ਸਰਬਜੀਤ ਧਾਲੀਵਾਲ
ਬੁਲੰਦੀ ਦੀ ਸਿਖਰ ਤੋਂ ਭੁੰਜੇ ਡਿੱਗੇ ਪੰਜਾਬ ਵਿਚ ਅੱਜ-ਕੱਲ੍ਹ ਛੋਟੀ ਤੋਂ ਛੋਟੀ ਖੁਸ਼ੀ ਦੀ ਖ਼ਬਰ ਗੁਲਾਬ ਦੇ ਫੁੱਲ ਦੀ ਖੁਸ਼ਬੋ ਵਰਗੀ ਲੱਗਦੀ ਹੈ। ਲਹੂ ਲੂਹੰਦੀ ਗਰਮੀ ਵਿਚ ਠੰਢੀ ਹਵਾ ਦਾ ਬੁੱਲਾ। ਜੇ ਕੋਈ ਵੱਡੀ ਖੁਸ਼ੀ ਦੀ ਖ਼ਬਰ ਆ ਜਾਵੇ ਫਿਰ ਤਾਂ ਪੰਜਾਬੀਆਂ ਦੇ ਧਰਤੀ ‘ਤੇ ਪੈਰ ਹੀ ਨਹੀਂ ਲੱਗਦੇ। ਖੁਸ਼ੀ ਸਾਂਭੀ ਨਹੀਂ ਜਾਂਦੀ। ਹਰ ਪਾਸੇ ਬੱਲੇ-ਬੱਲੇ ਹੋਣ ਲੱਗਦੀ ਹੈ। ਬਿਲਕੁਲ ਇਸ ਤਰ੍ਹਾਂ ਹੀ ਗੁਰਿੰਦਰਵੀਰ ਦੇ ਦੇਸ਼ ਵਿਚੋਂ 100 ਮੀਟਰ ਦੌੜ ‘ਚੋਂ ਅਸਮਾਨੀ ਬਿਜਲੀ ਦੀ ਰਫਤਾਰ ਨਾਲ ਫਸਟ ਆਉਣ ਤੋਂ ਬਾਅਦ ਹੋਇਆ ਹੈ। ਖੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਰਿਹਾ। ਚਾਰ-ਚੁਫੇਰੇ ਚਾਅ ਹੀ ਚਾਅ ਹੈ। ਹਰ ਇਕ ਨੂੰ ਲੱਗ ਰਿਹਾ ਹੈ ਕੇ ਗੁਰਿੰਦਰਵੀਰ ਉਨ੍ਹਾਂ ਦਾ ਹੀ ਮੁੰਡਾ ਹੈ।
ਕਾਲਜ ‘ਚ ਪੜ੍ਹਾਈ ਵੇਲੇ ਖੇਡਾਂ ਨਾਲ ਜੁੜੇ ਹੋਣ ਕਰਕੇ ਮੇਰੀ ਰੂਹ ਵੀ ਗੁਰਿੰਦਰਵੀਰ ਵਲੋਂ ਕੀਤੇ ਗਏ ਕ੍ਰਿਸ਼ਮੇ ਨੂੰ ਦੇਖ ਧੁਰ ਅੰਦਰ ਤੱਕ ਖਿੜ ਗਈ। ਮੈਂ ਉਸਦੀ ਦੌੜ ਵਾਲੀ ਵੀਡੀਓ ਸਵੇਰੇ ਉੱਠਣ ਸਾਰ ਹੀ ਆਪਣੇ ਬਚਪਨ ਦੇ ਦੋਸਤ ਤੇ ਕਿਸੇ ਸਮੇਂ 800/1500 ਮੀਟਰ ਦੌੜ ਵਿਚ ਸਕੂਲਾਂ ਦੇ ਨੈਸ਼ਨਲ ਚੈਂਪੀਅਨ ਰਹੇ ਗਮਦੂਰ ਸਿੰਘ ਨੂੰ ਭੇਜ ਦਿੱਤੀ। ਉਸਨੇ ਜੋ ਗੁਰਿੰਦਰਵੀਰ ਦੀ ਦੌੜ ਦੇਖ ਕੇ ਟਿਪਣੀ ਕੀਤੀ ਉਹ ਬਹੁਤ ਹੀ ਸੁਖਦਾਇਕ ਸੀ। ‘ਇਹ ਮੁੰਡਾ ਨਿਰਾ ਹੀ ਹੀਰਾ ਹਰਨ ਐ। ਉਨ੍ਹਾਂ ਕੋਚ ਸਾਹਿਬਾਨ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਇਸ ਹੀਰੇ ਹਰਨ ਨੂੰ ਪਹਿਚਾਣਿਆ। ਪੰਜਾਬ ਦੇ ਕਈ ਪੱਖੋਂ ਸੁਨੱਮ-ਸਾਨ ਹੋਏ ਵਿਹੜੇ ਵਿਚ ਇਕ ਨਵੇਂ ਸੂਰਜ ਨੇ ਲਿਸ਼ਕਾਰਾ ਮਾਰਿਆ ਹੈ। ਪੰਜਾਬ ਦੀਆਂ ਮਾਵਾਂ ਗੁਰਿੰਦਰਵੀਰ ਵਰਗੇ ਪੁੱਤ ਜੰਮਦੀਆਂ ਰਹਿਣ ਤਾਂ ਕਿ ਪੰਜਾਬ ਦੀ ਸ਼ੋਭਾ ਮੁੜ ਸਿਖਰਾਂ ਛੋਹ ਸਕੇ। ਸਾਡੇ ਮੱਥੇ ‘ਤੇ ‘ਚਿੱਟੇ’ ਦਾ ਕਾਲਾ ਬਣ ਕੇ ਲੱਗਿਆ ਦਾਗ ਪੂੰਝਿਆ ਜਾ ਸਕੇ।’
