ਨਵੀਂ ਦਿੱਲੀ:ਅਮਰੀਕਾ ਤੇ ਈਰਾਨ ਦੇ ਵਿਚਕਾਰ ਇਸਲਾਮਾਬਾਦ ਵਿਚ ਹੋਈ ਬਹੁਤ ਉਮੀਦਾ ਵਾਲੀ ਸ਼ਾਂਤੀ ਗੱਲਬਾਤ ਕਈ ਅਹਿਮ ਮੁੱਦਿਆਂ ‘ਤੇ ਅਸਹਿਮਤੀ ਦੇ ਕਾਰਨ ਬਿਨਾਂ ਕਿਸੇ ਨਤੀਜੇ ਦੇ ਖ਼ਤਮ ਹੋ ਗਈ। ਇਸ ਅਸਫਲਤਾ ਦੇ ਪਿੱਛੇ ਪੰਜ ਮੁੱਖ ਕਾਰਨ ਸਾਹਮਣੇ ਆਏ ਹਨ।
ਦੋਵਾਂ ਦੇਸ਼ਾਂ ਦੇ ਸਖ਼ਤ ਰੁਖ਼ ਤੇ ਲਾਲ ਰੇਖਾ ਸਭ ਤੋਂ ਵੱਡੀ ਰੁਕਾਵਟ। ਅਮਰੀਕਾ ਨੇ ਈਰਾਨ ਤੋਂ ਯੂਰੇਨੀਅਮ ਸੋਧਣ ਤੋਂ ਰੋਕਣ ਅਤੇ ਪਰਮਾਣੂ ਹਥਿਆਰ ਨਾ ਬਣਾਉਣ ਦੀ ਗਾਰੰਟੀ ਮੰਗੀ, ਜਿਸ ਨੂੰ ਤਹਿਰਾਨ ਨੇ ਸਿਰੇ ਤੋਂ ਖਾਰਜ ਕਰ ਦਿੱਤਾ। ਦੋਹਾਂ ਹੀ ਮੁੱਦਿਆਂ ‘ਤੇ ਦੋਹਾਂ ਪੱਖਾਂ ਲਈ ਲਾਲ ਰੇਖਾ ਬਣੀ ਰਹੀ, ਜਿਸ ‘ਤੇ ਕੋਈ ਵੀ ਪੱਖ ਝੁਕਣ ਲਈ ਤਿਆਰ ਨਹੀਂ ਸੀ। ਅਮਰੀਕੀ ਉਪਰਾਸ਼ਟਰਪਤੀ ਜੇਡੀ ਵੈਂਨਜ਼ ਨੇ ਕਿਹਾ ਕਿ ਈਰਾਨ ਨੂੰ ਸਾਡੀਆਂ ਸ਼ਰਤਾਂ ਮਨਜ਼ੂਰ ਨਹੀਂ ਸਨ। ਦੂਜੇ ਪਾਸੇ, ਈਰਾਨ ਦੇ ਵਿਦੇਸ਼ ਮੰਤਰੀ ਨੇ ਦਾਅਵਾ ਕੀਤਾ ਕਿ ਅਮਰੀਕੀ ਉਮੀਦਾਂ ਬਹੁਤ ਜ਼ਿਆਦਾ ਤੇ ਗ਼ੈਰ-ਸੰਗਤ ਸਨ।
ਗੱਲਬਾਤ ਦਾ ਅਨੁਕੂਲ ਮਾਹੌਲ ਨਾ ਹੋਣਾ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਲਗਾਤਾਰ ਫ਼ੌਜੀ ਹਮਲਿਆਂ ਦੀ ਧਮਕੀ ਨੇ ਤਣਾਅ ਵਧਾਇਆ, ਜਿਸ ਨਾਲ ਭਰੋਸਾ ਬਣਾਉਣ ਦੀ ਬਜਾਏ ਦੂਰੀ ਵਧ ਗਈ। ਟਰੰਪ ਨੇ ਜੰਗਬੰਦੀ ਤੋਂ ਪਹਿਲਾਂ ਧਮਕੀ ਦਿੱਤੀ ਸੀ ਕਿ ਜੇ ਈਰਾਨ ਨੇ ਹੋਰਮੁਜ਼ ਨਹੀਂ ਖੋਲਿਆ ਤਾਂ ਪੂਰੇ ਸੱਭਿਆਚਾਰ ਨੂੰ ਖ਼ਤਮ ਕਰ ਦਿੱਤਾ ਜਾਵੇਗਾ ਅਤੇ ਈਰਾਨ ਪੁਰਾਤਨ ਯੁੱਗ ਵਿਚ ਚਲਾ ਜਾਵੇਗਾ। ਗੱਲਬਾਤ ਤੋਂ ਪਹਿਲਾਂ ਵੀ ਟਰੰਪ ਦੇ ਸੁਰ ਨਰਮ ਨਾ ਹੋਏ। ਤਣਾਅ ਦੇ ਮਾਹੌਲ ਵਿਚ ਗੱਲਬਾਤ ਸ਼ੁਰੂ ਹੋਈ ਅਤੇ ਈਰਾਨ ਨੇ ਇਸ ਨੂੰ ਦਬਾਅ ਦੇ ਤੌਰ ‘ਤੇ ਲਿਆ, ਨਾ ਕਿ ਕੂਟਨੀਤੀ ਦੇ ਤੌਰ ‘ਤੇ।
ਨੇਤਨਯਾਹੂ ਦੀ ਭੜਕਾਉਣ ਵਾਲੀ ਬਿਆਨਬਾਜ਼ੀ
ਈਰਾਨ ਨੇ ਇਨ੍ਹਾਂ ਹਮਲਿਆਂ ਨੂੰ ਰੋਕਣ ਦੀ ਸ਼ਰਤ ਰੱਖੀ ਪਰ ਅਮਰੀਕਾ ਇਸ ‘ਤੇ ਕੋਈ ਠੋਸ ਭਰੋਸਾ ਨਹੀਂ ਦੇ ਸਕਿਆ। ਗੱਲਬਾਤ ਦੌਰਾਨ ਵੀ ਲਿਬਨਾਨ ‘ਤੇ ਇਜ਼ਰਾਇਲੀ ਹਮਲੇ ਜਾਰੀ ਰਹੇ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਇਸ ਦੌਰਾਨ ਦਾਅਵਾ ਕੀਤਾ ਕਿ ਭਾਵੇਂ ਅਮਰੀਕਾ-ਈਰਾਨ ਦੇ ਵਿਚਕਾਰ ਜੰਗਬੰਦੀ ਹੋ ਜਾਵੇ, ਇਜ਼ਰਾਈਲ ਦਾ ਸੰਘਰਸ਼ ਈਰਾਨ ਅਤੇ ਉਸਦੇ ਪ੍ਰਾਕਸੀ ਸਹਿਯੋਗੀਆਂ ਨਾਲ ਜਾਰੀ ਰਹੇਗਾ। ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ਵਾਜ਼ਾ ਆਸਿਫ ਨੇ ਵੀ ਇਜ਼ਰਾਈਲ ਦੀ ਨਿੰਦਾ ਕੀਤੀ।
ਹੋਰਮੁਜ਼ ਜਲਡਮਰੂ ਮੱਧ ਦਾ ਮੁੱਦਾ ਵੱਡੀ ਰੁਕਾਵਟ ਬਣਿਆ
ਅਮਰੀਕਾ ਇਸ ਨੂੰ ਤੁਰੰਤ ਖੋਲ੍ਹਣ ‘ਤੇ ਅੜਿਆ ਰਿਹਾ, ਜਦਕਿ ਈਰਾਨ ਨੇ ਇਸਨੂੰ ਆਪਣੇ ਰਣਨੀਤਕ ਦਬਾਅ ਦੇ ਹਥਿਆਰ ਦੇ ਤੌਰ ‘ਤੇ ਵਰਤਦੇ ਹੋਏ ਪਾਬੰਦੀਆਂ ਵਿਚ ਰਾਹਤ ਅਤੇ ਸੁਰੱਖਿਆ ਦੀ ਗਾਰੰਟੀ ਦੀ ਮੰਗ ਕੀਤੀ। ਅਮਰੀਕਾ ਹੋਰਮੁਜ਼ ‘ਤੇ ਸਾਂਝੇ ਕੰਟਰੋਲ ਦੀ ਖ਼ਾਹਿਸ਼ ਰੱਖਦਾ ਸੀ, ਜੋ ਤਹਿਰਾਨ ਲਈ ਨਾਮਨਜ਼ੂਰ ਸੀ।
