‘ਪੰਜਾਬ ਟਾਈਮਜ਼’ ਦੇ 28 ਮਾਰਚ 2026 ਦੇ ਅੰਕ ਵਿਚ ਸਿੱਖ ਸਕਾਲਰ ਡਾ. ਗੁਰਨਾਮ ਕੌਰ ਦਾ ਲੇਖ ਧਿਆਨ ਦੀ ਮੰਗ ਕਰਦਾ ਹੈ। ਹਰਜੀਤ ਦਿਉਲ ਨੇ ਇਸ ਉਪਰ ਆਪਣੇ ਵਿਚਾਰ ਪੇਸ਼ ਕੀਤੇ ਹਨ। ਸੰਵਾਦ ਦੀ ਇਸ ਪ੍ਰਕਿਰਿਆ ਦਾ ਸਵਾਗਤ ਕਰਨਾ ਬਣਦਾ ਹੈ।
ਦਰਅਸਲ ਗੱਲ ਬਣਦੀ ਹੀ ਤਾਂ ਹੈ, ਜੇਕਰ ਤਸਵੀਰ ਦੇ ਦੋਹਵੇਂ ਪਾਸੇ ਵਿਖਾਏ ਜਾਣ ਜੋ ਕਿਸੇ ਵੀ ਇੱਕ ਸਕਾਲਰ ਪਾਸੋਂ ਆਸ ਨਹੀਂ ਰੱਖੀ ਜਾ ਸਕਦੀ। ਜਿੰLਦਗੀ ਦੀਆਂ ਤਲਖ਼ ਹਕੀਕਤਾਂ ਨੂੰ ਹਰ ਇੱਕ ਨੇ ਆਪੋ-ਆਪਣੇ ਜਾਵੀਏ ਵਿਚ ਰੱਖ ਕੇ ਵਿਚਾਰਨਾ ਅਤੇ ਪਰਖਣਾ ਹੁੰਦਾ ਹੈ। ਵਿਚਾਰ ਦੇ ਇਸ ਅਦਾਨ-ਪ੍ਰਦਾਨ ਨੂੰ ਹੀ ਤਾਂ ਸਿੱਖ ਦਰਸ਼ਨ ਵਿਚ ਮਹੱਤਵਪੂਰਨ ਥਾਂ ਖੁਦ ਗੁਰੂ ਬਾਬਾ ਨਾਨਕ ਜੀ ਨੇ ਦਿੱਤੀ ਸੀ। ਅਸੀਂ ਵਾਰ-ਵਾਰ ਗੁਰੂ ਨਾਨਕ ਸਾਹਿਬ ਦੀ ਲਿਖੀ ਗੁਰਬਾਣੀ ਦੀ ਪੰਗਤੀ ‘ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ॥’ ਨੂੰ ਦੁਹਰਾਉਂਦੇ ਰਹਿੰਦੇ ਹਾਂ। ਸੋ ਗੁਰੂ ਬਾਬੇ ਦੇ ਇਸ ਫੁਰਮਾਨ ਨੂੰ ਸਮਝਦੇ ਹੋਏ ਆਪਣੇ ਵਿਚਾਰ ਦੀ ਕਾਟ ਕਰਦੇ ਸਮੇਂ ਕਿਸੇ ਦੂਸਰੇ ਵਿਚਾਰ ਨੂੰ ਸਪੇਸ ਦੇਣ ਦਾ ਹੁਨਰ ਵੀ ਸਾਨੂੰ ਸਿੱਖਣਾ ਚਾਹੀਦਾ ਹੈ। ਇਹੀ ਇੱਕੋ-ਇੱਕ ਤਰੀਕਾ ਬੌਧਿਕਤਾ ਅਤੇ ਮਨੁੱਖੀ ਵਿਕਾਸ ਦਾ ਰਾਹ ਖੋਲ੍ਹਦਾ ਹੈ।
ਡਾ. ਗੁਰਨਾਮ ਕੌਰ ਜੀ ਦੇ ਲੇਖ਼ ਅਤੇ ਇਸ ਉਪਰ ਹਰਜੀਤ ਦਿਉਲ ਦੀ ਪ੍ਰਤੀਕਿਰਿਆ ਅਤੇ ਟਿੱਪਣੀ ਨੂੰ ਵਿਚਾਰਨ ਤੋਂ ਪਹਿਲਾਂ ਇਰਾਨ ਦੀ ਪੁਰਾਤਨ ਸਭਿਅਤਾ ਤੋਂ ਮੌਜੂਦਾ ਦੌਰ ਦੇ ਪਰਿਪੇਖ ਨੂੰ ਜਾਣਨਾ ਜ਼ਰੂਰੀ ਹੋ ਜਾਂਦਾ ਹੈ। ਇਰਾਨ ਦੀ ਪੁਰਾਤਨ ਸੱਭਿਅਤਾ ਦੁਨੀਆ ਦੀਆਂ ਸਭ ਤੋਂ ਪ੍ਰਾਚੀਨ ਅਤੇ ਅਮੀਰ ਸੱਭਿਆਚਾਰਾਂ ਵਿਚੋਂ ਇੱਕ ਹੈ, ਜਿਸਨੂੰ ਆਮ ਤੌਰ ‘ਤੇ ਫਾਰਸੀ ਸੱਭਿਅਤਾ ਕਿਹਾ ਜਾਂਦਾ ਹੈ। ਖੁਜ਼ੇਸਤਾਨ ਖੇਤਰ ਵਿਚ ਜਨਮੀ ਅਤੇ ਵਿਕਸਿਤ ਹੋਈ ਇਸ ਮਹਾਨ ਅਕਮੀਨੀਡ ਸਾਮਰਾਜ ਸੱਭਿਅਤਾ ਦੀ ਅੱਗੇ ਚੱਲ ਕੇ ਵੱਖਰੀ ਪਛਾਣ ਬਣੀ ਜਿਸ ਦੀ ਆਪਣੀ ਲਿਪੀ ਅਤੇ ਸੱਭਿਆਚਾਰ ਸੀ। ਲਗਭਗ 550 ਤੋਂ 330 ਈਸਾ ਪੂਰਵ ਇਸ ਫਾਰਸੀ ਸਾਮਰਾਜ ਦਾ ਸੰਸਥਾਪਕ ਸਾਈਰਸ ਮਹਾਨ ਸੀ, ਜਿਸ ਦੀ ਰਾਜਧਾਨੀ ਪਰਸੇਪੋਲਿਸ ਸੀ। ਵੱਡਾ ਸਾਮਰਾਜ ਭਾਰਤ ਤੋਂ ਮਿਸਰ ਤੱਕ ਫੈਲਿਆ ਹੋਇਆ ਸੀ। ਇਤਿਹਾਸ ਵਿਚ ਉਸ ਸਮੇਂ ਦੀ ਸ਼ਾਸਨ ਪ੍ਰਣਾਲੀ ਨੂੰ ਸੈਟ੍ਰੇਪੀ ਸਿਸਟਮ ਦਾ ਨਾਂ ਦਿੱਤਾ ਗਿਆ ਹੈ ਜੋ ਕਦੇ ਧਾਰਮਿਕ ਸਹਿਣਸ਼ੀਲਤਾ ਦਾ ਸੁੰਦਰ ਨਮੂਨਾ ਹੁੰਦਾ ਸੀ। ਮੂਲ ਰੂਪ ਵਿਚ ਪ੍ਰਾਚੀਨ ਈਰਾਨੀ ਧਰਮ ਜ਼ੋਰਾਸਟ੍ਰੀਅਨਿਜ਼ਮ ਸੀ, ਜਿਸਦੀ ਸਥਾਪਨਾ ਪੈਗੰਬਰ ਜ਼ਰਾਥੁਸਤਰਾ (ਜਿਸਨੂੰ ਜ਼ੋਰਾਸਟਰ ਵੀ ਕਿਹਾ ਜਾਂਦਾ ਹੈ) ਨੇ ਪਹਿਲੀ ਸਦੀ ਈਸਾ ਪੂਰਵ ਵਿਚ ਕੀਤੀ ਸੀ। ਇਹ ਬੁੱਧੀ ਅਤੇ ਬੁੱਧੀਮਾਨ ਪ੍ਰਭੂ ਦੀ ਪੂਜਾ ‘ਤੇ ਕੇਂਦ੍ਰਿਤ ਸੀ ਅਤੇ ਚੰਗੇ ਅਤੇ ਬੁਰੇ ਦੇ ਦਵੰਦਵਾਦੀ ਬ੍ਰਹਿਮੰਡ ਵਿਗਿਆਨ ਦੀ ਸਿੱਖਿਆ ਦਿੰਦਾ ਹੈ। ਮਤਲਬ ਇਹ ਕਿ ਇਹ ਮਨੁੱਖੀ ਅੱਛਾਈ ਅਤੇ ਬੁਰਾਈ ਨੂੰ ਪਰਿਭਾਸ਼ਤ ਕਰਦਾ ਸੀ। ਫ਼ਾਰਸੀ ਸਾਮਰਾਜ ਦਾ ਪ੍ਰਮੁੱਖ ਪੁਰਾਤਨ ਵਿਸ਼ਵਾਸ, ਅੱਜ ਵੀ ਮੁੱਖ ਤੌਰ ‘ਤੇ ਇਰਾਨ ਅਤੇ ਭਾਰਤ ਦੇ ਕਈ ਭਾਈਚਾਰਿਆਂ ਵਿਚ ਕਿਤੇ-ਕਿਤੇ ਮਿਲਦਾ ਹੈ। ਇਰਾਨ ਦੀ ਪੁਰਾਤਨ ਫਾਰਸੀ ਸੱਭਿਅਤਾ ਨੇ ਰਾਜਨੀਤੀ, ਧਰਮ, ਕਲਾ ਅਤੇ ਵਿਸ਼ਵ ਇਤਿਹਾਸ ਉੱਤੇ ਡੂੰਘਾ ਪ੍ਰਭਾਵ ਛੱਡਿਆ ਹੈ।
