ਨਵੀਂ ਦਿੱਲੀ:ਪੱਛਮੀ ਏਸ਼ੀਆ ‘ਚ ਅਮਰੀਕਾ ਤੇ ਈਰਾਨ ਵਿਚਕਾਰ ਤਣਾਅ ਇਕ ਵਾਰ ਮੁੜ ਖੁੱਲ੍ਹੀ ਫ਼ੌਜੀ ਕਾਰਵਾਈ ‘ਚ ਬਦਲਦਾ ਨਜ਼ਰ ਆ ਰਿਹਾ ਹੈ। ਈਰਾਨ ਵੱਲੋਂ ਅਮਰੀਕੀ ਐੱਮਕਿਊ-1ਪ੍ਰੀਡੇਟਰ ਡ੍ਰੋਨ ਸੁੱਟੇ ਜਾਣ ਤੋਂ ਬਾਅਦ ਅਮਰੀਕਾ ਨੇ ਦੱਖਣੀ ਈਰਾਨ ‘ਚ ਰਡਾਰ ਤੇ ਫੋਨ ਕੰਟਰੋਲ ਕੇਂਦਰਾਂ ‘ਤੇ ਹਵਾਈ ਹਮਲੇ ਕੀਤੇ ਹਨ।
ਇਸ ਦੇ ਜਵਾਬ ‘ਚ ਈਰਾਨ ਨੇ ਕੁਵੈਤ ‘ਚ ਅਮਰੀਕੀ ਫ਼ੌਜੀ ਟਿਕਾਣੇ ਨੂੰ ਨਿਸ਼ਾਨਾ ਬਣਾ ਕੇ ਡ੍ਰੋਨ ਤੇ ਮਿਜ਼ਾਈਲ ਹਮਲੇ ਕਰਨ ਦਾ ਦਾਅਵਾ ਕੀਤਾ, ਹਾਲਾਂਕਿ ਕੁਵੈਤ ਨੇ ਕਿਹਾ ਹੈ ਕਿ ਉਸਦੀਆਂ ਹਵਾਈ ਰੱਖਿਆ ਪ੍ਰਣਾਲੀਆਂ ਨੇ ਸਾਰੇ ਹਮਲਿਆਂ ਨੂੰ ਨਾਕਾਮ ਕਰ ਦਿੱਤਾ। ਦੋਵਾਂ ਧਿਰਾਂ ਵਿਚਕਾਰ ਵਧਦੇ ਟਕਰਾਅ ਨਾਲ ਖਿੱਤੇ ‘ਚ ਸ਼ਾਂਤੀ ਬਹਾਲੀ ਦੇ ਯਤਨਾਂ ਨੂੰ ਵੱਡਾ ਝਟਕਾ ਲੱਗਿਆ ਹੈ। ਗਾਜ਼ਾ ਤੇ ਲਿਬਨਾਨ ‘ਚ ਇਜ਼ਰਾਈਲ ਦੀ ਵਧਦੀ ਫ਼ੌਜੀ ਕਾਰਵਾਈ ਦੇ ਵਿਰੋਧ ‘ਚ ਈਰਾਨ ਨੇ ਅਮਰੀਕਾ ਨਾਲ ਚੱਲ ਰਹੀ ਸਿੱਧੀ ਗੱਲਬਾਤ ਤੇ ਸੰਦੇਸ਼ਾਂ ਦੇ ਲੈਣ-ਦੇਣ ਨੂੰ ਰੋਕਣ ਦਾ ਐਲਾਨ ਕਰ ਦਿੱਤਾ ਹੈ। ਇਸ ਦੀ ਪ੍ਰਤੀਕਿਰਿਆ ‘ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਈਰਾਨ ਦੇ ਇਸ ਕਦਮ ਨਾਲ ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ। ਖਾੜੀ ਖੇਤਰ ‘ਚ ਜੰਗ ਦੇ ਖ਼ਦਸ਼ਿਆਂ ਵਿਚਕਾਰ ਕੌਮਾਂਤਰੀ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਕਰੀਬ ਤਿੰਨ ਫ਼ੀਸਦ ਦੀ ਤੇਜ਼ੀ ਦਰਜ ਕੀਤੀ ਗਈ ਹੈ।ਅਮਰੀਕੀ ਸੈਂਟ੍ਰਲ ਕਮਾਂਡ (ਸੇਂਟਕਾਮ) ਨੇ ਸੋਮਵਾਰ ਨੂੰ ਕਿਹਾ ਕਿ ਈਰਾਨੀ ਕਾਰਵਾਈਆਂ ਦੇ ਜਵਾਬ ‘ਚ ਆਤਮ ਰੱਖਿਆ ਤਹਿਤ ਦੱਖਣੀ ਈਰਾਨ ਦੇ ਗੋਰੁਕ ਤੇ ਕੇਸ਼ਮ ਟਾਪੂ ਸਥਿਤ ਰਡਾਰ ਤੇ ਡ੍ਰੋਨ ਕਮਾਂਡ ਤੇ ਕੰਟਰੋਲ ਕੇਂਦਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਸੇਂਟਕਾਮ ਮੁਤਾਬਕ ਕੌਮਾਂਤਰੀ ਸਮੁੰਦਰੀ ਖੇਤਰ ‘ਚ ਉੱਡ ਰਹੇ ਅਮਰੀਕੀ ਐੱਮਕਿਊ-1 ਡ੍ਰੋਨ ਨੂੰ ਡੇਗੇ ਜਾਣ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ।
ਹਮਲਿਆਂ ‘ਚ ਈਰਾਨੀ ਹਵਾਈ ਰੱਖਿਆ ਪ੍ਰਣਾਲੀਆਂ, ਇਕ ਗਰਾਊਂਡ ਕੰਟਰੋਲ ਸਟੇਸ਼ਨ ਤੇ ਦੋ ਆਤਮਘਾਤੀ ਡ੍ਰੋਨ ਨਸ਼ਟ ਕਰ ਦਿੱਤੇ ਗਏ। ਇਸ ਤੋਂ ਪਹਿਲਾਂ ਈਰਾਨ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਆਪਣੇ ਹਵਾਈ ਖੇਤਰ ‘ਚ ਟੋਹੀ ਮਿਸ਼ਨ ‘ਤੇ ਲੱਗੇ ਅਮਰੀਕੀ ਡ੍ਰੋਨ ਨੂੰ ਮਾਰ ਸੁੱਟਿਆ ਹੈ। ਅਮਰੀਕੀ ਫ਼ੌਜ ਦਾ ਕਹਿਣਾ ਹੈ ਕਿ ਜਿਨ੍ਹਾਂ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ, ਉਨ੍ਹਾਂ ਤੋਂ ਖਿੱਤੇ ‘ਚ ਸਮੁੰਦਰੀ ਆਵਾਜਾਈ ਨੂੰ ਖ਼ਤਰਾ ਪੈਦਾ ਹੋ ਰਿਹਾ ਸੀ।
ਹਮਲਿਆਂ ਤੋਂ ਬਾਅਦ ਇਸਲਾਮਿਕ ਏਐੱਨਆਈ ਮੁਤਾਬਕ ਅਮਰੀਕੀ ਰੈਵੋਲਿਊਸ਼ਨਰੀ ਗਾਰਡ ਕੋਰ (ਆਈਆਰਜੀਸੀ) ਨੇ ਦਾਅਵਾ ਕੀਤਾ ਹੈ ਕਿ ਉਸ ਨੇ ਕੁਵੈਤ ‘ਚ ਸਥਿਤ ਇਕ ਅਮਰੀਕੀ ਫ਼ੌਜੀ ਅੱਡੇ ਨੂੰ ਨਿਸ਼ਾਨਾ ਬਣਾਇਆ ਹੈ। ਹਾਲਾਂਕਿ ਉਸ ਨੇ ਸਬੰਧਤ ਅੱਡੇ ਦਾ ਨਾਂ ਨਹੀਂ ਦੱਸਿਆ। ਕੁਵੈਤ ‘ਚ ਅਮਰੀਕਾ ਦੇ ਪੰਜ ਫ਼ੌਜੀ ਟਿਕਾਣੇ ਹਨ। ਦੂਜੇ ਪਾਸੇ ਕੁਵੈਤੀ ਅਧਿਕਾਰੀਆਂ ਨੇ ਕਿਹਾ ਹੈ ਕਿ ਈਰਾਨੀ ਡ੍ਰੋਨ ਤੇ ਮਿਜ਼ਾਈਲਾਂ ਨੂੰ ਰਸਤੇ ‘ਚ ਹੀ ਮਾਰ ਸੁੱਟਿਆ ਗਿਆ।
