ਚਲੋ ਚਲੀ ਦੀਆਂ ਗੱਲਾਂ

ਗੁਲਜ਼ਾਰ ਸਿੰਘ ਸੰਧੂ
ਮੇਰੇ ਵਾਂਗ ਆਪਣੀ ਉਮਰ ਦੇ ਅੰਤਲੇ ਪੜਾਅ ਵਿਚੋਂ ਲੰਘ ਰਹੇ ਜੀਵਾਂ ਕੋਲ ਆਪਣੇ ਮਿੱਤਰ ਪਿਆਰਿਆਂ ਨੂੰ ਚੇਤੇ ਕਰਨਾ ਕੁਦਰਤੀ ਹੈ| ਆਪਣੇ ਤੋਂ ਛੋਟੇ ਹੋਣ ਦੇ ਬਾਵਜੂਦ ਪਹਿਲਾਂ ਤੁਰ ਜਾਣ ਵਾਲਿਆਂ ਨੂੰ ਖਾਸ ਕਰਕੇ|
ਸੁਰਜੀਤ ਹਾਂਸ ਦੀਆਂ ਆਖਰੀ ਤਿੰਨ ਪੁਸਤਕਾਂ ਦੇ ਨਾਂ (1) ਹੁਣ ਤਾਂ (2) ਲੰਘ ਚੱਲੀ ਤੇ (3) ਬਿਰਧ ਲੋਕ ਇਸਦੀ ਪੁਸ਼ਟੀ ਕਰਦੇ ਹਨ|

ਸੁਰਜੀਤ ਪਾਤਰ ਦੀਆਂ ਵੀ ਆਖਰੀ ਤਿੰਨ ਪੁਸਤਕਾਂ ਦੇ ਨਾਂ (1) ਹਨੇਰੇ ਵਿਚ ਸੁਲਘਦੀ ਵਰਣਮਾਲਾ (2) ਲਫਜ਼ਾਂ ਦੀ ਦਰਗਾਹ ‘ਤੇ (3) ਧੁਖਦਾ ਜੰਗਲ ਸਨ| ‘ਅਸੀਂ ਤਾਂ ਜੋਬਨ ਰੁੱਤੇ ਮਰਨਾਂ’ ਦੀ ਰਟ ਲਾਉਣ ਵਾਲੇ ਸ਼ਿਵ ਕੁਮਾਰ ਦੀ ਇਸ ਭਾਵਨਾ ਤੋਂ ਤਾਂ ਪੰਜਾਬੀ ਦੇ ਪਾਠਕ ਤੇ ਸਰੋਤੇ ਉੱਕਾ ਹੀ ਭੁੱਲੇ ਹੋਏ ਨਹੀਂ| ਸੁਰਜੀਤ ਹਾਂਸ ਮੇਰੇ ਨਾਲੋਂ ਥੋੜ੍ਹਾ ਵੱਡਾ ਸੀ ਤੇ ਸ਼ਿਵ ਕੁਮਾਰ ਛੋਟਾ 1937 ਵਿਚ ਪੈਦਾ ਹੋ ਕੇ 1973 ਵਿਚ ਤੁਰ ਜਾਣ ਵਾਲਾ| ਏਥੇ ਆਪਾਂ ਸ਼ਿਵ ਕੁਮਾਰ ਦੀ ਹੀ ਗੱਲ ਕਰਦੇ ਹਾਂ|
ਸ਼ਿਵ ਸਟੇਜ ਦਾ ਬਾਦਸ਼ਾਹ ਸੀ| ਉਹ ਮੰਚ ‘ਤੇ ਜਾ ਕੇ ਕਿਸੇ ਵਧੀਆ ਗੱਲ ਨੂੰ ਬੇਮੌਕ ਵੀ ਪੜ੍ਹਦਾ ਤਾਂ ਸਰੋਤੇ ਝੂਮ ਉਠਦੇ ਸਨ| ਮੇਰੇ ਵਿਆਹ ਦੇ ਜਾਂਜੀਆਂ ਵਿਚ ਉਹ ਵੀ ਸ਼ਾਮਲ ਸੀ| ਪਰ ਉਹ ਖਾਓ ਤੋਂ ਪਿਛੋਂ ਏਨੀ ਦੇਰ ਨਾਲ ਪਹੁੰਚਿਆ ਕਿ ਆਉਂਦੇ ਸਾਰ ਸੌਂ ਗਿਆ| ਸਰੋਤਿਆਂ ਨੂੰ ਸਵੇਰ ਤੱਕ ਉਡੀਕਣਾ ਪਿਆ| ਵਿਆਹ ਦੀ ਰਸਮ ਤੋਂ ਪਿੱਛੋਂ ਤੱਕ| ਫੇਰ ਅਨੰਦ ਕਾਰਜ ਤੋਂ ਪਿਛੋਂ ਜਿਹੜਾ ਗੀਤ ਉਸਨੇ ਗਾ ਕੇ ਸੁਣਾਇਆ ਉਹ ਹੈ ਤਾਂ ਉਸਦੀ ਭਾਰਤੀ ਸਾਹਿਤ ਸਨਮਾਨ ਪ੍ਰਾਪਤ ‘ਲੂਣਾਂ’ ਵਿਚੋਂ ਸੀ ਪਰ ਹੈ ਸੀ ਧੀਆਂ ਦੇ ਦੁਖਾਂ ਵਾਲਾ ਗੀਤ| ਲੂਣਾ ਦੇ ਸ਼ਬਦਾਂ ਤੇ ਸ਼ਿਵ ਦੇ ਬੋਲਾਂ ਵਿਚ ਏਨਾ ਦਰਦ ਸੀ ਕਿ ਹਰ ਸਰੋਤੇ ਦੀਆਂ ਅੱਖਾਂ ਵਿੱਚ ਹੰਝੂ ਆ ਗਏ| ਮਾਹੌਲ ਏਨਾ ਸੋਗਮਈ ਹੋ ਗਿਆ ਕਿ ਸੰਤ ਸਿੰਘ ਸੇਖੋਂ ਨੇ ਆਪਣੀਆਂ ਬਹੁਤੀਆਂ ਧੀਆਂ ਦਾ ਹਵਾਲਾ ਦੇ ਕੇ ਸਹਿਜ ਸੰਤੁਸ਼ਟੀ ਲਿਆਂਦੀ|
ਸ਼ਿਵ ਨੇ ਆਪਣੇ ਪੰਜਾਬ ਦੇ ਇਤਿਹਾਸ, ਮਿਥਿਹਾਸ, ਚੰਨਾ ਤਾਰਿਆਂ, ਤੇ ਥੋਹਰ ਕਥੂਰੀਆਂ ਨੂੰ ਆਪਣੇ ਮਨਭਾਉਂਦੇ ਰੰਗ ਵਿਚ ਗੁੰਨ੍ਹ ਕੇ ਏਸ ਤਰ੍ਹਾਂ ਪਾਠਕਾਂ ਪੱਲੇ ਪਾਇਆ ਕਿ ਲੋਕਾਂ ਦੇ ਮਨਾਂ ਵਿਚ ਅੱਜ ਵੀ ਕਾਇਲ ਹਨ| ਉਸਨੇ ਰੁੱਖਾਂ, ਪੌਦਿਆਂ, ਛੱਤਾਂ, ਕੰਧਾਂ ਤੇ ਉਨ੍ਹਾਂ ਦੇ ਪਰਛਾਵਿਆਂ ਨੂੰ ਡੂੰਘੇ ਤੇ ਨਵੇਂ ਅਰਥ ਦਿੱਤੇ|
ਮੈਂ ਇਕ ਯਾਤਰਾ ਸਮੇਂ ਉਸਨੂੰ ਦਿਨ ਵੇਲੇ ਤਾਰੇ ਤੋੜਦੇ ਵੀ ਤੱਕਿਆ ਹੈ| ਮੈਂ ਦਿੱਲੀ ਤੋਂ ਚੰਡੀਗੜ੍ਹ ਪਹੁੰਚਿਆ ਹੋਇਆ ਸਾਂ| ਅਸੀਂ ਦੋਵੇਂ ਮਾਸ ਮੁਰਗੇ ਦੇ ਅਚਾਰ ਤੇ ਦਾਰੂ ਦਰਮਲ ਦੀ ਭਾਲ ਵਿਚ ਚੰਡੀਗੜ੍ਹ ਤੋਂ ਸੋਲਨ ਦੇ ਰਾਹ ਵਿਚ ਪੈਂਦੇ ਢਲੀ ਨਾਂ ਦੇ ਮੋੜ ਵਲ ਨੂੰ ਤੁਰ ਪਏ| ਸਸਤੀ ਬੀਅਰ ਦਾ ਅੱਡਾ ਹੋਣ ਕਰਕੇ ਵੀ| ਸ਼ਿਵ ਕੁਮਾਰ ਨੂੰ ਨਦੀਓਂ ਪਾਰ ਇੱਕ ਪਹਾੜਨ ਮਹਿਲਾ ਦਾ ਝਾਉਲਾ ਪਿਆ| ਅਚਾਨਕ ਹੀ ਮੈਨੂੰ ਕਾਰ ਚਲਾਉਂਦਿਆਂ ਆਪਣੇ ਖੱਬੇ ਪਾਸਿਓਂ ਸ਼ਿਵ ਦੇ ਬੋਲ ਸੁਣਾਈ ਦਿੱਤੇ|
ਚੜ੍ਹ ਆ, ਚੜ੍ਹਾ ਆਂ, ਚੜ੍ਹ ਆ
ਧਰਤੀ ’ਤੇ ਧਰਤੀ ਧਰ ਆ
ਅੱਜ ਸਾਰਾ ਅੰਬਰ ਤੇਰਾ
ਤੈਨੂੰ ਰੋਕਣ ਵਾਲਾ ਕਿਹੜਾ
ਉਸਨੂੰ ਰੋਕਣ ਵਾਲਾ ਕੋਈ ਨਹੀਂ ਸੀ| ਉਂਝ ਵੀ ਸ਼ਿਵ ਦੇ ਮੱਦਾਹ ਉਸਦੇ ਖੱਬੇ-ਸੱਜੇ ਜੇਬਾਂ ਵਿਚ ਪੈਸੇ ਭਰ ਕੇ ਉਸਨੂੰ ਦਿੱਲੀ ਦੱਖਣ ਤੇ ਸੱਤ ਸਮੁੰਦਰ ਪਾਰ ਉਡਾਈ ਫਿਰਦੇ ਸਨ| ਉਸਦੇ ਅੰਦਰ ਕੀ ਸੀ? ਉਸਦੇ ਆਪਣੇ ਸ਼ਬਦ ਸੁਣੋ:
ਮੈਨੂੰ ਲੋਕ ਕਹਿਣ ਮੇਰੇ ਗੀਤਾਂ ਨੇ
ਮਹਿਲਾਂ ਦੀ ਜਿੰਦ ਹੰਢਾਈ ਹੈ
ਪਰ ਲੋਕ ਵਿਚਾਰੇ ਕੀ ਜਾਨਣ
ਗੀਤਾਂ ਦੀ ਵਿਥਿਆ ਦਰਦ ਭਰੀ
ਮੇਰਾ ਮੱਤ ਹੈ ਕਿ ਸ਼ਿਵ ਦਾ ਚੰਚਲ ਮਨ ਸਦਾ ਨਵੀਂ ਤੇ ਨਰੋਈ ਗੱਲ ਕਰਨ ਲਈ ਤੜਪਦਾ ਰਿਹਾ| ਉਹ ਪੁਰਾਣੀ ਅੱਖ ਨਾਲ ਵੇਖਣ ਦੇ ਹੱਕ ਵਿਚ ਨਹੀਂ ਸੀ|
ਪੁਰਾਣੀ ਅੱਖ ਮੇਰੇ ਮੱਥੇ ’ਚੋਂ ਕਢ ਕੇ
ਸੁੱਟ ਦਿਓ ਕਿਧਰੇ
ਇਹ ਅੰਨ੍ਹੀ ਹੋ ਚੁੱਕੀ ਹੈ
ਮੈਨੂੰ ਇਸ ਅੱਖ ਸੰਗ ਹੁਣ
ਆਪਣਾ ਆਪ ਨਹੀਂ ਦਿਸਦਾ
ਤੁਹਾਨੂੰ ਕਿੰਝ ਵੇਖਾਂਗਾ?
