ਕਾਰਪੋਰੇਟ ਜਹਾਦ: ਨਫ਼ਰਤ ਫ਼ੈਲਾਉਣ ਦੀ ਨਵੀਂ ਮੁਹਿੰਮ

ਰਾਮ ਪੁਨਿਆਨੀ
ਪ੍ਰੋ. ਰਾਮ ਪੁਨਿਆਨੀ ਹਿੰਦੂਤਵ ਦੇ ਫਾਸ਼ੀਵਾਦੀ ਪ੍ਰੋਜੈਕਟ ਵਿਰੁੱਧ ਲਿਖਣ ਅਤੇ ਬੋਲਣ ਵਾਲੀ ਨਿਧੜਕ ਸ਼ਖ਼ਸੀਅਤ ਹਨ। ਉਹ ਫਿਰਕੂ ਰਾਜਨੀਤੀ, ਮਨੁੱਖੀ ਅਧਿਕਾਰਾਂ, ਧਰਮ-ਨਿਰਪੱਖਤਾ ਅਤੇ ਇਕ-ਸਮਾਨ ਨਾਗਰਿਕ ਸੰਹਿਤਾ (ਯੂਸੀਸੀ), ਭਾਰਤ ਦੀ ਵੰਡ ਅਤੇ ਕਸ਼ਮੀਰ ਸੰਘਰਸ਼ ਵਰਗੇ ਵਿਸ਼ਿਆਂ ਉੱਤੇ ਸੈਮੀਨਾਰ ਅਤੇ ਵਰਕਸ਼ਾਪਾਂ ਲਾਉਂਦੇ ਰਹਿੰਦੇ ਹਨ। ਉਨ੍ਹਾਂ ਦੇ ਲੇਖ ਅਤੇ ਟਿੱਪਣੀਆਂ ਬਾਕਾਇਦਗੀ ਨਾਲ ਵੱਖ-ਵੱਖ ਭਾਰਤੀ ਰਸਾਲਿਆਂ ਅਤੇ ਅਖ਼ਬਾਰਾਂ ਵਿਚ ਛਪਦੀਆਂ ਰਹਿੰਦੀਆਂ ਹਨ। ਉਨ੍ਹਾਂ ਦਾ ਇਹ ਲੇਖ ਵੀ ਘੱਟ-ਗਿਣਤੀ ਮੁਸਲਮਾਨਾਂ ਵਿਰੁੱਧ ਨਫ਼ਰਤ ਫੈਲਾਉਣ ਦੀ ਮੁਹਿੰਮ ਦੇ ਨਵੇਂ ਰੂਪ ‘ਕਾਰਪੋਰੇਟ ਜਹਾਦ’ ਪਿੱਛੇ ਕੰਮ ਕਰਦੇ ਖ਼ਤਰਨਾਕ ਮਨਸੂਬਿਆਂ ਦੀ ਚਰਚਾ ਕਰਦਾ ਹੈ। ਵਿਸ਼ੇ ਦੇ ਮਹੱਤਵ ਦੇ ਮੱਦੇਨਜ਼ਰ ਇਸਦਾ ਪੰਜਾਬੀ ਰੂਪ ਪਾਠਕਾਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ।-ਸੰਪਾਦਕ॥

ਪਿੱਛੇ ਜਹੇ ਮਹਾਰਾਸ਼ਟਰ ਦਾ ਨਾਸਿਕ ਸ਼ਹਿਰ ਦੋ ਵਾਰ ਅਖ਼ਬਾਰਾਂ ਦੀਆਂ ਸੁਰਖੀਆਂ ’ਚ ਰਿਹਾ। ਪਹਿਲੀ ਵਾਰ ਅਸ਼ੋਕ ਖਰਾਤ ਦੇ ਮਾਮਲੇ ਲਈ, ਜੋ ਇੱਕ ਪਖੰਡੀ ਬਾਬਾ ਸੀ ਅਤੇ ਔਰਤਾਂ, ਖ਼ਾਸ ਕਰਕੇ ਸਮਾਜ ਦੇ ਉੱਚ ਵਰਗ ਦੀਆਂ ਔਰਤਾਂ, ਦਾ ਜਿਨਸੀ ਸ਼ੋਸ਼ਣ ਕਰਦਾ ਸੀ। ਉਸਨੇ ਆਪਣੇ ਆਪ ਨੂੰ ਚਮਤਕਾਰੀ ਬਾਬਾ ਸਾਬਤ ਕਰਨ ਲਈ ਕੁਝ ਨਵੇਂ ਢੰਗ-ਤਰੀਕੇ ਅਖ਼ਤਿਆਰ ਕੀਤੇ।
