ਕਾਕਰੋਚ ਜਨਤਾ ਪਾਰਟੀ ਦਾ ਜੰਤਰ-ਮੰਤਰ `ਤੇ ਪ੍ਰਦਰਸ਼ਨ

ਨਵੀਂ ਦਿੱਲੀ:ਸੋਸ਼ਲ ਮੀਡੀਆ ਤੋਂ ਚਰਚਾ ਵਿਚ ਆਏ ਅਭਿਜੀਤ ਦੀਪਕੇ ਵੱਲੋਂ ਗਠਿਤ ਕਾਕਰੋਚ ਜਨਤਾ ਪਾਰਟੀ ਨੇ ਸ਼ਨਿਚਰਵਾਰ ਨੂੰ ਜੰਤਰ-ਮੰਤਰ ‘ਤੇ ਵਿਰੋਧ ਪ੍ਰਦਰਸ਼ਨ ਕਰਦਿਆਂ ਨੀਟ ਸਮੇਤ ਹੋਰ ਪ੍ਰੀਖਿਆਵਾਂ ਦੇ ਪੇਪਰ ਲੀਕ ਹੋਣ ਦੇ ਮਾਮਲੇ ‘ਚ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦਾ ਅਸਤੀਫਾ ਮੰਗਿਆ।

ਇਸ ਪ੍ਰਦਰਸ਼ਨ ਵਿਚ ਲੱਦਾਖ ਦੇ ਸਮਾਜਿਕ ਕਾਰਕੁੰਨ ਸੋਨਮ ਵਾਂਗਚੁਕ ਨੇ ਵੀ ਅਭਿਜੀਤ ਦੀ ਮੰਗ ਦਾ ਸਮਰਥਨ ਕੀਤਾ। ਇਸ ਪ੍ਰਦਰਸ਼ਨ ਨੂੰ ਖੱਬੇਪੱਖੀ ਸੰਗਠਨਾਂ ਆਇਸਾ ਅਤੇ ਐੱਸਐੱਫਆਈ ਤੋਂ ਇਲਾਵਾ ਆਮ ਆਦਮੀ ਪਾਰਟੀ ਦਾ ਵੀ ਸਮਰਥਨ ਮਿਲਿਆ। ਪ੍ਰਦਰਸ਼ਨ ਲਈ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਪੁਲਿਸ ਨੇ ਆਗਿਆ. ਦਿੱਤੀ ਸੀ ਪਰ ਗਰਮੀ ਕਾਰਨ ਸਵਾ 3 ਵਜੇ ਹੀ ਅਭਿਜੀਤ ਅਤੇ ਉਨ੍ਹਾਂ ਦੇ ਸਾਥੀ ਮੰਚ ਤੋਂ ਚਲੇ ਗਏ। ਇਸ ਤੋਂ ਬਾਅਦ ਸਪਾਂਸਰਾਂ ਨੇ ਪ੍ਰਦਰਸ਼ਨ ਖਤਮ ਕਰਨ ਦਾ ਐਲਾਨ ਕੀਤਾ। ਪ੍ਰਦਰਸ਼ਨ ਵਿਚ ਜ਼ਿਆਦਾਤਰ ਨੌਕਰੀਪੇਸ਼ਾ ਨੌਜਵਾਨ ਤੇ ਕੁਝ ਕਾਲਜ ਦੇ ਵਿਦਿਆਰਥੀ ਹੀ ਸਨ। ਅਜਿਹੇ ਵਿਦਿਆਰਥੀਆਂ ਦੀ ਗਿਣਤੀ ਘੱਟ ਸੀ ਜਿਹੜੇ ਨੀਟ ਪ੍ਰੀਖਿਆ ਵਿਚ ਸ਼ਾਮਲ ਹੋਏ ਸਨ।