ਗਮਦੂਰ ਸਿੰਘ ਨਾਲ ਗੱਲ ਕਰਨ ਤੋਂ ਬਾਅਦ ਮੇਰੀ ਗੁਰਿੰਦਰਵੀਰ ਨਾਲ ਗੱਲ ਕਰਨ ਦੀ ਤਾਂਘ ਜਾਗੀ। ਕਈ ਵਾਰੀ ਫੋਨ ਮਿਲਾਇਆ, ਗੱਲ ਨਾ ਬਣੀ। ਖੁਸ਼ੀ ਬੇਚੈਨੀ ਵਿਚ ਬਦਲ ਗਈ। ਫਿਰ ਸੋਚਿਆ ਕਿ ਮੇਰੇ ਵਰਗੇ ਹਜ਼ਾਰਾਂ ਹੀ ਖੁਸ਼ੀ ‘ਚ ਖੀਵੇ ਹੋਏ ਉਸਨੂੰ ਫੋਨ ਲਗਾ ਰਹੇ ਹੋਣੇ ਨੇ, ਉਹ ਕੀਹਦਾ-ਕੀਹਦਾ ਫੋਨ ਚੁਕੇ। ਲੋਕਾਂ ਨੇ ਉਸਦਾ ਗਾਹ ਪਾ ਛੱਡਿਆ ਹੋਣਾ। ਬੁਧਵਾਰ ਸਵੇਰੇ ਇਕ ਵਾਰ ਫਿਰ ਕੋਸ਼ਿਸ਼ ਕੀਤੀ। ਗੱਲ ਬਣ ਗਈ। ਉਸਨੇ ਮੇਰੀ ਮਿਸ ਕਾਲ ਦਾ ਜਵਾਬ ਦਿੱਤਾ। ਉਸ ਨਾਲ ਗੱਲਬਾਤ ਕਰਨ ਤੋਂ ਲੱਗਿਆ ਕਿ ਉਹ ਬਹੁਤ ਹੀ ਸੁਲਝਿਆ ਹੋਇਆ ਐਥਲੀਟ ਹੈ। ਉਸ ਵਿਚ ਲੋਹੜੇ ਦੀ ਨਿਮਰਤਾ ਹੈ। ਉਹ ਜ਼ਿੰਦਗੀ ਦੀਆਂ ਕੌੜੀਆਂ-ਮਿਠੀਆਂ ਸਚਾਈਆਂ ਨਾਲ ਚੜ੍ਹਦੀ ਉਮਰੇ ਹੀ ਜੂਝ ਚੁੱਕਿਆ ਹੈ।
ਮੈਨੂੰ ਮਹਿਸੂਸ ਹੋਇਆ ਕਿ ਬੁਲੰਦੀ ਦੇ ਸਿਖਰ ਵੱਲ ਵਧਣ ਵਾਲੇ ਸਫ਼ਰ ਵਿਚ ਉਸਦਾ ਅਰਦਾਸ ਦੀ ਸਮਾਪਤੀ ਸਮੇਂ ਹਰ ਕੁਦਰਤੀ ਵਰਤਾਰੇ, ਮਾਈ-ਭਾਈ, ਜੀਵ-ਜੰਤੂ ਦੇ ਭਲੇ ਲਈ ਬੁਲੰਦ ਕੀਤੇ ਜਾਂਦੇ ਜੈਕਾਰੇ ‘ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ’ ਦਾ ਉਸਦੇ ਮਨ ਮੰਦਰ ਵਿਚ ਵੱਸੇ ਹੋਣਾ ਹੈ। ਉਹ ਦੌੜ ਸ਼ੁਰੂ ਹੋਣ ਸਮੇਂ ਸਟਾਰਟਿੰਗ ਲਾਈਨ ‘ਤੇ ਬੈਠਣ ਤੋਂ ਪਹਿਲਾਂ ਇਹ ਇਲਾਹੀ ਬੋਲ ਉਚਾਰਦਾ ਹੈ ਤੇ ਫਿਨਿਸ਼ ਲਾਈਨ ‘ਤੇ ਨਜ਼ਰ ਮਾਰਦਾ ਹੈ। ਇਹ ਬੋਲ ਉਸਨੂੰ ਦ੍ਰਿੜਤਾ ਤੇ ਉਸਦੇ ਹੌਸਲੇ ਨੂੰ ਬਲ ਬਖਸ਼ਦੇ ਨੇ ਅਤੇ ਆਪਣੇ ਨਿਸ਼ਾਨੇ ਨੂੰ ਹਾਸਲ ਕਰਨ ਵਿਚ ਸਹਾਈ ਹੁੰਦੇ ਨੇ।
ਸੇਵਾਮੁਕਤ ਥਾਣੇਦਾਰ ਕਮਲਜੀਤ ਸਿੰਘ ਦਾ ਮੁੰਡਾ ਗੁਰਿੰਦਰਵੀਰ ਗੁਰੂ ਨਾਨਕ ਪਬਲਿਕ ਸਕੂਲ, ਡੱਲਾ (ਭੋਗਪੁਰ) ਵਿਚ ਛੇਵੀਂ ਕਲਾਸ ਵਿਚ ਪੜ੍ਹਦਾ ਸੀ ਜਦੋਂ ਉਸ ’ਤੇ ਖੇਡਾਂ ਦੇ ਪੀਰੀਅਡ ਸਮੇਂ ਡੀ.ਪੀ.ਈ ਮਾਸਟਰ ਸਰਵਣ ਸਿੰਘ ਦੀ ਨਜ਼ਰ ਪਈ। ਇਸ ਮੁੰਡੇ ਦੇ ਫੁਰਤੀਲੇ ਸਰੀਰ ਨੂੰ ਦੇਖ ਮਾਸਟਰ ਜੀ ਨੇ ਇਸਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ। ਉਨ੍ਹਾਂ ਇਸਨੂੰ ਖੂਬ ਮਿਹਨਤ ਕਰਵਾਈ ਤੇ ਉਸ ਨੇ ਸਕੂਲ ਖੇਡਾਂ ਵਿਚ ਹੀ ਕਮਾਲ ਕਰਨੀ ਸ਼ੁਰੂ ਕਰ ਦਿੱਤੀ ਸੀ। ਪਰ ਸਕੂਲ ਵਿਚ ਲੋੜੀਂਦੀਆਂ ਸਹੂਲਤਾਂ ਦੀ ਕਮੀ ਸੀ ਤੇ ਸਰਵਣ ਸਿੰਘ ਨੇ ਆਪਣਾ ਸ਼ਾਗਿਰਦ ਜਲੰਧਰ ਵਿਖੇ ਬਹੁਤ ਹੀ ਸਮਝਦਾਰ ਤੇ ਮਿਹਨਤੀ ਹੈਪੀ ਕੋਚ (ਪੂਰਾ ਨਾਮ ਸਰਬਜੀਤ ਸਿੰਘ) ਦੇ ਹਵਾਲੇ ਕਰ ਦਿੱਤਾ।
