ਕ੍ਰਿਸ਼ਨ ਕੁਮਾਰ ਰੱਤੂ
ਸੰਪਰਕ: 94787-30156
ਦੁਨੀਆ ਭਰ ਦੇ ਸਾਹਿਤ ਨੂੰ ਅਨੁਵਾਦ ਰਾਹੀਂ ਵਿਆਪਕ ਰੂਪ ਵਿਚ ਵਿਸ਼ਵ ਮੰਚ ’ਤੇ ਪਛਾਣ ਦਿਵਾਉਣ ਵਾਲਾ ਸਾਹਿਤ ਦਾ ਵੱਕਾਰੀ ਬੁੱਕਰ ਪੁਰਸਕਾਰ ਇਸ ਵਾਰ ਰੁਮਾਨੀ ਤੇ ਰੋਮਾਂਚਕ ਸਫ਼ਰ ਤੇ ਅਨੁਭਵ ਨਾਲ ਭਰਪੂਰ ਯਾਦਾਂ ’ਤੇ ਆਧਾਰਿਤ ਨਾਵਲ ‘ਤਾਇਵਾਨ ਟਰੈਵਲੌਗ’ ਲਈ ਤਾਇਵਾਨੀ ਲੇਖਿਕਾ ਯਾਂਗ ਸ਼ੁਆਂਗ-ਜ਼ੀ ਨੂੰ ਦਿੱਤਾ ਗਿਆ ਹੈ। ਦੁਨੀਆ ਦੀ ਦੂਜੀ ਸਭ ਤੋਂ ਵੱਡੀ ਬੋਲੀ ਜਾਣ ਵਾਲੀ ਭਾਸ਼ਾ ਮੈਂਡਰਿਨ ਚੀਨੀ ਵਿਚ ਲਿਖੇ ਗਏ ਕਿਸੇ ਨਾਵਲ ਦੇ ਅਨੁਵਾਦ ਨੂੰ ਪਹਿਲੀ ਵਾਰ ਬੁੱਕਰ ਨਾਲ ਨਿਵਾਜਿਆ ਗਿਆ ਹੈ।
ਪਹਿਲੀ ਵਾਰ ਸਾਲ 2020 ’ਚ ਪ੍ਰਕਾਸ਼ਿਤ ਹੋਏ ਇਸ ਮੈਂਡਰਿਨ ਚੀਨੀ ਨਾਵਲ ਦਾ ਅੰਗਰੇਜ਼ੀ ਵਿਚ ਅਨੁਵਾਦ ਲਿਨ ਕਿੰਗ ਨੇ ਕੀਤਾ, ਜੋ ਸਾਲ 2025 ਵਿਚ ਛਪਿਆ। ਨੌਜਵਾਨ ਤਾਇਵਾਨੀ ਲੇਖਿਕਾ ਯਾਂਗ ਸ਼ੁਆਂਗ-ਜ਼ੀ ਦੇ ਇਸ ਨਾਵਲ ਦੀ ਪਿੱਠਭੂਮੀ 1930ਵਿਆਂ ਦਾ ਤਾਇਵਾਨ ਹੈ, ਜਦੋਂ ਇਹ ਜਾਪਾਨੀ ਕਬਜ਼ੇ ਹੇਠ ਸੀ। ਦਰਅਸਲ, ਇਨਸਾਨ ਆਪਣੀਆਂ ਯਾਦਾਂ ਤੇ ਰੋਮਾਂਚ ਵਿਚ ਜ਼ਿੰਦਾ ਰਹਿੰਦਾ ਹੈ ਤੇ ਉਸੇ ਸਵਾਦ ਦੀ ਪਰਿਕਰਮਾ ਵਿਚ ਇੱਕ ਨਵਾਂ ਸੰਸਾਰ ਸਿਰਜਦਾ ਹੈ। ਉਸ ਦੇ ਇਸ ਨਾਵਲ ਨੂੰ ਪੜ੍ਹਦਿਆਂ ਇਹ ਗੱਲ ਹਰ ਸ਼ਬਦ ’ਚੋਂ ਪ੍ਰਤੀਤ ਹੁੰਦੀ ਹੈ।
