ਬੰਦਿਆ! ਬੇਮੌਸਮਾ ਨਾ ਹੋਇਆ ਕਰ

ਡਾ. ਗੁਰਬਖ਼ਸ਼ ਸਿੰਘ ਭੰਡਾਲ
ਬਦਲਾਅ ਕੁਦਰਤ ਦਾ ਨਜ਼ਾਮ। ਕਦੇ ਸਰਘੀ ਦਾ ਝਲਕਾਰਾ ਅਤੇ ਕਦੇ ਸ਼ਾਮ ਉਤਰਦੀ। ਕਦੇ ਘਟਦੇ ਪ੍ਰਛਾਵਿਆਂ ਦਾ ਵੇਲਾ ਅਤੇ ਕਦੇ ਲੰਮੇਰੇ ਹੋ ਰਹੇ ਪ੍ਰਛਾਵਿਆਂ ਦਾ ਵਕਤ। ਕਦੇ ਦਿਨ ਚੜ੍ਹਦਾ ਅਤੇ ਕਦੇ ਹੌਲੀ-ਹੌਲੀ ਬਨੇਰਿਆਂ ਤੋਂ ਰਾਤ ਉਤਰਦੀ।

ਕਦੇ ਪਿੰਡਾਂ ਲੂਹੰਦੀਆਂ ਧੁੱਪਾਂ ਅਤੇ ਕਦੇ ਵਗਦੀਆਂ ਸੀਤ ਹਵਾਵਾਂ। ਕਦੇ ਫੱਗਣ ਚੇਤ ਦਾ ਸੁਹਾਵਣਾ ਮੌਸਮ ਅਤੇ ਕਦੇ ਭਾਦਰੋਂ ਦੇ ਚੁਮਾਸੇ। ਕਦੇ ਸਾਉਣ ਦੀਆਂ ਝੜੀਆਂ ਤੇ ਕਦੇ ਭਾਦਰੋਂ ਦੇ ਛਰਾਟੇ। ਕਦੇ ਪੁਰੇ ਦੀ ਪੌਣ ਅਤੇ ਕਦੇ ਪੱਛੋਂ ਦੀਆਂ ਕਣੀਆਂ। ਕਦੇ ਹਵਾ ਦਾ ਸਰਕਣਾ ਅਤੇ ਕਦੇ ਵਗਦਾ ਠੱਕਾ।
ਕਦੇ ਤੂਤਾਂ ਅਤੇ ਪਿੱਪਲਾਂ ਦੀਆਂ ਸੰਘਣੀਆਂ ਛਾਵਾਂ ਅਤੇ ਕਦੇ ਵਿਰਲੀ-ਵਿਰਲੀ ਛਾਂ। ਕਦੇ ਪੰਛੀਆਂ ਦਾ ਚਹਿਚਹਾਉਣਾ ਅਤੇ ਕਦੇ ਜੰਗਲ ਵਿਚ ਪਸਰੀ ਚੁੱਪ ਦਾ ਨਾਦ। ਕਦੇ ਸ਼ੋਰ ਸ਼ਰਾਬੇ ਵਿਚ ਗਵਾਚੇ ਸੋਹਲ ਬੋਲਾਂ ਦਾ ਵਿਰਦ ਅਤੇ ਕਦੇ ਹੂੰਗਰ ਵਿਚੋਂ ਸੁਣਾਈ ਦਿੰਦਾ ਤਰਲਾ।
ਕਦੇ ਖ਼ੂਹ, ਹਲਾਂ, ਫਲਿਆਂ ਦੀ ਵਾਹੀ ਕਰਦਿਆਂ ਕਿਰਤੀ ਦੇ ਮਨ ਵਿਚ ਸਬਰ-ਸੰਤੋਖ ਦਾ ਵਾਸਾ ਅਤੇ ਕਦੇ ਮਸ਼ੀਨਰੀ ਨਾਲ ਖੇਤੀ ਕਰਦਿਆਂ ਖੁਦਕੁਸ਼ੀ ਲਈ ਹਾਬੜੀ ਮਾਨਸਿਕਤਾ। ਕਦੇ ਸੁੱਚੇ ਅਤੇ ਸੰਜਮੀ ਵਰਤਾਰੇ ਵਿਚ ਸੁਖਨ-ਸੰਧਾਰਾ ਅਤੇ ਕਦੇ ਭੱਜ-ਦੌੜ ਵਿਚ ਗਵਾਚੇ ਸੁੱਖ-ਚੈਨ ਦੀ ਕੁਰਲਾਹਟ।
ਕਦੇ ਵੇਲਾ ਸੀ ਕਿ ਅਨਪੜ੍ਹ ਬਜ਼ੁਰਗ ਜ਼ਿੰਦਗੀ ਦੀਆਂ ਸੂਖਮ ਪਰਤਾਂ ਫਰੋਲਦੇ ਜੀਵਨ ਨੂੰ ਜਿਊਣ-ਜੋਗਾ ਕਰਦੇ ਅਤੇ ਸੁਲੱਖਣੀਆਂ ਮੱਤਾਂ ਨਾਲ ਅਗਲੀ ਪੀੜ੍ਹੀ ਨੂੰ ਨਿਵਾਜਦੇ। ਅਜੋਕੇ ਦੌਰ ਵਿਚ ਮਾਪਿਆਂ ਕੋਲ ਵਿਹਲ ਹੀ ਨਹੀਂ ਕਿ ਉਹ ਆਪਣੀ ਔਲਾਦ ਨੂੰ ਮਿਲਣ ਲਈ ਵਿਹਲ ਹੀ ਕੱਢ ਸਕਣ ਕਿਉਂਕਿ ਉਨ੍ਹਾਂ ਲਈ ਧਨ-ਦੌਲਤ ਦੀ ਹੋੜ, ਔਲਾਦ ਨਾਲੋਂ ਜ਼ਿਆਦਾ ਅਹਿਮ।