ਈਰਾਨ ਹੋਰਮੁਜ਼ ਖੋਲ੍ਹਣ ਦੇ ਬਦਲੇ ਵਿਦੇਸ਼ ਵਿਚ ਜ਼ਬਤ ਕੀਤੀਆਂ ਜਾਇਦਾਦਾਂ ਨੂੰ ਛੁਡਾਉਣਾ ਚਾਹੁੰਦਾ ਸੀ, ਪਰ ਅਮਰੀਕਾ ਇਸ ਲਈ ਤਿਆਰ ਨਹੀਂ ਹੋਇਆ। ਈਰਾਨ ਇਹ ਵੀ ਚਾਹੁੰਦਾ ਸੀ ਕਿ ਓਮਾਨ ਦੇ ਨਾਲ ਹੋਰਮੁਜ਼ ‘ਤੇ ਈਰਾਨ ਦੇ ਕੰਟਰੋਲ ਨੂੰ ਆਧਿਕਾਰਤ ਮਨਜ਼ੂਰੀ ਦਿੱਤੀ ਜਾਵੇ। ਉਹ ਹੋਰਮੁਜ਼ ਵਿਚ ਆਉਣ-ਜਾਣ ਵਾਲੇ ਜਹਾਜ਼ਾਂ ‘ਤੇ ਟੋਲ ਲਗਾਉਣ ਦੇ ਅਧਿਕਾਰ ਦੀ ਵੀ ਮਨਜ਼ੂਰੀ ਮੰਗ ਰਿਹਾ ਸੀ, ਜੋ ਅਮਰੀਕਾ ਲਈ ਸੰਭਵ ਨਹੀਂ ਸੀ।
ਡੂੰਘੀ ਬੇਭਰੋਸਗੀ ਦਾ ਇਤਿਹਾਸ
ਅਮਰੀਕਾ ਅਤੇ ਈਰਾਨ ਦੀ ਸਾਲਾਂ ਦੀ ਦੁਸ਼ਮਣੀ, ਹਾਲ ਹੀ ਦੀਆਂ ਫ਼ੌਜੀ ਕਾਰਵਾਈਆਂ ਅਤੇ ਇਕ-ਦੂਜੇ ਦੇ ਇਰਾਦਿਆਂ ‘ਤੇ ਸ਼ੱਕ ਨੇ ਕਿਸੇ ਵੀ ਸਮਝੌਤੇ ਦੀ ਸੰਭਾਵਨਾ ਨੂੰ ਖਤਮ ਕਰ ਦਿੱਤਾ। ਈਰਾਨ ਇਸ ਤੋਂ ਪਹਿਲਾਂ ਵੀ ਦੋ ਵਾਰ ਅਮਰੀਕਾ ਨਾਲ ਗੱਲਬਾਤ ਲਈ ਤਿਆਰ ਹੋਇਆ ਸੀ, ਪਰ ਈਰਾਨ ਦਾ ਦਾਅਵਾ ਹੈ ਕਿ ਵਾਰ-ਵਾਰ ਅਮਰੀਕਾ ਨੇ ਭਰੋਸਾ ਤੋੜਿਆ। ਜਿਨੀਵਾ ਵਿਚ ਹੋਈ ਗੱਲਬਾਤ ਨੂੰ ਸਫਲ ਮੰਨਿਆ ਜਾ ਰਿਹਾ ਸੀ, ਪਰ ਇਸ ਤੋਂ ਤੁਰੰਤ ਬਾਅਦ ਈਰਾਨ ‘ਤੇ ਹਮਲਾ ਕੀਤਾ ਗਿਆ। ਉਪਰਾਸ਼ਟਰਪਤੀ ਵੇਨਜ਼ ਨੇ ਆਪਣੇ ਮਤਿਆਂ ਨੂੰ ਆਖਰੀ ਅਤੇ ਸਭ ਤੋਂ ਵਧੀਆ ਦੱਸਿਆ, ਜਦਕਿ ਈਰਾਨ ਨੇ ਇਨ੍ਹਾਂ ਨੂੰ ਇਕਤਰਫਾ ਮੰਨਿਆ। ਇਸਲਾਮਾਬਾਦ ਗੱਲਬਾਤ ਤੋਂ ਪਹਿਲਾਂ ਈਰਾਨੀ ਵਫ਼ਦ ਦੇ ਆਗੂ ਐਮਬੀ ਗਲੀਬਾਫ ਨੇ ਕਿਹਾ ਸੀ ਕਿ ਅਸੀਂ ਨੇਕ ਨੀਤੀਆਂ ਨਾਲ ਆਏ ਹਾਂ ਪਰ ਸਾਨੂੰ ਅਮਰੀਕਾ ‘ਤੇ ਭਰੋਸਾ ਨਹੀਂ ਹੈ।
