ਸੁਰਿੰਦਰ ਗੀਤ
ਕੈਲਗਰੀ, ਕੈਨੇਡਾ
403 605-3734
ਮੇਰੇ ਕੋਲ ਯਾਦਾਂ ਦਾ ਬਹੁਤ ਵੱਡਾ ਖ਼ਜ਼ਾਨਾ ਹੈ। ਮਿੱਠੀਆਂ ਤੇ ਕੌੜੀਆਂ ਯਾਦਾਂ ਦਾ ਮਿਸ਼ਰਣ। ਕਈ ਯਾਦਾਂ ਦੇ ਚਿਹਰੇ ਧੁੰਦਲਾ ਗਏ ਨੇ ਤੇ ਕਈ ਤਰੋ ਤਾਜ਼ਾ ਪਈਆਂ ਹਨ। ਕਈ ਯਾਦਾਂ ਤੋਂ ਪਰੇ ਭੱਜੀ ਦਾ ਕਿ ਉਹ ਯਾਦ ਨਾ ਆਉਣ ਤਾਂ ਚੰਗਾ ਹੈ …ਤੇ ਕਈ
ਏਨੀਆਂ ਪਿਆਰੀਆਂ ਤੇ ਮਿੱਠੀਆਂ ਹੁੰਦੀਆਂ ਹਨ ਕਿ ਉਨ੍ਹਾਂ ਬਾਰੇ ਗੱਲ ਕਰਨ ਨੂੰ ਵਾਰ-ਵਾਰ ਜੀਅ ਕਰਦਾ ਹੈ। ਇਨ੍ਹਾਂ ਸਭ ਤਰ੍ਹਾਂ ਦੀਆਂ ਯਾਦਾਂ `ਚੋਂ ਬਚਪਨ ਦੀਆਂ ਯਾਦਾਂ ਅਭੁੱਲ ਹੁੰਦੀਆਂ ਹਨ। ਪਤਾ ਨਹੀਂ ਕਿਉਂ? ਸ਼ਾਇਦ ਇਸ ਕਰਕੇ ਬਚਪਨ ’ਚ ਮਨ ਦੀ ਸਲੇਟ ਬਹੁਤ ਸਾਫ਼ ਅਤੇ ਪਾਕ ਪਵਿੱਤਰ ਹੁੰਦੀ ਹੈ। ਉਸ ਉਪਰ ਜੋ ਉਲੀਕਿਆ ਜਾਂਦਾ ਹੈ ਉਮਰ ਭਰ ਯਾਦ ਰਹਿੰਦਾ ਹੈ। ਉਮਰ ਦੇ ਨਾਲ-ਨਾਲ ਮਨ ਦੀ ਸਾਫ਼ ਸੁਥਰੀ ਪਲੇਟ ’ਤੇ ਵੀ ਦੁਨੀਆਂਦਾਰੀ ਦੀ ਮੈਲ ਜੰਮਣੀ ਸ਼ੁਰੂ ਹੋ ਜਾਂਦੀ ਹੈ। ਘਟਨਾਵਾਂ ਏਨੀਆਂ ਗੁੰਝਲਦਾਰ ਹੁੰਦੀਆਂ ਹਨ ਕਿ ਚੇਤਿਆਂ ’ਚੋਂ ਵਿਸਰ ਜਾਂਦੀਆ ਨੇ ਜਾਂ ਉਨ੍ਹਾਂ ਨੂੰ ਯਾਦ ਕਰਕੇ ਧੁੜਧੜੀ ਆ ਜਾਂਦੀ ਹੈ।
ਮੇਰਾ ਬਚਪਨ ਚੰਗਾ ਹੀ ਬਿਤਿਆ। ਮੱਧ ਵਰਗੀ ਕਿਸਾਨੀ ਘਰ ਸੀ। ਏਨਾ ਜ਼ਰੂਰ ਸੀ ਕਿ ਸਾਡਾ ਘਰ ਸੂਬੇਦਾਰਾਂ ਦਾ ਘਰ ਵਜਦਾ ਸੀ। ਕਾਰਣ ਇਹ ਕਿ ਮੇਰੇ ਬਾ ਜੀ (ਦਾਦਾ ਜੀ) ਅੰਗਰੇਜ਼ਾਂ ਦੀ ਫ਼ੌਜ ’ਚੋਂ ਸੂਬੇਦਾਰੀ ਪੈਨਸ਼ਨ ’ਤੇ ਸਨ। ਘਰ ’ਚ ਜੇਕਰ ਅਮੀਰੀ ਨਹੀਂ ਸੀ ਤਾਂ ਗਰੀਬੀ ਵੀ ਨਹੀਂ ਸੀ।