ਉਹ ਲੋਕਾਂ ਨੂੰ ਉਨ੍ਹਾਂ ਦਾ ਅਤੀਤ, ਵਰਤਮਾਨ ਅਤੇ ਭਵਿੱਖ ਦੱਸ ਕੇ ਪ੍ਰਭਾਵਿਤ ਕਰਦਾ ਸੀ। ਉਹ ਔਰਤਾਂ ਦਾ ਬ੍ਰੇਨ ਵਾਸ਼ ਕਰਕੇ ਉਨ੍ਹਾਂ ਨੂੰ ਆਪਣੀਆਂ ਚੇਲੀਆਂ ਬਣਾਉਂਦਾ ਸੀ ਅਤੇ ਉਨ੍ਹਾਂ ਨੂੰ ਆਪਣਾ ਸਭ ਕੁਝ ਉਸ ਨੂੰ ਸਮਰਪਿਤ ਕਰ ਦੇਣ ਲਈ ਰਾਜ਼ੀ ਕਰਕੇ ਆਪਣੀ ਸਰੀਰਕ ਭੁੱਖ ਮਿਟਾਉਂਦਾ ਸੀ। ਉਸਨੇ ਸੱਪ ਅਤੇ ਹੋਰ ਜੰਗਲੀ ਜਾਨਵਰ ਪਾਲੇ ਹੋਏ ਸਨ ਅਤੇ ਇਨ੍ਹਾਂ ਜਾਨਵਰਾਂ ਨਾਲ ਔਰਤਾਂ ਨੂੰ ਡਰਾ ਕੇ ਆਪਣੀ ਗੱਲ ਮਨਵਾਉਣ ਲਈ ਮਜਬੂਰ ਕਰਦਾ ਸੀ। ਅੰਨ੍ਹੀ ਸ਼ਰਧਾ ਦੀ ਇਸੇ ਲੜੀ ’ਚ ਭਾਰਤ ਦੇ ਸਾਬਕਾ ਚੀਫ਼ ਜਸਟਿਸ ਬੀਆਰ ਗਵਈ, ਧੀਰੇਂਦਰ ਸ਼ਾਸਤਰੀ, ਜੋ ਬਾਗੇਸ਼ਵਰ ਧਾਮ ਬਾਬਾ ਦੇ ਨਾਮ ਤੋਂ ਜਾਣਿਆ ਜਾਂਦਾ ਹੈ, ਨੂੰ ਮਿਲਣ ਗਏ।
ਇੱਥੇ ਇਹ ਦੱਸਣਾ ਪ੍ਰਸੰਗਕ ਹੋਵੇਗਾ ਕਿ ਗਵਈ ਇਹ ਦਾਅਵਾ ਕਰਦੇ ਹਨ ਕਿ ਉਹ ਡਾ.ਬੀਆਰ ਅੰਬੇਡਕਰ ਦੇ ਪੈਰੋਕਾਰ ਹਨ। ਅੰਬੇਡਕਰ ਸਿਰਫ਼ ਤੇ ਸਿਰਫ਼ ਤਾਰਕਿਕਤਾ ’ਚ ਯਕੀਨ ਰੱਖਦੇ ਸਨ। ਇਸ ਮਾਮਲੇ ਨੂੰ ਮੀਡੀਆ ਵੱਲੋਂ ਥੋੜ੍ਹਾ-ਬਹੁਤ ਲਿਆ ਗਿਆ ਅਤੇ ਬਜਰੰਗ ਦਲ ਅਤੇ ਉਸ ਵਰਗੇ ਹੋਰ ਦੂਸਰੇ ਸੰਗਠਨਾਂ ਨੇ ਚੁੱਪ ਵੱਟੀ ਰੱਖੀ ਕਿਉਂਕਿ ਇਹ ਇੱਕ ਹਿੰਦੂ ਬਾਬੇ ਵੱਲੋਂ ਔਰਤਾਂ ਦੇ ਜਿਨਸੀ ਸ਼ੋਸ਼ਣ ਦਾ ਮਾਮਲਾ ਸੀ, ਕਿਉਂਕਿ ਕੋਈ ਮੁਸਲਮਾਨ ਸ਼ਾਮਲ ਨਹੀਂ ਸੀ।
ਪਰ ਇਸ ਤੋਂ ਕੁਝ ਹੀ ਦਿਨਾਂ ਬਾਅਦ ਨਫ਼ਰਤੀ ਅਨਸਰਾਂ ਨੂੰ ਇਸੇ ਨਾਸਿਕ ਤੋਂ ਨਫ਼ਰਤ ਦੀ ਅੱਗ ਭੜਕਾਉਣ ਲਈ ਪੁਲਿਸ ਦੀ ਇੱਕ ਰਿਪੋਰਟ ਦੇ ਰੂਪ ’ਚ ਭਰਪੂਰ ਬਾਲਣ ਮਿਲ ਗਿਆ। ਇਸ ਰਿਪੋਰਟ ਵਿਚ ਇੱਕ ਹਿੰਦੂ ਕੁੜੀ ਨੇ ਦਾਅਵਾ ਕੀਤਾ ਸੀ ਕਿ ਇੱਕ ਮੁਸਲਮਾਨ ਮੁਲਾਜ਼ਮ ਉਸਦਾ ਜਿਨਸੀ ਸ਼ੋਸ਼ਣ ਕਰ ਰਿਹਾ ਹੈ। ਇਸ ਮੁਸਲਮਾਨ ਮੁਲਾਜ਼ਮ ਦਾ ਇਸ ਕੁੜੀ ਨਾਲ ਚੱਕਰ ਚੱਲ ਰਿਹਾ ਸੀ ਅਤੇ ਕੁੜੀ ਦੇ ਮੁਤਾਬਿਕ ਉਸ ਮੁਸਲਮਾਨ ਨੌਜਵਾਨ ਨੇ ਉਸ ਨਾਲ ਵਿਆਹ ਕਰਨ ਦਾ ਵਾਅਦਾ ਕੀਤਾ ਸੀ, ਪਰ ਬਾਅਦ ਵਿਚ ਉਹ ਮੁੱਕਰ ਗਿਆ।
ਪੁਲਿਸ ਨੂੰ ਕੀਤੀ ਗਈ ਇਸ ਸ਼ਿਕਾਇਤ ਤੋਂ ਪੁਲਿਸ ਅਤੇ ਹਿੰਦੂਤਵਵਾਦੀ ਅਨਸਰਾਂ ਨੂੰ ਸਰਗਰਮ ਹੋਣ ਦਾ ਮੌਕਾ ਮਿਲ ਗਿਆ ਅਤੇ ਪੁਲਿਸ ਦੀ ਖ਼ੁਫੀਆ ਕਾਰਵਾਈ ਸ਼ੁਰੂ ਹੋਈ।
ਪੁਲਿਸ ਦੀ ਪੜਤਾਲ, ਜਿਸ ਦੀ ਸ਼ਲਾਘਾ ਸੂਬੇ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਤੱਕ ਨੇ ਕੀਤੀ, ਦੇ ਮੁਤਾਬਿਕ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀਸੀਐਮ) ’ਚ ਧਰਮ ਬਦਲਾਉਣ ਦੀ ਗਿਣੀ-ਮਿੱਥੀ ਸਾਜ਼ਿਸ਼ ਨੂੰ ਅਮਲ ’ਚ ਲਿਆਂਦਾ ਜਾ ਰਿਹਾ ਸੀ। ਕੁਝ ਮੁਸਲਮਾਨ ਮੁਲਾਜ਼ਮ (ਜਿਨ੍ਹਾਂ ਦੀ ਗਿਣਤੀ ਸੱਤ ਸੀ) ਹਿੰਦੂ ਮੁਲਾਜ਼ਮਾਂ ਨੂੰ ਲਾਲਚ ਦੇ ਕੇ ਅਤੇ ਡਰਾ-ਧਮਕਾ ਕੇ ਉਨ੍ਹਾਂ ਤੋਂ ਨਮਾਜ਼ ਪੜ੍ਹਵਾਉਣ ਅਤੇ ਉਨ੍ਹਾਂ ਨੂੰ ਗਾਂ ਦਾ ਮਾਸ ਖਵਾਉਣ ਦੀ ਮੁਹਿੰਮ ਚਲਾ ਰਹੇ ਸਨ। ਇਸ ਮਾਮਲੇ ਨਾਲ ਜੁੜੀਆਂ ਖ਼ਬਰਾਂ ਮੀਡੀਆ ’ਚ ਛਾਈਆਂ ਹੋਈਆਂ ਹਨ ਅਤੇ ਇੱਕ ਨਵਾਂ ਸ਼ਬਦ ‘ਕਾਰਪੋਰੇਟ ਜਿਹਾਦ’ ਘੜ ਲਿਆ ਗਿਆ ਹੈ।
ਇਸ ਤੋਂ ਮਨਸ਼ਾ ਇਹ ਹੈ ਕਿ ਵੱਡੀਆਂ ਕੰਪਨੀਆਂ ’ਚ ਮੁਸਲਮਾਨ ਮੁਲਾਜ਼ਮ ‘ਲਵ ਜਿਹਾਦ’ ਅਤੇ ‘ਧਰਮ ਬਦਲੀ’ ’ਚ ਜੁਟੇ ਹੋਏ ਹਨ। ਟੀ.ਸੀ.ਐੱਸ. ਨੇ ਸਾਰੇ ਦੋਸ਼ੀਆਂ ਨੂੰ ਬਰਖ਼ਾਸਤ ਕਰ ਦਿੱਤਾ, ਅਤੇ ਕਿਹਾ ਕਿ ਅਜਿਹਾ ਦੁਰਵਿਹਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਟਾਟਾ ਸੰਨਜ਼ ਦੇ ਮੁਖੀ ਐਨ ਚੰਦਰ ਸ਼ੇਖਰਨ ਨੇ ਇਨ੍ਹਾਂ ਦੋਸ਼ਾਂ ਨੂੰ ‘ਗੰਭੀਰ ਤੇ ਚਿੰਤਾਜਨਕ’ ਦੱਸਿਆ।