ਕਦੇ ਵਕਤ ਸੀ ਕਿ ਲੋਕ ਆਪਣੇ ਪਸ਼ੂਆਂ ਅਤੇ ਪਾਲਤੂ ਜਾਨਵਰਾਂ ਨੂੰ ਪਰਿਵਾਰਕ ਜੀਅ ਸਮਝਦੇ, ਪਿਆਰ ਕਰਦੇ ਅਤੇ ਉਸਦੇ ਮਰਨ ਦਾ ਸੋਗ ਮਨਾਉਂਦੇ। ਹੁਣ ਸਮਾਂ ਅਜੇਹਾ ਕਿ ਇਕੋ ਖੂਨ ਦੇ ਜਾਇਆਂ ਦੇ ਮਰ ਜਾਣ ‘ਤੇ ਸਾਡੇ ਕੋਲ ਅਫਸੋਸ ਕਰਨ ਅਤੇ ਸੋਗ ਮਨਾਉਣ ਲਈ ਵਕਤ ਨਹੀਂ। ਅਸੀਂ ਸਿਰਫ਼ ਸੋਗ ਮਨਾਉਣ ਦਾ ਢੌਂਗ ਕਰਦੇ। ਸਾਡੀ ਅਗਲੀ ਨਸਲ ਨੇ ਤਾਂ ਢੌਂਗ ਵੀ ਨਹੀ ਰਚਾਉਣਾ।
ਬਦਲਦਾ ਵਕਤ ਬਹੁਤ ਸਾਰੀਆਂ ਨਸੀਹਤਾਂ ਅਤੇ ਸਿਆਣਪਾਂ ਸਮੇਂ ਦੀ ਝੋਲੀ ‘ਚ ਪਾ ਅਗਾਂਹ ਨਿਕਲ ਜਾਂਦਾ। ਪਰ ਇਨ੍ਹਾਂ ਵਿਚੋਂ ਅਸੀਂ ਕਿਹੜੀ ਸੁਮੱਤ ਗ੍ਰਹਿਣ ਕਰਨੀ ਅਤੇ ਕਿਹੜੀ ਮੱਤ ‘ਚੋਂ ਵਿਸਾਰਨੀ, ਇਹ ਤਾਂ ਬੰਦੇ ਨੇ ਖੁਦ ਹੀ ਤੈਅ ਕਰਨਾ।
ਹਰ ਵਿਅਕਤੀ ਦੀ ਜ਼ਿੰਦਗੀ ਕਦੇ ਵੀ ਇਕਸਾਰ ਨਹੀਂ। ਕਦੇ ਜਵਾਨੀ ਦਾ ਪਹਿਰ ਅਤੇ ਕਦੇ ਬੁਢਾਪੇ ‘ਚ ਡੰਗੋਰੀ ਦਾ ਆਸਰਾ। ਕਦੇ ਸੰਦਲੀ ਸਮਿਆਂ ਵਿਚ ਗਵਾਚਣਾ ਅਤੇ ਕਦੇ ਪੀੜਤ ਪਲਾਂ ਵਿਚ ਰੂਹ ਨੂੰ ਚੀਸ ‘ਚ ਡੁਬੋਣਾ। ਕਦੇ ਮਾਪਿਆਂ ਦੀਆਂ ਰਹਿਮਤਾਂ ਵਿਚ ਆਪਣੇ ਸੁਪਨਿਆਂ ਨੂੰ ਉਡਾਣ ਦੇਣਾ ਅਤੇ ਕਦੇ ਖੁਦ ਮਾਪੇ ਬਣ ਕੇ ਆਪਣੇ ਬੱਚਿਆਂ ਦੇ ਸੁਪਨਿਆਂ ਦੀ ਪ੍ਰਵਾਜ਼ ਲਈ ਅਰਪਿਤ ਹੋਣਾ। ਬੰਦੇ ਦੇ ਵੱਖ-ਵੱਖ ਰੂਪ, ਰੋਲ, ਜ਼ਿੰਮੇਵਾਰੀਆਂ ਅਤੇ ਫ਼ਰਜ਼ਾਂ ਨੂੰ ਪੂਰਾ ਕਰਕੇ ਹੀ ਜ਼ਿੰਦਗੀ ਦਾ ਸਹੀ ਅਰਥਾਂ ਵਿਚ ਮੁਲਾਂਕਣ ਹੁੰਦਾ।
ਕਦੇ ਅਸੀਂ ਅੱਖਰਾਂ ਵਿਚੋਂ ਕਿਸੇ ਦੇ ਵਿਅਕਤੀਤਵ ਅਤੇ ਮਾਨਸਿਕਤਾ ਨੂੰ ਪੜ੍ਹਨ ਵਿਚ ਰੁੱਝੇ ਹੁੰਦੇ ਅਤੇ ਕਦੇ ਖੁਦ ਹੀ ਆਪਣੇ ਆਪ ਨੂੰ ਸ਼ਬਦਾਂ ਵਿਚ ਉਲਥਾ, ਆਪਣੀਆਂ ਤਰਜੀਹਾਂ ਅਤੇ ਤਸ਼ਬੀਹਾਂ ਨੂੰ ਖੁਦ ਨਿਸ਼ਚਿਤ ਕਰਦੇ। ਕਦੇ ਖੁਦ ਦੇ ਪ੍ਰਛਾਵੇਂ ਨਿੰਦਦੇ ਤੇ ਕਦੇ ਸਲਾਹੁੰਦੇ।