ਸਾਡੇ ਪਿੰਡ ਰਾਊਕੇ ਦਾ ਸਕੂਲ ਚੌਥੀ ਤਕ ਸੀ। ਮੁੰਡੇ ਕੁੜੀਆਂ ਦਾ ਸਾਂਝਾ ਸਕੂਲ। ਦੋ ਕਮਰਿਆਂ ਵਾਲਾ। ਸੁਣਿਆ ਸੀ ਪਹਿਲਾਂ ਇਕ ਕਮਰਾ ਹੀ ਹੁੰਦਾ ਸੀ ਅਤੇ ਦੂਸਰਾ ਕਮਰਾ ਬਾਅਦ ’ਚ ਬਣਾਇਆ ਗਿਆ। ਇਸ ਪ੍ਰਾਇਮਰੀ ਸਕੂਲ ਦੀ ਉਸਾਰੀ ਪਿੰਡ ਦੇ ਲੋਕਾਂ ਦੇ ਸਾਂਝੇ ਉੱਦਮ ਦਾ ਨਤੀਜਾ ਸੀ। ਜਦੋਂ ਮੈਂ ਇਸ ਸਕੂਲ ਵਿਚ ਦਾਖ਼ਲਾ ਲਿਆ ਤਾਂ ਸਕੂਲ ਦੀ ਫ਼ਰਸ਼ ਕੱਚੀ ਸੀ। ਪਾਣੀ ਪੀਣ ਲਈ ਇਕ ਨਲਕਾ ਸੀ ਜਿਸਦੀ ਹੱਥ ਡੰਡੀ ਗੇੜ ਕੇ ਪਾਣੀ ਕੱਢਿਆ ਜਾਂਦਾ ਸੀ।
ਪਹਿਲੀਆਂ ਚਾਰ ਜਮਾਤਾਂ ਮੈਂ ਏਸੇ ਸਕੂਲ ਤੋਂ ਕੀਤੀਆਂ। ਸਕੂਲ ’ਚ ਦੋ ਮਾਸਟਰ ਹੁੰਦੇ ਸਨ। ਵੱਡੇ ਮਾਸਟਰ ਜੀ ਬੱਧਨੀ ਕਸਬੇ ਤੋਂ ਆਉਂਦੇ ਸਨ ਅਤੇ ਛੋਟੇ ਮਾਸਟਰ ਜੀ ਬੁੱਟਰ ਪਿੰਡ ਤੋਂ। ਉਹ ਦੋਨੋਂ ਸਾਈਕਲਾਂ ’ਤੇ ਆਉਂਦੇ ਤੇ ਅਸੀਂ ਖਾਲ ’ਤੇ ਬਣੀ ਪੁਲੀ ਉਤੇ ਖੜ੍ਹ ਕੇ ਮਾਸਟਰਾਂ ਦੇ ਆਉਣ ਦੀ ਉਡੀਕ ਕਰਦੇ ਰਹਿੰਦੇ ਤੇ ਜਦੋਂ ਦੂਰੋਂ ਉਨ੍ਹਾਂ ਦੇ ਸਾਈਕਲ ਦਿਖਾਈ ਦਿੰਦੇ ਤਾਂ ਦੌੜ ਕੇ ਸਕੂਲ ’ਚ ਜਾ ਵੜਦੇ। ਵੱਡੇ ਮੁੰਡੇ ਅੱਗੇ ਹੋ ਕੇ ਮਾਸਟਰਾਂ ਦੇ ਸਾਈਕਲ ਫੜ ਲੈਂਦੇ। ਓਦੋਂ ਸਾਨੂੰ ਇਹ ਦੋਨੋਂ ਮਾਸਟਰ ਕਿਸੇ ਮਹਾਰਾਜੇ ਤੋਂ ਘੱਟ ਨਹੀਂ ਸਨ ਜਾਪਦੇ।
ਪਹਿਲਾਂ ਕਮਰਿਆਂ ’ਚ ਸਫ਼ਾਈ ਕੀਤੀ ਜਾਂਦੀ। ਕੁੜੀਆਂ ਪਾਣੀ ਛਿੜਕ ਕੇ ਝਾੜੂ ਫੇਰਦੀਆਂ ਤੇ ਮੁੰਡੇ ਤਪੜ ਵਿਛਾ ਦਿੰਦੇ। ਮੈਂ ਇਸ ਕੰਮ ’ਚ ਘੱਟ ਹੀ ਹਿੱਸਾ ਲੈਂਦੀ। ਮੇਰੇ ਕਪੜੇ ਦੂਜੇ ਮੁੰਡੇ ਕੁੜੀਆਂ ਤੋਂ ਚੰਗੇ ਹੁੰਦੇ ਸਨ ਅਤੇ ਮੈਂ ਇਸ ਗੱਲ ਦੇ ਮਾਣ ’ਚ ਆਪਣੇ ਕਪੜਿਆਂ ਨੂੰ ਮਿੱਟੀ ਘੱਟੇ ਤੋਂ ਬਚਾਈ ਰੱਖਦੀ। ਪਰ ਹਾਂ ਕਦੇ-ਕਦੇ ਵਗਦੇ ਖਾਲ ’ਚੋਂ ਫੱਟੀ ਪੋਚਣ ਸਮੇਂ ਮੈਂ ਆਪਣੇ ਕਪੜੇ ਜ਼ਰੂਰ ਭਿਉਂ ਲੈਂਦੀ ਤੇ ਮੈਨੂੰ ਆਪਣੀ ਦਾਦੀ ਤੇ ਮਾਂ ਦੀਆਂ ਝਿੜਕਾਂ ਸੁਣਨੀਆਂ ਪੈਂਦੀਆਂ। ਵੈਸੇ ਸਕੂਲ ਦੇ ਮਾਸਟਰ ਵੀ ਮੈਨੂੰ ਸਫ਼ਾਈ ਦੇ ਕੰਮ ਤੋਂ ਬਚਾਈ ਰੱਖਦੇ। ਓਦੋਂ ਤਾਂ ਮੈਨੂੰ ਇਹ ਚੰਗਾ ਲੱਗਦਾ ਸੀ ਪਰ ਅੱਜ ਜਦੋਂ ਉਨ੍ਹਾਂ ਦੇ ਇਸ ਵਰਤਾਰੇ ਬਾਰੇ ਸੋਚਦੀ ਹਾਂ ਤਾਂ ਮੈਨੂੰ ਇਹ ਬਹੁਤ ਬੁਰਾ ਲਗਦਾ ਹੈ। ਇਹ ਇਕ ਤਰ੍ਹਾਂ ਨਾਲ ਦੂਸਰੇ ਬੱਚਿਆਂ ਨਾਲ ਬੇਇਨਸਾਫ਼ੀ ਸੀ। ਇਹ ਸੋਚ ਕੇ ਮੈਨੂੰ ਆਪਣੇ ਆਪ ਤੋਂ ਸ਼ਰਮ ਆ ਜਾਂਦੀ ਆ।
ਸਫ਼ਾਈ ਤੋਂ ਬਾਦ ਸਾਰੇ ਵਿਦਿਆਰਥੀਆਂ ਨੂੰ ਗਰਾਊਂਡ ’ਚ ਇਕੱਠਾ ਕਰ ਲਿਆ ਜਾਂਦਾ ਤੇ ਪਾਲਾਂ ’ਚ ਖੜ੍ਹ ਕੇ ਪ੍ਰਰਾਥਨਾ ਕੀਤੀ ਜਾਂਦੀ। ਜਣ ਗਣ ਮਨ ਗਇਆ ਜਾਂਦਾ। ਸੋਮਵਾਰ ਵਾਲੇ ਦਿਨ ਮਾਸਟਰ ਜੀ ਬੱਚਿਆਂ ਦੇ ਨਹੁੰਆਂ ਦਾ ਮੁਆਇਨਾ ਕਰਦੇ। ਹਰ ਇਕ ਨੂੰ ਸਵੇਰੇ ਨਹਾ ਕੇ ਆਉਣ ਦੀ ਹਦਾਇਤ ਸੀ। ਪਰ ਕਦੇ ਕਦੇ ਕੋਈ ਬਿਨਾਂ ਨਾਤਿਆਂ ਵੀ ਆ ਵੜਦਾ। ਕਈ ਵਿਚਾਰੇ ਮੂੰਹ ਵੀ ਨਾ ਧੋਂਦੇ। ਕਈਆਂ ਦੇ ਇਕ ਦੋ ਥੱਪੜ ਵੀ ਲੱਗ ਜਾਂਦੇ ਅਤੇ ਮਾਸਟਰ ਜੀ ਨਲਕੇ ’ਤੇ ਮੂੰਹ ਧੋਣ ਭੇਜ ਦਿੰਦੇ।
ਮੇਰੇ ਨਾਲ ਦੇ ਸਾਰੇ ਵਿਦਿਆਰਥੀ ਪੋਣੇ ’ਚ ਰੋਟੀ ਬੰਨ੍ਹ ਕੇ ਲਿਆਇਆ ਕਰਦੇ ਸਨ ਪਰ ਮੇਰੇ ਕੋਲ ਛੋਟਾ ਜਿਹਾ ਸਟੀਲ ਦਾ ਡੱਬਾ ਹੁੰਦਾ ਸੀ। ਮੇਰੇ ਨਾਲ ਪੜ੍ਹਦੀ ਮੇਰੀ ਸਹੇਲੀ ਸਿੱਟੋ ਮੈਨੂੰ ਬਹੁਤ ਚੰਗੀ ਲਗਦੀ। ਮੈਂ ਆਪਣੀ ਰੋਟੀ ਉਸ ਨਾਲ ਜ਼ਰੂਰ ਸਾਂਝੀ ਕਰਦੀ। ਟਾਹਲੀਆਂ ਦੀ ਛਾਂ ’ਚ ਬੈਠ ਕੇ ਰੋਟੀ ਖਾਣ ਦਾ ਵਖਰਾ ਹੀ ਆਨੰਦ ਸੀ। ਮੈਂ ਸਾਰਿਆਂ ਦੇ ਸਾਹਮਣੇ ਆਪਣਾ ਡੱਬਾ ਖੋਲ੍ਹਦੀ ਤਾਂ ਮੈਨੂੰ ਆਪਣਾ ਆਪ ਤੇ ਡੱਬਾ ਸੋਹਣੇ ਲੱਗਦੇ। ਹਰ ਇਕ ਦੀ ਨਿਗਾਹ ਮੇਰੇ ਡੱਬੇ ’ਤੇ ਹੁੰਦੀ। ਇਕ ਦਿਨ ਕੇਹਰੂ ਨੇ ਆਖ ਹੀ ਦਿੱਤਾ, ‘ਮੈਂ ਵੀ ਆਪਣੀ ਕਲਕੱਤੇ ਵਾਲੀ ਭੂਆ ਤੋਂ ਡੱਬਾ ਮੰਗਾਇਆ ਹੈ… ਆ ਈ ਜਾਣਾ ਆ ਭੂਆ ਨੇ…ਸ਼ਿੰਦਰ ਦੇ ਡੱਬੇ ਤੋਂ ਸੋਹਣਾ ਹੋਊ!।
‘ਡੱਬੇ ਤਾਂ ਬੱਧਨੀ ਵੀ ਬਥੇਰੇ ਪਏ ਆ ਰਾਮ ਦੀ ਹੱਟੀ ’ਤੇ…ਏਵੇਂ ਨਾ ਕਲਕੱਤੇ ਦੀ ਧੌਂਸ ਦਿਖਾ!’ ਗੇਜੂ ਨੇ ਕੇਹਰੂ ਦੀ ਗੱਲ ਪੂਰੀ ਨਾ ਹੋਣ ਦਿੱਤੀ।
ਗੇਜੂ ਦੀ ਇਕ ਗੱਲ ਹੋਰ ਯਾਦ ਆ ਗਈ। ਸਿਆਲਾਂ ਦੇ ਦਿਨੀਂ ਬੱਧਨੀ ਵਾਲੇ ਮਾਸਟਰ ਜੀ ਧੁੱਪੇ ਹੀ ਕਲਾਸ ਲਾ ਲੈਂਦੇ। ਮਾਸਟਰ ਜੀ ਦੇ ਮੂੰਹੋਂ ਧੁੱਪੇ ਜਾਣ ਦੀ ਗੱਲ ਨਿਕਲਣ ਸਾਰ, ਕੇਹਰੂ ਮਾਸਟਰ ਜੀ ਦੀ ਕੁਰਸੀ ਕੋਲ ਜਾ ਖੜ੍ਹਦਾ। ਉਹ ਇਹ ਨਹੀਂ ਸੀ ਚਾਹੁੰਦਾ ਕਿ ਉਹਦੇ ਬਿਨਾਂ ਕੋਈ ਹੋਰ ਮਾਸਟਰ ਜੀ ਦੀ ਕੁਰਸੀ ਨੂੰ ਹੱਥ ਲਾਵੇ। ਕਈ ਵਾਰੀ ਤਾਂ ਗੇਜੂ ਤੇ ਕੇਹਰੂ ਦੀ ਲੜਾਈ ਮਾਸਟਰ ਜੀ ਦੀ ਕੁਰਸੀ ਚੁੱਕਣ ਪਿੱਛੇ ਹੀ ਹੋ ਜਾਂਦੀ। ਗੇਜੂ ਦੇ ਮੂੰਹੋਂ ਡੱਬੇ ਵਾਲੀ ਗੱਲ ਸੁਣ ਕੇ ਕੇਹਰੂ ਦਾ ਚਿਹਰਾ ਲਾਲ ਹੋ ਗਿਆ। ਉਹਨੇ ਰੋਟੀ ਦੀ ਬੁਰਕੀ ਓਥੇ ਹੀ ਰੱਖ ਦਿੱਤੀ ਤੇ ਖੜ੍ਹਾ ਹੋ ਗਿਆ, ‘ਹੁਣ ਤੂੰ ਲਾਈਂ ਮਾਸਟਰਾਂ ਦੀ ਕੁਰਸੀ ਨੂੰ ਹੱਥ…ਛੁੱਟੀ ਵੇਲੇ ਦੇਖ ਲੀਂ! ਰੋਜ਼ ਦੋ ਗਲਾਸ ਦੁੱਧ ਦੇ ਪੀਨਾਂ…!’