‘ਸਿਟੀਜ਼ਨਸ ਕਮੇਟੀ, ਮੁੰਬਈ (ਐਸੋਸੀਏਸ਼ਨ ਫਾਰ ਪ੍ਰੋਟੈਕਸ਼ਨ ਆਫ਼ ਸਿਵਿਲ ਰਾਈਟਸ ਅਤੇ ਪੀਯੂਸੀਐਲ ਦੀ ਸਾਂਝੀ ਕਮੇਟੀ), ਨਿਰੰਜਨ ਟਕਲੇ ਅਤੇ ਦੂਸਰਿਆਂ ਨੇ ਇਸ ਮਾਮਲੇ ਦੀ ਜਾਂਚ-ਪੜਤਾਲ ਕੀਤੀ। ਜਾਂਚ ਪੂਰੀ ਹੋਣ ਬਾਅਦ ਉਨ੍ਹਾਂ ਨੇ ਮੁੰਬਈ ’ਚ ਪ੍ਰੈੱਸ ਕਾਨਫਰੰਸ ਕੀਤੀ।
ਟਕਲੇ ਨੇ ਦੱਸਿਆ ਕਿ ਪੁਲਿਸ ਦੀ ਪੜਤਾਲ ’ਚ ਕਈ ਗੜਬੜਾਂ ਅਤੇ ਖ਼ਾਮੀਆਂ ਹਨ। ਪਹਿਲੀ, ਇਹ ਕਿ ਨਿਦਾ ਖ਼ਾਨ, ਜਿਸ ਨੂੰ ਐੱਚ.ਆਰ. ਵਿਭਾਗ ਦਾ ਮੁਖੀ ਦੱਸਿਆ ਜਾ ਰਿਹਾ ਸੀ ਅਤੇ ਜਿਸ ’ਤੇ ਔਰਤ ਮੁਲਾਜ਼ਮਾਂ ਨੂੰ ਮਜਬੂਰ ਕਰਕੇ ਆਪਣਾ ਸ਼ਿਕਾਰ ਬਣਾਏ ਜਾਣ ਦਾ ਦੋਸ਼ ਸੀ, ਅਸਲ ਵਿਚ ਐੱਚ.ਆਰ. ਵਿਭਾਗ ਦਾ ਮੁਖੀ ਨਹੀਂ ਸਗੋਂ ਮਾਤਰ ਇੱਕ ਟੈਲੀਕਾਲਰ ਸੀ।
ਇਹ ਦਾਅਵਾ ਕਿ ਇਸ ਸਾਜ਼ਿਸ਼ ’ਤੇ ਪਿਛਲੇ ਚਾਰ ਸਾਲਾਂ ਤੋਂ ਅਮਲ ਕੀਤਾ ਜਾ ਰਿਹਾ ਸੀ, ਬਿਲਕੁਲ ਗ਼ਲਤ ਹੈ ਕਿਉਂਕਿ ਟੀ.ਸੀ.ਐੱਸ. ਦੇ ਨਾਸਿਕ ਦਫ਼ਤਰ ਤੋਂ ਧਰਮ ਬਦਲੀ ਕਰਕੇ ਇਸਲਾਮ ਸਵੀਕਾਰ ਕਰਨ ਦਾ ਇੱਕ ਵੀ ਮਾਮਲਾ ਸਾਹਮਣੇ ਨਹੀਂ ਆਇਆ। ਧਰਮ ਬਦਲੀ ਦੀ ਇੱਕ ਘਟਨਾ ਜ਼ਰੂਰ ਹੋਈ ਹੈ, ਪਰ ਇਸ ਵਿਚ ਜਹਾਨਾ ਨਾਮ ਦੀ ਇੱਕ ਈਸਾਈ ਕੁੜੀ ਨੇ ਹਿੰਦੂ ਧਰਮ ਗ੍ਰਹਿਣ ਕੀਤਾ ਹੈ।
ਕਮੇਟੀ ਨੇ ਇਸ ਦੋਸ਼ ਨੂੰ ਖਾਰਜ ਕਰ ਦਿੱਤਾ ਕਿ ਜਿਹੜੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਹ ਦੂਸਰੇ ਲੋਕਾਂ ਨੂੰ ਜਬਰਨ ਗਊ ਦਾ ਮਾਸ ਖਵਾਉਂਦੇ ਸਨ। ਕੀ ਇਹ ਸੰਭਵ ਹੈ ਕਿ ਥੋੜ੍ਹੇ ਜਿਹੇ ਮੁਲਾਜ਼ਮ ਦੂਸਰੇ ਮੁਲਾਜ਼ਮਾਂ ਨੂੰ, ਜਿਨ੍ਹਾਂ ਦੀ ਗਿਣਤੀ ਉਨ੍ਹਾਂ ਨਾਲੋਂ ਕਈ ਗੁਣਾ ਜ਼ਿਆਦਾ ਹੈ, ਕੁਝ ਵੀ ਖਾਣ ਲਈ ਮਜਬੂਰ ਕਰ ਰਹੇ ਹੋਣ।
ਇਸ ਦੇ ਇਲਾਵਾ ਮੁੱਖ ਦੋਸ਼ੀ ਦਾਨਿਸ਼ ਸ਼ੇਖ ’ਤੇ ਬਲਾਤਕਾਰ ਅਤੇ ਉਸ ਕੁੜੀ ਨੇ ਆਪਣੀ ਸ਼ਾਦੀ-ਸ਼ੁਦਾ ਸਥਿਤੀ ਲੁਕਾਉਣ ਦਾ ਜੋ ਦੋਸ਼ ਲਾਇਆ ਹੈ, ਉਹ ਵੀ ਸੱਚ ਨਹੀਂ ਲੱਗਦਾ ਕਿਉਂਕਿ ਦਾਨਿਸ਼ ਦੀ ਘਰਵਾਲੀ ਅਤੇ ਅਖੌਤੀ ਪੀੜਤ ਲੜਕੀ ਦਰਮਿਆਨ ਵਟ੍ਹਸਐਪ ’ਤੇ ਸੁਨੇਹਿਆਂ ਦਾ ਸਿਲਸਿਲਾ ਚਲਦਾ ਰਹਿੰਦਾ ਸੀ। ਨਾਲ ਹੀ ਉਹ ਕੁੜੀ ਦਾਨਿਸ਼ ਨਾਲ ਮੋਟਰਸਾਈਕਲ ’ਤੇ ਨਾਸਿਕ ਤੋਂ 27 ਕਿਲੋਮੀਟਰ ਦੂਰ ਟੂਰਿਸਟ ਪਲੇਸ ਤ੍ਰਿਅੰਬਕੇਸ਼ਵਰ ਗਈ ਸੀ।
ਇਹ ਸਵਾਲ ਕੀਤੇ ਜਾਣ ’ਤੇ ਕਿ ਮੁਸਲਮਾਨ ਮੁਲਾਜ਼ਮਾਂ ਦਾ ਅਕਸ ਵਿਗਾੜੇ ਜਾਣ ਦੀ ਇਸ ਯੋਜਨਾ ਦਾ ਉਦੇਸ਼ ਕੀ ਹੈ? ਟਕਲੇ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਇਸ ਦਾ ਉਦੇਸ਼ ਸਾਰੇ ਮੁਸਲਮਾਨਾਂ ਖ਼ਿਲਾਫ਼ ਨਫ਼ਰਤ ਵਧਾਉਣਾ ਸੀ।
ਪ੍ਰੈੱਸ ਕਾਨਫਰੰਸ ’ਚ ਮੌਜੂਦ ਤੀਸਤਾ ਸੀਤਲਵਾੜ, ਜੋ ਮਨੁੱਖੀ ਅਧਿਕਾਰਾਂ ਅਤੇ ਸੰਵਿਧਾਨਕ ਕਦਰਾਂ-ਕੀਮਤਾਂ ਦੀ ਰੱਖਿਆ ਲਈ ਅਣਥੱਕ ਯਤਨ ਕਰਦੀ ਰਹਿੰਦੀ ਹੈ, ਨੇ ਕਿਹਾ ਕਿ ਇੰਝ ਲੱਗਦਾ ਹੈ ਕਿ ਇਹ ਯਕੀਨੀ ਬਣਾਉਣ ਦਾ ਸੋਚਿਆ-ਸਮਝਿਆ ਯਤਨ ਕੀਤਾ ਜਾ ਰਿਹਾ ਹੈ ਕਿ ਕੰਪਨੀਆਂ, ਪੜ੍ਹੇ-ਲਿਖੇ ਮੁਸਲਮਾਨ ਨੌਜਵਾਨਾਂ ਨੂੰ ਨੌਕਰੀਆਂ ਨਾ ਦੇਣ। ਇਹ ਪੜ੍ਹੇ-ਲਿਖੇ ਮੁਸਲਮਾਨਾਂ ਨੂੰ ਬਦਨਾਮ ਕਰਨ ਦੇ ਉਦੇਸ਼ ਨਾਲ ਕੀਤਾ ਗਿਆ ਹਮਲਾ ਹੈ। ਇਸ ਪੂਰੇ ਮਾਮਲੇ ਨੂੰ ਫਿਰਕੂ ਤਾਕਤਾਂ ਵੱਲੋਂ ਇਨ੍ਹਾਂ ਦੋ ਟੀਚਿਆਂ ਦੀ ਪੂਰਤੀ ਲਈ ਹੀ ਉਠਾਇਆ ਗਿਆ ਹੈ।