ਕਦੇ ਅਸੀਂ ਪੂਰਨਿਆਂ ਵਿਚੋਂ ਗਿਆਨ ਹਾਸਲ ਕਰਦੇ ਪਰ ਕਦੇ ਖੁਦ ਪੂਰਨੇ ਪਾ ਕਿਸੇ ਦਾ ਮਾਰਗ-ਦਰਸ਼ਨ ਕਰਦੇ। ਕਦੇ ਬੰਦਾ ਆਪਣੇ ਜੀਵਨੀ ਸਫ਼ਰ ਦੀਆਂ ਰਾਹਾਂ ਖ਼ੁਦ ਨਿਸ਼ਚਿਤ ਕਰਦਾ ਅਤੇ ਕਦੇ ਕਿਸੇ ਦੀਆਂ ਰਾਹਾਂ ‘ਤੇ ਤੁਰਦਿਆਂ ਆਪਣੀ ਪਛਾਣ ਵੀ ਗੁਆ ਲੈਂਦਾ।
ਬੰਦਾ ਮੌਸਮਾਂ ਵਾਂਗ ਪਲ-ਪਲ ਬਦਲਦਾ। ਇਹੀ ਬਦਲਣਾ ਉਸਦੀ ਸਭ ਤੋਂ ਵੱਡੀ ਤਾਕਤ ਵੀ ਹੁੰਦਾ ਪਰ ਸਭ ਤੋਂ ਵੱਡੀ ਕਮਜ਼ੋਰੀ ਵੀ ਬਣ ਜਾਂਦਾ। ਬੰਦੇ ਨੇ ਕਦੋਂ ਤੇ ਕਿਵੇਂ ਬਦਲਣਾ ਅਤੇ ਇਸ ਬਦਲਾਅ ਵਿਚੋਂ ਉਹ ਕੀ ਪ੍ਰਾਪਤ ਕਰਨਾ ਚਾਹੁੰਦਾ ਜਾਂ ਕੀ ਗਵਾ ਦੇਵੇਗਾ, ਇਹ ਤਾਂ ਬੰਦੇ ਨੂੰ ਖੁLਦ ਨਿਰਧਾਰਤ ਕਰਨਾ ਪੈਣਾ। ਕਈ ਵਾਰ ਬੰਦਾ ਭੀੜ ਦਾ ਹਿੱਸਾ ਬਣਕੇ ਬਦਲਾਅ ਦੇ ਵਹਿਣ ਵਿਚ ਵਹਿੰਦਾ ਚਲੇ ਜਾਂਦਾ ਅਤੇ ਜਦ ਉਸਨੂੰ ਸਮਝ ਆਉਂਦੀ ਤਾਂ ਬਹੁਤ ਦੇਰ ਹੋ ਚੁੱਕੀ ਹੁੰਦੀ।
ਬਦਲਣਾ ਮਾੜਾ ਨਹੀਂ ਪਰ ਤੁਸੀਂ ਕਿਵੇਂ ਬਦਲੇ ਹੋ? ਕਿਹੜੀਆਂ ਹਾਲਤਾਂ ਤੁਹਾਨੂੰ ਬਦਲਣ ਲਈ ਮਜਬੂਰ ਕਰਦੀਆਂ? ਕਿਹੜੀਆਂ ਸ਼ਰਤਾਂ ‘ਤੇ ਤੁਸੀਂ ਇਹ ਬਦਲਾਅ ਮਨਜ਼ੂਰ ਕਰਦੇ? ਇਹੀ ਤਾਂ ਤੁਹਾਡੇ ਵਿਅਕਤੀਤਵ ਦੀ ਸਭ ਤੋਂ ਵੱਡੀ ਪਰਖ਼ ਅਤੇ ਪੈਮਾਨਾ ਹੁੰਦਾ।
ਨਿੱਜੀ ਮੁਫ਼ਾਦ ਜਾਂ ਲਾਲਚ ਲਈ ਬਦਲਣ ਵਾਲੇ ਲੋਕ, ਸਮਾਜ ਲਈ ਕਲੰਕ। ਜਦ ਕੋਈ ਭਰਾ ਜੱਦੀ ਜਾਇਦਾਦ ਹੜੱਪਣ ਲਈ ਕਾਤਲ ਬਣ ਜਾਵੇ, ਸਾਂਝੀ ਵੱਟ ਕਬਰ ਬਣ ਜਾਵੇ ਜਾਂ ਤੁਹਾਡੇ ਪਿਤਾ-ਪੁਰਖੀ ਘਰ ਵਿਚ ਕਬਰਾਂ ਉਗ ਆਉਣ, ਮਨਾਂ ਵਿਚ ਬਲਦੇ ਸਿਵੇ ਦਾ ਸੇਕ ਰਿਸ਼ਤਿਆਂ ਨੂੰ ਸਾੜ ਕੇ ਸੁਆਹ ਕਰਦਾ ਹੋਵੇ ਤਾਂ ਇਹ ਬਦਲਾਅ ਮਨੁੱਖ ਦਾ ਅੰਤ ਹੁੰਦਾ। ਮਨੁੱਖੀ ਕਦਰਾਂ-ਕੀਮਤਾਂ ਦੀ ਤੌਹੀਨ, ਮਾਨਵੀ ਰਿਸ਼ਤਿਆਂ ਦਾ ਕਫ਼ਨ ਅਤੇ ਚਿੱਟੇ ਹੋ ਗਏ ਖੂਨ ਦਾ ਸੱਚ ਹੁੰਦਾ।
