ਘੁਸਪੈਠ ਕੌਮੀ ਸੁਰੱਖਿਆ ਦਾ ਵੀ ਸਵਾਲ: ਮੋਦੀ

ਨਵੀਂ ਦਿੱਲੀ:ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਹੈ ਕਿ ਅਸਾਮ ਵਿਚ ਘੁਸਪੈਠ ਸਿਰਫ ਚੋਣਾਵੀ ਮੁੱਦਾ ਨਹੀਂ ਹੈ, ਬਲਕਿ ਇਹ ਰਾਸ਼ਟਰੀ ਸੁਰੱਖਿਆ ਨਾਲ ਜੁੜਿਆ ਮਾਮਲਾ ਹੈ। ਅਸਾਮ ਵਿਚ 9 ਅਪ੍ਰੈਲ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ

ਦੇ ਬੂਥ ਪੱਧਰ ਦੇ ਮੁਲਾਜ਼ਮਾਂ ਨੂੰ ਵਰਚੁਅਲ ਤੌਰ ‘ਤੇ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸੂਬੇ ਨੇ ਲੰਬੇ ਸਮੇਂ ਤੱਕ ਅਸਥਿਰਤਾ ਦਾ ਦੌਰ ਦੇਖਿਆ ਹੋਇਆ ਹੈ ਪਰ ਪਿਛਲੇ ਦਹਾਕੇ ਦੌਰਾਨ ਹਾਲਾਤ ਬਦਲੇ ਹਨ। ਕਿਉਂਕਿ ਭਾਜਪਾ ਦੀ ਡਬਲ-ਇੰਜਨ ਸਰਕਾਰ ਨੇ ਸੂਬੇ ਵਿਚ ਸ਼ਾਂਤੀ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਹੈ। ਮੋਦੀ ਨੇ ਕਿਹਾ ਕਿ ਪਹਿਲੀ ਵਾਰ ਵੋਟ ਦੇਣ ਵਾਲੇ ਵੋਟਰਾਂ ਨੂੰ ਅਸਾਮ ਵਿਚ ਪਿਛਲੀ ਕਾਂਗਰਸ ਸਰਕਾਰਾਂ ਦੇ ਮਾੜੇ ਸ਼ਾਸਨ ਬਾਰੇ ਜਾਗਰੂਕ ਕਰਨ ਦੀ ਲੋੜ ਹੈ ਕਿਉਂਕਿ ਛੋਟੀ ਗ਼ਲਤੀ ਵੀ ਸੂਬੇ ਨੂੰ ਪਿੱਛੇ ਧੱਕ ਸਕਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਮੁਲਾਜ਼ਮ ਸੂਬੇ ਵਿਚ ਪਾਰਟੀ ਲਈ ਹੈਟ੍ਰਿਕ ਯਕੀਨੀ ਬਣਾਉਣ ਲਈ ਸਖ਼ਤ ਮਿਹਨਤ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ, ਜਿੱਥੇ-ਜਿੱਥੇ ਘੁਸਪੈਠੀ ਵੱਸਦੇ ਹਨ, ਉਹ ਛੋਟੇ ਵਪਾਰਾਂ ਅਤੇ ਸਥਾਨਕ ਲੋਕਾਂ ਦੇ ਰੋਜ਼ਗਾਰ ‘ਤੇ ਕਬਜ਼ਾ ਕਰ ਲੈਂਦੇ ਹਨ। ਕਾਂਗਰਸ ਨੇ ਘੁਸਪੈਠੀਆਂ ਨੂੰ ਗ਼ੈਰ-ਕਾਨੂੰਨੀ ਤਰੀਕੇ ਨਾਲ ਜ਼ਮੀਨ ਕਬਜ਼ਾ ਕਰਨ ਦੀ ਆਜ਼ਾਦੀ ਦਿੱਤੀ ਹੈ। ਪਾਰਟੀ ਵਰਕਰਾਂ ਨਾਲ ਸਿੱਧਾ ਸੰਵਾਦ ਕਰਨ ਲਈ ਕਰਵਾਏ ਗਏ ਪ੍ਰੋਗਰਾਮ ‘ਮੇਰਾ ਬੂਥ, ਸਭ ਤੋਂ ਮਜ਼ਬੂਤ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਜਪਾ ਦੇ ਵਰਕਰਾਂ ਨੂੰ ਜ਼ਮੀਨਾਂ ‘ਤੇ ਗ਼ੈਰ ਕਾਨੂੰਨੀ ਕਬਜ਼ਾ ਕਰਨ ਦੇ ਮਾਮਲਿਆਂ ਤੇ ਸਥਾਨਕ ਨਿਵਾਸੀਆਂ ਦੀਆਂ ਸਮੱਸਿਆਵਾਂ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਾਂਗਰਸ ਨੇ ਇਹ ਸਭ ਹੋਣ ਦਿੱਤਾ, ਜਦਕਿ ਭਾਜਪਾ ਹੱਕਾਂ ਦੀ ਰਾਖੀ ਕਰ ਰਹੀ ਹੈ।
ਮੋਦੀ ਨੇ ਕਿਹਾ, ਪਾਰਟੀ ਵਰਕਰ ਲੋਕਾਂ ਨੂੰ ਯਾਦ ਦਿਵਾਉਣ ਕਿ ਕਾਂਗਰਸ ਸਿਰਫ ਕਾਗਜ਼ਾਂ ‘ਤੇ ਸਮਝੌਤੇ ਕਰਦੀ ਹੁੰਦੀ ਸੀ, ਅਸੀਂ ਉਹ ਦੌਰ ਦੇਖਿਆ ਹੈ ਜਦੋਂ ਅਸਾਮ ਹਿੰਸਾ ਆਮ ਹੁੰਦੀ ਸੀ ਪਰ ਹੁਣ ਸੂਬੇ ਵਿਚ ਆਤਮ- ਵਿਸ਼ਵਾਸ ਨਜ਼ਰ ਆ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪੂਰਬੀ ਸੂਬੇ ਵਿਚ ਵੱਖ-ਵੱਖ ਜਥੇਬੰਦੀਆਂ ਨਾਲ 12 ਸ਼ਾਂਤੀ ਸਮਝੌਤੇ ਕੀਤੇ ਗਏ ਹਨ।
ਏ.ਆਈ. ਵੀਡੀਓ ਤੋਂ ਲੋਕਾਂ ਨੂੰ ਸਾਵਧਾਨ ਕਰਨ ਦੀ ਅਪੀਲ
ਪ੍ਰਧਾਨ ਮੰਤਰੀ ਨੇ ਭਾਜਪਾ ਦੇ ਵਰਕਰਾਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਨਾਲ ਬਣੇ ਵੀਡੀਓ ਤੋਂ ਲੋਕਾਂ ਨੂੰ ਸਾਵਧਾਨ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਵਰਕਰ ਅਜਿਹੇ ਪ੍ਰੋਗਰਾਮ ਕਰਵਾਉਣ, ਜਿੱਥੇ ਹਿੰਸਾ ਛੱਡ ਕੇ ਮੁੱਖ ਧਾਰਾ ਵਿੱਚ ਸ਼ਾਮਲ ਹੋਏ ਲੋਕਾਂ ਦੇ ਤਜਰਬੇ ਸਾਂਝੇ ਕੀਤੇ ਜਾ ਸਕਣ। ਸਾਰੇ ਪਾਰਟੀ ਵਰਕਰਾਂ ਕੋਲ ‘ਨਮੋ ਐਪ’ ਹੋਣਾ ਚਾਹੀਦਾ ਹੈ, ਜਿਸ ਨਾਲ ਉਨ੍ਹਾਂ ਨੂੰ ਔਰਤਾਂ ਦੇ ਸ਼ਕਤੀਕਰਨ ਨਾਲ ਜੁੜੀਆਂ ਯੋਜਨਾਵਾਂ ਦੀ ਜਾਣਕਾਰੀ ਮਿਲੇਗੀ। ਉਨ੍ਹਾਂ ਕਿਹਾ ਕਿ ਭਾਜਪਾ ਦੀ ਡਬਲ-ਇੰਜਨ ਸਰਕਾਰ ਦੇਸ਼ ਭਰੇ ਵਿਚ ਔਰਤਾਂ ਦੀ ਪਹਿਲੀ ਚੋਣ ਹੈ। ਪ੍ਰਧਾਨ ਮੰਤਰੀ ਨੇ ਅਰੁਣੋਦਯ ਯੋਜਨਾ ਤੇ ਲੱਖਪਤੀ ਦੀਦੀ’ ਯੋਜਨਾਵਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਨ੍ਹਾਂ ਦੀ ਸਫਲਤਾ ਦੀਆਂ ਕਹਾਣੀਆਂ ਡਿਜੀਟਲ ਪਲੇਟਫਾਰਮ ‘ਤੇ ਸਾਂਝੀਆਂ ਕਰਨ।