ਗੁਰਿੰਦਰਵੀਰ ਨੂੰ ਹੀਰਾ ਹਰਨ ਬਣਾਉਣ ਲਈ ਹੈਪੀ ਕੋਚ ਸਾਹਿਬ ਨੇ 2014-15 ਤੋਂ ਸ਼ੁਰੂ ਕਰਕੇ ਕਈ ਸਾਲ ਬਹੁਤ ਮਿਹਨਤ ਕੀਤੀ। ਭਾਵੇਂ ਜਲੰਧਰ ਸ਼ੁਰੂ ਤੋਂ ਹੀ ਪੰਜਾਬ ਦੀ ਖੇਡਾਂ ਦੀ ਰਾਜਧਾਨੀ ਰਿਹਾ ਹੈ ਪਰ ਸਹੂਲਤਾਂ ਉੱਥੇ ਵੀ ਉਸ ਪੱਧਰ ਦੀਆਂ ਅੱਜ ਤਕ ਵੀ ਨਹੀਂ, ਜੋ ਅੰਤਰਰਾਸ਼ਟਰੀ ਪੱਧਰ ‘ਤੇ ਖੇਡਾਂ ਵਿਚ ਮੁਕਾਮ ਹਾਸਲ ਕਰਨ ਲਈ ਚਾਹੀਦੀਆਂ ਨੇ। ਹੈਪੀ ਟ੍ਰੇਨਿੰਗ ਲਈ ਕਦੇ ਗੁਰਿੰਦਰਵੀਰ ਨੂੰ ਤਰਨ ਤਾਰਨ (ਜਿਥੇ ਸਾਬਕਾ ਆਈ.ਏ.ਐਸ. ਅਫਸਰ, ਕੌਮੀ ਮੁੱਖ ਚੋਣ ਕਮਿਸ਼ਨਰ ਤੇ ਕੇਂਦਰੀ ਮੰਤਰੀ ਸਵਰਗਵਾਸੀ ਐਮ.ਐਸ.ਗਿੱਲ ਨੇ ਬਹੁਤ ਵਧੀਆ ਟਰੈਕ ਬਣਾ ਦਿੱਤਾ ਸੀ), ਕਦੇ ਲੁਧਿਆਣੇ ਤੇ ਕਦੇ ਧਰਮਸ਼ਾਲਾ ਲੈ ਕੇ ਜਾਂਦੇ ਰਹੇ।
ਇੱਥੇ ਇਹ ਜ਼ਿਕਰ ਕਰਨਾ ਵੀ ਠੀਕ ਰਹੇਗਾ ਕਿ ਖੇਡਾਂ ਲਈ ਜੋ ਉੜੀਸਾ ਦੇ ਸਾਬਕਾ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਕਰ ਦਿੱਤਾ ਹੈ ਉਹ ਹੋਰ ਕੋਈ ਨਹੀਂ ਕਰ ਸਕਿਆ। ਕਿਸੇ ਸਮੇਂ ਭੁੱਖਮਰੀ, ਗ਼ਰੀਬੀ ਤੇ ਲਾਚਾਰੀ ਕਰਕੇ ਖ਼ਬਰਾਂ ਵਿਚ ਰਹੇ ਉੜੀਸਾ ਰਾਜ ਵਿਚ ਇਸ ਸਮੇਂ ਦੇਸ਼ ਵਿਚੋਂ ਸਭ ਤੋਂ ਵਧੀਆ ਖੇਡ ਇਨਫਰਾਸਟਰਕਚਰ ਹੈ, ਜਿਸ ਕਰਕੇ ਉੱਥੇ ਅੰਤਰ-ਰਾਸ਼ਟਰੀ ਖੇਡ ਮੁਕਬਾਲੇ ਹੁੰਦੇ ਨੇ।
ਜਦਂੋ ਕੋਵਿਡ ਫੈਲਿਆ, ਉਸ ਸਮੇਂ ਗੁਰਿੰਦਰਵੀਰ ਧਰਮਸ਼ਾਲਾ ਵਿਚ ਹੈਪੀ ਦੀ ਦੇਖ-ਰੇਖ ਹੇਠ ਟ੍ਰੇਨਿੰਗ ਕਰ ਰਿਹਾ ਸੀ। ਉੱਥੇ ਹੈਪੀ ਕੋਵਿਡ ਦੀ ਲਪੇਟ ‘ਚ ਆ ਗਿਆ। ਟ੍ਰੇਨਿੰਗ ਵੀ ਜ਼ਰੂਰੀ ਸੀ। ਹੈਪੀ ਨੇ ਜੁਗਾੜ ਲਾਇਆ ਤੇ ਉਹ ਹੈਲਮੇਟ ਪਾ ਕੇ ਟਰੈਕ ਦੇ ਇੱਕ ਪਾਸੇ ਗੁਰਿੰਦਰਵੀਰ ਤੋਂ ਦੂਰ ਸਟੌਪਵਾਚ ਲੈ ਕੇ ਬੈਠ ਜਾਂਦਾ। ਹੈਪੀ ਉਸਨੂੰ ਸਪ੍ਰਿੰਟਾਂ ਲਗਵਾਉਂਦਾ ਤੇ ਮੋਬਾਈਲ ਫੋਨ ‘ਤੇ ਟਾਈਮ ਦੱਸਦਾ ਰਹਿੰਦਾ। ਕੁਝ ਦਿਨ ਇਹ ਸਿਲਸਲਾ ਚੱਲਿਆ, ਪਰ ਹੈਪੀ ਦੀ ਹਾਲਤ ਖ਼ਰਾਬ ਹੋ ਗਈ ਤੇ ਵਾਪਿਸ ਆਉਣਾ ਪਿਆ।
ਇਕ ਹੋਰ ਦਿਲਚਸਪ ਘਟਨਾ ਹੈ। ਗੁਰਿੰਦਰਵੀਰ ਤੇ ਉਸਦਾ ਕੋਚ ਹੈਪੀ ਜਲੰਧਰ ਇਕ ਕਾਲਜ ਦੇ ਖੇਡ ਮੈਦਾਨ ਵਿਚ ਪ੍ਰੈਕਟਿਸ ਕਰਨ ਜਾਂਦੇ ਸੀ। ਕਾਲਜ ਦੇ ਪ੍ਰਿੰਸੀਪਲ ਨੇ ਉਸ ਖੇਡ ਮੈਦਾਨ ਵਿਚ ‘ਡੌਗ ਸ਼ੋਅ’ ਦੀ ਇਜਾਜ਼ਤ ਦੇ ਦਿਤੀ। ਕੋਚ ਤੇ ਗੁਰਿੰਦਰਵੀਰ ਨੇ ਇਸ ਖੇਡ ਮੈਦਾਨ ਨੂੰ ਡੌਗ ਸ਼ੋਅ ਵਾਸਤੇ ਵਰਤਣ ਦਾ ਵਿਰੋਧ ਕਰ ਦਿੱਤਾ। ਪ੍ਰਿੰਸੀਪਲ ਨੇ ਆਪਣੇ ‘ਅਹੁਦੇ’ ਦੀ ਤਾਕਤ ਦਿੱਖਉਂਦਿਆਂ ਕੋਚ ਤੇ ਗੁਰਿੰਦਰਵੀਰ ਦਾ ਕਾਲਜ ਦੇ ਖੇਡ ਮੈਦਾਨ ਵਿਚ ਵੜਨਾ ਬੰਦ ਕਰ ਦਿੱਤਾ। ਪ੍ਰਿੰਸੀਪਲ ਨੂੰ ਹੁਣ ਜ਼ਰੂਰ ਗੁਰਿੰਦਰਵੀਰ ਦਾ ਨਾਮ ਦੇਸ਼ ਦੇ ਚੋਟੀ ਦੇ ਅਖਬਾਰਾਂ ਦੇ ਮੁਖ ਪੰਨਿਆਂ ਅਤੇ ਵੱਡੇ ਮੀਡੀਆ ਚੈਨਲਾਂ ਦੇ ਸਕਰੀਨ ‘ਤੇ ਦੇਖ ਕੇ ਉਨ੍ਹਾਂ ਪਲਾਂ ਬਾਰੇ ਪਛਤਾਵਾ ਹੋਇਆ ਹੋਣੈਂ, ਜਦੋਂ ਉਸਨੇ ਇਸ ਹੋਣਹਾਰ ਅਥਲੀਟ ਨੂੰ ਖੇਡ ਮੈਦਾਨ ‘ਚ ਆਉਣ ਤੋਂ ਵਰਜ ਦਿੱਤਾ ਸੀ।
ਹੈਪੀ ਨੇ ਦੱਸਿਆ ਕੇ ‘ਗੁਰਿੰਦਰਵੀਰ ਤਾਂ ਦੱਖਣੀ ਭਾਰਤ ‘ਚ ਹੁੰਦੇ ਕੌਮੀ ਖੇਡ ਮੁਕਬਾਲਿਆਂ ਵਿਚ ਰੇਹੜੀ ਤੋਂ ਇਡਲੀ-ਡੋਸਾ ਖਾ ਕੇ ਵੀ ਦੇਸ਼ ਵਿਚ ਪਹਿਲੇ ਨੰਬਰ ‘ਤੇ ਆਉਂਦਾ ਰਿਹਾ ਹੈ। ਮੈਂ ਕੋਚ ਸਾਹਿਬ ਹੈਪੀ ਨੂੰ ਪੁੱਛਿਆ ਕਿ ਇਡਲੀ ਡੋਸਾ ਪਿੱਛੇ ਕੀ ਕਹਾਣੀ ਹੈ। ‘ਸਾਡੇ ਕੋਲੇ ਪੈਸੇ ਜ਼ਿਆਦਾ ਨਹੀਂ ਸੀ ਹੁੰਦੇ। ਦੂਸਰੇ ਖਿਡਾਰੀ, ਜਿ੍ਹਨਾਂ ਕੋਲ ਸਪੌਂਸਰ ਸਨ, ਵਧੀਆ ਪੰਜ ਤਾਰਾ ਹੋਟਲਾਂ ਵਿਚ ਠਹਿਰਦੇ ਸੀ ਤੇ ਸਾਡੇ ਕੋਲ ਇਹ ਸਹੂਲਤ ਨਹੀਂ ਸੀ। ਅਸੀਂ ਖਾਣੇ ‘ਤੇ ਬਹੁਤ ਘੱਟ ਪੈਸੇ ਖਰਚਦੇ। ਚੰਗੀ ਰੇਹੜੀ ਦੇਖ ਕੇ ਉੱਥੇ ਇਡਲੀ ਡੋਸਾ ਛਕ ਲੈਂਦੇ ਪਰ ਕਮਰਾ ਅੱਛਾ ਲੈਂਦੇ। ਕਿਉਂਕਿ ਮੁਕਾਬਲੇ ਤੋਂ ਪਹਿਲਾਂ ਅਰਾਮ ਨਾਲ ਸੌਣਾ ਜ਼ਰੂਰੀ ਹੁੰਦਾ ਹੈ। ਇਸ ਲਈ ਜੋ ਪੈਸੇ ਅਸੀਂ ਖਾਣੇ ਤੋਂ ਬਚਾਉਂਦੇ ਉਹ ਕਮਰੇ ਵਧੀਆ ਲੈਣ ‘ਤੇ ਖਰਚ ਦਿੰਦੇ ਸੀ।’ ਗੁਰਿੰਦਰਵੀਰ ਨੇ ਜੂਨੀਅਰ ਖੇਡਾਂ ਵਿਚ 16 ਸਾਲ ਦੇ ਵਰਗ ਵਿਚ 100 ਮੀਟਰ ਦਾ ਰਿਕਾਰਡ ਬਣਾਇਆ, ਫਿਰ 18 ਸਾਲ ਅਤੇ ਮਗਰੋਂ 20 ਸਾਲ ਦੇ ਵਰਗ ਵਿਚ ਵੀ ਰਿਕਾਰਡ ਬਣਾਏ। ਗੁਰਿੰਦਰਵੀਰ ਨੇ ਦੱਸਿਆ ਕਿ 20 ਸਾਲ ਦੇ ਵਰਗ ਵਿਚ ਤਾਂ ਹਾਲੇ ਵੀ ਉਸਦਾ ਰਿਕਾਰਡ ਕਾਇਮ ਹੈ।
ਸਾਲ 2021 ਵਿਚ ਗੁਰਿੰਦਰਵੀਰ 100 ਮੀਟਰ ਦੌੜ ਦਾ ਨੈਸ਼ਨਲ ਰਿਕਾਰਡ ਤੋੜਨ ਤੋਂ ਸਿਰਫ ਪੁਆਇੰਟ 01 ਸੈਕੰਡ ਦੇ ਫਰਕ ਨਾਲ ਪਛੜ ਗਿਆ ਸੀ। ਉਸ ਸਮੇਂ1 ਇਹ 100 ਮੀਟਰ10.27 ਸੈਕੰਡ ਵਿਚ ਭੱਜਿਆ ਸੀ ਜਦਕਿ ਕੌਮੀ ਰਿਕਾਰਡ 10.26 ਸੈਕੰਡ ਦਾ ਸੀ। ਗੁਰਿੰਦਰਵੀਰ ਲਈ ਸਭ ਤੋਂ ਸੁਲੱਖਣੀ ਘੜੀ ਕੁਝ ਦਿਨ ਪਹਿਲਾਂ ਉਸ ਸਮੇਂ ਆਈ ਜਦੋਂ ਉਸ ਹਵਾ ਨੂੰ ਗੰਢਾਂ ਦਿੰਦੇ ਹੋਏ 100 ਮੀਟਰ ਦੌੜ 10.09 ਸੈਕੰਡ ਵਿਚ ਪੂਰੀ ਕਰਕੇ ਨਵਾਂ ਇਤਿਹਾਸ ਸਿਰਜ ਦਿੱਤਾ। ਰਾਂਚੀ ਦੇ ਬਿਰਸਾ ਮੁੰਡਾ ਸਟੇਡੀਅਮ ਵਿਖੇ ਲੋਹੜੇ ਦੀ ਗਰਮੀ ਵਿਚ ਦੌੜਦਾ ਹੋਇਆ ਉਹ 140 ਕਰੋੜ ਭਾਰਤੀਆਂ ਵਿਚੋਂ ਸਭ ਤੋਂ ਤੇਜ਼ ਭੱਜਣ ਵਾਲਾ ਨੌਜਵਾਨ ਬਣ ਗਿਆ। ਇਹ ਆਪਣੇ ਆਪ ਵਿਚ ਬਹੁਤ ਵੱਡੀ ਪ੍ਰਾਪਤੀ ਹੈ। ਪਿਛਲੇ ਕੁੱਝ ਮਹੀਨਿਆਂ ਤੋਂ ਉਸਦਾ ਪੇਚਾ ਅਨੀਮੇਸ਼ ਕੰਜੂਰ ਨਾਲ ਪੈਂਦਾ ਆ ਰਿਹਾ ਹੈ। ਅਨੀਮੇਸ਼ ਉਸਦਾ ਦੋਸਤ ਹੈ ਤੇ ਉਹ ਇਸ ਸਮੇਂ ਰਿਲਾਇੰਸ ਫਾਊਂਡੇਸ਼ਨ ਕੋਲ ਇਕੱਠੇ ਪ੍ਰੈਕਟਿਸ ਕਰਦੇ ਨੇ। ਦੋਨੇਂ ਦੋਸਤ ਨੇ। ਕਦੇ-ਕਦੇ ਰੂਮਮੇਟ ਵੀ ਹੁੰਦੇ ਨੇ। ਪਰ ਖੇਡ ਮੈਦਾਨ ਵਿਚ ਉਹ ਇਕ ਦੂਜੇ ਦੇ ਸ਼ਰੀਕ ਹੁੰਦੇ ਨੇ।
ਗੁਰਿੰਦਰਵੀਰ ਪਹਿਲਾ ਭਾਰਤੀ ਹੈ ਜਿਸਨੇ 10.10 ਸੈਕੰਡ ਵਾਲਾ ਬੈਰੀਅਰ ਤੋੜਿਆ ਹੈ। ਰਾਂਚੀ ਵਿਖੇ ਹੋਇਆ ਨੈਸ਼ਨਲ ਫੈਡਰੇਸ਼ਨ ਕੱਪ (ਅਥਲੈਟਿਕਸ) ਮੁਕਾਬਲਾ ਇਸ ਕਰਕੇ ਵੀ ਦਿਲਚਸਪ ਰਿਹਾ ਕਿ ਗੁਰਿੰਦਰਵੀਰ ਨੇ ਅਨੀਮੇਸ਼ ਦਾ ਸੈਮੀਫਾਈਨਲ ਹੀਟ ਵਿਚ 100 ਮੀਟਰ ਦਾ 10.15 ਸੈਕੰਡ ਵਾਲਾ ਕੌਮੀ ਰਿਕਾਰਡ 24 ਘੰਟੇ ਬਾਅਦ ਹੀ ਤੋੜ ਦਿੱਤਾ। ਕਈ ਮਹੀਨਿਆਂ ਤੋਂ ਦੋਨਾਂ ਵਿਚ ਕੌਮੀ ਰਿਕਾਰਡ ਬਣਾਉਣ ਤੇ ਤੋੜਨ ਦੀ ਖੇਡ ਚਲ ਰਹੀ ਹੈ। ਕੁਝ ਸਮਾਂ ਪਹਿਲਾਂ ਗੁਰਿੰਦਰਵੀਰ ਨੇ ਮਾਨੀਕਾਂਤਾ ਹੋਬਲੀਧਰ ਦਾ 