ਪ੍ਰਦਰਸ਼ਨ ਦੌਰਾਨ ਅਭਿਜੀਤ ਦੀਪਕੇ ਨੇ ਵਿਰੋਧ ਕਰਨ ਦੀ ਆਗਿਆ ਦੇਣ ਲਈ ਸਰਕਾਰ ਦਾ ਧੰਨਵਾਦ ਕੀਤਾ ਅਤੇ ਪੇਪਰ ਲੀਕ ਦੇ ਮਾਮਲੇ ‘ਤੇ ਕਿਹਾ ਕਿ ਪੰਜ ਵਿਦਿਆਰਥੀਆਂ ਨੇ ਆਤਮਹੱਤਿਆ ਕਰ ਲਈ ਹੈ। ਤੁਸੀਂ ਸੋਸ਼ਲ ਮੀਡੀਆ ਤੋਂ ਪੋਸਟ ਹਟਾ ਸਕਦੇ ਹੋ, ਪਰ ਆਵਾਜ਼ ਨੂੰ ਨਹੀਂ ਦਬਾਅ ਸਕਦੇ। ਪਿਛਲੇ ਇਕ ਮਹੀਨੇ ਤੋਂ ਸੋਸ਼ਲ ਮੀਡੀਆ ਰਾਹੀਂ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਉਠਾਈ ਜਾ ਰਹੀ ਹੈ, ਪਰ ਸਰਕਾਰ ਮੰਗਾਂ ‘ਤੇ ਧਿਆਨ ਦੇਣ ਦੀ ਬਜਾਏ ਉਨ੍ਹਾਂ ਦੀਆਂ ਪੋਸਟਾਂ ਨੂੰ ਹਟਾ ਰਹੀ ਹੈ। ਲੜਾਈ ਲੰਬੀ ਹੈ, ਅਸੀਂ ਪਿੱਛੇ ਹਟਣ ਵਾਲੇ ਨਹੀਂ। ਸੋਨਮ ਵਾਂਗਚੁਕ ਨੇ ਕਿਹਾ ਕਿ ਇਸ ਨੂੰ ਪ੍ਰਦਰਸ਼ਨ ਕਹਿਣਾ ਠੀਕ ਨਹੀਂ ਹੋਵੇਗਾ।
ਅਪੀਲ ਹੈ ਕਿ ਸਰਕਾਰ ਆਪਣੀ ਜ਼ਿੰਮੇਵਾਰੀ ਲਵੇ। ਨੌਜਵਾਨਾਂ ਨੇ ਸਿੱਖਿਆ ਦੇ ਮਾਮਲੇ ਨੂੰ ਉਠਾਇਆ ਹੈ। ਪਿੰਡਾਂ ਵਿਚ ਚੱਲ ਰਹੇ ਸਕੂਲ ਵਿਕਸਤ ਭਾਰਤ ਦੇ ਕਾਰਖਾਨੇ ਹਨ, ਇਸ ਲਈ ਇਨ੍ਹਾਂ ਵਿਚ ਸੁਧਾਰ ਹੋਣਾ ਚਾਹੀਦਾ ਹੈ। ਇਸ ਪ੍ਰਦਰਸ਼ਨ ਵਿਚ ਕਮਿਊਨਿਸਟ ਪਾਰਟੀ ਦੀ ਆਗੂ ਐਨੀ ਰਾਜਾ, ਆਇਸਾ ਦਿੱਲੀ ਪ੍ਰਦੇਸ਼ ਦੀ ਸਕੱਤਰ ਨੇਹਾ, ਜੇਐੱਨਯੂ ਵਿਦਿਆਰਥੀ ਸੰਘ ਦੇ ਪ੍ਰਧਾਨ ਨਿਤਿਸ਼ ਕੁਮਾਰ ਸਮੇਤ ਕਈ ਸਾਬਕਾ ਵਿਦਿਆਰਥੀ ਆਗੂ ਸ਼ਾਮਲ ਸਨ। ਇੰਸਟਾਗ੍ਰਾਮ ‘ਤੇ ਸਵਾ ਦੋ ਕਰੋੜ ਤੋਂ ਵੱਧ ਫਾਲੋਅਰਜ਼ ਵਾਲੀ ਕਾਕਰੋਚ ਜਨਤਾ ਪਾਰਟੀ ਦੇ ਪ੍ਰਦਰਸ਼ਨ ਵਿਚ ਮੁਸ਼ਕਲ ਨਾਲ ਦੋ ਹਜ਼ਾਰ ਲੋਕ ਹੀ ਪਹੁੰਚੇ ਸਨ। ਆਮ ਆਦਮੀ ਪਾਰਟੀ ਦੇ ਕੁਝ ਕੌਂਸਲਰ ਤੇ ਵਰਕਰਾਂ ਦੀ ਮੌਜੂਦਗੀ ਨੇ ਦਰਸਾਇਆ ਕਿ ਉਨ੍ਹਾਂ ਵੱਲੋਂ ਵੀ ਸਮਰਥਨ ਦਿੱਤਾ ਜਾ ਰਿਹਾ ਹੈ। ਕੁਝ ਹੋਰ ਪਾਰਟੀਆਂ ਦੇ ਲੋਕ ਵੀ ਇਸ ਵਿਚ ਸ਼ਾਮਲ ਸਨ।