ਜਦ ਬੰਦਾ ਆਪਣੇ ਮਾਪਿਆਂ ਦੀ ਬੇਕਦਰੀ ਨੂੰ ਆਪਣਾ ਹੱਕ ਸਮਝੇ, ਵਡੇਰਿਆਂ ਦੀ ਇੱਜ਼ਤ ਕਰਨ ਤੋਂ ਮੁਨਕਰ ਹੋ ਜਾਵੇ, ਸਮਾਜ ਦੀਆਂ ਸਥਾਪਤ ਕਰਦਾਂ ਕੀਮਤਾਂ ਨੂੰ ਠੁੱਠ ਦਿਖਾਉਣ ਲੱਗੇ ਤਾਂ ਸਮਝੋ ਉਸਨੇ ਸਮਾਜ ਨੂੰ ਨਮੋਸ਼ੀ ਦੇਣ ਦਾ ਧਾਰ ਲਿਆ ਏ। ਉਸਦੇ ਮੱਥੇ ‘ਤੇ ਉਗਿਆ ਹੰਕਾਰ ਅਤੇ ਲਾਲਚ ਦਾ ਫਤੂਰ ਉਸਨੂੰ ਰਸਾਤਲ ਵਿਚ ਧਕੇਲ ਰਿਹਾ ਹੈ। ਯਾਦ ਰਹੇ ਕਿ ਵੱਡੀਆਂ ਜ਼ਮੀਨਾਂ ਵਾਲਿਆਂ ਦੇ ਉਡਦੇ ਕੱਖ ਵੀ ਸਮੇਂ ਨੇ ਦੇਖੇ, ਲੰਬੜਦਾਰੀਆਂ, ਜ਼ੈਲਦਾਰੀਆਂ ਦੇ ਹੱਥਾਂ ਵਿਚ ਵਕਤ ਨੇ ਠੂਠੇ ਵੀ ਫੜਾਏ, ਆਪ-ਹੁਦਰਿਆਂ ਦੀਆਂ ਅੱਖਾਂ ਸਾਹਵੇਂ ਉਨ੍ਹਾਂ ਦੀ ਔਕਾਤ ਰੂਬਰੂ ਹੋਈ। ਵੱਡੇ ਮਹਿਲਾਂ, ਮੁਨਾਰਿਆਂ ‘ਤੇ ਬੋਲਦੇ ਉਲੂ। ਲਾਮ ਲਸ਼ਕਰਾਂ ਵਾਲੇ ਰਜਵਾੜਿਆਂ ਦੇ ਘਰਾਂ ਵਿਚ ਵਰਤ ਜਾਂਦੀ ਕਬਰੀ ਸੁੰਨਸਾਨ।
ਵਕਤ ਕਿਸੇ ਦਾ ਲਿਹਾਜ਼ ਨਹੀਂ ਕਰਦਾ ਅਤੇ ਨਾ ਹੀ ਕਿਸੇ ਨੂੰ ਮੁਆਫ਼ ਕਰਦਾ। ਬੰਦਾ ਮਰ ਜਾਂਦਾ ਅਤੇ ਪਿੱਛੇ ਰਹਿ ਜਾਂਦੀਆਂ ਚੰਗੀਆਂ ਜਾਂ ਮਾੜੀਆਂ ਯਾਦਾਂ। ਬੜੀ ਜਲਦੀ ਭੁੱਲ ਜਾਂਦੇ ਨੇ ਲੋਕ ਅਜੇਹੇ ਬੇਗੈਰਤ ਲੋਕਾਂ ਨੂੰ। ਜ਼ਮੀਰਾਂ ਨੂੰ ਵੇਚ ਕੇ ਲਈ ਜਗੀਰਦਾਰੀ ਦੀ ਜਦ ਪਰਦਾ-ਨਸ਼ੀਨੀ ਹੁੰਦੀ ਤਾਂ ਕੂੜ ਕਬਾੜਾ ਲੋਕਾਂ ਸਾਹਵੇਂ ਆਉਂਦਾ ਜੋ ਉਨ੍ਹਾਂ ਦੀ ਅਸਲੀਅਤ ਬਿਆਨਦੀ।
ਵਕਤ ਬਦਲਦੇ ਤਾਂ ਹੁਕਮ ਚਲਾਉਣ ਵਾਲੇ ਹੁਕਮ ਮੰਨਣ ਦੇ ਮੁਥਾਜ ਹੋ ਜਾਂਦੇ। ਨੌਕਰਾਂ ਨੂੰ ਟੁੱਕ ਪਾਉਣ ਵਾਲਿਆਂ ਨੂੰ ਦੋ ਡੰਗ ਦੇ ਟੁੱਕਰ ਲਈ ਦਰ-ਦਰ ਮੰਗਣਾ ਪੈਂਦਾ।
ਵਕਤ ਸਾਹਵੇਂ ਨਹੀਂ ਕੋਈ ਜ਼ੋਰਾਵਰ ਟਿਕਦਾ। ਇਹ ਢਾਹ ਲੈਂਦਾ ਏ ਵੱਡੇ ਕਹਿਰਵਾਨਾਂ, ਹਾਕਮਾਂ, ਦਮਨਕਾਰੀਆਂ ਅਤੇ ਜ਼ਾਲਮਾਂ ਨੂੰ ਤੇ ਉਨ੍ਹਾਂ ਦਾ ਨਾਂ-ਥੇਹ ਵੀ ਕੋਈ ਨਹੀਂ ਜਾਣਦਾ ਜਦ ਕਿ ਅਣਖ ਤੇ ਗੈਰਤ ਨਾਲ ਜੀਣ ਵਾਲੀਆਂ ਕੌਮਾਂ ਆਪਣੇ ਮਾਣਮੱਤੇ ਬਜੁLਰਗਾਂ ਦੀਆਂ ਨਿਸ਼ਾਨੀਆਂ ਲੱਭ ਕੇ ਉਨ੍ਹਾਂ ਦੀ ਬੁਲੰਦਗੀ ਨੂੰ ਹੋਰ ਉਚੇਰਾ ਕਰਨ ਵਿਚ ਹਰ ਸਾਹ ਲੇਖੇ ਲਾ ਦਿੰਦੀਆਂ।
ਸਮੇਂ ਦਾ ਬਦਲਣਾ ਜ਼ਰੂਰੀ ਅਤੇ ਇਹੀ ਬਦਲਾਅ ਸਦੀਆਂ ਦਾ ਸਫ਼ਰ ਵੀ ਤੈਅ ਕਰ ਜਾਂਦਾ। ਸਿਰਫ਼ ਉਹੀ ਨਕਸ਼ ਯਾਦ ਰਹਿ ਜਾਂਦੇ ਜਿਹੜੇ ਮਾਨਵਤਾ ਦੇ ਹਾਮੀ, ਜਿਨ੍ਹਾਂ ਪਿਆਰ ਦਾ ਸੁਨੇਹਾ ਦਿੱਤਾ, ਭਾਈਚਾਰਕ ਸਾਂਝ ਅਤੇ ਮੋਹ ਵਿਚੋਂ ਜੀਵਨ ਦੀ ਸਾਰਥਿਕਤਾ ਨੂੰ ਸਮਿਆਂ ਦੇ ਨਾਮ ਲਾਇਆ।
ਵਕਤ ਬਦਲਿਆ ਤਾਂ ਕੱਚੇ ਘਰਾਂ ਦੀ ਥਾਂ ਕੋਠੀਆਂ ਨੇ ਲੈ ਲਈ। ਪਰ ਕੋਠੀਆਂ ਨੂੰ ਘਰ ਬਣਨ ਲਈ ਕੋਠੀ ਦੇ ਇਕ ਕਮਰੇ ਨੂੰ ਕੋਠੜੀ ਬਣਾਉਣਾ ਪਵੇਗਾ ਜਿਥੇ ਦਾਦੀ-ਨਾਨੀ ਦੀਆਂ ਕਹਾਣੀਆਂ ਬੱਚੇ ਸੁਣ ਸਕਣ। ਇਕ ਦਲਾਨ ਵਰਗੀ ਜਗ੍ਹਾ ਵੀ ਹੋਣੀ ਚਾਹੀਦੀ ਜਿਥੇ ਸਾਰਾ ਪਰਿਵਾਰ ਮਿਲ ਬੈਠੇ ਤੇ ਪਰਿਵਾਰਕ ਇਕਜੁਟਤਾ ਦਾ ਪ੍ਰਗਟਾਵਾ ਕਰੇ ਵਰਨਾ ਕੋਠੀਆਂ ਵਿਚਲੀ ਸੁੰਨਤਾ ਖਾ ਜਾਂਦੀ ਹੈ ਪਰਿਵਾਰ ਅਤੇ ਫਿਰ ਇਹ ਸਿਰਫ਼ ਮਕਾਨ ਹੁੰਦਾ ਜਿਸਨੂੰ ਘਰ ਬਣਨ ਦੀ ਤੌਫ਼ੀਕ ਹੀ ਨਹੀਂ।
ਸਮੇਂ ਨਾਲ ਬਦਲਣਾ ਵਕਤ ਦੀ ਮੰਗ। ਅਗਰ ਨਾ ਬਦਲੇ ਤਾਂ ਅਸੀਂ ਪੱਛੜ ਜਾਵਾਂਗੇ। ਪਰ ਇਸ ਬਦਲਾਅ ਦੌਰਾਨ ਕੀ ਅਤੇ ਕਿਵੇਂ ਬਦਲਣਾ, ਇਹ ਸਮਝਣਾ ਜ਼ਰੂਰੀ। ਜਿਹੜੇ ਲੋਕ ਆਪਣਾ ਵਿਰਸਾ, ਮੂਲ ਅਤੇ ਪਰਿਵਾਰਕ ਕਦਰਾਂ-ਕੀਮਤਾਂ, ਸਮਾਜਿਕ ਅਤੇ ਧਾਰਮਿਕ ਰਹੁਰੀਤਾਂ ਦਾ ਮਾਣ ਕਰਨ ਤੇ ਖੁਦ ‘ਤੇ ਮਾਣ ਕਰਨ ਜੋਗੇ ਹੀ ਨਾ ਰਹਿਣ ਤਾਂ ਅਜੇਹੇ ਬਦਲਾਅ ਨੂੰ ਕੀ ਕਰਨਾ?
ਆਧੁਨਿਕਤਾ ਦੀ ਦੌੜ ਵਿਚ ਅਸੀਂ ਕੇਹੇ ਬਦਲਾਅ ਦੇ ਸ਼ਿਕਾਰ ਹੋ ਗਏ ਕਿ ਅਸੀਂ ਸਥਾਪਤ ਅਤੇ ਮਾਣਮੱਤੀਆਂ ਪ੍ਰੰਪਰਾਵਾਂ ਤੋਂ ਮੁੱਖ ਮੋੜ ਰਹੇ ਹਾਂ ਜਿਨ੍ਹਾਂ ਨੇ ਸਾਡੇ ਸਰੋਕਾਰਾਂ, ਸੰਵੇਦਨਾਵਾਂ ਅਤੇ ਸਾਰਥਿਕਤਾ ਨੂੰ ਜਨਮ ਦਿੱਤਾ ਅਤੇ ਜਿਨ੍ਹਾਂ ਸਦਕਾ ਸਾਡੀ ਵੱਖਰੀ ਪਛਾਣ ਸੀ। ਆਪਣੀ ਪਛਾਣ ਨੂੰ ਧੁੰਧਲੀ ਨਾ ਹੋਣ ਦੇਣ, ਖੁਦ ਨੂੰ ਪਿਆਰ ਕਰਨ ਅਤੇ ਕਦਰਾਂ-ਕੀਮਤਾਂ ਦੇ ਪਹਿਰਦਾਰ ਬਣਨ ਵਾਲੇ ਹੀ ਦਰਅਸਲ ਭਵਿੱਖ ਦੇ ਸੱਚੇ ਵਾਰਸ ਹੁੰਦੇ। ਹਰ ਮਨੁੱਖ ਨੂੰ ਬਦਲਾਅ ਤੋਂ ਪਹਿਲਾਂ ਅਜਿਹਾ ਸੋਚਣਾ ਚਾਹੀਦਾ।