10.25 ਸੈਕੰਡ ਦਾ ਰਿਕਾਰਡ ਤੋੜ ਕੇ 10.20 ਸੈਕੰਡ ਦਾ ਨਵਾਂ ਕੌਮੀ ਰਿਕਾਰਡ ਬਣਾ ਦਿੱਤਾ ਸੀ। ਕੁਝ ਸਮਾਂ ਬਾਅਦ ਅਨੀਮੇਸ਼ ਨੇ ਇਹ ਰਿਕਾਰਡ ਤੋੜ ਕੇ 10.18 ਸੈਕੰਡ ਦਾ ਨਵਾਂ ਰਿਕਾਰਡ ਬਣਾ ਦਿੱਤਾ। ਗੁਰਿੰਦਰਵੀਰ ਨੇ ਰਾਂਚੀ ਵਿਖੇ ਸੈਮੀ ਫਾਈਨਲ ਹੀਟ ਵਿਚ 100 ਮੀਟਰ 10.17 ਸੈਕੰਡ ਵਿਚ ਦੌੜ ਕੇ ਨਵਾਂ ਰਿਕਾਰਡ ਬਣਾ ਦਿੱਤਾ। ਪਰ ਪੰਜ ਮਿੰਟ ਬਾਦ ਅਨੀਮੇਸ਼ ਨੇ ਦੂਸਰੀ ਸੈਮੀ ਫਾਈਨਲ ਹੀਟ 10.15 ਸੈਕੰਡ ਵਿਚ ਭੱਜ ਕੇ ਗੁਰਿੰਦਰਵੀਰ ਦਾ ਰਿਕਾਰਡ ਤੋੜ ਦਿੱਤਾ।
ਫਾਈਨਲ ਮੁਕਾਬਲੇ ਵਿਚ ਗੁਰਿੰਦਰਵੀਰ ਨੇ ਅਨੀਮੇਸ਼ ਨੂੰ ਕਾਫੀ ਪਛਾੜ ਦਿੱਤਾ ਤੇ 10.09 ‘ਚ ਦੌੜ ਕੇ ਦੇਸ਼ ਦਾ ਸਭ ਤੋਂ ਤੇਜ਼ ਦੌੜਾਕ ਹੋਣ ਦਾ ਮਾਣ ਹਾਸਿਲ ਕੀਤਾ ਤੇ ਨਵਾਂ ਕੌਮੀ ਰਿਕਾਰਡ ਕਾਇਮ ਕੀਤਾ। ਗੁਰਿੰਦਰਵੀਰ ਨੇ ਦੱਸਿਆ ‘ਮੈਂ ਫਾਈਨਲ ਮੁਕਾਬਲੇ ਲਈ ਆਪਣੀ ਐਨਰਜੀ ਸਾਂਭ ਕੇ ਰੱਖੀ ਅਤੇ ਸੈਮੀ ਫਾਈਨਲ ਵਿਚ 80 ਮੀਟਰ ਤੋਂ ਬਾਅਦ ਜ਼ੋਰ ਹੀ ਨਹੀਂ ਲਾਇਆ।’ ਜਦੋਂ ਗੁਰਿੰਦਰਵੀਰ ਫਿਨਿਸ਼ ਲਾਈਨ ਦੇ ਨੇੜੇ ਆ ਗਿਆ ਤਾਂ ਆਪਣੀ ਹਿੱਕ ‘ਤੇ ਹੱਥ ਨਾਲ ਲਿਖ ਕੇ ਚਿਪਕਾਇਆ ਹੋਇਆ ਕਾਗਜ਼ ਦਾ ਟੁਕੜਾ ਬੜੇ ਜ਼ੋਰ ਨਾਲ ਲਾਹ ਕੇ ਪਰਾਂ ਵਗਾਹ ਕੇ ਮਾਰਿਆ ਸੀ। ਫਿਰ ਉਹ ਚੁੱਕ ਕੇ ਲਿਆਇਆ ਤੇ ਕੈਮਰੇ ਸਾਹਮਣੇ ਕੀਤਾ। ਪੰਜਾਬੀ ‘ਚ ਉਸਦਾ ਮਤਲਬ ਸੀ ‘ਮੈਂ ਅਜੇ ਖਤਮ ਨਹੀਂ ਹੋਇਆ, ਇੰਤਜ਼ਾਰ ਕਰੋ, ਮੈਂ ਅਜੇ ਖੜ੍ਹਾ ਹਾਂ। ‘ਇਸ ਕਾਗਜ਼ ‘ਤੇ 10.10 ਸੈਕੰਡ ਵੀ ਲਿਖਿਆ ਸੀ। ਮਤਲਬ ਕਿ ਅੱਜ ਮੈਂ ਇੰਨੇ ਸਮੇਂ ਵਿਚ 100 ਮੀਟਰ ਭੱਜਣ ਦਾ ਪ੍ਰਣ ਕਰਕੇ ਆਇਆ ਹਾਂ।
ਉਸਨੇ ਜੋ ਸੋਚਿਆ, ਉਥੇ ਹੀ ਕਰਕੇ ਵਿਖਾਇਆ। ਇਹ ਉਸਦੀ ਦ੍ਰਿੜਤਾ ਦਾ ਸਭ ਤੋਂ ਵੱਡਾ ਸਬੂਤ ਹੈ। ‘ਨਿਸ਼ਚੇ ਕਰ ਆਪਣੀ ਜੀਤ ਕਰੋਂ।’ ਏਸ਼ੀਆ ਵਿਚ ਜਪਾਨ ਦਾ 20 ਸਾਲਾਂ ਦਾ ਇਕ ਲੜਕਾ 100 ਮੀਟਰ ਦੌੜ ਗੁਰਿੰਦਰਵੀਰ ਤੋਂ ਥੋੜ੍ਹੀ ਜਿਹੀ ਤੇਜ਼ ਭੱਜਦਾ ਹੈ। ਕਹਿਣ ਤੋਂ ਭਾਵ ਉਹ ਏਸ਼ੀਆ ਵਿਚ ਸਭ ਤੋਂ ਤੇਜ਼ ਭੱਜਣ ਵਾਲਾ ਦੂਸਰਾ ਅਥਲੀਟ ਹੈ।