ਪੁਰਸਕਾਰ ਮਿਲਣ ਮਗਰੋਂ ਯਾਂਗ ਸ਼ੁਆਂਗ-ਜ਼ੀ ਨੇ ਕਿਹਾ ਕਿ ਇਹ ਉਸ ਸਵਾਦ ਦੇ ਰੋਮਾਂਚ ਦੀ ਯਾਤਰਾ ਦਾ ਮਿਲਿਆ ਇੱਕ ਵੱਡਾ ਪੁਰਸਕਾਰ ਹੈ, ਜਿਸ ਵਿਚ ਇਨਸਾਨ ਆਪਣੀ ਸਹਿਜ ਪ੍ਰਵਿਰਤੀ ਨਾਲ ਆਪਣੇ ਖਾਣੇ ਦੇ ਸਵਾਦ ਨਾਲ ਕਿਸੇ ਥਾਂ ਦੀ ਯਾਤਰਾ ਕਰਦਾ ਹੈ। ਦਰਅਸਲ, ਮੈਂ ਇਤਿਹਾਸ ਨੂੰ ਵਰਤਮਾਨ ਨਾਲ ਜੋੜ ਕੇ ਅੱਜ ਦੀਆਂ ਘਟਨਾਵਾਂ ਨਾਲ ਇਨਸਾਨ ਦੇ ਰੋਮਾਂਚ ਤੇ ਰੋਮਾਂਸ ਨੂੰ ਪੇਸ਼ ਕੀਤਾ ਹੈ ਅਤੇ ਇਸ ਨਾਵਲ ਦੀ ਪਿੱਠਭੂਮੀ ਵਿਚ ਸੱਭਿਅਤਾਵਾਂ ਦੇ ਰੋਮਾਂਸ ਤੇ ਜਾਦੂਈ ਸੁਆਦ ਦੇ ਵਿਲੱਖਣ ਨਜ਼ਰੀਏ ਨੇ ਹੀ ਇਹ ਪੁਰਸਕਾਰ ਦਿਵਾਇਆ ਹੈ। ਭਾਸ਼ਾ ਦੇ ਪੱਖ ਤੋਂ ਵੀ ‘ਤਾਇਵਾਨ ਟਰੈਵਲੌਗ’ ਯਾਂਗ ਸ਼ੁਆਂਗ-ਜ਼ੀ ਦਾ ਭਾਵਪੂਰਤ ਨਾਵਲ ਹੈ। ਇਹ ਜਪਾਨੀ ਲੇਖਕ ਆਓਯਾਮਾ ਚਿਜ਼ੂਕੋ ਦੀ ਤਾਇਵਾਨ ਯਾਤਰਾ ਅਤੇ ਉਸ ਦੇ ਅਨੁਵਾਦਕ ਤੇ ਸਹਾਇਕ ਵਜੋਂ ਵਿਚਰਦੀ ਤਾਇਵਾਨੀ ਔਰਤ ਓ ਚਿਜ਼ੂਰੂ ਨਾਲ ਸਬੰਧਾਂ ਦਾ ਵਰਣਨ ਕਰਦਾ ਹੈ। ਇਹ ਨਾਵਲ ਪਾਤਰ ਚਿਜ਼ੂਕੋ ਦੀ ਯਾਤਰਾ ਤੇ ਯਾਦਾਂ ਦਾ ਬਿਰਤਾਂਤ ਹੈ। ‘ਤਾਇਵਾਨ ਟਰੈਵਲੌਗ’ ਨੇ ਸਾਲ 2024 ਵਿਚ ਅਨੁਵਾਦਿਤ ਸਾਹਿਤ ਲਈ ਯੂ ਐੱਸ ਨੈਸ਼ਨਲ ਬੁੱਕ ਐਵਾਰਡ ਜਿੱਤਿਆ। ਇਹ ਪੁਰਸਕਾਰ ਜਿੱਤਣ ਵਾਲੀ ਇਹ ਪਹਿਲੀ ਤਾਇਵਾਨੀ ਕਿਤਾਬ ਹੈ। ਹੁਣ 2026 ਵਿਚ ਇਸ ਨੇ ਕੌਮਾਂਤਰੀ ਬੁੱਕਰ ਪੁਰਸਕਾਰ ਜਿੱਤਿਆ ਹੈ।
ਜ਼ਿਕਰਯੋਗ ਹੈ ਕਿ ਸੰਨ 1938 ਵਿਚ ਤਾਇਵਾਨ ਦੀ ਰਾਸ਼ਟਰੀ ਭਾਸ਼ਾ ਜਪਾਨੀ ਸੀ। ਤਾਇਵਾਨੀ ਲੋਕ ਘਰ ਵਿਚ ਹੋਕੀਅਨ, ਹੱਕਾ ਜਾਂ ਆਦਿਵਾਸੀ ਭਾਸ਼ਾਵਾਂ ਬੋਲਦੇ ਸਨ ਅਤੇ ਸਕੂਲਾਂ ਤੇ ਕੰਮਕਾਜੀ ਸਥਾਨਾਂ ਵਿਚ ਜਪਾਨੀ। ਯਾਂਗ ਸ਼ੁਆਂਗ-ਜ਼ੀ ਦਾ ਜਨਮ 10 ਜੁਲਾਈ 1984 ਨੂੰ ਤਾਇਵਾਨ ਦੇ ਤਾਇਚੁੰਗ ਵਿਚ ਹੋਇਆ। ਉਸ ਦਾ ਮੁੱਢਲਾ ਜੀਵਨ ਪੇਂਡੂ ਇਲਾਕੇ ਵਿਚ ਗੁਜ਼ਰਿਆ ਅਤੇ ਉਸ ਨੇ ਮੁੱਢਲੀ ਸਿੱਖਿਆ ਵੀ ਇੱਥੇ ਹੀ ਹਾਸਿਲ ਕੀਤੀ। ਆਪਣੇ ਬਚਪਨ ਵਿਚ ਉਹ ਚੀਨ ਨਾਲ ਜੁੜੀ ਮਹਿਸੂਸ ਕਰਦੀ ਸੀ। ਉਸ ਨੇ ਨੈਸ਼ਨਲ ਚੁੰਗ ਹਸਿੰਗ ਯੂਨੀਵਰਸਿਟੀ ਤੋਂ ਚੀਨੀ ਸਾਹਿਤ ਵਿਚ ਡਿਗਰੀ ਪ੍ਰਾਪਤ ਕਰਨ ਤੋਂ ਥੋੜ੍ਹੀ ਦੇਰ ਬਾਅਦ ਵਾਈਲਡ ਸਟ੍ਰਾਬੇਰੀ ਮੂਵਮੈਂਟ ਵਿਚ ਹਿੱਸਾ ਲਿਆ, ਜੋ ਚੀਨੀ ਸਿਆਸਤਦਾਨ ਚੇਨ ਯੂਨਲਿਨ ਦੀ ਸਾਲ 2008 ਦੀ ਤਾਇਵਾਨ ਫੇਰੀ ਦਾ ਵਿਰੋਧ ਕਰਨ ਲਈ ਕੀਤਾ ਗਿਆ ਰੋਸ ਪ੍ਰਦਰਸ਼ਨ ਸੀ।
ਯਾਂਗ ਨੇ ਆਪਣੀਆਂ ਯਾਦਾਂ ਵਿਚ ਲਿਖਿਆ ਹੈ ਕਿ ਇਸ ਨੇ ਮੈਨੂੰ ਸੋਚਣ ਲਈ ਮਜਬੂਰ ਕੀਤਾ ਕਿ ਮੈਂ ਉਸ ਧਰਤੀ ਤੋਂ ਇੰਨੀ ਅਣਜਾਣ ਕਿਉਂ ਸੀ ਜਿੱਥੇ ਮੇਰਾ ਪਾਲਣ-ਪੋਸ਼ਣ ਹੋਇਆ। ਇਸ ਵਿਰੋਧ ਨੇ ਯਾਂਗ ਨੂੰ ਤਾਇਵਾਨੀ ਸਾਹਿਤ ਵਿਚ ਮਾਸਟਰਜ਼ ਡਿਗਰੀ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ, ਜੋ ਉਸ ਨੇ 2012 ਵਿਚ ਪੂਰੀ ਕੀਤੀ। ਪੋਸਟ ਗ੍ਰੈਜੂਏਸ਼ਨ ਦੌਰਾਨ ਯਾਂਗ ਨੇ ਆਪਣੀ ਪਛਾਣ ਪੂਰੀ ਤਰ੍ਹਾਂ ਤਾਇਵਾਨੀ ਵਜੋਂ ਕਰਨ ਸ਼ੁਰੂ ਕਰ ਦਿੱਤੀ। ਯਾਂਗ ਨੇ ਬਾਅਦ ਵਿਚ ਕਿਹਾ, ‘2014 ਦੇ ਵਿਦਿਆਰਥੀ ਅੰਦੋਲਨ ਨੇ ਮੈਨੂੰ ਇਹ ਅਹਿਸਾਸ ਕਰਵਾਇਆ ਕਿ ਤਾਇਵਾਨ ਨੂੰ ਚੀਨ ਤੋਂ ਖ਼ਤਰਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਨੇ ਮੈਨੂੰ ਤਾਇਵਾਨ ਲਈ ਅਜਿਹੇ ਦ੍ਰਿਸ਼ਟੀਕੋਣ ਤੋਂ ਲਿਖਣ ਲਈ ਪ੍ਰੇਰਿਤ ਕੀਤਾ, ਜੋ ਸਿਰਫ਼ ਮੈਂ ਹੀ ਦੇਖ ਸਕਦੀ ਹਾਂ।’