ਅੱਧੀ ਛੁੱਟੀ ਖ਼ਤਮ ਹੋਣ ਸਾਰ ਹੀ ਗੇਜੂ ਨੇ ਮਾਸਟਰ ਜੀ ਕੋਲ ਸ਼ਿਕਾਇਤ ਲਾ ਦਿੱਤੀ ਕਿ ਅੱਜ ਸਾਰੀ ਛੁੱਟੀ ਵੇਲੇ ਕੇਹਰੂ ਮੈਨੂੰ ਕੁੱਟਣ ਨੂੰ ਫਿਰਦਾ…। ਮਾਸਟਰ ਜੀ ਨੇ ਦੋਨਾਂ ਦੇ ਹੱਥਾਂ ’ਤੇ ਇਕ-ਇਕ ਡੰਡਾ ਲਾ ਕੇ ਗੱਲ ਖ਼ਤਮ ਕਰ ਦਿੱਤੀ।
ਹੁਣ ਉਮਰ ਦੇ ਤੀਸਰੇ ਪਹਿਰ ਵਿਚ ਮੈਂ ਜਦ ਵੀ ਆਪਣੇ ਪੋਤੇ ਜਾਂ ਪੋਤੀ ਦਾ ਲੰਚ-ਬਾਕਸ ਧੋਂਦੀ ਆਂ ਤਾਂ ਮੈਨੂੰ ਆਪਣਾ ਉਹ ਰੋਟੀ ਵਾਲਾ ਡੱਬਾ ਯਾਦ ਆ ਜਾਂਦਾ ਹੈ ਜੋ ਗੇਜੂ ਤੇ ਕੇਹਰੂ ’ਚ ਲੜਾਈ ਦਾ ਕਾਰਣ ਬਣਿਆ।
ਇਕ ਦਿਨ ਧੁੱਪ ’ਚ ਘਾਹ `ਤੇ ਬੈਠਿਆਂ ਮੈਂ ਗੇਜੂ ਕੋਲ ਤੇਲ ਦੀ ਸ਼ੀਸ਼ੀ ਦੇਖ ਲਈ। ਮੇਰੇ ਤੋਂ ਰਿਹਾ ਨਾ ਗਿਆ।
‘ਗੇਜੂ! ਆਹ ਕੀ ਆ?’
‘ਸਰੋ੍ਹਂ ਦਾ ਤੇਲ ਆ…ਘਾਹ ’ਚੋਂ ਮੇਰੇ ਭੂਰੀਆਂ ਕੀੜੀਆਂ ਲੜਦੀਆਂ ਰਹਿੰਦੀਆਂ। ਧੱਫ਼ੜ ਪਾ ਦਿੰਦੀਆਂ…ਮੈਂ ਧੱਫ਼ੜਾਂ ’ਤੇ ਤੇਲ ਲਾ ਲੈਂਨਾਂ!’
ਏਨਾ ਕਹਿ ਕੇ ਗੇਜੂ ਨੇ ਤੇਲ ਵਾਲੀ ਸ਼ੀਸ਼ੀ ਬਸਤੇ ਵਿਚ ਲਕੋ ਲਈ। ਮੈਂ ਗੇਜੂ ਦੀ ਇਹ ਗੱਲ ਕਿਸੇ ਨੂੰ ਨਹੀਂ ਦੱਸੀ।
…ਤੇ ਸਿੱਟੋ, ਭਾਵੇਂ ਉਹ ਬਹੁਤ ਮੈਲੀ ਕੁਚੈਲੀ ਜਿਹੀ ਸੀ ਪਰ ਮੇਰੀ ਸਹੇਲੀ ਸੀ। ਉਨ੍ਹਾਂ ਦੇ ਘਰ ਪਏ ਵੱਖ-ਵੱਖ ਰੰਗਾਂ ਦੇ ਸੂਤ ਮੇਰੇ ਮਨ ਨੂੰ ਖਿੱਚ ਪਾਉਂਦੇ। ਉਸਦਾ ਘਰ ਸਕੂਲ ਦੇ ਰਾਹ ’ਚ ਸੀ। ਛੁੱਟੀ ਤੋਂ ਬਾਦ ਇਕ ਦਿਨ ਮੈਂ ਉਨ੍ਹਾਂ ਦੇ ਘਰ ਠਹਿਰ ਗਈ। ਸਿੱਟੋ ਦੀ ਮਾਂ ਧਾਰੀਆਂ ਪਾ-ਪਾ ਤਾਣਾ ਤਣ ਰਹੀ ਸੀ। ਰੰਗਾਂ ਦੀਆਂ ਧਾਰੀਆਂ ਮੈਨੂੰ ਬਹੁਤ ਚੰਗੀਆਂ ਲੱਗਦੀਆਂ। ਦੇਖਦਿਆਂ-ਦੇਖਦਿਆਂ ਮੈਨੂੰ ਦੇਰ ਹੋ ਗਈ ਤੇ ਮੇਰੀ ਦਾਦੀ ਉਨ੍ਹਾਂ ਦੇ ਘਰ ਜਾ ਧਮਕੀ। ਉਸਨੇ ਮੈਨੂੰ ਫੜ ਕੇ ਏਨੇ ਜ਼ੋਰ ਦੀ ਝੰਜੋੜਿਆ ਕਿ ਕਈ ਦਿਨ ਮੇਰੀ ਗਰਦਨ ਦੁਖਦੀ ਰਹੀ।
ਇਸ ਸਕੂਲ ਦੀ ਜੋ ਗੱਲ ਮੈਨੂੰ ਬਹੁਤ ਚੰਗੀ ਤਰ੍ਹਾਂ ਯਾਦ ਹੈ ਉਹ ਇਹ ਕਿ ਮੈਂ ਜਮ੍ਹਾਂ-ਘਟਾਓ, ਜਰਬ ਤੇ ਤਕਸੀਮ ਦੇ ਸਵਾਲ ਸਾਰਿਆਂ ਤੋਂ ਪਹਿਲਾਂ ਹੱਲ ਕਰ ਕੇ ਮਾਸਟਰ ਜੀ ਨੂੰ ਦਿਖਾਉਂਦੀ ਸੀ। ਫੱਟੀ `ਤੇ ਖੂਬਸੂਰਤ ਲਿਖਾਈ ਲਿਖਦੀ। ਬੱਧਨੀ ਵਾਲੇ ਮਾਸਟਰ ਆਪਣੇ ਚਾਕੂ ਨਾਲ ਕਲਮਾਂ ਘੜ ਕੇ ਦਿੰਦੇ। ਕਲਮਾਂ ਘੜਨ ਵਾਸਤੇ ਹੀ ਉਹ ਚਾਕੂ ਰੱਖਦੇ ਅਤੇ ਕਦੇ-ਕਦੇ ਉਹ ਨਲਕੇ ਕੋਲ ਜਾ ਕੇ ਪੱਥਰ ’ਤੇ ਘਸਾ ਕੇ ਚਾਕੂ ਤਿੱਖਾ ਕਰ ਲੈਂਦੇ। ਮੈਨੂੰ ਉਸ ਸਮੇਂ ਇਹ ਮਾਸਟਰ ਦੁਨੀਆਂ ਦੇ ਸਭ ਤੋਂ ਵੱਧ ਪੜ੍ਹੇ-ਲਿਖੇ ਇਨਸਾਨ ਲੱਗਦੇ ਸਨ। ਮੇਰੇ ਚਿੱਤ ’ਚ ਖਿਆਲ ਆਉਂਦਾ ਕਿ ਮੈਂ ਜਦੋਂ ਵੱਡੀ ਹੋ ਕੇ ਮਾਸਟਰਨੀ ਬਣੂੰਗੀ ਤਾਂ ਇਸ ਤਰ੍ਹਾਂ ਦੇ ਚਾਕੂ ਨਾਲ ਕਾਨੇ ਦੀਆਂ ਕਲਮਾਂ ਘੜ ਕੇ ਦਿਆ ਕਰੂੰਗੀ। ਗੱਲ ਦੱਸਣੀ ਚੰਗੀ ਲਗਦੀ ਹੈ ਕਿ ਮੈਂ ਹਮੇਸ਼ਾ ਪੱਕੇ ਕਾਨੇ ਦੀ ਤਲਾਸ਼ ਵਿਚ ਰਹਿੰਦੀ ਸੀ। ਜਿੱਥੇ ਕਿਤੇ ਕਾਨਾ ਦੇਖਦੀ ਲੈ ਆਉਂਦੀ। ਕਾਨੇ ਦੀਆਂ ਇਹ ਕਲਮਾਂ ਮੇਰੇ ਜ਼ਿਹਨ ’ਚ ਏਨੀਆਂ ਡੂੰਘੀਆਂ ਲਹਿ ਗਈਆਂ ਕਿ ਮੈਂ ਆਪਣੀ ਕਵਿਤਾ ਦੀ ਇਕ ਕਿਤਾਬ ਦਾ ਨਾਂ ਵੀ ‘ਕਾਨੇ ਦੀਆਂ ਕਲਮਾਂ’ ਰੱਖਿਆ।
ਗੇਜੂ ਮੇਰਾ ਜਮਾਤੀ ਸੀ। ਸੀ ਤਾਂ ਉਹ ਮੈਥੋਂ ਅਗਾਂਹ ਹੀ। ਇਕ ਵਾਰ ਫੇਲ੍ਹ ਹੋਣ ਕਾਰਨ ਮੇਰਾ ਜਮਾਤੀ ਹੋ ਗਿਆ। ਵਿਚਾਰਾ ਪੜ੍ਹਾਈ ’ਚ ਬਹੁਤ ਹੀ ਮਾੜਾ। ਵੱਡੇ ਮਾਸਟਰ ਜੀ ਨੇ ਮੇਰੀ ਡਿਊਟੀ ਲਾ ਦਿੱਤੀ ਕਿ ਇਸਦਾ ਘਰ ਲਈ ਦਿੱਤਾ ਕੰਮ ਦੇਖਾਂ। ਉਸ ਦੇ ਘਰ ਲਈ ਦਿੱਤੇ ਕੰਮ ਦੇ ਸਾਰੇ ਸਵਾਲ ਗਲਤ ਸਨ। ਮੈਂ ਮਾਸਟਰ ਜੀ ਨੂੰ ਦੱਸ ਦਿੱਤਾ ਕਿ ਇਸਦਾ ਕੀਤਾ ਕੰਮ ਸਾਰਾ ਹੀ ਗਲਤ ਹੈ। ਮਾਸਟਰ ਜੀ ਨੇ ਮੈਨੂੰ ਉਸਦੇ ਚਪੇੜ ਲਾਉਣ ਲਈ ਆਖ ਦਿੱਤਾ। ਮੈਂ ਮਾਸਟਰ ਜੀ ਦੇ ਮੂੰਹ ਵੱਲ ਦੇਖਣ ਲੱਗ ਗਈ। ਮਾਸਟਰ ਜੀ ਪੂਰੇ ਰੋਹਬ ਨਾਲ ਬੋਲੇ, ‘ਸੁਣਦਾ ਨੀ! ਮਾਰ ਦੋ ਚਪੇੜਾਂ ਇਸ ਗਧੇ ਦੇ।’
ਮੈਂ ਨਾ ਚਾਹੁੰਦੀ ਹੋਈ ਨੇ ਉਸਦੇ ਦੋ ਚਪੇੜਾਂ ਜੜ ਦਿੱਤੀਆਂ। ਗੇਜੂ ਦੀਆਂ ਅੱਖਾਂ ’ਚੋਂ ਤ੍ਰਿਪ-ਤ੍ਰਿਪ ਵਗਦਾ ਪਾਣੀ ਮੈਨੂੰ ਅੱਜ ਵੀ ਯਾਦ ਹੈ। ਉਸ ਦਿਨ ਤੋਂ ਬਾਦ ਗੇਜੂ ਮੇਰੇ ਨਾਲ ਕਦੇ ਨਾ ਬੋਲਿਆ। ਉਹ ਮੇਰੇ ਵੱਲ ਦੇਖਦਾ ਤੇ ਮੂੰਹ ਭਵਾਂ ਲੈਂਦਾ। ਪਿੰਡ ਦੇ ਇਸ ਸਕੂਲ ਬਾਰੇ ਲਿਖਦਿਆਂ ਇਹ ਮੇਰੇ ਲਈ ਸਭ ਤੋਂ ਮਾੜੀ ਤੇ ਘਿਨੌਣੀ ਘਟਨਾ ਹੈ ਜਿਸਦੇ ਯਾਦ ਆਉਂਦਿਆਂ ਹੀ ਮੈਨੂੰ ਆਪਣੇ ਆਪ `ਤੇ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ।
