ਨਵੀਂ ਦਿੱਲੀ:ਅਮਰੀਕਾ ਤੇ ਈਰਾਨ ਵਿਚਕਾਰ ਐਤਵਾਰ ਸਵਿਟਜ਼ਰਲੈਂਡ ਦੇ ਲੁਸਵਰਨ ‘ਚ ਕਤਰ ਪਾਕਿਸਤਾਨ ਦੀ ਵਿਚੋਲਗੀ ‘ਚ ਸ਼ੁਰੂ ਹੋਈ ਸ਼ਾਂਤੀ ਗੱਲਬਾਤ ‘ਤੇ ਪਹਿਲੇ ਦਿਨ ਹੀ ਸੰਕਟ ਦੇ ਬੱਦਲ ਛਾ ਗਏ। ਦੋਵਾਂ ਧਿਰਾਂ ਨੂੰ 14 ਨੁਕਤਿਆਂ ਵਾਲੇ ਮੁੱਢਲੇ ਸਮਝੌਤਾ ਖਰੜੇ ਦੇ ਤਕਨੀਕੀ ਪਹਿਲੂਆਂ 60 ਦਿਨਾਂ ਤੱਕ ਗੱਲਬਾਤ ਕਰ ਕੇ ਆਖ਼ਰੀ ਸਮਝੌਤੇ ਤੱਕ ਪੁੱਜਣਾ ਸੀ।
ਹਾਲਾਂਕਿ ਪਹਿਲੇ ਦੌਰ ਦੀ ਬੈਠਕ ਕਰੀਬ 80 ਮਿੰਟ ਹੀ ਚੱਲ ਸਕੀ। ਗੱਲਬਾਤ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਤਿੱਖੇ ਬਿਆਨ ਨਾਲ ਮਾਹੌਲ ਤਣਾਅ ਪੂਰਨ ਹੈ। ਗਿਆ। ਟਰੰਪ ਨੇ ਈਰਾਨ ਨੂੰ ਲਿਬਨਾਨ ‘ਚ ਹਿਜ਼ਬੁੱਲਾ ਦੀਆਂ ਸਰਗਰਮੀਆਂ ਰੋਕਣ ਦੀ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਅਜਿਹਾ ਨਾ ਹੋਣ ‘ਤੇ ਅਮਰੀਕਾ ਮੁੜ ਕਾਰਵਾਈ ਕਾਰ ਸਕਦਾ ਹੈ। ਉਨ੍ਹਾਂ ਨੇ ਹੋਰਮੁਜ਼ ਜਲਡਮਰੂਮੱਧ ਬੰਦ ਕਰਨ ਦੇ ਈਰਾਨੀ ਐਲਾਨ ‘ਤੇ ਵੀ ਸਖ਼ਤ ਰੁਖ਼ਣ ਅਪਣਾਇਆ ਤੇ ਕਿਹਾ ਕਿ ਇਸ ਨੂੰ ਬੰਦ ਕਰਨ ਦੀ ਕੋਸਿਸ਼ ਹੋਈ ਤਾਂ ਅਮਰੀਕਾ ਦਖ਼ਲ ਦੇਵੇਗਾ। ਈਰਾਨੀ ਮੀਡੀਆ ਨੇ ਦਾਅਵਾ ਕੀਤਾ ਕਿ ਟਰੰਪ ਦੇ ਬਿਆਨ ਦੇ ਵਿਰੋਧ ‘ਚ ਈਰਾਨੀ ਵਫ਼ਦ ਬੈਠਕ ਛੱਡ ਕੇ ਬਾਹਰ ਨਿਕਲ ਗਿਆ ਤੇ ਉਸ ਨੇ ਸਮੂਹਿਕ ਫੋਟੇ ਇਜਲੈਸ ‘ਚ ਵੀ ਹਿੱਸਾ ਨਹੀਂ ਲਿਆ। ਹਾਲਾਂਕਿ ਨਿਊਯਾਰਕ ਟਾਈਮਸ ਮੁਤਾਬਕ ਗੱਲਬਾਤ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਈ, ਬਲਕਿ ਫਿਲਹਾਲ ਰੋਕ ਦਿੱਤੀ ਗਈ ਹੈ। ਅਗਲੀ ਗੱਲਬਾਤ ਕਦੋਂ ਤੇ ਕਿਸ ਰੂਪ ਵਿਚ ਹੋਵੇਗੀ, ਇਸ ਬਾਰੇ ਸਥਿਤੀ ਸਪਸ਼ਟ ਨਹੀਂ ਹੈ। ਓਧਰ ਹੋਰਮੁਜ਼ ਸਟ੍ਰੇਟ ਬੰਦ ਰਹਿਣ ਦੀਆਂ ਖ਼ਬਰਾਂ ਵਿਚਾਲੇ ਖਾੜੀ ਦੇਸ਼ਾਂ ਦੇ ਸ਼ੇਅਰ ਬਾਜ਼ਾਰਾਂ ‘ਚ ਗਿਰਾਵਟ ਦੇਖਣ ਨੂੰ ਮਿਲੀ। ਮਾਹਰਾਂ ਦਾ ਅਨੁਮਾਨ ਹੈ ਕਿ ਸੋਮਵਾਰ ਨੂੰ ਕੱਚੇ ਤੇਲ ਦੀਆਂ ਕੀਮਤਾਂ ‘ਚ ਮੁੜ ਤੇਜ਼ੀ ਆ ਸਕਦੀ ਹੈ। ਉੱਥੇ ਹੀ ਆਲਮੀ ਸ਼ੇਅਰ ਬਾਜ਼ਾਰਾਂ ‘ਚ ਵੀ ਅਸਰ ਨਜ਼ਰ ਆ ਸਕਦਾ ਹੈ।