ਕਮੇਟੀ ਦੇ ਮੈਂਬਰਾਂ ਨੇ ਇਸ ਵੱਲ ਵੀ ਧਿਆਨ ਦਿਵਾਇਆ ਕਿ ਮੀਡੀਆ ਦੁਆਰਾ ਤੱਥਾਂ ਦੀ ਪੁਸ਼ਟੀ ਕੀਤੇ ਬਿਨਾਂ ਦਹਿਸ਼ਤ ਪੈਦਾ ਕਰਨ ਦਾ ਇਹ ਕਾਰਾ ਬਹੁਤ ਪਰੇਸ਼ਾਨ ਕਰਨ ਵਾਲਾ ਹੈ। ਜਿਸ ਨਿਦਾ ਖ਼ਾਨ ਨੂੰ ਇਸ ਪੂਰੀ ਸਾਜ਼ਿਸ਼ ਦਾ ਮੁੱਖ ਕਰਤਾ-ਧਰਤਾ ਦੱਸਿਆ ਜਾ ਰਿਹਾ ਹੈ, ਦਾ ਕਈ ਮਹੀਨਿਆਂ ਤੋਂ ਮੁੰਬਈ ਦਫ਼ਤਰ ’ਚ ਤਬਾਦਲਾ ਹੋ ਚੁੱਕਿਆ ਸੀ ਜਿੱਥੇ ਉਹ ਆਪਣੇ ਪਰਿਵਾਰ ਸਮੇਤ ਰਹਿ ਰਿਹਾ ਸੀ।
‘ਹਿੰਦੂ ਖ਼ਤਰੇ ’ਚ ਹੈ’ ਦੀ ਧਾਰਨਾ ਨੂੰ ਇੱਕ ਵਾਰ ਫਿਰ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ। ‘ਧਰਮ-ਬਦਲੀ’ ਅਤੇ ‘ਲਵ-ਜਿਹਾਦ’ ਦਾ ਪ੍ਰਚਾਰ ਇਸ ਦੇ ਮੁੱਖ ਸੰਦ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਇਸ ਦਾ ਉਦੇਸ਼ ਟੀ.ਸੀ.ਐੱਸ. ਵਰਗੀਆਂ ਕੰਪਨੀਆਂ ’ਚ ਮੁਸਲਮਾਨ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਘਟਾਉਣਾ ਵੀ ਹੈ।
ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ਦੇ ਸੰਬੰਧ ’ਚ ਅਸ਼ੋਕ ਖਰਾਤ ਦੇ ਮਾਮਲੇ ਨੂੰ ਦਬਾਉਣ ਅਤੇ ਦਾਨਿਸ਼ ਦੇ ਮਾਮਲੇ ਨੂੰ ਵਧਾ-ਚੜ੍ਹਾ ਕੇ ਝੂਠ ਦੇ ਸਹਾਰੇ ਉਛਾਲਣ ਦਾ ਮੀਡੀਆ ਦਾ ਇਹ ਰਵੱਈਆ ਬਹੁਤ ਹੀ ਨਿੰਦਣਯੋਗ ਹੈ ਤੇ ਅਸੀਂ ਇੱਥੋਂ ਕਿਸ ਪਾਸੇ ਜਾਵਾਂਗੇ? ਫ਼ਿਰਕੂ ਤਾਕਤਾਂ ਦੁਆਰਾ ਘੜਿਆ ਗਿਆ ਬਿਰਤਾਂਤ ਕੁਝ ਹੀ ਘੰਟਿਆਂ ’ਚ ਸਮਾਜ ਨੂੰ ਜਕੜ ਲੈਂਦਾ ਹੈ, ਜਦੋਂ ਕਿ ਪੂਰੀ ਸੱਚਾਈ ਸਾਹਮਣੇ ਆਉਣ ’ਚ ਕਈ ਹਫ਼ਤੇ ਲੱਗ ਜਾਂਦੇ ਹਨ। ਫ਼ਿਰਕੂ ਤਾਕਤਾਂ ਦੁਆਰਾ ਸਥਾਪਤ ਕੀਤਾ ਗਿਆ ਤੰਤਰ, ਮੀਡੀਆ ਦੀ ਮਦਦ ਅਤੇ ਏਜੰਸੀਆਂ ਦਾ ਪੱਖਪਾਤੀ ਰਵੱਈਆ ਖ਼ਤਰਨਾਕ ਘਾਲਾ-ਮਾਲਾ ਹੈ, ਜੋ ਨਫ਼ਰਤ ਵਧਾਉਂਦਾ ਹੈ ਅਤੇ ਘੱਟ-ਗਿਣਤੀ ਭਾਈਚਾਰੇ ਨੂੰ ਹਾਸ਼ੀਏ ਵੱਲ ਧੱਕ ਦਿੰਦਾ ਹੈ।
ਜਿੱਥੋਂ ਤੱਕ ‘ਲਵ-ਜਹਾਦ’ ਦੀ ਗੱਲ ਹੈ, ਇਹ ਪਾਟਕ-ਪਾਊ ਤਾਕਤਾਂ ਦੇ ਹੱਥ ਲੱਗਾ ਬਹੁਤ ਵੱਡਾ ਹਥਿਆਰ ਹੈ ਜਿਸ ਦੇ ਜ਼ਰੀਏ ਉਹ ਹਿੰਦੂ ਕੁੜੀਆਂ ਦੀ ਆਜ਼ਾਦੀ ’ਤੇ ਵੱਖ-ਵੱਖ ਤਰ੍ਹਾਂ ਦੀਆਂ ਪਾਬੰਦੀਆਂ ਲਾਉਣ ’ਚ ਕਾਮਯਾਬ ਹੋ ਰਹੇ ਹਨ। ਇਸ ਮਾਮਲੇ ’ਚ ਕੀਤੀ ਗਈ ਡੂੰਘੀ ਘੋਖ ਤੋਂ ਇਹ ਸਿੱਟਾ ਨਿਕਲਦਾ ਹੈ ਕਿ ਇਹ ਮਨਘੜਤ ਪ੍ਰਚਾਰ ਤੋਂ ਇਲਾਵਾ ਕੁਝ ਵੀ ਨਹੀਂ ਹੈ। ਹਾਦਿਆ (ਧਰਮ ਬਦਲਣ ਤੋਂ ਪਹਿਲਾਂ ਸਾਬਕਾ ਅਖਿਲਾ ਅਸ਼ੋਕਨ) ਦੇ ਮਾਮਲੇ ਸਮੇਤ ਅਜਿਹੇ ਜ਼ਿਆਦਾਤਰ ਮਾਮਲੇ, ਜੋ ਅਦਾਲਤਾਂ ਤੱਕ ਪਹੁੰਚੇ, ’ਚ ਇਹ ਸਾਬਤ ਹੋਇਆ ਕਿ ਕੁੜੀਆਂ ਦੁਆਰਾ ਆਜ਼ਾਦੀ ਤੋਂ ਪਹਿਲਾਂ, ਆਪਣੀ ਮਰਜ਼ੀ ਨਾਲ ਫ਼ੈਸਲੇ ਲਏ ਗਏ ਸਨ।
‘ਕੇਰਲਾ ਸਟੋਰੀ’ ਫ਼ਿਲਮ ਨੇ ਇਸ ਦਿਸ਼ਾ ’ਚ ਪ੍ਰਚਾਰ ਨੂੰ ਅੱਗੇ ਵਧਾਉਣ ’ਚ ਅਹਿਮ ਭੂਮਿਕਾ ਨਿਭਾਈ ਹੈ।
ਮੁਸਲਮਾਨ ‘ਲਵ-ਜਹਾਦ’ ਅਤੇ ਧਰਮ ਬਦਲੀ ਜ਼ਰੀਏ ਆਪਣੀ ਆਬਾਦੀ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਇਹ ਦੋਸ਼ ਐਨੀ ਵਾਰ ਦੁਹਰਾਇਆ ਗਿਆ ਹੈ ਕਿ ਲੋਕ ਇਸ ਨੂੰ ਸੁਣਦਿਆਂ-ਸੁਣਦਿਆਂ ਅੱਕ ਗਏ ਹਨ। ਇਹ ਹਿੰਦੂ ਹੁਕਮਰਾਨਾਂ ਦੁਆਰਾ ਚਲਾਈ ਜਾ ਰਹੀ ਤਿੱਖੀ ਤੇ ਤੇਜ਼ ਮੁਹਿੰਮ ਦਾ ਹਿੱਸਾ ਹੈ, ਹੁਣ ਉਹ ਸੋਚੇ-ਸਮਝੇ ਢੰਗ ਨਾਲ ਟੀ.ਸੀ.ਐੱਸ. ਵਰਗੇ ਮਾਮਲੇ ਉਠਾ ਕੇ ਮੁਸਲਮਾਨ ਨੌਜਵਾਨਾਂ ਦੇ ਰੁਜ਼ਗਾਰ ਹਾਸਲ ਕਰਨ ਦੇ ਰਾਹ ’ਚ ਅੜਿੱਕੇ ਖੜ੍ਹੇ ਕਰ ਰਹੇ ਹਨ।