ਇਹ ਕੇਹਾ ਬਦਲਾਅ ਕਿ ਅਸੀਂ ਰਿਸ਼ਤਿਆਂ ਨੂੰ ਵਰਤਣ ਲੱਗ ਪਏ। ਸਾਂਝਾਂ ਦੀ ਹਿੱਕ ਵਿਚ ਸਿਵਾ ਬਾਲ ਕੇ ਸੁਕਦੇ ਹਾਂ। ਸੰਬੰਧਾਂ ਦੀ ਸਾਰਥਿਕਤਾ ਨੂੰ ਸਿਉਂਕਦੇ ਅਤੇ ਮਨ ਦੀ ਮਲੀਨਤਾ ਨਾਲ ਪਾਕੀਜ਼ ਸੋਚਾਂ ਅਤੇ ਕਰਮ-ਦ੍ਰਿਸ਼ਟੀ ਨੂੰ ਮਿੱਧਣ ਲੱਗ ਪਏ।
ਬਦਲੋ ਇਸ ਤਰ੍ਹਾਂ ਕਿ ਹਰ ਕੋਈ ਤੁਹਾਡੇ ਵਾਂਗ ਬਦਲਣ ਲਈ ਉਚੇਚ ਕਰੇ। ਤੁਹਾਡੇ ਮੁੱਖੜੇ ਦੀ ਰੂਹਾਨੀਅਤ ਚੌਗਿਰਦੇ ਨੂੰ ਰੌਸ਼ਨ ਕਰੇ। ਤੁਹਾਡੇ ਕਦਮਾਂ ਦੀ ਆਹਟ ਸੁਣ ਕਿਸੇ ਦਰਦਵੰਤੇ ਨੂੰ ਸੁੱਖ ਦਾ ਸਾਹ ਆਵੇ। ਤੁਹਾਡੇ ਬੋਲ ਕੁਰੱਖਤਾ ਲਈ ਮਿਠਾਸ ਬਣਨ। ਤੁਹਾਡੀਆਂ ਭਾਵਨਾਵਾਂ ਦਾ ਰੰਗ, ਰੰਗਹੀਣ ਸੋਚਾਂ ‘ਤੇ ਚੜ੍ਹੇ ਅਤੇ ਕੋਈ ਬੇਆਸਰਾ/ਬੇਸਹਾਰਾ ਤੁਹਾਡਾ ਪੱਲੂ ਫੜਨ ਵਿਚ ਮਾਣ ਮਹਿਸੂਸ ਕਰੇ।
ਬਦਲੋ ਇੰਝ ਕਿ ਤੁਹਾਡੇ ਕੋਲ ਕਿਸੇ ਨੂੰ ਸੁਪਨੇ ਦੇਣ ਦਾ ਵਰਦਾਨ ਹੋਵੇ। ਕਿਸੇ ਦੀ ਸੁਪਨ-ਉਡਾਣ ਦਾ ਸਬੱਬ ਬਣੋ। ਸਫ਼ਲਤਾ ਦੇ ਸਿਰਨਾਵੇਂ ਲਈ ਕੋਰੀ ਸਲੇਟ ਬਣੋ। ਮੰਜ਼ਲ ਦੇ ਦਿਸਹੱਦਿਆਂ ਦਾ ਪਤਾ ਕਿਸੇ ਦੇ ਮਸਤਕ ਵਿਚ ਧਰੋ। ਕੁਝ ਤਾਂ ਅਜੇਹਾ ਕਰੋ ਕਿ ਸਮਾਂ ਤੁਹਾਡਾ ਸ਼ੁਕਰਗੁਜ਼ਾਰ ਰਹੇ। ਤੁਹਾਨੂੰ ਸਲਾਮ ਕਰੇ ਅਤੇ ਤੁਹਾਡੀਆਂ ਖੈਰਾਂ ਮੰਗਦਾ, ਤੁਹਾਡੀ ਚੜ੍ਹਦੀ ਕਲਾ ਅਤੇ ਲੰਮੇਰੀ ਉਮਰ ਲਈ ਦੁਆ ਬਣੇ।
ਬਦਲੋ ਇੰਝ ਕਿ ਕਿਸੇ ਦੁਖਿਆਰੀ ਦਾ ਦੁੱਖ ਹਰੇ। ਚੋਂਦੀ ਛੱਤ ਹੇਠ ਬੈਠੇ ਪਰਿਵਾਰ ਦਾ ਦਰਦ ਪਛਾਣੋ। ਖੁਦਕੁਸ਼ੀ ਲਈ ਅਹੁਲਦੇ ਮਨ ਨੂੰ ਮੋੜੋ। ਹੈਂਸਿਆਰੇ ਦੀ ਆਕੜ ਤੋੜੋ। ਦੂਰ ਹੋ ਰਹੇ ਸਿਰਾਂ ਨੂੰ ਜੋੜੋ। ਆਪਣੀਆਂ ਤਰਜੀਹਾਂ ਵਿਚੋਂ ਕਿਸੇ ਦੀ ਤਕਦੀਰ ਦੇ ਅੱਖਰ ਜੋੜੋ। ਸ਼ਾਇਦ ਕਿਸੇ ਦੀ ਬਦਲੀ ਹੋਈ ਤਕਦੀਰ ਤੁਹਾਡੀਆਂ ਰਾਹਾਂ ਵਿਚ ਵੀ ਰੌਸ਼ਨੀ ਬਣ ਜਾਵੇ।
