ਨਵੀਂ ਦਿੱਲੀ:ਮੈਡੀਕਲ ਦੇ ਗੈਜੂਏਟ ਕੋਰਸਾਂ ‘ਚ ਦਾਖ਼ਲੇ ਨਾਲ ਜੁੜੀ ਨੀਟ-ਯੂਜੀ ਐਤਵਾਰ ਨੂੰ ਦੁਬਾਰਾ ਦੇਸ਼ ਤਰ ‘ਚ ਸਖ਼ਤ ਸੁਰੱਖਿਆ ਇੰਤਜ਼ਾਮਾ ਵਿਚਾਲੇ ਸਮਾਪਤ ਹੋਈ। ਐੱਨਟੀਏ ਤੇ ਸਿੱਖਿਆ ਮੰਤਰਾਲੇ ਲਈ ਰਾਹਤ ਦੀ ਗੱਲ ਇਹ ਰਹੀ ਕਿ ਇਸ ‘ਚ ਕਿਤਿਓਂ ਵੀ ਕਿਸੇ ਤਰ੍ਹਾਂ ਦੀ ਗੜਬੜੀ ਦੀ ਸੂਚਨਾ ਨਹੀਂ ਮਿਲੀ।
20 ਲੱਖ ਤੋਂ ਵੱਧ ਵਿਦਿਆਰਥੀਆਂ ਦਾ ਡਾਕਟਰ ਬਣਨ ਦਾ ਸੁਪਨਾ ਓਐੱਮਿਆਰ (ਆਪਟੀਕਲ ਮਾਰਕ ਰਿਕਾਗਨੀਸ਼ਨ) ਸ਼ੀਟ ‘ਚ ਕੈਦ ਹੋ ਗਿਆ। ਇਹ ਪ੍ਰੀਖਿਆ ਪੌਨ-ਪੇਪਰ ਤੇ ਓਐੱਮਆਰ ਰਾਹੀਂ ਕਰਵਾਈ ਗਈ ਹੈ। ਅਗਲੇ ਸਾਲ ਤੋਂ ਐੱਨਟੀਏ ਨੇ ਇਸ ਨੂੰ ਸੀਬੀਟੀ (ਕੰਪਿਊਟਰ ਬੇਸਡ ਟੈਸਟ) ਰਾਹੀਂ ਕਰਵਾਉਣ ਦਾ ਫ਼ੈਸਲਾ ਲਿਆ ਹੈ। ਇਸ ਤੋਂ
ਪਹਿਲਾਂ ਇਹ ਪ੍ਰੀਖਿਆ ਤਿੰਨ ਮਈ ਨੂੰ ਹੋਈ ਸੀ, ਪਰ ਪੇਪਰ ਲੀਕ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੂਰੀ ਪ੍ਰੀਖਿਆ ਨੂੰ ਰੱਦ ਕਰ ਦਿੱਤਾ ਗਿਆ ਸੀ। ਸੀਬੀਆਈ ਮਾਮਲੇ ਦੀ ਜਾਚ ਕਰ ਰਹੀ ਹੈ। ਐਨਟੀਏ ਦੇ ਮੁਤਾਬਕ, ਮੈਡੀਕਲ ਪ੍ਰਵੇਸ਼ ਪ੍ਰੀਖਿਆ ਦੇਸ਼ ਭਰ ਦੇ 551 ਸ਼ਹਿਰਾਂ ਦੇ 5440 ਕੇਂਦਰਾਂ ਤੇ ਵਿਦੇਸ਼ ਦੇ 14 ਸ਼ਹਿਰਾਂ ‘ਚ ਬਣਾਏ ਗਏ ਕੇਂਦਰਾਂ ‘ਤੇ ਇਕੱਠੀ ਕਰਵਾਈ ਗਈ। ਇਸ ਸਿਲਸਿਲੇ ‘ਚ ਕੇਂਦਰ ਸਰਕਾਰ ਦੇ ਦਰਜਨਾਂ ਮੰਤਰਾਲਿਆਂ ਦੇ ਨਾਲ ਸੂਬਾਈ ਸਰਕਾਰ ਤੇ ਕੇਂਦਰੀ ਏਜੰਸੀਆਂ ਨੇ ਪਿਛਲੇ ਲਗਪਗ 37 ਦਿਨਾਂ ‘ਚ ਇਕਜੁਟ ਹੋ ਕੰਮ ਕੀਤਾ। ਐੱਨਟੀਏ ਨੇ ਸਾਰੇ ਕੇਂਦਰਾਂ ‘ਤੇ ਪ੍ਰੀਖਿਆ ਤੈਅ ਪ੍ਰੋਟੋਕਾਲ ਦੇ ਮੁਤਾਬਕ ਕਰਵਾਏ ਜਾਣ ਦਾ ਦਾਅਵਾ ਕੀਤਾ ਹੈ।