ਸਾਨੂੰ ਯਾਦ ਹੈ ਕਿ ਕੋਵਿਡ-19 ਮਹਾਂਮਾਰੀ ਦੌਰਾਨ ‘ਕੋਰੋਨਾ ਜਹਾਦ’ ਵਰਗੇ ਸ਼ਬਦ ਘੜੇ ਗਏ ਸਨ। ਉਸ ਸਮੇਂ ਇਹ ਸਾਜ਼ਿਸ਼ ਫੈਲਾਈ ਗਈ ਸੀ ਕਿ ਮੁਸਲਮਾਨ ਕੋਰੋਨਾ ਫੈਲਾ ਰਹੇ ਹਨ, ਇਸ ਲਈ ਫੇਰੀ ਲਾ ਕੇ ਸਾਮਾਨ ਵੇਚਣ ਵਾਲੇ ਮੁਸਲਮਾਨਾਂ ਨੂੰ ਕਲੋਨੀਆਂ ’ਚ ਦਾਖ਼ਲ ਨਹੀਂ ਹੋਣ ਦਿੱਤਾ ਗਿਆ ਸੀ। ਹੁਣ ਮੁਸਲਮਾਨ ਦੁਕਾਨਦਾਰਾਂ ਦਾ ਬਾਈਕਾਟ ਕਰਨ ਦਾ ਸੱਦਾ ਸ਼ਰ੍ਹੇਆਮ ਦਿੱਤਾ ਜਾ ਰਿਹਾ ਹੈ।
ਕਈ ਲੋਕ ਇਹ ਦਾਅਵਾ ਕਰ ਰਹੇ ਹਨ ਕਿ ਫ਼ਿਰਕੂ ਹਿੰਸਾ ਦੀਆਂ ਘਟਨਾਵਾਂ ’ਚ ਗਿਰਾਵਟ ਆ ਰਹੀ ਹੈ ਅਤੇ ਪਿਛਲੇ ਕੁਝ ਸਾਲਾਂ ’ਚ ਕੋਈ ਵੱਡਾ ਫਿਰਕੂ ਦੰਗਾ-ਫ਼ਸਾਦ ਨਹੀਂ ਹੋਇਆ। ਪਰ ਵੱਖ-ਵੱਖ ਖੇਤਰਾਂ ’ਚ ਹਿੰਸਾ ਦੀਆਂ ਛੋਟੀਆਂ-ਮੋਟੀਆਂ ਘਟਨਾਵਾਂ ਵੱਡੀ ਗਿਣਤੀ ’ਚ ਵਾਪਰ ਰਹੀਆਂ ਹਨ ਜੋ ਹਿੰਸਾ ਦਾ ਹੀ ਇੱਕ ਹੋਰ ਰੂਪ ਹਨ। ਇਹ ਕਈ ਢੰਗਾਂ ਨਾਲ, ਕਈ ਰੂਪਾਂ ’ਚ ਹੋ ਰਿਹਾ ਹੈ ਅਤੇ ਘੱਟ ਗਿਣਤੀ ਭਾਈਚਾਰੇ ਖ਼ਿਲਾਫ਼ ਨਫ਼ਰਤ ਫ਼ੈਲਾਈ ਜਾ ਰਹੀ ਹੈ।
ਅਧਿਕਾਰੀਆਂ ਨੂੰ ਇਸ ਮਾਮਲੇ ਦੀ ਸੱਚੀ ਅਤੇ ਨਿਰਪੱਖ ਰਿਪੋਰਟ ਜਾਰੀ ਕਰਨੀ ਚਾਹੀਦੀ ਹੈ। ਟੀ.ਸੀ.ਐੱਸ. ਵਰਗੀਆਂ ਕੰਪਨੀਆਂ ਨੂੰ ਝੂਠੇ ਪ੍ਰਚਾਰ ਦਾ ਪਰਦਾਫਾਸ਼ ਕਰਨਾ ਚਾਹੀਦਾ ਹੈ, ਝੂਠੇ ਦੋਸ਼ਾਂ ਤਹਿਤ ਫਸਾਏ ਗਏ ਆਪਣੇ ਬੇਦੋਸ਼ੇ ਮੁਲਾਜ਼ਮਾਂ ਦੀ ਨੌਕਰੀ ਬਹਾਲ ਕਰਨੀ ਚਾਹੀਦੀ ਹੈ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ’ਚ ਮਦਦ ਕਰਨੀ ਚਾਹੀਦੀ ਹੈ।