ਬਦਲੋ ਇੰਝ ਕਿ ਖ਼ੁਦ ਲਈ ਜਿਉਣ ਦੀ ਬਜਾਏ ਸਰਬੱਤ ਦੇ ਭਲੇ ਦੀ ਅਰਦਾਸ ਬਣੋ। ਸਾਡੀਆਂ ਮਾਵਾਂ ਕਹਿੰਦੀਆਂ ਹੁੰਦੀਆਂ ਸਨ ਕਿ ‘ਵਾਖਰੂ’ ਸਭ ਦਾ ਭਲਾ ਕਰੀਂ ਅਤੇ ਕਿਸੇ ਪਿੱਛੇ ਸਾਡਾ ਵੀ ਭਲਾ ਕਰੀਂ। ਸ਼ਾਇਦ ਮਾਵਾਂ ਦੀਆਂ ਦੁਆਵਾਂ ਕਰਕੇ ਹੀ ਅਸੀਂ ਕੁਝ ਪ੍ਰਾਪਤ ਕਰ ਸਕੇ।
ਬਦਲਾਅ ਜ਼ਿੰਦਗੀ ਦਾ ਮੂਲ ਸਿਧਾਂਤ। ਸਥਿਰਤਾ ਤਾਂ ਖੜੋਤ ਹੁੰਦੀ। ਚੁਣੌਤੀਆਂ ਦਾ ਮੁਕਾਬਲਾ ਕਰੋ, ਇਨ੍ਹਾਂ ‘ਤੇ ਜਿੱਤ ਪ੍ਰਾਪਤ ਕਰੋ ਅਤੇ ਅੱਗੇ ਵਧੋ। ਸਫ਼ਰ ਵਿਚ ਰਹਿਣ ਵਾਲਿਆਂ ਸਾਹਵੇਂ ਮੰਜ਼ਲਾਂ ਵੀ ਨਤਮਸਤਕ ਹੁੰਦੀਆਂ। ਜਦ ਪ੍ਰਛਾਵਾਂ ਦਿਨ ਵਿਚ ਕਈ ਵਾਰ ਬਦਲਦਾ ਤਾਂ ਬੰਦਾ ਕਿਉਂ ਨਹੀਂ ਬਦਲ ਸਕਦਾ। ਦਰਅਸਲ ਬਦਲਣਾ, ਆਪਣੇ ਆਪ ਨੂੰ ਸੁਧਾਰਨਾ, ਸੰਪੂਰਨਤਾ ਵੱਲ ਜਾਣ ਦਾ ਮੌਕਾ। ਜਦ ਬੰਦੇ ਦਾ ਮਨ ਬਦਲਦਾ, ਉਸਦੀ ਸੋਚ ਬਦਲਦੀ, ਉਸਦੀਆਂ ਤਰਜੀਹਾਂ ਤੇ ਕਾਰਜਸ਼ੈਲੀ ਬਦਲਦੀ ਅਤੇ ਇਹੀ ਬਦਲਣਾ ਉਸਦੀ ਤਕਦੀਰ ਬਦਲਣ ਵਿਚ ਸਹਾਈ ਹੁੰਦਾ।
ਸੋਚ ਨੂੰ ਨਵੀਆਂ ਸਥਿਤੀਆਂ, ਸਥਾਨਾਂ ਤੇ ਮੁਸ਼ਕਲਾਂ ਅਨੁਸਾਰ ਸਮੇਂ ਦਾ ਹਾਣੀ ਬਣਾਉਣਾ। ਬਦਲਦੇ ਸਮੇਂ ਅਨੁਸਾਰ ਆਪਣੇ ਆਪ ਵਿਚ ਪੈਦਾ ਕੀਤਾ ਬਦਲਾਅ ਹੀ ਮਨੁੱਖ ਨੂੰ ਵਕਤ ਦਾ ਹਾਣੀ ਬਣਾਉਂਦਾ। ਜਿਹੜਾ ਬਦਲਾਅ ਤੁਸੀਂ ਸਮਾਜ ਤੇ ਸੰਸਾਰ ਵਿਚ ਲਿਆਣਾ ਚਾਹੁੰਦੇ ਹੋ, ਸਭ ਤੋਂ ਪਹਿਲਾਂ ਉਹੀ ਬਦਲਾਅ ਆਪਣੇ ਆਪ ਵਿਚ ਪੈਦਾ ਕਰੋ। ਦੁਨੀਆਂ ਖੁਦ-ਬ-ਖੁਦ ਬਦਲਣੀ ਸ਼ੁਰੂ ਹੋ ਜਾਵੇਗੀ।
ਤੁਹਾਡਾ ਮੁਸਕਰਾਣਾ, ਹੱਸਣਾ, ਹੱਲਾਸ਼ੇਰੀ, ਤਾਰੀਫ਼ ਕਰਨਾ ਆਦਿ ਕਿਸੇ ਦੇ ਜੀਵਨ ਵਿਚ ਬਦਲਾਅ ਲਿਆ ਸਕਦਾ। ਸੁਪਨਹੀਣ ਨੈਣਾਂ ਵਿਚ ਸੁੰਦਰ ਭਵਿੱਖ ਦੇ ਸੁਪਨੇ ਦੇਣਾ, ਸੁਪਨਿਆਂ ਦਾ ਸੱਚ ਦੇਖ ਕੇ ਤੁਹਾਡੀ ਰੂਹ ਨੂੰ ਸਕੂਨ ਮਿਲੇਗਾ।
ਕਈ ਵਾਰ ਇਕ ਹੀ ਸ਼ਬਦ, ਬੋਲ, ਹੁੰਗਾਰਾ, ਇਸ਼ਾਰਾ, ਸੈਨਤ, ਜਾਂ ਸੰਕੇਤ ਕਿਸੇ ਦੀ ਜ਼ਿੰਦਗੀ ਨੂੰ ਨਵੇਂ ਅਰਥ ਦੇ ਕੇ ਇਸਦੀ ਸਮੁੱਚਤਾ ਬਦਲ ਸਕਦਾ। ਮੌਤ ਮੰਗਣ ਵਾਲਾ ਵਿਅਕਤੀ ਜੀਵਨ ਦਾ ਅਭਿਲਾਸ਼ੀ ਹੋ ਜਾਂਦਾ ਕਿਉਂਕਿ;