ਇਰਾਨ ਵਿਚ ਇਸਲਾਮ ਦਾ ਪ੍ਰਵੇਸ਼ 7ਵੀਂ ਸਦੀ ਵਿਚ ਅਰਬ ਮੁਸਲਿਮ ਫਤਿਹ ਦੇ ਰੂਪ ਵਿਚ ਹੋਇਆ, ਜਿਸਨੇ ਸਦੀਆਂ ਤੋਂ ਚੱਲ ਰਹੇ ਸਾਸਾਨੀਅਨ ਸਾਮਰਾਜ ਦਾ ਅੰਤ ਕਰ ਦਿੱਤਾ। ਇਹ ਪ੍ਰਕਿਰਿਆ 633 ਈਸਵੀ ਵਿਚ ਸ਼ੁਰੂ ਹੋ ਕੇ 651 ਈਸਵੀ ਤੱਕ ਚੱਲੀ, ਜਿਸ ਦੌਰਾਨ ਰਾਸ਼ਿਦੂਨ ਖਲੀਫਾ ਦੀਆਂ ਫੌਜਾਂ ਨੇ ਇਰਾਨ ਨੂੰ ਆਪਣੇ ਅਧੀਨ ਕਰ ਲਿਆ, ਜਿਸ ਨੇ ਇਰਾਨ ਦੀ ਪੁਰਾਣੀ ਸੱਭਿਆਚਾਰਕ ਵਿਰਾਸਤ ਨੂੰ ਇਸਲਾਮੀ ਪਰੰਪਰਾਵਾਂ ਨਾਲ ਜੋੜ ਦਿੱਤਾ। ਹਾਲਾਂਕਿ ਸ਼ੁਰੂਆਤੀ ਦੌਰ ਵਿਚ ਇਰਾਨ ਵਿਚ ਸੁੰਨੀ ਇਸਲਾਮ ਆਇਆ ਸੀ, ਪਰ ਬਾਅਦ ਵਿਚ 16ਵੀਂ ਸਦੀ ਵਿਚ ਸਫਾਵਿਦ ਰਾਜਵੰਸ਼ ਦੇ ਦੌਰਾਨ, ਸ਼ੀਆ ਇਸਲਾਮ ਨੂੰ ਰਾਜ ਧਰਮ ਬਣਾ ਦਿੱਤਾ ਗਿਆ। ਅਰਬਾਂ ਦੇ ਕਬਜ਼ੇ ਦੇ ਬਾਵਜੂਦ, ਇਰਾਨੀਆਂ ਨੇ ਆਪਣੀ ਭਾਸ਼ਾ ਜੋ ਕਿ ਫਾਰਸੀ ਹੈ ਅਤੇ ਅਰਬ ਲੋਕਾਂ ਤੋਂ ਆਪਣੀ ਵੱਖਰੀ ਸੱਭਿਆਚਾਰਕ ਪਛਾਣ ਨੂੰ ਬਰਕਰਾਰ ਰੱਖਿਆ। ਦੁਨੀਆ ਦੀ ਇਸ ਮਹਾਨ ਵਿਲੱਖਣ ਸੱਭਿਅਤਾ ਨੂੰ ਟਰੰਪ ਰਾਤੋ-ਰਾਤ ਮਿਟਾ ਕੇ ਉਸ ਨੂੰ ਪੱਥਰ ਯੁੱਗ ਵਿਚ ਧੱਕ ਦੇਣ ਦੇ ਡਰਾਵੇ ਦੇ ਰਿਹਾ ਹੈ, ਜੋ ਖੁਦ ਕਿਸੇ ਵੀ ਸ਼ਾਨਾਮੱਤੀ ਮਨੁੱਖੀ ਸਭਿਅਤਾ ਤੋਂ ਹੀਣ ਵਿਅਕਤੀ ਹੈ। ਅਜਿਹਾ ਵਿਅਕਤੀ ਕਿਸੇ ਦੂਸਰੀ ਮਹਾਨ ਸੱਭਿਅਤਾ ਦੀਆ ਕਦਰਾਂ-ਕੀਮਤਾਂ ਨੂੰ ਕਿਵੇਂ ਸਮਝ ਸਕਦਾ ਹੈ? ਉਸ ਦੀ ਖੁਸ਼ਕਿਸਮਤੀ ਇਹ ਹੈ ਕਿ ਉਸ ਨੂੰ ਅਮਰੀਕਾ ਵਰਗਾ ਜਾਤ-ਪਾਤ ਰਹਿਤ ਮੁਆਸ਼ਰਾ ਮਿਲ ਗਿਆ। ਜ਼ਰਾ ਸੋਚੋ ਕਿ ਜੇ ਇਹ ਭਾਰਤ ਦੇ ਹਿੰਦੂ ਸੰਸਕ੍ਰਿਤੀ ਵਾਲੇ ਭਾਈਚਾਰੇ ਦਾ ਰੁਕਨ ਹੁੰਦਾ, ਜਿੱਥੇ ਕਿਸੇ ਵੀ ਅਹੁਦੇ ‘ਤੇ ਪਹੁੰਚ ਕੇ ਧਨ ਦੌਲਤ ਦੇ ਅੰਬਾਰ ਇਕੱਠੇ ਕਰਨ ਦੇ ਬਾਵਜੂਦ ਵੀ ਜਾਤ ਦਾ ਟੈਗ ਹਮੇਸ਼ਾਂ-ਹਮੇਸ਼ਾਂ ਲਈ ਨਾ ਸਿਰਫ ਵਿਅਕਤੀ ਵਿਸ਼ੇਸ਼ ਨਾਲ ਸਗੋਂ ਉਸ ਦੇ ਸਮੁੱਚੇ ਪਰਿਵਾਰ ਨਾਲ ਜੁੜਿਆ ਜਾਂ ਚਿਪਕਿਆ ਹੀ ਰਹਿੰਦਾ ਹੈ, ਤਾਂ ਫ਼ਿਰ ਉਸ ਨੇ ਅੱਜ ਕੀ ਹੋਣਾ ਸੀ। ਆਓ ਉਸ ਦੇ ਪਿਛੋਕੜ ਤੇ ਝਾਤ ਮਾਰੀਏ। ਉਨ੍ਹਾਂ ਦੇ ਦਾਦਾ ਫਰੀਡਰਿਕ ਟਰੰਪ ਇੱਕ ਜਰਮਨ ਪ੍ਰਵਾਸੀ ਸਨ, ਜੋ 1885 ਵਿਚ ਅਮਰੀਕਾ ਆਏ ਸਨ। ਫ੍ਰੈਡਰਿਕ ਟਰੰਪ ਨੇ ਜਰਮਨੀ ਵਿਚ ਹੀ ਨਾਈ ਦੇ ਕੰਮ ਦੀ ਸਿਖਲਾਈ ਲਈ ਸੀ। ਉਹ 14 ਸਾਲ ਦੀ ਉਮਰ ਵਿਚ ਇੱਕ ਅਪ੍ਰੈਂਟਿਸ, ਸਿੱਖਿਆਰਥੀ ਨਾਈ ਵਜੋਂ ਕੰਮ ਕਰਨ ਲੱਗੇ ਸਨ। ਜਦੋਂ 1885 ਵਿਚ 16 ਸਾਲ ਦੀ ਉਮਰ ਵਿਚ ਨਿਊਯਾਰਕ ਪਹੁੰਚੇ, ਤਾਂ ਉਨ੍ਹਾਂ ਨੇ ਕਈ ਸਾਲਾਂ ਤੱਕ ਨਾਈ ਵਜੋਂ ਕੰਮ ਕੀਤਾ। ਉਹ ਨਿਊਯਾਰਕ ਦੇ ਲੋਅਰ ਈਸਟ ਸਾਈਡ ਇਲਾਕੇ ਵਿਚ ਰਹਿ ਕੇ ਇਹ ਕੰਮ ਕਰਦੇ ਸਨ। ਪਰ ਬਾਅਦ ਵਿਚ ਉਨ੍ਹਾਂ ਨੇ ਰੈਸਟੋਰੈਂਟ, ਹੋਟਲ ਅਤੇ ਰੀਅਲ ਅਸਟੇਟ ਦੇ ਕਾਰੋਬਾਰ ਵਿਚ ਬਹੁਤ ਸਫਲਤਾ ਹਾਸਲ ਕੀਤੀ, ਜਿਸ ਨੇ ਟਰੰਪ ਪਰਿਵਾਰ ਦੀ ਅਮੀਰੀ ਦੀ ਨੀਂਹ ਰੱਖੀ। ਭਾਰਤੀ ਮਨੂੰਵਾਦੀ ਦਕਿਆਨੂਸੀ ਪਰੰਪਰਾ (ਜਿਸ ਨੂੰ ਭਾਰਤ ਦਾ ਸਨਾਤਨੀ ਹਿੰਦੂ ਮਾਣਮੱਤੀ ਸੰਸਕ੍ਰਿਤੀ ਕਹਿੰਦਾ ਨਹੀਂ ਥੱਕਦਾ) ਵਿਚ ਟਰੰਪ ਭਾਵੇਂ ਹਿੰਦੁਸਤਾਨ ਦਾ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਵੀ ਬਣ ਜਾਂਦਾ ਉਸ ਨੇ ਨਾਈ ਦਾ ਨਾਈ ਹੀ ਰਹਿਣਾ ਸੀ।
ਮੈਨੂੰ ਪਤਾ ਹੈ ਕਿ ਡਾ. ਗੁਰਨਾਮ ਕੌਰ ਧਾਰਮਿਕ ਵਿਦਵਾਨ ਹਨ ਅਤੇ ਹਮੇਸ਼ ਗੁਰਬਾਣੀ ਤੋਂ ਸੇਧ ਲੈਣ ਦੀ ਗੱਲ ਕਰਦੇ ਹਨ। ਪਰ ਉਨ੍ਹਾਂ ਵੱਲੋਂ ਹਰਜੀਤ ਦਿਉਲ ਦੇ ਵਿਚਾਰ ਨੂੰ ਸਪੇਸ ਦੇਣੀ ਬਣਦੀ ਹੈ ਅਤੇ ਇਹ ਕਹਿਣਾ ਕਿ ਮੇਰੇ ਲੇਖ ਤੋਂ ਹਰਜੀਤ ਦਿਉਲ ਨੂੰ ਬਹੁਤ ਜ਼ਿਆਦਾ ਤਕਲੀਫ਼ ਹੋਈ ਹੈ, ਥੋੜ੍ਹਾ ਜਿਹਾ ਚੁਭਵਾਂ ਨਿੱਜੀ ਕਟਾਕਸ਼ ਮਹਿਸੂਸ ਹੋਇਆ ਹੈ। ਇਸ ਦੇ ਨਾਲ ਹੀ ਅਗਲੀਆਂ ਸਤਰਾਂ ਵਿਚ ਇਹ ‘ਕਿ ਜ਼ਰੂਰੀ ਨਹੀਂ ਜਿਵੇਂ ਮੈਂ ਸੋਚਦੀ ਹਾਂ, ਹਰ ਕੋਈ ਅਲੀ-ਲਾਰਜਾਨੀ ਬਾਰੇ ਉਵੇਂ ਹੀ ਸੋਚਦਾ ਹੋਵੇ’ ਬਹਿਸ ਨੂੰ ਸਹੀ ਦਿਸ਼ਾ ਦੇ ਦਿੱਤੀ ਹੈ। ਪਰ ਸਿੱਖ ਵਿਦਵਾਨਾਂ ਦੀ ਇੱਕ ਗੱਲ ਹਮੇਸ਼ ਰੜਕਦੀ ਹੈ ਕਿ ਉਹ ਆਪਣੇ ਵਿਚਾਰਾਂ ਦੀ ਪੁਸ਼ਟੀ ਕਰਦੇ ਹੋਏ ਕਮਿਊਨਿਸਟ ਵਿਚਾਰਧਾਰਾ ਨੂੰ ਵਿਚ ਕਿਉਂ ਘਸੀਟ ਲੈਂਦੇ ਹਨ। ਇਸ ਦਾ ਕੁੜੱਤਣ ਭਰਿਆ ਤਜਰਬਾ ਅਸੀਂ ਸਾਰੇ ਕਿਸਾਨ ਮੋਰਚੇ ਵਿਚ ਹੰਢਾ ਚੁੱਕੇ ਹਾਂ। ਇੱਕ ਪਾਸੇ ਵਿਦਵਾਨ ਲੋਕ ਮਾਰਕਸਵਾਦੀ ਵਿਚਾਰਧਾਰਾ ਨੂੰ ਸਮਾਂ ਵਿਹਾਅ ਚੁੱਕੀ, ਬੇਕਾਰ ਅਤੇ ਲੱਗਪਗ ਮਰ ਚੁੱਕੀ ਦੱਸਦੇ ਹਨ। ਪਰ ਦੂਸਰੇ ਪਾਸੇ ਉਨ੍ਹਾਂ ਨੂੰ ਇਉਂ ਲੱਗਦਾ ਹੈ ਕਿ ਇਹ ਵਿਚਾਰਧਾਰਾ ਏਨੀ ਤਾਕਤਵਰ ਅਤੇ ਪ੍ਰਸੰਗਿਕ ਹੈ ਕਿ ਇਸ ਦੇ ਰੈਫਰੈਂਸ ਬਿਨਾ ਉਨ੍ਹਾਂ ਦੀ ਗੱਲ ਅਧੂਰੀ ਸਮਝੀ ਜਾਵੇਗੀ। ਚਾਹੀਦਾ ਤਾਂ ਇਹ ਹੈ ਕਿ ਦੁਨੀਆ ਦੀ ਹਰੇਕ ਵਿਚਾਰਧਾਰਾ ਦੇ ਔਗੁਣ ਪਾਸੇ ਰੱਖ ਕੇ ਹਰ ਇੱਕ ਚੰਗੀ ਗੱਲ ਨੂੰ ਅਪਣਾ ਲਿਆ ਜਾਵੇ। ਮਾਰਕਸਿਸਟਾਂ ਦੇ ਕੱਟੜਪਣ ਦਾ ਹਾਲ ਇਸ ਤੋਂ ਵੀ ਗਿਆ ਗੁਜ਼ਰਿਆ ਹੈ। ਇਸ ਸਿਧਾਂਤ ਨੂੰ ਸਾਇੰਸ ਨਾਲ ਜੋੜਨ ਦੀ ਗੱਲ ਕਰਦਿਆਂ ਮਾਰਕਸਵਾਦੀ ਅਕਸਰ ਕਹਿੰਦੇ ਹਨ ਕਿ ਜੋ ਚੀਜ਼ ਸਥਿਰ ਹੈ, ਸਮੇਂ ਨਾਲ ਨਹੀਂ ਬਦਲਦੀ ਉਹ ਆਪਣੇ ਆਪ ਹੀ ਆਪਣੀ ਮੌਤੇ ਮਰ ਜਾਂਦੀ ਹੈ। ਉਨ੍ਹਾਂ ਨੂੰ ਹਰੇਕ ਧਾਰਮਿਕ ਦਰਸ਼ਨ ਬਾਰੇ ਮਿਸਾਲਾਂ ਦਿੰਦੇ ਅਕਸਰ ਕਹਿੰਦੇ ਹੋਏ ਸੁਣਦੇ ਹਾਂ ਕਿ ਇੱਕ ਥਾਂ ਖੜ੍ਹਾ ਪਾਣੀ ਵੀ ਸੜਾਂਦ ਮਾਰਨ ਲੱਗ ਜਾਂਦਾ ਹੈ। ਪਰ ਜਦ ਉਹ ਹੋਰ ਕਿਸੇ ਦਰਸ਼ਨ ਦੀ ਗੱਲ ਕਰਦੇ ਹਨ ਤਾਂ ਮਾਰਕਸ ਦੇ ਫ਼ਲਸਫੇ ਨੂੰ ਸਭ ਤੋਂ ਉੱਪਰ, ਉੱਤਮ ਅਤੇ ਮਨੁੱਖ ਦੀਆਂ ਸਮੱਸਿਆਵਾਂ ਦਾ ਸਦੀਵੀ ਹੱਲ ਦੱਸਦੇ ਹਨ। ਡਾ. ਗੁਰਨਾਮ ਕੌਰ ਅਲੀ ਦੇ ਦੋਸਤ ਦੇ ਹਵਾਲੇ ਨਾਲ ਇੱਕ ਹੋਰ ਗੱਲ ਦਾ ਜ਼ਿਕਰ ਕਰਦਿਆਂ ਲਿਖਦੇ ਹਨ ਕਿ ਉਸ ਦੇ ਦੋਸਤ ਨੂੰ ਪੂਰਾ ਭਰੋਸਾ ਹੈ ਕਿ ਇਸ ਇਸਤਰੀ ਦੇ ਅੰਦਰੋਂ ਨਿਕਲੀ ਇੱਕ ਆਹ ਵੀ ਅਮਰੀਕਾ ਅਤੇ ਇਜ਼ਰਾਈਲ ਨੂੰ ਉਖਾੜ ਸਕਦੀ ਹੈ। ਧਾਰਮਿਕ ਵਿਦਵਾਨਾਂ ਦੀ ਰੂਹ ਦੀ, ਸ਼ਰਾਪ ਦੇ ਦੇਣ ਦੀ ਅਤੇ ਕਿਸੇ ਦੀ ਆਹ ਨਾਲ ਸਭ ਕੁਝ ਬਰਬਾਦ ਹੋਣ ਦੀ ਥਿਊਰੀ ਆਪਣੇ-ਆਪ ਹੀ ਰੱਦ ਹੋ ਜਾਂਦੀ ਹੈ, ਜਦੋਂ ਉਹ ਵੇਖਦੇ ਹਨ ਕਿ ਇਰਾਨ ਵਾਲੇ ਹਥਿਆਰ ਦੀ ਲੜਾਈ ਨਾਲ ਮੁਕਾਬਲਾ ਕਰ ਰਹੇ ਹਨ। ਇਹ ਕੋਈ ਰੂਹਾਂ ਦਾ ਭੇੜ ਨਹੀਂ ਹੈ, ਉਹ ਤਾ ਸਗੋਂ ਬੜੀ ਬਹਾਦਰੀ ਨਾਲ ਸ਼ਹਾਦਤਾਂ ਉੱਪਰ ਕਿਸੇ ਕਿਸਮ ਦਾ ਰੋਸ ਜਾਂ ਮਾਤਮ ਕਰਨ ਦੀ ਥਾਂ ਮੈਦਾਨ ਵਿਚ ਨਿੱਤਰ ਕੇ ਅਸਾਵੀਂ ਧਿਰ ਨਾਲ ਲੋਹਾ ਲੈ ਰਹੇ ਹਨ।
ਹੁਣ ਹਰਜੀਤ ਦਿਉਲ ਦੇ ਇਰਾਨ ਦੇ ਤੰਤਰ ਬਾਰੇ ਦਿੱਤੇ ਵਿਚਾਰਾਂ `ਤੇ ਵੀ ਥੋੜ੍ਹੀ ਝਾਤ ਮਾਰ ਲੈਂਦੇ ਹਾਂ। ਉਹ 11 ਫਰਵਰੀ, 1979 ਨੂੰ ਆਈ ਇਸਲਾਮਿਕ ਕ੍ਰਾਂਤੀ ਤੋਂ ਬਾਅਦ ਬਣੀ ਹਕੂਮਤ ਨੂੰ ਮੁਲਾਣਿਆਂ ਦੀ ਖੌਫ਼ਨਾਕ ਹਕੂਮਤ ਕਰਾਰ ਦਿੰਦੇ ਹਨ। ਦਿਉਲ ਸਾਹਿਬ ਇਸ ਗੱਲ ਨੂੰ ਵੀ ਲੁਕਾਉਂਦੇ ਪ੍ਰਤੀਤ ਹੁੰਦੇ ਹਨ ਕਿ ਪਹਿਲੀ ਅਪ੍ਰੈਲ, 1979 ਨੂੰ, ਇੱਕ ਰਾਸ਼ਟਰੀ ਜਨਮਤ ਸੰਗ੍ਰਹਿ ਨੇ ਅਧਿਕਾਰਤ ਤੌਰ ‘ਤੇ ਇਰਾਨ ਨੂੰ ਇੱਕ ਇਸਲਾਮੀ ਗਣਰਾਜ ਵਜੋਂ ਸਥਾਪਿਤ ਕੀਤਾ ਸੀ। ਉਹ ਇਸ ਤੋਂ ਪਹਿਲਾਂ ਰਜ਼ਾ ਸ਼ਾਹ ਪਹਿਲਵੀ ਦੀ ਅਮਰੀਕਾ ਵੱਲੋਂ ਇਰਾਨ ਦੇ ਲੋਕਾਂ ‘ਤੇ ਠੋਸੀ ਹੋਈ ਹਕੂਮਤ ਦਾ ਜ਼ਿਕਰ ਹੀ ਨਹੀਂ ਕਰਦੇ ਅਤੇ ਇਹ ਵੀ ਨਹੀਂ ਦੱਸਦੇ ਕਿ ਕਿਸ ਤਰ੍ਹਾਂ ਇਰਾਨੀ ਲੋਕਾਂ ਦੇ ਚੁਣੇ ਹੋਏ ਪ੍ਰਧਾਨ ਮੰਤਰੀ ਮੁਹੰਮਦ ਮੋਸਾਦੇਗ ਨੂੰ ਇਰਾਨੀ ਨਾਗਰਿਕਾਂ ਦੇ ਹੱਕ ਵਿਚ ਬ੍ਰਿਟਿਸ਼ ਅਤੇ ਅਮਰੀਕਾ ਦੀ ਤੇਲ ਦੀ ਲੁੱਟ ਰੋਕਣ ਲਈ ਤੇਲ ਉਦਯੋਗ ਨੂੰ ਰਾਸ਼ਟਰੀਕਰਣ ਕੀਤੇ ਜਾਣ ਕਾਰਨ ਸੱਤਾ ਤੋਂ ਬੇਦਖ਼ਲ ਕੀਤਾ ਸੀ। ਮੁਲਾਣਿਆਂ ਦੇ ਤਸ਼ੱਦਦ ਦਾ ਜ਼ਿਕਰ ਕਰਦੇ ਹੋਏ ਉਹ ਇਹ ਵੀ ਜ਼ਿਕਰ ਨਹੀਂ ਕਰਦੇ ਕਿ 1957 ਤੋਂ ਲੈ ਕੇ 1979 ਤਕ ਕਿਵੇਂ ਸੀ ਆਈ ਏ ਅਤੇ ਮੋਸਾਦ ਦੀ ਸਹਾਇਤਾ ਨਾਲ ਸਥਾਪਤ ਕੀਤੀ ਏਜੰਸੀ ਸਾਵਕ ਨੇ ਆਮ ਲੋਕਾਂ ਵਿਚ ਵਿਆਪਕ ਡਰ ਦਾ ਮਾਹੌਲ ਪੈਦਾ ਕੀਤਾ ਹੋਇਆ ਸੀ। ਲੋਕਾਂ ਨੂੰ ਦਬਕਾਉਣ ਅਤੇ ਡਰਾਉਣ ਲਈ ਸਾਵਕ ਹਰ ਜਗ੍ਹਾ ਹੈ, ਦਾ ਵਾਕੰਸ਼ ਪ੍ਰਚੱਲਤ ਕਰ ਦਿੱਤਾ ਗਿਆ ਸੀ। ਸਰਕਾਰ ਨੇ ਸਾਵਕ ਵਿਚ ਹਜ਼ਾਰਾਂ ਮੁਖਬਰਾਂ ਨੂੰ ਨੌਕਰੀ ‘ਤੇ ਰੱਖਿਆ ਹੋਇਆ ਸੀ, ਮੀਡੀਆ ਨੂੰ ਸੈਂਸਰ ਕੀਤਾ, ਦੇਸ਼ ਅਤੇ ਵਿਦੇਸ਼ ਵਿਚ ਸਿਆਸੀ ਕਾਰਕੁਨਾਂ ਅਤੇ ਸ਼ਾਹ ਦੀ ਸਰਕਾਰ ਵਿਰੋਧੀ ਅਸੰਤੁਸ਼ਟਾਂ ‘ਤੇ ਨਜ਼ਰ ਰੱਖੀ ਜਾ ਰਹੀ ਸੀ ਇਰਾਨ ਦੀ ਅਤੇ ਐਵਿਨ ਜੇਲ੍ਹ ਵਿਚ ਰਾਜਨੀਤਿਕ ਕੈਦੀਆਂ ‘ਤੇ ਤਸੀਹੇ ਦੇ ਦੇ ਕੇ ਪੁੱਛ-ਗਿੱਛ ਕੀਤੀ ਜਾਂਦੀ ਸੀ। ਵੱਡੇ ਪੱਧਰ ‘ਤੇ ਤਸ਼ੱਦਦ, ਇਕਾਂਤ ਵਿਚ ਕੈਦ ਕਰਨ ਅਤੇ ਜਬਰੀ ਇਕਬਾਲੀਆ ਬਿਆਨ ਲੈਣ ਅਤੇ ਵਿਰੋਧ ਨੂੰ ਰੋਕਣ ਲਈ ਮਨੋਵਿਗਿਆਨਕ ਦਬਾਅ ਪਾ ਕੇ ਡਰਾਉਣ ਦੀਆਂ ਯੋਜਨਾਬੱਧ ਕਾਰਵਾਈਆਂ ਤੋਂ ਸਤਾਏ ਲੋਕਾਂ ਨੇ ਇਸਲਾਮਿਕ ਕ੍ਰਾਂਤੀ ਵੱਲ ਰੁਖ਼ ਕੀਤਾ ਸੀ।
ਹਰਜੀਤ ਦਿਉਲ ਜੀ ਕਹਿੰਦੇ ਹਨ ਕਿ ਅਮਰੀਕਾ ਜੋ ਕਰ ਰਿਹਾ ਹੈ ਸਹੀ ਨਹੀਂ ਹੈ। ਅਮਰੀਕਾ ਦੀ ਕਾਰਵਾਈ ਨਿੰਦਣਯੋਗ ਹੈ, ਪਰ ਨਾਲ ਹੀ ਅਮਰੀਕਾ ਅਤੇ ਇਜ਼ਰਾਈਲ ਦੇ ਹੱਕ ਵਿਚ ਭੁਗਤਦੇ ਹੋਏ ਲਿਖਦੇ ਹਨ, ‘ਪਰ ਇਹ ਗੱਲ ਵੀ ਕਿੰਨੀ ਕੁ ਠੀਕ ਹੈ ਕਿ ਮੌਲਾਣਿਆਂ ਨੇ 1978 ਵਿਚ ਤਾਕਤ ਵਿਚ ਆਉਣ ਵਾਲੇ ਦਿਨ ਤੋਂ ਹੀ ਇਜ਼ਰਾਈਲ ਨੂੰ ਧਰਤੀ ਦੇ ਨਕਸ਼ੇ ਤੋਂ ਮਿਟਾ ਦੇਣ ਦਾ ਰਾਗ ਅਲਾਪਣਾ ਸ਼ੁਰੂ ਕੀਤਾ ਹੋਇਆ ਹੈ। ਲਗਾਤਾਰ ਆਦਮ-ਬੋ ਆਦਮ-ਬੋ ਹੀ ਕਰੀ ਜਾ ਰਹੇ ਸਨ।’ ਦਿਉਲ ਸਾਹਿਬ ਜ਼ਰਾ ਇਜ਼ਰਾਈਲ ਨੂੰ ਅਰਬਾਂ ਦੀ ਧਰਤੀ ਤੇ ਪੱਛਮੀ ਤਾਕਤਾਂ ਵੱਲੋਂ ਆਪਣੇ ਬਗਲ ਬੱਚੇ ਦੇ ਰੂਪ ਵਿਚ ਸਥਾਪਤ ਕਰਨ ਦੇ ਇਤਿਹਾਸ ‘ਤੇ ਵੀ ਥੋੜ੍ਹੀ ਜਿਹੀ ਨਜ਼ਰਸਾਨੀ ਕਰਨੀ ਚਾਹੀਦੀ ਹੈ। ਤੁਹਾਡੀ ਧਰਤੀ ਨੂੰ ਜਬਰੀ ਹੜੱਪਿਆ ਗਿਆ ਹੋਵੇ ਅਤੇ ਆਪਣੇ ਜਨਮ ਤੋਂ ਲੈ ਕੇ ਹੁਣ ਤੀਕ ਅਮਰੀਕਾ ਅਤੇ ਪੱਛਮ ਦੀ ਸ਼ਹਿ `ਤੇ ਆਦਮ-ਬੋ ਆਦਮ-ਬੋ ਕਰਦਾ ਇਜ਼ਰਾਈਲ ਨਾਜਾਇਜ਼ ਬਸਤੀਆਂ ਰਾਹੀਂ ਸਾਰਾ ਕੁਝ ਖੋਹ ਕੇ ਗ੍ਰੇਟਰ ਇਜ਼ਰਾਈਲ ਬਣਾਈ ਜਾ ਰਿਹਾ ਹੋਵੇ। ਸੰਯੁਕਤ ਰਾਸ਼ਟਰ ਨੂੰ ਟਿੱਚ ਜਾਣਦਾ ਹੋਇਆ ਇਜ਼ਰਾਈਲ ਦੁਨੀਆ ਭਰ ਦੇ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਫ਼ਲਸਤੀਨੀਆਂ ਦਾ ਨਸਲਘਾਤ ਕਰਦਾ ਅਸੀਂ ਵੇਖ ਰਹੇ ਹਾਂ। ਸਿਆਸੀ ਬਿਆਨਬਾਜ਼ੀ ਦੀ ਗੱਲ ਛੱਡੋ ਕੋਈ ਇੱਕ ਅਜਿਹਾ ਮੌਕਾ ਗਿਣਾ ਦਿਓ, ਜਦੋਂ ਇਰਾਨ ਨੇ ਕੋਈ ਕਾਨੂੰਨ ਖ਼ਿਲਾਫ਼ੀ ਕਰਕੇ ਇਜ਼ਰਾਈਲ `ਤੇ ਹਮਲਾ ਕੀਤਾ ਹੋਵੇ। ਹਾਂ ਉਹ ਅਤੇ ਹੋਰ ਕਈ ਮੁਲਕ ਇਜ਼ਰਾਈਲ ਨੂੰ ਮਾਨਤਾ ਨਹੀਂ ਦਿੰਦੇ ਅਤੇ ਇਹ ਉਨ੍ਹਾਂ ਦਾ ਹੱਕ ਹੈ। ਤੁਹਾਡੇ ਨਾਲ ਸਹਿਮਤੀ ਰੱਖਣ ਵਾਲੇ ਕਈ ਹੋਰ 7 ਅਕਤੂਬਰ 2023 ਦੇ ਹਮਾਸ ਦੇ ਹਮਲੇ ਨੂੰ ਅੱਤਵਾਦੀ ਹਮਲਾ ਸਮਝਦੇ ਹੋਣਗੇ। ਪਰ ਜਿਨ੍ਹਾਂ ਕੌਮਾਂ ਦੀ ਅਣਖ ਦਾਅ `ਤੇ ਲੱਗੀ ਹੋਵੇ ਅਤੇ ਦਹਾਕਿਆਂ ਬੱਧੀ ਉਹ ਧਾਰਮਿਕ ਜਨੂੰਨੀ ਯਹੂਦੀਆਂ ਦੇ ਜ਼ੁਲਮਾਂ ਦਾ ਸ਼ਿਕਾਰ ਹੋਣ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਇੱਜ਼ਤ ਰੋਲੀ ਜਾ ਰਹੀ ਹੋਵੇ ਤਾਂ ਉਹ ਮਰਦੇ ਕੀ ਨਾ ਕਰਦੇ।
ਹਰਜੀਤ ਸਿੰਘ ਗਿੱਲ
+1647 542 0007
