ਈਰਾਨੀ ਬੰਦਰਗਾਹਾਂ ਦੀ ਕਰਾਂਗੇ ਘੇਰਾਬੰਦੀ: ਅਮਰੀਕੀ ਫ਼ੌਜ

ਵਾਸ਼ਿੰਗਟਨ:ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕੀ ਜਲ ਸੈਨਾ ਹੋਰਮੁਜ਼ ਜਲਡਮਰੂ ‘ਚ ਆਉਣ-ਜਾਣ ਵਾਲੇ ਜਹਾਜ਼ਾਂ ਦੀ ਘੇਰਾਬੰਦੀ ਤੇਜ਼ੀ ਨਾਲ ਸ਼ੁਰੂ ਕਰ ਦੇਵੇਗੀ। ਪਾਕਿਸਤਾਨ ‘ਚ ਕੱਲ੍ਹ ਅਮਰੀਕਾ-ਈਰਾਨ ਦਰਮਿਆਨ ਜੰਗਬੰਦੀ ‘ਤੇ ਗੱਲਬਾਤ ਬਿਨਾਂ ਕਿਸੇ ਸਮਝੌਤੇ ਦੇ ਖਤਮ ਹੋ ਗਈ।

ਅਮਰੀਕਾ ਸੈਂਟਰਲ ਕਮਾਂਡ ਨੇ ਐਲਾਨ ਕੀਤਾ ਕਿ ਉਹ ਸੋਮਵਾਰ ਸਵੇਰੇ 10 ਵਜੇ ਈ. ਡੀ. ਟੀ. (ਜਾਂ ਈਰਾਨ ‘ਚ ਸ਼ਾਮ 5:30 ਵਜੇ) ਤੋਂ ਸਾਰੀਆਂ ਈਰਾਨੀ ਬੰਦਰਗਾਹਾਂ ਦੀ ਘੇਰਾਬੰਦੀ ਕਰ ਦੇਵੇਗੀ। ਸੇਂਟਕਾਮ ਨੇ ਕਿਹਾ ਕਿ ਇਹ ਘੇਰਾਬੰਦੀ ਸਾਰੇ ਦੇਸ਼ਾਂ ਦੇ ਜਹਾਜ਼ਾ ਖਿਲਾਫ਼ ਨਿਰਪੱਖ ਰੂਪ ਨਾਲ ਲਾਗੂ ਕੀਤੀ ਜਾਵੇਗੀ। ਉਸ ਨੇ ਕਿਹਾ ਕਿ ਉਹ ਅਜੇ ਵੀ ਉਨ੍ਹਾਂ ਜਹਾਜ਼ਾਂ ਨੂੰ ਹੋਰਮੁਜ਼ ਜਲਡਮਰੂ ‘ਚੋਂ ਲੰਘਣ ਦੀ ਇਜਾਜ਼ਤ ਦੇਵੇਗਾ, ਜੋ ਗੈਰ-ਈਰਾਨੀ ਬੰਦਰਗਾਹਾਂ ਦਰਮਿਆਨ ਯਾਤਰਾ ਕਰ ਰਹੇ ਹਨ। ਅਮਰੀਕਾ ਅਤੇ ਈਰਾਨ ਦੀ ਇਸਲਾਮਾਬਾਦ ‘ਚ 21 ਘੰਟੇ ਦੀ ਆਹਮੋ-ਸਾਹਮਣੇ ਹੋਈ ਗੱਲਬਾਤ ਬਿਨਾਂ ਕਿਸੇ ਸਮਝੌਤੇ ਦੇ ਖਤਮ ਹੋਣ ਨਾਲ ਦੋ ਹਫ਼ਤਿਆਂ ਦੀ ਨਾਜ਼ੁਕ ਜੰਗਬੰਦੀ ਦਾ ਭਵਿੱਖ ਅਜੇ ਵੀ ਅਨਿਸ਼ਚਿਤ ਬਣਿਆ ਹੋਇਆ ਹੈ।
ਨਾਕਾਬੰਦੀ ਨੇੜੇ ਆਏ ਈਰਾਨੀ ਜਹਾਜ਼ਾਂ ਨੂੰ ਕਰ ਦਿਆਂਗੇ ਤਬਾਹ: ਟਰੰਪ
ਵਾਸ਼ਿੰਗਟਨ:ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ ਕੋਈ ਵੀ ਈਰਾਨ ਦਾ ਜਹਾਜ਼ ਅਮਰੀਕੀ ਨਾਕਾਬੰਦੀ ਦੇ ਨੇੜੇ ਆਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਤੁਰੰਤ ਤਬਾਹ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਲਈ ਉਹੀ ਤਰੀਕਾ ਵਰਤਿਆ ਜਾਵੇਗਾ, ਜਿਸ ਤਰ੍ਹਾਂ ਸਮੁੰਦਰ ਵਿਚ ਨਸ਼ਾ ਤਸਕਰਾਂ ਦੇ ਜਹਾਜ਼ਾਂ ਨੂੰ ਰੋਕਣ ਲਈ ਵਰਤਿਆ ਜਾਂਦਾ ਹੈ, ਇਨ੍ਹਾਂ ਜਹਾਜ਼ਾਂ ਖ਼ਿਲਾਫ਼ ਬਹੁਤ ਤੇਜ਼ੀ ਅਤੇ ਸਖ਼ਤੀ ਨਾਲ ਕਾਰਵਾਈ ਕੀਤੀ ਜਾਵੇਗੀ। ਨਾਕਾਬੰਦੀ ਨੂੰ ਯਕੀਨੀ ਬਣਾਉਣ ਲਈ ਅਮਰੀਕੀ ਜਲ ਸੈਨਾ ਅਤੇ ਸੁਰੱਖਿਆ ਬਲ ਪੂਰੀ ਤਰ੍ਹਾਂ ਮੁਸਤੈਦ ਹਨ। ਅਮਰੀਕਾ ਅਤੇ ਈਰਾਨ ਵਿਚਾਲੇ ਚੱਲ ਰਹੀ ਗੱਲਬਾਤ ਦੇ ਬੇਸਿੱਟਾ ਰਹਿਣ ਤੋਂ ਬਾਅਦ, ਅਮਰੀਕੀ ਫ਼ੌਜ ਨੇ ਅੱਜ ਵੱਡਾ ਐਲਾਨ ਕੀਤਾ ਹੈ। ਅਮਰੀਕਾ ਹੁਣ ਈਰਾਨ ਦੀਆਂ ਬੰਦਰਗਾਹਾਂ ਤੋਂ ਹੋਣ ਵਾਲੀ ਸਾਰੀ ਸਮੁੰਦਰੀ ਆਵਾਜਾਈ (ਆਉਣ- ਜਾਣ ਵਾਲੇ ਜਹਾਜ਼ਾਂ) ‘ਤੇ ਪੂਰੀ ਤਰ੍ਹਾਂ ਰੋਕ ਲਗਾ ਦੇਵੇਗਾ। ਇਹ ਇਕ ਤਰ੍ਹਾਂ ਦੀ ਆਰਥਿਕ ਨਾਕਾਬੰਦੀ ਹੋਵੇਗੀ, ਜਿਸ ਤਹਿਤ ਕੱਚੇ ਤੇਲ ਅਤੇ ਗੈਸ ਨਾਲ ਲੱਦੇ ਸਮੁੰਦਰੀ ਬੇੜਿਆਂ ਨੂੰ ਚੱਲਣ ਤੋਂ ਰੋਕਿਆ ਜਾਵੇਗਾ।