ਲੱਭਣ ਵਾਲੇ ਲੱਭ ਹੀ ਲੈਂਦੇ ਹਾਉਕੇ ਵਿਚੋਂ ਹਾਸੀ।
ਜ਼ਿੰਦਗੀ ਦੇ ਮੁੱਖ ਦੇ ਉਪਰੋਂ ਲਾਹ ਕੇ ਸੁੱਟਣ ਉਦਾਸੀ।
ਫ਼ਿਕਰਾਂ ਦੀਆਂ ਕੜੀਆਂ ਤੋਂ ਹੋ ਜੇ ਬੰਦ-ਖਲਾਸੀ।
ਇਕ ਨੁਕਤੇ ਦੇ ਨਾਲ ਹੀ ਕੱਟੀ ਜਾਏ ਚੌਰਾਸੀ।
ਨੈਣੀਂ ਆਇਆ ਖਾਰਾ ਪਾਣੀ ਬਣਦਾ ਜੀਵਨ ਦਾਨੀ।
ਮਾਰੂਥਲ ਦੇ ਪਿੰਡੇ ਲਿਖਦੇ ਬਹਾਰਾਂ ਜਹੀ ਕਹਾਣੀ।
ਮਰਨਾੳ ਹੋਈ ਸੋਚ ਨੂੰ ਮਿਲਦੀ ਨਵੀਂ ਰਵਾਨੀ।
ਢਾਹ ਕੇ ਹਿੱਕ ਡੱਕਦੇ ਕਹਿਰ ਦਾ ਝਖੜ ਬਰਫ਼ਾਨੀ।
ਤੇ ਫਿਰ ਅਜੇਹਾ ਪਲ ਵੀ ਆਉਂਦਾ ਕਿ;
ਮੈਂ ਵੀ ਬਦਲਿਆਂ ਤੇ ਉਹ ਵੀ ਬਦਲੇ
ਤੇ ਬਦਲ ਗਿਆ ਜੱਗ ਸਾਰਾ।
ਬਦਲੇ ਗਏ ਰੰਗ ਵਕਤ ਦੇ
ਤੇ ਬਦਲ ਗਿਆ ਵਰਤਾਰਾ।
ਬਦਲ ਗਏ ਰੀਤ ਰਿਵਾਜ
ਅਤੇ ਬਦਲਿਆ ਭਾਈਚਾਰਾ।
ਇਸ ਬਦਲਾਅ ਨੇ ਖਾ ਲਿਆ
ਮਨ ਦਾ ਚੈਨ ਵਿਚਾਰਾ।
ਤਾਂ ਹੀ ਖੁਦ ਨੂੰ ਲੱਭਦਾ ਫਿਰਦਾ
ਹਰ ਬੰਦਾ ਦੁੱਖਿਆਰਾ।
ਹਰ ਵੇਲੇ ਆਪਣੀ ਹਾਊਂ ਦਾ ਪ੍ਰਗਟਾਵਾ ਕਰਨ, ਹੰਕਾਰ ਦਿਖਾਉਣ ਅਤੇ ਧੌਣ ਅਕੜਾ ਕੇ ਨਾ ਰੱਖਣਾ ਕਿਉਂਕਿ ਆਕੜੀਆਂ ਧੌਣਾਂ ਕਈ ਵਾਰ ਬੜੀ ਜਲਦੀ ਕਲਮ ਹੋ ਜਾਂਦੀਆਂ। ਹਲੀਮੀ ਅਤੇ ਸ਼ੁਕਰਾਨਾ ਮਨ ਦਾ ਹਾਸਲ ਬਣਾਉਣ ਵਾਲੇ ਆਪਣੇ ਹਰ ਕਰਮ, ਬੋਲ ਅਤੇ ਉਦਮ ਵਿਚੋਂ ਸਵੈ ਨੂੰ ਮਨਫ਼ੀ ਕਰਕੇ, ਬੰਦਿਆਈ ਦਾ ਸਭ ਤੋਂ ਸੁੰਦਰ ਸਰੂਪ ਹੁੰਦੇ।
ਕਦੇ ਮਨ ਦੀ ਨਕਾਰਾਤਮਿਕਤਾ ਨੂੰ ਸਕਾਰਾਤਮਿਕਤਾ ਵਿਚ, ਬੁਰਿਆਈ ਨੂੰ ਚੰਗਿਆਈ ਵਿਚ, ਨਿੰਦਿਆ ਨੂੰ ਸਿਫ਼ਤ-ਸਲਾਹ ਵਿਚ, ਵਿਹਲ ਨੂੰ ਕਾਰਜ ਵਿਚ, ਹਰ ਸਾਹ ਨੂੰ ਸੁਖਨਤਾ ਵਿਚ ਬਦਲ ਕੇ ਦੇਖਣਾ, ਇਹ ਬਦਲਾਅ ਤੁਹਾਡੀ ਜ਼ਿੰਦਗੀ ਦੇ ਰੌਸ਼ਨ ਪੱਖ ਨੂੰ ਉਜਗਾਰ ਕਰ, ਤੁਹਾਡੀ ਰਹਿਨੁਮਾਈ ਵਿਚ ਰਹਿਣ ਵਾਲੇ ਹਰ ਸ਼ਖ਼ਸ ਦੀ ਜ਼ਿੰਦਗੀ ਨੂੰ ਜਿਉਣ ਜੋਗਾ ਕਰ ਦੇਵੇਗਾ।
ਅਜੇਹਾ ਬਦਲਾਅ ਆਪਣੀ ਸੋਚ, ਕਾਰਜ-ਸ਼ੈਲੀ ਅਤੇ ਜੀਵਨ-ਜਾਚ ਵਿਚ ਲਿਆਉਣਾ, ਜੀਵਨ ਆਨੰਦਾਇਕ ਹੋ ਜਾਵੇਗਾ।