ਬਦਲਦੇ ਮੌਸਮਾਂ ਦੀ ਅੱਗ ਸਾਂਵੀਂ
ਕਿੰਝ ਵੇਖਾਂਗਾ?
ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਦਾ ਅਸਲ ਮੂਲ ਸੁਰਜੀਤ ਪਾਤਰ ਨੇ ਪਾਇਆ ਸੀ| ਉਦੋਂ ਜਦ ਖਾਲਿਸਤਾਨ ਮੰਗਣ ਵਾਲੇ ਪੰਜਾਬ ਦੇ ਹੋਰ ਟੁਕੜੇ ਕਰਨਾ ਚਾਹੁੰਦੇ ਸਨ| ਉਸਦੇ ਬੋਲ ਸਨ|
ਪਹਿਲਾਂ ਵਾਰਿਸ ਸ਼ਾਹ ਨੂੰ ਵੰਡਿਆ ਸੀ
ਹੁਣ ਸ਼ਿਵ ਕੁਮਾਰ ਦੀ ਵਾਰੀ ਹੈ
ਉਹ ਜ਼ਖ਼ਮ ਪੁਰਾਣੇ ਭੁੱਲ ਵੀ ਗਏ
ਨਵਿਆਂ ਦੀ ਹੋਰ ਤਿਆਰੀ ਹੈ
ਪ੍ਰਸੰਗ ਕੋਈ ਵੀ ਹੋਵੇ ਭਾਵਨਾ ਮਿਰਜ਼ਾ ਗਾਲਿਬ ਵਾਲੀ ਹੈ:
ਰੇਖਤਾ ਕੇ ਤੁਮ ਹੀ ਉਸਤਾਦ ਨਹੀਂ ਗਾਲਿਬ
ਕਹਿਤੇ ਹੈਂ ਅਗਲੇ ਜ਼ਮਾਨੇ ਮਂੇ ਕੋਈ ਮੀਰ ਭੀ ਥਾ
ਜਿਥੋਂ ਤਕ ਮੇਰਾ ਸਬੰਧ ਹੈ ਮੈਂ ਇਸ ਭਾਵਨਾ ਨੂੰ ਸਦਾ ਆਪਣੇ ਸਰਹਾਣੇ ਰਖਦਾ ਹਾਂ| ਸ਼ਿਵ ਕੁਮਾਰ ਦੇ ਬੇਟੇ ਮਿਹਰਬਾਨ ਬਟਾਲਵੀ ਵਲੋਂ ਸੰਪਾਦਤ ‘ਸ਼ਿਵ ਕੁਮਾਰ ਸਮੁਚੀ ਕਵਿਤਾ’ ਦੇ ਰੂਪ ਵਿਚ ਜਿਹੜੀ ਸ਼ਿਵ ਦੇ ਮੱਦਾਹ ਤੇ ਮੇਰੇ ਮਿਤਰ ਵਿਜੇ ਦੇਵ ਨੇ ਮੈਨੂੰ ਪਿਛਲੇ ਵਰ੍ਹੇ ਦੇ ਆਖਰੀ ਦਿਨਾਂ ਵਿਚ ਭੇਟ ਕੀਤੀ ਸੀ|

ਅੰਤਿਕਾ
ਮੀਰ ਤਕੀ ਮੀਰ
ਸਰਹਾਣੇ ਮੀਰ ਕੇ ਆਹਿਸਤਾ ਬੋਲੋ
ਟੁਕ! ਰੋਤੇ ਰੋਤੇ ਸੋ ਗਿਆ ਹੈ