ਆਪਣੀ ਸ਼ੁਰੂਆਤੀ ਪੇਸ਼ੇਵਰ ਜ਼ਿੰਦਗੀ ਵਿਚ ਯਾਂਗ ਨੇ ਵੀਡੀਓ ਗੇਮਾਂ ਲਈ ਗਲਪ, ਲੇਖ ਅਤੇ ਸਕ੍ਰਿਪਟ ਵੀ ਲਿਖੀ। ਸਾਲ 2020 ਵਿਚ ਲਿਖੀ ਉਸ ਦੀ ਪੁਸਤਕ ‘ਤਾਇਵਾਨ ਟਰੈਵਲੌਗ’ ਨੇ ਸਾਲ 2021 ਵਿਚ ਤਾਇਵਾਨ ਦਾ ‘ਗੋਲਡਨ ਟ੍ਰਾਈਪੌਡ ਐਵਾਰਡ’ ਜਿੱਤਿਆ। ਇਸ ਕਿਤਾਬ ਦਾ ਬਾਅਦ ਵਿਚ ਜਪਾਨੀ ਵਿਚ ਅਨੁਵਾਦ ਹੋਇਆ, ਜੋ ਚੂਓਕੁਰੋਨ-ਸ਼ਿੰਸ਼ਾ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ। ਜਪਾਨੀ ਅਨੁਵਾਦ ਨੇ ਬਾਅਦ ਵਿਚ 2024 ਵਿਚ ਜਪਾਨ ਦਾ ਸਰਵੋਤਮ ਅਨੁਵਾਦ ਪੁਰਸਕਾਰ ਜਿੱਤਿਆ। ਯਾਂਗ ਨੂੰ ਬੁੱਕਰ ਪੁਰਸਕਾਰ ਮਿਲਣ ਦਾ ਅਰਥ ਇਹ ਹੈ ਕਿ ਹੁਣ ਦੁਨੀਆ ਭਰ ਵਿਚ ਮੈਂਡਰਿਨ ਚੀਨੀ ਭਾਸ਼ਾ ਵਿਚ ਲਿਖੇ ਸਾਹਿਤ ਨੂੰ ਵੀ ਅਨੁਵਾਦ ਰਾਹੀਂ ਮਾਨਤਾ ਮਿਲਣ ਲੱਗੀ ਹੈ। ਹਾਲਾਂਕਿ ਯਾਂਗ ਨੂੰ ਦੁਨੀਆ ਵਿਚ ਬਹੁਤ ਘੱਟ ਲੋਕ ਜਾਣਦੇ ਹਨ, ਪਰ ਅੰਗਰੇਜ਼ੀ ਅਨੁਵਾਦ ਸਦਕਾ ਉਸ ਦੇ ਪਾਠਕਾਂ ਦਾ ਘੇਰਾ ਬਹੁਤ ਵਿਸ਼ਾਲ ਹੋ ਗਿਆ ਹੈ। ਅੱਜ ਭਾਰਤ ਵਿਚ ਵੀ ਉਸ ਦੀਆਂ ਕਿਤਾਬਾਂ ਨੂੰ ਪੜ੍ਹਿਆ ਜਾ ਰਿਹਾ ਹੈ। ਆਸ ਹੈ ਕਿ ਆਉਣ ਵਾਲੇ ਦਿਨਾਂ ਵਿਚ ਦੁਨੀਆ ਦੀਆਂ ਹੋਰ ਭਾਸ਼ਾਵਾਂ ਵਿਚ ਵੀ ਉਸ ਦੀਆਂ ਕਿਤਾਬਾਂ ਦਾ ਅਨੁਵਾਦ ਹੋਵੇਗਾ।
