ਕੋਲਕਾਤਾ:ਪੱਛਮੀ ਬੰਗਾਲ ਦੇ ਸੋਨਾਰਪੁਰ ਇਲਾਕੇ ਦੇ ਦੌਰੇ ਦੌਰਾਨ ਤ੍ਰਿਣਮੂਲ ਕਾਂਗਰਸ (ਟੀ ਐੱਮ ਸੀ) ਦੇ ਕੌਮੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਨਾਲ ਸਥਾਨਕ ਲੋਕਾਂ ਨੇ ਕਥਿਤ ਤੌਰ ‘ਤੇ ਧੱਕਾ-ਮੁੱਕੀ ਕੀਤੀ। ਉਹ ਚੋਣਾਂ ਤੋਂ ਬਾਅਦ ਹੋਈ ਹਿੰਸਾ ਦੇ ਪੀੜਤ ਪਰਿਵਾਰਾਂ ਨਾਲ ਮਿਲਣ ਲਈ ਉਥੇ ਗਏ ਸਨ।
ਅਣਪਛਾਤੇ ਲੋਕਾਂ ਨੇ ਸੰਸਦ ਮੈਂਬਰ ‘ਤੇ ਪੱਥਰ, ਜੁੱਤੀਆਂ ਅਤੇ ਆਂਡੇ ਵੀ ਸੁੱਟੇ। ਉਨ੍ਹਾਂ ਘਸੁੰਨ ਅਤੇ ਲੱਤਾਂ ਨਾਲ ਮਾਰਨ ਦੀ ਕੋਸ਼ਿਸ਼ ਵੀ ਕੀਤੀ। ਉਹ ਅਭਿਸ਼ੇਕ ਖ਼ਿਲਾਫ਼ ‘ਚੋਰ, ਚੋਰ’ ਦੇ ਨਾਅਰੇ ਵੀ ਲਾ ਰਹੇ ਸਨ। ਧੱਕਾ-ਮੁੱਕੀ ਦੌਰਾਨ ਤ੍ਰਿਣਮੂਲ ਆਗੂ ਦੀ ਕਮੀਜ਼ ਫਟ ਗਈ ਅਤੇ ਉਨ੍ਹਾਂ ਨੂੰ ਹੈਲਮਟ ਪਹਿਨਾ ਕੇ ਇਲਾਕੇ ‘ਚੋਂ ਬਾਹਰ ਕੱਢਿਆ ਗਿਆ। ਅਭਿਸ਼ੇਕ ਨੇ ਕਿਹਾ, “ਮੇਰੇ ‘ਤੇ ਹਮਲਾ ਸੋਚੀ-ਸਮਝੀ ਸਾਜ਼ਿਸ਼ ਸੀ। ਇਲਾਕੇ ‘ਚ ਪੁਲੀਸ ਮੌਜੂਦ ਨਹੀਂ ਸੀ ਅਤੇ ਹਮਲਾਵਰ ਮੈਨੂੰ ਮਾਰਨਾ ਚਾਹੁੰਦੇ ਸਨ।“ ਟੀ ਐੱਮ ਸੀ ਵਰਕਰ ਦੇ ਘਰ ਬਾਹਰ ਔਰਤਾਂ ਝਾੜੂ ਅਤੇ ਲਾਠੀਆਂ ਲੈ ਕੇ ਇਕੱਠੀਆਂ ਹੋ ਗਈਆਂ ਅਤੇ ਉਨ੍ਹਾਂ ਅਭਿਸ਼ੇਕ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਕ ਔਰਤ ਨੇ ਕਿਹਾ ਕਿ ਜਦੋਂ ਨਿਰਭਯਾ ਕਾਂਡ ਹੋਇਆ. ਸੀ ਤਾਂ ਉਹ ਕਿੱਥੇ ਸੀ। ਭਾਜਪਾ ਦੇ ਸੂਬਾ ਪ੍ਰਧਾਨ ਸਾਮਿਕ ਭੱਟਾਚਾਰਿਆ ਨੇ ਕਿਹਾ ਕਿ ਕਈ ਸਾਲਾਂ ਤੋਂ ਸਤਾਏ ਜਾ ਰਹੇ ਲੋਕਾਂ ਨੇ ਆਪਣਾ ਗੁੱਸਾ ਦਿਖਾਇਆ ਹੈ ਅਤੇ ਪਾਰਟੀ ਦਾ ਇਸ ਘਟਨਾ ਨਾਲ ਕੋਈ ਸਬੰਧ ਨਹੀਂ ਹੈ।
