ਚੰਡੀਗੜ੍ਹ:ਆਮ ਆਦਮੀ ਪਾਰਟੀ ਨੂੰ 75 ਨਗਰ ਕੌਂਸਲਾਂ ‘ਚੋਂ 39 ਵਿੱਚ ਸਪੱਸ਼ਟ ਬਹੁਮਤ ਮਿਲਿਆ ਹੈ, ਜਿਨ੍ਹਾਂ ‘ਚ ‘ਆਪ’ ਦੇ ਪ੍ਰਧਾਨ ਬਣਨੇ ਤੈਅ ਹਨ। ਇਸੇ ਤਰ੍ਹਾਂ ਆਪ’ ਇੱਕ ਦਰਜਨ ਕੌਂਸਲਾਂ ‘ਚ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਹੈ। ਕਈ ਸ਼ਹਿਰਾਂ ‘ਚ ਪ੍ਰਧਾਨਗੀ ਦੀ ਕੁਰਸੀ ਲਈ ਆਜ਼ਾਦ ਉਮੀਦਵਾਰਾਂ ਦਾ ਸਹਾਰਾ ਵੀ ਤੱਕਣਾ ਪਵੇਗਾ। ਚੋਣ ਨਤੀਜਿਆਂ ਮਗਰੋਂ ਹੁਣ ਪ੍ਰਧਾਨ ਤੇ ਮੇਅਰ ਬਣਨ ਲਈ ਚਾਹਵਾਨਾਂ ਨੇ ਜੋੜ ਤੋੜ ਲਾਉਣੇ ਸ਼ੁਰੂ ਕਰ ਦਿੱਤੇ ਹਨ।
ਅੱਠ ਨਗਰ ਨਿਗਮਾਂ ‘ਚੋਂ ਪੰਜ ਵਿੱਚ ਆਪ’ ਨੇ ਸਪੱਸ਼ਟ ਬਹੁਮਤ ਹਾਸਲ ਕਰ ਲਿਆ ਹੈ ਅਤੇ ਇਨ੍ਹਾਂ ‘ਚ ‘ਆਪ’ ਦੇ ਮੇਅਰ ਬਣਨਗੇ। ਪਠਾਨਕੋਟ ਨਿਗਮ ‘ਚ ਕਿਸੇ ਵੀ ਧਿਰ ਨੂੰ ਸਪੱਸ਼ਟ ਫ਼ਤਵਾ ਨਹੀਂ ਮਿਲਿਆ। ਪਠਾਨਕੋਟ ਨਿਗਮ ‘ਚ 22 ਸੀਟਾਂ ਨਾਲ ਭਾਜਪਾ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਹੈ ਅਤੇ ਕਾਂਗਰਸ 18 ਸੀਟਾਂ ਨਾਲ ਦੂਜੇ ਨੰਬਰ ‘ਤੇ ਹੈ। ਭਾਜਪਾ ਦੇ ਗੜ੍ਹ ਪਠਾਨਕੋਟ ਨਿਗਮ ‘ਚ ‘ਆਪ’ ਨੂੰ 10 ਸੀਟਾਂ ਮਿਲੀਆਂ ਹਨ। ਕਪੂਰਥਲਾ ਨਿਗਮ ਦੀ ਕੁਰਸੀ ‘ਤੇ ਕਾਂਗਰਸੀ ਮੇਅਰ ਬੈਠੇਗਾ। ਅਬੋਹਰ ਨਿਗਮ ਦੇ ਮੇਅਰ ਦੀ ਕੁਰਸੀ ਵੀ ਭਾਜਪਾ ਦੇ ਹਿੱਸੇ ਆਈ ਹੈ। ਅੱਠ ਨਿਗਮਾਂ ‘ਚ ਸਭ ਤੋਂ ਪਤਲੀ ਹਾਲਤ ਸ਼੍ਰੋਮਣੀ ਅਕਾਲੀ ਦਲ ਦੀ ਰਹੀ ਹੈ ਜਿਸ ਨੂੰ ਨਿਗਮਾਂ ਦੀਆਂ 400 ਸੀਟਾਂ ‘ਚੋਂ ਸਿਰਫ਼ 13 ਸੀਟਾਂ ਮਿਲੀਆਂ ਹਨ। ਬਰਨਾਲਾ, ਅਬੋਹਰ, ਬਟਾਲਾ ਅਤੇ ਪਠਾਨਕੋਟ ਨਿਗਮ ‘ਚ ਤਾਂ ਸ਼੍ਰੋਮਣੀ ਅਕਾਲੀ ਦਲ ਖਾਤਾ ਹੀ ਨਹੀਂ ਖੋਲ੍ਹ ਸਕਿਆ। ਇਨ੍ਹਾਂ ਨਿਗਮਾਂ ‘ਚ ਅਕਾਲੀ ਦਲ ਤੋਂ ਵੱਧ 25 ਅਜ਼ਾਦ ਉਮੀਦਵਾਰ ਸਫਲ ਹੋਏ ਹਨ। ਕਾਂਗਰਸ ਨੂੰ ਨਿਗਮਾਂ ‘ਚ 94 ਸੀਟਾਂ ਅਤੇ ਭਾਜਪਾ ਨੂੰ 69 ਸੀਟਾਂ ਮਿਲੀਆਂ ਹਨ।
ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਆਖ਼ਰੀ ਨਤੀਜੇ ਅਨੁਸਾਰ ਆਮ ਆਦਮੀ ਪਾਰਟੀ ਨੂੰ ਕੁੱਲ 102 ਸ਼ਹਿਰੀ ਸੰਸਥਾਵਾਂ ‘ਚੋਂ 53 ਸੰਸਥਾਵਾਂ ‘ਚ ਸਪੱਸ਼ਟ ਬਹੁਮਤ ਹਾਸਲ ਹੋਇਆ ਹੈ। ਜਦੋਂ 75 ਨਗਰ ਕੌਂਸਲਾਂ ਦੀ ਗੱਲ ਕਰਦੇ ਹਾਂ ਤਾਂ ‘ਆਪ’ ਨੂੰ 39 ਕੌਂਸਲਾਂ ‘ਚ ਸਪੱਸ਼ਟ ਬਹੁਮਤ ਮਿਲਿਆ ਹੈ ਅਤੇ 12 ਕੌਂਸਲਾਂ ‘ਚ ਆਜ਼ਾਦ ਉਮੀਦਵਾਰ ਦੇ ਸਹਾਰੇ ‘ਆਪ’ ਪ੍ਰਧਾਨਗੀ ਲੈਣ ‘ਚ ਸਫਲ ਹੋ ਸਕੇਗੀ। ਮੋਰਿੰਡਾ ਤੇ ਰਾਹੋਂ ਕੌਂਸਲ ‘ਚ ‘ਆਪ’ ਦਾ ਖਾਤਾ ਨਹੀਂ ਖੁੱਲਿ੍ਹਆ। ਇਸੇ ਤਰ੍ਹਾਂ ਕਾਂਗਰਸ ਪਾਰਟੀ ਸਿਰਫ਼ ਚਾਰ ਨਗਰ ਕੌਂਸਲਾਂ ‘ਚ ਹੀ ਸਪੱਸ਼ਟ ਬਹੁਮਤ ਹਾਸਲ ਕਰ ਸਕੀ ਹੈਂ ਅਤੇ ਅੱਠ ਕੌਂਸਲਾਂ ‘ਚ ਵੱਡੀ ਪਾਰਟੀ ਵਜੋਂ ਉੱਭਰੀ ਹੈ। ਕਾਂਗਰਸ ਦਾ ਫ਼ਿਰੋਜ਼ਪੁਰ, ਰਾਏਕੋਟ, ਚਮਕੌਰ ਸਾਹਿਬ ਅਤੇ ਮੋਰਿੰਡਾ ਕੌਂਸਲ ‘ਚ ਪ੍ਰਧਾਨ ਬਣਨਾ ਤੈਅ ਹੈ। ਅੱਠ ਕੌਂਸਲਾਂ ‘ਚ ਚਾਬੀ ਕਾਂਗਰਸ ਦੇ ਹੱਥ ਰਹੇਗੀ। ਕਾਂਗਰਸ 19 ਕੌਂਸਲਾਂ ‘ਚ ਆਪਣਾ ਖਾਤਾ ਖੋਲ੍ਹਣ ‘ਚ ਨਾਕਾਮ ਰਹੀ ਹੈ। ਭਾਜਪਾ ਅਬੋਹਰ ਨਿਗਮ ਤੋਂ ਇਲਾਵਾ ਕੌਂਸਲਾਂ ‘ਚੋਂ ਨਵਾਂ ਗਰਾਉਂ ਕੌਂਸਲ ਅਤੇ ਮੁਕੇਰੀਆਂ ਕੌਂਸਲ ‘ਚ ਸਪੱਸ਼ਟ ਬਹੁਮਤ ਮਿਲਿਆ ਹੈ ਅਤੇ ਫ਼ਾਜ਼ਿਲਕਾ ਕੌਂਸਲ ‘ਚ ਭਾਜਪਾ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਹੈ। ਸ਼੍ਰੋਮਣੀ ਅਕਾਲੀ ਦਲ ਸਿਰਫ਼ ਸੰਗਤ ਕੌਂਸਲ ‘ਚ ਆਪਣਾ ਪ੍ਰਧਾਨ ਬਣਾ ਸਕੇਗਾ ਅਤੇ ਭੁੱਚੋ ਨਗਰ ਕੌਂਸਲ ‘ਚ ਸ਼੍ਰੋਮਣੀ ਅਕਾਲੀ ਦਲ ਦੇ ਹੱਥ ਕੁਮਾਨ ਰਹੇਗੀ। ਇਸ ਤਰ੍ਹਾਂ 20 ‘ਚੋਂ 9 ਨਗਰ ਪੰਚਾਇਤਾਂ ‘ਚ ਪ੍ਰਧਾਨ ‘ਆਪ’ ਦਾ ਬਣੇਗਾ ਅਤੇ ਖਮਾਣੋਂ ‘ਚ ‘ਆਪ’ ਨੂੰ ਆਜ਼ਾਦ ਉਮੀਦਵਾਰਾਂ ਦਾ ਸਹਾਰਾ ਲੈਣਾ ਪਵੇਗਾ। ਕਾਂਗਰਸ ਨੂੰ ਸਿਰਫ਼ ਮਹਿਤਪੁਰ ਨਗਰ ਪੰਚਾਇਤ ਦੀ ਪ੍ਰਧਾਨਗੀ ਨਾਲ ਸਬਰ ਕਰਨਾ ਪਵੇਗਾ। ਨਗਰ ਪੰਚਾਇਤਾਂ ‘ਚ ਦੂਜੇ ਨੰਬਰ ‘ਤੇ ਸ਼੍ਰੋਮਣੀ ਅਕਾਲੀ ਦਲ ਰਿਹਾ ਹੈ ਜਿਸ ਦੇ ਹਿੱਸੇ ਪੰਜ ਨਗਰ ਪੰਚਾਇਤਾਂ ਆਈਆਂ ਹਨ। ਨਗਰ ਪੰਚਾਇਤ ਲਹਿਰਾ ਮੁਹੱਬਤ ‘ਚ ‘ਆਪ’ ਦਾ ਕੋਈ ਕੌਂਸਲਰ ਨਹੀਂ ਹੋਵੇਗਾ। ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਆਪਣੇ ਜੱਦੀ ਪਿੰਡ ਮਲੂਕਾ ਦੀ ਨਗਰ ਪੰਚਾਇਤ ‘ਤੇ ਕਾਬਜ਼ ਹੋਣ ‘ਚ ਸਫਲ ਹੋਏ ਹਨ। ਕਾਂਗਰਸ 10 ਨਗਰ ਪੰਚਾਇਤਾਂ ‘ਚ ਆਪਣਾ ਖਾਤਾ ਨਹੀਂ ਖੋਲ੍ਹ ਸਕੀ। ਭਾਜਪਾ ਦੀ ਨਗਰ ਪੰਚਾਇਤਾਂ ‘ਚ ਇੱਕ ਵੀ ਸੀਟ ਨਹੀਂ ਆਈ। ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦੇ ਪਿੰਡ ਮਹਿਰਾਜ ਦੀ ਨਗਰ ਪੰਚਾਇਤ ‘ਤੇ ਵੀ ‘ਆਪ’ ਦਾ ਪ੍ਰਧਾਨ ਸਜੇਗਾ। ਅਮਰਗੜ੍ਹ ਦੀ ਨਗਰ ਪੰਚਾਇਤ ਦੀ ਪ੍ਰਧਾਨਗੀ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਹੱਥ ਆਵੇਗੀ।