ਨਾਲ ਹੀ ਦੱਸਿਆ ਕਿ ਓਐੱਮਆਰ ਸ਼ੀਟ ਨੂੰ ਵੀ ਪ੍ਰਸ਼ਨ ਪੱਤਰਾਂ ਦੀ ਤਰ੍ਹਾਂ ਸਖ਼ਤ ਸੁਰੱਖਿਆ ‘ਚ ਲਿਆਂਦਾ ਜਾ ਰਿਹਾ ਹੈ। ਇਸ ‘ਚ ਵੀ ਭਾਰਤੀ ਹਵਾਈ ਫ਼ੌਜ ਤੇ ਭਾਰਤੀ ਡਾਕ ਵਿਭਾਗ ਦੀ ਮਦਦ ਲਈ ਜਾ ਰਹੀ ਹੈ। ਐੱਨਟੀਏ ਨੇ ਸੁਰੱਖਿਆ ਦੇ ਸਖ਼ਤ ਬੰਦੋਬਸਤ ਕੀਤੇ ਸਨ। ਹਰੇਕ ਪ੍ਰੀਖਿਆ ਕੇਂਦਰ ‘ਤੇ ਸਥਾਨਕ ਪੁਲਿਸ ਤੇ ਕੇਂਦਰੀ ਸੁਰੱਖਿਆ ਦਸਤੇ ਤਾਇਨਾਤ ਸਨ। ਹਰੇਕ ਸ਼ਹਿਰ ‘ਚ ਸਾਇਬਰ ਕਮਾਂਡੋ ਵੀ ਤਾਇਨਾਤ ਕੀਤੇ ਗਏ ਸਨ। ਨੀਟ-ਯੂਜੀ’ਤੇ ਕੇਂਦਰੀ ਏਜੰਸੀਆਂ ਦੇ ਨਾਲ ਹੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਵੀ ਪੈਨੀ ਨਜ਼ਰ ਰੱਖੀ। ਪ੍ਰੀਖਿਆ ਦੇ ਦੌਰਾਨ ਉਹ ਐੱਨਟੀਏ ਮੁੱਖ ਦਫ਼ਤਰ ‘ਚ ਬਣਾਏ ਗਏ ਕੰਟਰੋਲ ਰੂਮ ‘ਚ ਪੁੱਜੇ ਤੇ ਉਥੋਂ ਸੀਸੀਟੀਵੀ ਰਾਹੀਂ ਪ੍ਰੀਖਿਆ’ਤੇ ਨਜ਼ਰ ਰੱਖੀ। ਨਾਲ ਹੀ ਉਥੇ ਤਾਇਨਾਤ ਟੀਮਾਂ ਨੂੰ ਵੀ ਚੌਕਸੀ ਦੇ ਨਾਲ਼ ਕੰਮ ਕਰਨ ਦੇ ਨਿਰਦੇਸ਼ ਦਿੱਤੇ। ਓਧਰ ਪੀਟੀਆਈ ਮੁਤਾਬਕ ਐੱਨਟੀਏ ਨੇ ਇੰਟਰਨੈੱਟ ਮੀਡੀਆ ‘ਤੇ ਪ੍ਰਸਾਰਿਤ ਹੋ ਰਹੇ ਇਕ ਵੀਡੀਓ ਨੂੰ ਫ਼ਰਜ਼ੀ ਕਰਾਰ ਦਿੱਤਾ ਹੈ, ਜਿਸ ‘ਚ ਦਾਅਵਾ ਕੀਤਾ ਗਿਆ ਸੀ ਕਿ ਨੀਟ-ਯੂਜੀ ਦਾ ਪੇਪਰ ਲੀਕ ਹੋ ਗਿਆ ਹੈ। ਕਿਹਾ ਕਿ ਇਹ ਵੀਡੀਓ ਫ਼ਰਜ਼ੀ ਹੈ। ਅਸੀਂ ਸਰਕਾਰੀ ਏਜੰਸੀਆਂ ਦੀ ਮਦਦ ਨਾਲ ਇਹ ਵੀਡੀਓ ਜਾਰੀ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰ ਰਹੇ ਹਾਂ।