ਓਲੰਪਿਕ ਵਿਚ ਉਸੈਨ ਬੋਲਟ 100 ਮੀਟਰ 9.58 ਸੈਕੰਡ ਵਿਚ ਭੱਜ ਚੁਕਾ ਹੈ। ਜਦੋਂ ਬੋਲਟ ਓਲੰਪਿਕ ਵਿਚ ਪਹਿਲੀ ਵਾਰ ਭੱਜਿਆ ਸੀ ਤਾਂ ਉਸਨੇ ਦੁਨੀਆ ਹਿੱਲਾ ਦਿੱਤੀ ਸੀ। ਟਾਇਸਨ ਗੇ 9.69 ਸੈਕੰਡ ਵਿਚ ਭੱਜ ਚੁੱਕਿਆ ਹੈ। ਯੋਹਾਨ ਬਲੇਕ ਨੇ 9.69 ਸੈਕੰਡ ਵਿਚ 100 ਮੀਟਰ ਪੂਰੀ ਕੀਤੀ ਸੀ। ਅਸਾਫਾ ਪੋਵੈਲ, ਨੋਂਹ ਤੇ ਕਾਰਲ ਲਿਉਸ ਵੀ 10 ਸੈਕੰਡ ਤੋਂ ਥੱਲੇ 100 ਮੀਟਰ ਓਲੰਪਿਕ ‘ਚ ਭੱਜ ਚੁਕੇ ਨੇ। ਗੁਰਿੰਦਰਵੀਰ ਨੇ ਇਹ ਮੁਕਾਮ ਹਾਸਿਲ ਕਰਨਾ ਹੈ। ਜਿਸ ਤਰ੍ਹਾਂ ਉਹ ਰਾਂਚੀ ਭੱਜਿਆ ਸੀ, ਉਸੇ ਜਜ਼ਬੇ ਨੂੰ ਕਾਇਮ ਰੱਖ ਕੇ ਭੱਜਦਾ ਰਿਹਾ ਤਾਂ ਇਹ ਮੁਕਾਮ ਉਹ ਜ਼ਰੂਰ ਹਾਸਿਲ ਕਰੇਗਾ।
ਉਸਦਾ ਅਸਲੀ ਨਿਸ਼ਾਨਾ ਓਲੰਪਿਕ ਵਿਚ ਮੈਡਲ ਹਾਸਿਲ ਕਰਨਾ ਹੈ। ‘ਮੇਰਾ ਅਸਲੀ ਮਿਸ਼ਨ ਤਾਂ ਉਹੀ ਹੈ। ਵਾਹਿਗੁਰੂ ਮੇਹਰ ਰੱਖੇ।’ ਕਿਸੇ ਸਮੇਂ ਗੁਰਿੰਦਰਵੀਰ ਨੂੰ ਕਿਸੇ ਨੇ ਬੜੀ ਚੁਭਵੀਂ ਗੱਲ ਕਹਿ ਦਿੱਤੀ ਸੀ। ਉਹ ਸਾਂਝੀ ਨਹੀਂ ਕਰਨਾ ਚਾਹੁੰਦਾ। ‘ਪਰ ਇਕ ਦਿਨ ਮੈਂ ਤੁਹਾਡੇ ਨਾਲ ਇਹ ਗੱਲ ਜ਼ਰੂਰ ਸਾਂਝੀ ਕਰਾਂਗਾ। ਸਹੀ ਸਮਾਂ ਆ ਜਾਣ ਦਿਓ।’ ਪੰਜਾਬੀ ਖੂਨ ਦੀ ਇਹ ਵਿਸ਼ੇਸ਼ਤਾ ਹੈ ਕਿ ਜਦੋਂ ਇਹ ਖੁੰਦਕ ਖਾ ਜਾਵੇ ਤਾਂ ਫਿਰ ਧਰਤੀ ਨੂੰ ਵੀ ਮੂਧੀ ਮਾਰ ਸਕਦਾ ਹੈ। ਬਾਬਾ ਦੀਪ ਸਿੰਘ, ਹਰੀ ਸਿੰਘ ਨਲੂਆ, ਮਿਲਖਾ ਸਿੰਘ, ਅਕਾਲੀ ਫੂਲਾ ਸਿੰਘ ਤੇ ਦੁੱਲਾ ਭੱਟੀ ਵਰਗੇ ਇਸ ਗੱਲ ਦੀ ਜਾਮਨੀ ਭਰਦੇ ਨੇ। ਇਹ ਵੀ ਉਸਦੀ ਖੁੰਦਕ ਹੀ ਹੈ ਕਿ 100 ਮੀਟਰ ਭੱਜ ਰਿਹਾ ਹੈ। ਉਸਨੂੰ ਕਿਸੇ ਨੇ ਕਿਹਾ ਸੀ ਕਿ ਭਾਰਤੀਆਂ ਵਿਚ 100 ਮੀਟਰ ਭੱਜਣ ਵਾਲ਼ਾ ਜ਼ੀਨ ਨਹੀਂ ਤੇ ਉਸਨੂੰ ਸਲਾਹ ਦਿੱਤੀ ਕਿ ਉਹ 400 ਮੀਟਰ ਭੱਜਿਆ ਕਰੇ, ਉਸਨੇ ਕਿਹਾ ਕਿ ਮੈਂ ਤੈਨੂੰ ਗ਼ਲਤ ਸਾਬਿਤ ਕਰਕੇ ਦਿਖਾਵਾਂਗਾ।
