ਹੋਰਮੁਜ਼ ਜਲਦੀ ਖੋਲਿ੍ਹਆ ਜਾਵੇ: ਜਿਨਪਿੰਗ

ਬੀਜਿੰਗ:ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਸੋਮਵਾਰ ਨੂੰ ਹੋਰਮੁਜ਼ ਸਟ੍ਰੇਟ ਮਾਮਲੇ ‘ਤੇ ਪਹਿਲੀ ਵਾਰ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਇਸ ਕੌਮਾਂਤਰੀ ਜਲਮਾਰਗ ਨੂੰ ਬਿਨਾਂ ਦੇਰੀ ਕੀਤੇ ਖੋਲਿ੍ਹਆ ਜਾਵੇ। ਜਿਨਪਿੰਗ ਨੇ ਹੋਰਮੁਜ਼ ਸਟ੍ਰੇਟ ਨੂੰ ਕੌਮਾਂਤਰੀ ਜਲਮਾਰਗ ਦੱਸਿਆ ਹੈ ਤੇ ਕਿਹਾ ਹੈ ਕਿ ਇਹ ਸਾਰੇ ਮੁਲਕਾਂ ਦੇ ਜਹਾਜ਼ਾਂ ਲਈ ਆਮ ਜਲਮਾਰਗ ਹੈ, ਇਸ ਦੇ ਜ਼ਰੀਏ ਮਾਲਵਾਹਕ ਬੇੜਿਆਂ ਤੇ ਹੋਰਨਾਂ ਜਹਾਜ਼ਾ ਲਈ ਬੇਰੋਕ-ਟੋਕ ਆਵਾਜਾਈ ਹੋਣੀ ਚਾਹੀਦੀ ਹੈ। ਯਾਦ ਰਹੇ ਓਮਾਨ ਦੀ ਖਾੜੀ ਨੂੰ ਅਰਥ ਸਾਗਰ ਨਾਲ ਜੋੜਣ ਵਾਲੇ ਹੋਰਮੁਜ਼ ਸਟ੍ਰੇਟ ਨਾਲ ਹੋਰਨਾਂ ਮੁਲਕਾਂ ਦੇ ਜਹਾਜ਼ਾਂ ਦੇ ਲੰਘਣ ‘ਤੇ ਈਰਾਨ ਨੇ ਰੋਕ ਲਗਾਈ ਹੋਈ ਹੈ ਜਦਕਿ ਇਸ ਦੇ ਅੱਗੇ ਅਮਰੀਕੀ ਸਮੁੰਦਰੀ ਫ਼ੌਜ ਨੇ ਈਰਾਨ ਦੀਆਂ ਬੰਦਰਗਾਹਾਂ ਤੋਂ ਜਹਾਜ਼ਾਂ ਦੀ ਆਵਾਜਾਈ ਰੋਕਣ ਲਈ ਘੇਰਾਬੰਦੀ ਕੀਤੀ ਹੋਈ ਹੈ।

ਹੋਰਮੁਜ਼ ਸਟ੍ਰੇਟ ਨਾਲ ਜੁੜੇ ਤਾਜ਼ਾ ਘਟਨਾਕ੍ਰਮ ਵਿਚ ਅਮਰੀਕੀ ਨੇਵੀ ਨੇ ਚੀਨ ਤੋਂ ਪਰਤ ਰਹੇ ਈਰਾਨੀ ਤੇਲ ਟੈਂਕਰ ਨੂੰ ਈਰਾਨੀ ਜਲ ਹੱਦ ਤੋਂ ਪਹਿਲਾਂ ਰੋਕ ਕੇ ਉਸ ਨੂੰ ਕਬਜ਼ੇ ਵਿਚ ਲੈ ਲਿਆ ਹੈ। ਈਰਾਨੀ ਬਲਾਂ ਨੇ ਜਵਾਬ ਵਿਚ ਅਮਰੀਕੀ ਜੰਗੀ ਬੇੜਿਆਂ ‘ਤੇ ਡ੍ਰੋਨ ਹਮਲੇ ਕਰਨ ਦਾ ਦਾਅਵਾ ਕੀਤਾ ਹੈ। ਇਸ ਤੋਂ ਪਹਿਲਾਂ ਈਰਾਨ ਦੇ ਆਈਆਰਜੀਸੀ ਬਲ ਨੇ ਭਾਰਤੀ ਤੇਲ ਗੈਸ ਟੈਂਕਰਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ ਸੀ ਤੇ ਇਕ ਜਹਾਜ਼ ‘ਤੇ ਗੋਲੀਬਾਰੀ ਕੀਤੀ ਸੀ।
ਚੀਨੀ ਰਾਸ਼ਟਰਪਤੀ ਜਿਨਪਿੰਗ ਨੇ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨਾਲ ਫੋਨ ‘ਤੇ ਗੱਲਬਾਤ ਕੀਤੀ ਤੇ ਕਿਹਾ ਕਿ ਹੋਰਮੁਜ਼ ਸਟ੍ਰੇਟ, ਜਹਾਜ਼ਾਂ ਲਈ ਪਹਿਲਾਂ ਵਾਂਗ ਆਵਾਜਾਈ ਲਈ ਇਹ ਖੁੱਲ੍ਹਣਾ ਚਾਹੀਦਾ ਹੈ। ਇਹ ਖੇਤਰੀ ਦੇ ਨਾਲ-ਨਾਲ ਦੇਸ਼ਾਂ ਤੇ ਵਿਸ਼ਵ ਭਾਈਚਾਰੇ ਦੇ ਹਿੱਤ ਵਿਚ ਹੈ, ਨਾਲ ਹੀ ਕੌਮਾਂਤਰੀ ਨਿਯਮਾਂ ਮੁਤਾਬਕ ਹੈ। ਜਿਨਪਿੰਗ ਨੇ ਕਿਹਾ ਕਿ ਚੀਨ ਖੇਤਰ ਵਿਚ ਬਿਨਾਂ ਦੇਰ ਕੀਤੇ ਜੰਗਬੰਦੀ ਚਾਹੁੰਦਾ ਹੈ। ਇਸ ਤੋਂ ਬਾਅਦ ਗੱਲਬਾਤ ਜ਼ਰੀਏ ਸ਼ਾਂਤੀ ਤੇ ਸਥਿਰਤਾ ਦੇ ਮਾਹੌਲ ਵਿਚ ਸਾਰੇ ਮਤਭੇਦ ਸੁਲਝਾਏ ਜਾਣ।