ਓਧਰ ਹੋਰਮੁਜ਼ ਜਲ ਡਮਰੂ ਮੱਧ ਨੂੰ ਲੈ ਕੇ ਵੀ ਦੋਨਾਂ ਦੇਸ਼ਾਂ ਦੇ ਦਾਅਵਿਆਂ ਵਿਚ ਫ਼ਰਕ ਸਾਹਮਣੇ ਆਇਆ ਹੈ। ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਅਮਰੀਕੀ ਸਮੁੰਦਰੀ ਫ਼ੌਜ ਦੇ ਸਹਿਯੋਗ ਨਾਲ 70 ਜਹਾਜ਼ ਸਫਲਤਾਪੂਰਵਕ ਹੋਰਮੁਜ਼ ਪਾਰ ਕਰ ਚੁੱਕੇ ਹਨ ਅਤੇ ਈਰਾਨ ਉਨ੍ਹਾਂ ਨੂੰ ਰੋਕ ਨਹੀਂ ਸਕਿਆ। ਬ੍ਰਿਟਿਸ਼ ਸੈਨਾ ਮੁਤਾਬਕ ਈਰਾਨੀ ਬੰਦਰਗਾਹਾਂ ‘ਤੇ ਲੱਗੀ ਨਾਕੇਬੰਦੀ ਨੂੰ ਤੋੜ ਕੇ ਨਿਕਲਣ ਦਾ ਯਤਨ ਕਰ ਰਹੇ ਗਾਂਬੀਆ ਦੇ ਝੰਡੇ ਵਾਲੇ ਕਾਰਗੋ ਜਹਾਜ਼ ‘ਤੇ ਅਮਰੀਕੀ ਸਮੁੰਦਰੀ ਫ਼ੌਜ ਨੇ ਮਿਜ਼ਾਈਲ ਹਮਲਾ ਕੀਤਾ ਜਿਸ ਕਾਰਨ ਉਸ ਦੇ ਇੰਜਨ ਰੂਮ ਵਿਚ ਅੱਗ ਲੱਗ ਗਈ। ਓਥੇ ਹੀ ਸੋਮਵਾਰ ਨੂੰ ਇਰਾਕ ਦੇ ਕਾਰਗੋ ਜਹਾਜ਼ ‘ਤੇ ਵੀ ਰਾਕਟ ਹਮਲਾ ਹੋਇਆ ਜਿਸ ਨਾਲ ਜਹਾਜ਼ ‘ਤੇ ਵੱਡਾ ਧਮਾਕਾ ਹੋਇਆ। ਇਸ ‘ਤੇ ਹਮਲਾ ਕਿਸ ਨੇ ਕੀਤਾ, ਇਹ ਸਪਸ਼ਟ ਨਹੀਂ ਹੋ ਸਕਿਆ ਹੈ।
ਅੰਤਰਿਮ ਸਮਝੌਤੇ ‘ਤੇ ਜ਼ੋਰ ਦੇ ਰਿਹਾ ਹੈ ਈਰਾਨ
ਰਾਇਟਰ ਅਨੁਸਾਰ ਅਮਰੀਕਾ ਨਾਲ ਵਧੇ ਤਣਾਅ ਅਤੇ ਆਰਥਿਕ ਚੁਣੌਤੀਆਂ ਦੌਰਾਨ ਈਰਾਨ ਫ਼ਿਲਹਾਲ ਵਿਆਪਕ ਸਮਝੌਤੇ ਦੀ ਬਜਾਏ ਸੀਮਤ ਅਰਸੇ ਦੇ ਅੰਤਰਿਮ ਸਮਝੌਤੇ ਦੀਆਂ ਸੰਭਾਵਨਾਵਾਂ ਤਲਾਸ਼ ਰਿਹਾ ਹੈ। ਈਰਾਨੀ ਅਧਿਕਾਰੀਆਂ ਦੇ ਕਰੀਬੀ ਸੂਤਰਾਂ ਅਨੁਸਾਰ ਤਹਿਰਾਨ ਦਾ ਮਕਸਦ ਆਰਥਿਕ ਦਬਾਅ ਘੱਟ ਕਰਨਾ, ਵਿੱਤੀ ਰਾਹਤ ਹਾਸਲ ਕਰਨਾ ਤੇ ਘਰੇਲੂ ਹਾਲਾਤ ਨੂੰ ਸਥਿਰ ਰੱਖਣਾ ਹੈ। ਅੰਤਰਿਮ ਸਮਝੌਤੇ ਸਦਕਾ ਦੇਸ਼ ‘ਚ ਨਕਦੀ ਵਹਾਅ ਵਧੇਗਾ।