ਗੁਰਿੰਦਰਵੀਰ ਵਿਚ ਵੀ ਆਮ ਮੁੰਡਿਆਂ ਵਾਲੀਆਂ ਆਦਤਾਂ ਰਹੀਆਂ ਨੇ। ਮਿਹਨਤ ਕਰਦੇ-ਕਰਦੇ ਕਈ ਵਾਰ ਖਿਡਾਰੀ ਉੱਖੜ ਵੀ ਜਾਂਦਾ ਹੈ ਜਾਂ ਮਾਨਸਿਕ ਦਬਾਉ ਉਸ ’ਤੇ ਭਾਰੂ ਪੈ ਜਾਂਦਾ ਹੈ। ਇਹ ਸਮਾਂ ਗੁਰਿੰਦਰਵੀਰ ‘ਤੇ ਵੀ ਆਇਆ। ਜਰਮਨੀ ਵਿਚ ਵਰਲਡ ਯੂਨੀਵਰਸਿਟੀ ਖੇਡਾਂ ਸਮੇਂ ਉਹ ਵਧੀਆ ਨਹੀਂ ਕਰ ਸਕਿਆ। ਉਸ ਤੋਂ ਪਹਿਲਾਂ ਉਹ ਇਟਲੀ ਗਿਆ ਸੀ। ਉਥੇ ਵੀ ਪੂਰੀ ਤਰ੍ਹਾਂ ਚਮਕ ਨਹੀਂ ਸਕਿਆ। ਉਸ ਸਮੇਂ ਉਹ ਬਹੁਤ ਮਾਨਸਿਕ ਦਬਾਅ ‘ਚੋਂ ਗੁਜ਼ਰ ਰਿਹਾ ਸੀ। ਉਸਦੇ ਮੌਜੂਦਾ ਕੋਚ ਜੇਮਜ਼ ਹਿਲ਼ੀਅਰ ਨੇ ਇਸ ਦਬਾਉ ਤੋਂ ਛੁਟਕਾਰਾ ਦਿਵਾਇਆ ਹੈ। ਜੇਮਜ਼ ਨੇ ਗੁਰਿੰਦਰਵੀਰ ਨੂੰ ਦੱਸਿਆ ਕਿ ‘ਤੂੰ’, ਤੂੰ ਹੀ ਹੈਂ। ਤੂੰ ਹੀ ਆਪਣੇ-ਆਪ ਸਭ ਕਰਨਾ ਹੈ। ਤੇਰਾ ਕੰਮ, ਤੇਰੀ ਥਾਂ ‘ਤੇ ਆ ਕੇ ਕਿਸੇ ਹੋਰ ਨੇ ਨਹੀਂ
ਕਰਨਾ।’
ਗੁਰਿੰਦਰਵੀਰ ਸਿੰਘ, ਜੋ ਹੁਣ ਇੰਡੀਅਨ ਨੇਵੀ ਵਿਚ ਅਫਸਰ ਦੇ ਅਹੁਦੇ ‘ਤੇ ਹੈ, ਕੁਛ ਸਮਾਂ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦਾ ਵਿਦਿਆਰਥੀ ਵੀ ਰਿਹਾ ਹੈ। ਉਸ ਯੂਨੀਵਰਸਿਟੀ ਦੇ ਸਾਬਕਾ ਖੇਡ ਡਾਇਰੈਕਟਰ ਰਾਜ ਕੁਮਾਰ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਗੁਰਿੰਦਰਵੀਰ ਨੂੰ ਆਪਣਾ ਬ੍ਰਾਂਡ ਅੰਬੈਸਡਰ ਬਣਾਉਣ ਤੇ ਉਸਦੀਆਂ ਖੇਡ ਗਤੀਵਿਧੀਆਂ ਨੂੰ ਸਪੌਂਸਰ ਕਰਨ ਲਈ ਵੀ ਤਿਆਰ ਹੈ। ਉਹ ਇਸ ਸੰਬੰਧ ਵਿਚ ਉਸਦੇ ਕੋਚ ਹੈਪੀ ਨੂੰ ਵੀ ਕਹਿ ਚੁਕੇ ਹਨ। ਰਾਜ ਕੁਮਾਰ, ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਖੇਡ ਡਾਇਰੈਕਟਰ ਵੀ ਰਹੇ ਨੇ ਤੇ ਇਸ ਯੂਨੀਵਰਸਿਟੀ ਨੂੰ ਮੌਲਾਨਾ ਅਬਦੁਲ ਕਲਾਮ ਆਜ਼ਾਦ ਟਰਾਫੀ ਜਿਤਾਈ, ਨੂੰ ਇਸ ਸਮੇ ਕੇਂਦਰੀ ਖੇਡ ਮੰਤਰਾਲੇ ਨੇ ਕਾਮਨ ਵੈਲਥ ਖੇਡਾਂ, ਜੋ ਭਾਰਤ ਵਿਚ ਸਾਲ 2030 ‘ਚ ਹੋਣਗੀਆਂ, ਸੰਬੰਧੀ ਤਿਆਰੀ ਕਰਨ ਦੀ ਜ਼ਿੰਮੇਵਾਰੀ ਸੌਂਪੀ ਹੋਈ ਹੈ। ਗੁਰਿੰਦਰਵੀਰ ਦੇ ਮਾਤਾ ਰੁਪਿੰਦਰ ਕੌਰ ਨੂੰ ਉਮੀਦ ਹੈ ਕਿ ਉਸਦਾ ਬੇਟਾ ਜੁਲਾਈ, 2026 ਵਿਚ ਸਕਾਟਲੈਂਡ ਵਿਚ ਹੋਣ ਵਾਲੀਆਂ ਕਾਮਨਵੈਲਥ ਖੇਡਾਂ ਵਿਚ ਦੇਸ਼ ਦਾ ਨਾਮ ਰੌਸ਼ਨ ਕਰੇਗਾ। ਗੁਰਿੰਦਰਵੀਰ ਦੇ ਯਾਰ-ਦੋਸਤ ਕਹਿੰਦੇ ਨੇ, ਪੰਜਾਬ ਸਰਕਾਰ ਨੂੰ ਉਸਨੂੰ ਚੰਗੀ ਨੌਕਰੀ ਦੇਣੀ ਚਾਹੀਦੀ ਹੈ ਤੇ ਉਸ ਲਈ ਅਮਰੀਕਾ ਵਿਚ ਕੋਚਿੰਗ ਦਾ ਪ੍ਰਬੰਧ ਕਰਨਾ ਚਾਹੀਦਾ ਹੈ।