ਈਰਾਨ ਦੀ ਤਸਨੀਮ ਨਿਊਜ਼ ਏਜੰਸੀ ਮੁਤਾਬਕ ਈਰਾਨੀ ਵਫ਼ਦ ਦੀ ਅਗਵਾਈ ਕਰ ਰਹੇ ਸੰਸਦ ਦੇ ਸਪੀਕਰ ਗਲੀਬਾਫ ਨੇ ਗੱਲਬਾਤ ਦੌਰਾਨ ਟਰੰਪ ਦੀਆਂ ਧਮਕੀ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਤਹਿਰਾਨ ‘ਤੇ ਇਨ੍ਹਾਂ ਧਮਕੀਆਂ ਦਾ ਕੋਈ ਅਸਰ ਨਹੀਂ ਹੁੰਦਾ। ਦੋਵਾਂ ਧਿਰਾਂ ਨੇ ਵਿਚਾਲੇ ਹੀ ਗੱਲਬਾਤ ਰੋਕ ਦਿੱਤੀ। ਇੱਥੋਂ ਤੱਕ ਕਿ ਈਰਾਨ ਦੇ ਪਰਮਾਣੂ ਪ੍ਰੋਗਰਾਮ ‘ਤੇ ਵੀ ਚਰਚਾ ਨਹੀਂ ਹੋ ਸਕੀ। ਸੂਤਰਾਂ ਮੁਤਾਬਕ, ਵਫ਼ਦ ਨੇ ਟਰੰਪ ਦੀਆਂ ਟਿੱਪਣੀਆਂ ਦੇ ਵਿਰੋਧ ‘ਚ ਗੱਲਬਾਤ ਦਾ ਬਾਈਕਾਟ ਕੀਤਾ ਤੇ ਗੱਲਬਾਤ ਵਾਲੀ ਥਾਂ ਤੋਂ ਪਰਤ ਗਿਆ। ਹਾਲਾਂਕਿ ਇਕ ਹੋਰ ਈਰਾਨੀ ਨਿਊਜ਼ ਏਜੰਸੀ ਫਾਰਸ ਮੁਤਾਬਕ ਦੋਵੇਂ ਧਿਰਾਂ ਆਪਣੇ-ਆਪਣੇ ਪੱਧਰ ‘ਤੇ ਅੰਦਰੂਨੀ ਚਰਚਾ ਲਈ ਪਰਤੀਆਂ ਹਨ। ਅਗਲੀ ਰਣਨੀਤੀ ਤੇ ਤਜਵੀਜ਼ਾਂ ‘ਤੇ ਵਿਚਾਰ ਲਈ ਗੱਲਬਾਤ ਆਰਜ਼ੀ ਤੌਰ ‘ਤੇ ਰੋਕੀ ਗਈ ਹੈ। ਫਿਲਹਾਲ ਇਸ ਨੂੰ ਗੱਲਬਾਤ ਦਾ ਟੁੱਟਣਾ ਨਹੀਂ ਮੰਨਿਆ ਜਾ ਸਕਦਾ।
ਗਲੀਬਾਫ ਨੇ ਐਕਸ ‘ਤੇ ਲਿਖਿਆ ਜੇਕਰ ਅਮਰੀਕੀ ਧਮਕੀਆਂ ਅਸਰਦਾਰ ਹੁੰਦੀਆਂ ਤਾਂ ਵਾਸ਼ਿੰਗਟਨ ਅੱਜ ਜਿਸ ਹਾਲਾਤ ‘ਚ ਹੈ ਉੱਥੇ ਨਾ ਪੁੱਜਦਾ। ਉਨ੍ਹਾਂ ਕਿਹਾ ਕਿ ਅਮਰੀਕੀ ਆਗੂਆਂ ਨੂੰ ਆਪਣੇ ਬਿਆਨਾਂ ‘ਚ ਸਾਵਧਾਨੀ ਵਰਥਣੀ ਚਾਹੀਦੀ ਹੈ। ਗਲੀਬਾਫ ਨੇ ਕਿਹਾ ਕਿ ਉਨ੍ਹਾਂ ਦੀਆਂ ਹਥਿਆਰਬੰਦ ਫ਼ੌਜਾਂ ਜ਼ਰੂਰਤ ਪੈਣ ‘ਤੇ ਵੱਖਰੇ ਤਰੀਕੇ ਨਾਲ ਜਵਾਬ ਦੇਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਉਹ ਜੋ ਕਹਿਣ, ਪਰ ਕਾਰਵਾਈ ਅਸੀਂ ਕਰਾਂਗੇ।
