪਤ ਕਰ, ਉਚੇ ਅਹੁਦਿਆਂ ਦਾ ਮਾਣ ਬਣਨ ਵਾਲੇ ਪੇਂਡੂਆਂ ਦੀ ਨਸਲ ਹੀ ਖਤਮ ਹੁੰਦੀ ਜਾ ਰਹੀ ਹੈ। ਨਾਲ ਹੀ ਮਾਸਟਰਾਂ ਵਿਚ ਆਪਣੇ ਕਿੱਤੇ ਪ੍ਰਤੀ ਪ੍ਰਤੀਬੱਧਤਾ ਦੀ ਘਾਟ, ਸਕੂਲਾਂ ਵਿਚ ਗਰੁੱਪਬਾਜ਼ੀ, ਪਿੰਡ ਦੇ ਮੁਹਤਬਰਾਂ ਦੀ ਦਖ਼ਲਅੰਦਾਜ਼ੀ ਅਤੇ ਨਕਲ ਦੇ ਕੋਹੜ ਨੇ ਵਿਦਿਅਕ ਢਾਂਚੇ ਨੂੰ ਤਹਿਸ-ਨਹਿਸ ਕਰ ਦਿਤਾ ਹੈ। ਸਾਡੇ ਸਮਿਆਂ ਵਿਚ ਨਕਲ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਫਸਟ ਡਿਵੀਜ਼ਨ ਲੈ ਕੇ ਪਾਸ ਹੋਣ ਵਾਲਾ ਸਭ ਤੋਂ ਹੁਸ਼ਿਆਰ ਵਿਦਿਆਰਥੀ ਮੰਨਿਆ ਜਾਂਦਾ ਸੀ। ਇਸਦੇ ਬਲਬੂਤੇ ‘ਤੇ ਅਜੇਹੇ ਵਿਦਿਆਰਥੀ ਜੀਵਨ ਵਿਚ ਉਚੀਆਂ ਉਪਲੱਬਧੀਆਂ ਦਾ ਮਾਣ ਬਣੇ।
ਉਨ੍ਹਾਂ ਸਮਿਆਂ ਵਿਚ ਪਿੰਡ ਦੇ ਮਿਡਲ ਸਕੂਲ ਦੀ ਪੜ੍ਹੀ-ਲਿਖੀ ਪੀੜ੍ਹੀ ਨੂੰ ਹੋਰ ਤਾਂ ਕੁਝ ਭਾਵੇਂ ਯਾਦ ਨਾ ਹੋਵੇ ਪਰ ਉਨ੍ਹਾਂ ਦੇ ਚੇਤਿਆਂ ਵਿਚ ਬਾਊ ਜੀ ਦਾ ਬਿੰਬ ਬੀਤੇ ਸਮੇਂ ਨੂੰ ਸਾਹਵੇਂ ਲਿਆ ਖਲਿਆਰਦਾ ਹੈ। ਭਾਵੇਂ ਉਹ ਦੁਨੀਆਂ ਦੇ ਕਿਸੇ ਵੀ ਦੇਸ਼ ਵਿਚ, ਕਿੰਨੇ ਵੀ ਵੱਡੇ ਰੁਤਬੇ ਜਾਂ ਮਲਕੀਅਤ ਦੇ ਮਾਲਕ ਹੋਣ ਕਿਉਂਕਿ ਬਾਊ ਜੀ ਦੀ ਸ਼ਖ਼ਸੀਅਤ ਦੀ ਵਿੱਲਖਣਤਾ ਵਿਚ ਉਨ੍ਹਾਂ ਦੀ ਚਾਲ-ਢਾਲ, ਬੋਲਣ-ਅੰਦਾਜ਼ ਅਤੇ ਵਿਦਿਆਰਥੀ ਨੂੰ ਬੁਲਾਉਣ ਦਾ ਅਪਣੱਤੀ ਤਰੀਕਾ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।
ਬਾਊ ਜੀ ਦੀ ਸ਼ਖ਼ਸੀਅਤ ਦਾ ਇਕ ਹੋਰ ਪੱਖ ਇਹ ਸੀ ਕਿ ਜੇਕਰ ਬੋਰਡ ਦੇ ਪੇਪਰ ਦੇਖਦਿਆਂ ਕੋਲ ਬੈਠੇ ਕਿਸੇ ਵਿਦਿਅਰਥੀ ਨੇ ਕਹਿ ਦੇਣਾ ਕਿ ਇਸ ਵਿਦਿਆਰਥੀ ਨੂੰ ਦੋ-ਚਾਰ ਨੰਬਰ ਹੋਰ ਦੇ ਕੇ ਪਾਸ ਕਰ ਦਿਓ ਤਾਂ ਉਨ੍ਹਾਂ ਝੱਟ ਕਹਿਣਾ ਕਿ ਜੇ ਤੂੰ ਕਹਿੰਦਾ ਤਾਂ ਮੈਂ ਕਰ ਦਿੰਦਾ ਹਾਂ। ਅਸਲ ਵਿਚ ਬਾਊ ਜੀ ਉਨ੍ਹਾਂ ਸਮਿਆਂ ਦੇ ਮਾਸਟਰ ਵਰਗ ਦੇ ਇਕ ਅਜੇਹੀ ਪ੍ਰਤੀਨਿਧ ਸਨ ਜੋ ਪੜ੍ਹਾਉਂਦੇ ਵੀ ਸਨ, ਝਿੜਕਦੇ ਵੀ ਸਨ, ਕੰਨ ਵੀ ਪੁੱਟਦੇ ਸਨ, ਪਿਆਰ ਵੀ ਕਰਦੇ, ਵਗਾਰ ਵੀ ਕਰਵਾਉਂਦੇ ਪਰ ਉਨ੍ਹਾਂ ਦੇ ਮਨ ਦੀ ਇਛਾ ਆਪਣੇ ਵਿਦਿਆਰਥੀਆਂ ਦਾ ਰੌਸ਼ਨ ਭਵਿੱਖ ਹੀ ਹੁੰਦਾ ਸੀ।
ਬਾਊ ਜੀ ਨੂੰ ਉਨ੍ਹਾਂ ਦੀਆਂ ਅਚੇਤ ਰੂਪ ਵਿਚ ਦਿੱਤੀਆਂ ਸਮੁੱਤਾਂ, ਸੇਧ ਅਤੇ ਸੁਪਨਿਆਂ ਲਈ ਯਾਦ ਕਰਨਾ ਤਾਂ ਬਣਦਾ ਹੀ ਹੈ, ਜਿਨਾਂ੍ਹ ਨੇ ਸਿੱਧੇ-ਸਾਦੇ ਪੇਂਡੂ ਜਵਾਕਾਂ ਦੇ ਸੁਪਨਿਆਂ ਨੂੰ ਪ੍ਰਵਾਜ਼ ਦਿੱਤੀ।