ਪਿੰਡ ਦੇ ਸਕੂਲ ’ਚੋਂ ਚਾਰ ਜਮਾਤਾਂ ਪਾਸ ਕਰ ਕੇ ਮੈਂ ਮੋਗੇ ਦੇ ਸਰਕਾਰੀ ਗਰਲਜ਼ ਹਾਇਰ ਸੈਕੰਡਰੀ ਸਕੂਲ ਵਿਚ ਪੜ੍ਹਨ ਲੱਗ ਗਈ। ਸਮੇਂ ਦੇ ਨਾਲ ਨਾਲ ਮੈਂ ਬੀ.ਐਸ.ਸੀ. ਕਰਕੇ ਕੈਨੇਡਾ ਆ ਵਸੀ। ਮੈਨੂੰ ਏਨਾ ਪਤਾ ਹੈ ਕਿ ਗੇਜੂ ਪਿੰਡ ਦੇ ਸਕੂਲ ’ਚੋਂ ਚਾਰ ਜਮਾਤਾਂ ਪੜ੍ਹ ਕੇ ਅੱਗੇ ਨਹੀਂ ਪੜ੍ਹਿਆ।
ਮੈਂ ਜਦੋਂ ਵੀ ਪਿੰਡ ਜਾਂਦੀ ਤਾਂ ਮੇਰੀ ਕੋਸ਼ਿਸ਼ ਹੁੰਦੀ ਕਿ ਗੇਜੂ ਮੈਨੂੰ ਨਾ ਮਿਲੇ। ਜੇ ਕਿਤੇ ਬੰਦਿਆਂ ਦੀ ਢਾਣੀ ’ਚ ਬੈਠਾ ਦੇਖ ਲੈਂਦੀ ਤਾਂ ਚੁੱਪ-ਚਾਪ ਲੰਘ ਜਾਂਦੀ। ਦੇਖਿਆ ਅਣ-ਦੇਖਿਆ ਕਰ ਦਿੰਦੀ। ਉਸਦੀ ਦੁੱਧ ਚਿੱਟੀ ਅਣਕੱਟ ਦਾੜ੍ਹੀ ਤੋਂ ਸੰਗ ਜਾਂਦੀ।
ਇਕ ਦਿਨ ਗੇਜੂ ਮੈਨੂੰ ਬੀਹੀ ਵਿਚ ਮਿਲ ਗਿਆ। ਉਹ ਆਪਣੇ ਦਰਵਾਜ਼ੇ ਮੂਹਰੇ ਖੜ੍ਹਾ ਸੀ। ਨਾ ਮੈਂ ਪਿੱਛੇ ਮੁੜ ਸਕਦੀ ਸਾਂ ਅਤੇ ਨਾ ਹੀ ਅਣਦੇਖਿਆਂ ਕਰ ਸਕਦੀ ਸਾਂ। ਮੈਂ ਉਨ੍ਹਾਂ ਦੇ ਦਰਵਾਜ਼ੇ ਤੋਂ ਪਰੇ ਹੀ ਸੀ ਕਿ ਉਹ ਮੇਰੇ ਵੱਲ ਨੂੰ ਆ ਗਿਆ। ਮੈਂ ਵੀ ਰੁਕ ਗਈ।
ਮੇਰੇ ਸਿਰ `ਤੇ ਹੱਥ ਰੱਖਦਿਆਂ ਕਹਿਣ ਲੱਗਾ, ‘ਕਿਵੇਂ ਐ ਕੁੜੇ ਸ਼ਿੰਦਰ! ਤਕੜੀ ਐਂ…ਕਦੋਂ ਆਈ ਸੀ…ਜਵਾਕ ਜੱਲਾ ਸਾਰਾ ਠੀਕ ਆ!।
‘ਹਾਂ ਬਾਈ! ਸਭ ਠੀਕ ਠਾਕ ਹੈ…ਤੇਰੀ ਸਿਹਤ ਕਿਵੇਂ ਆ… ਭਾਬੀ ਕਿਵੇਂ ਆ?’ ਮੈਂ ਸੰਗਦੀ ਸੰਗਦੀ ਏਨਾ ਕੁਝ ਇਕੋ ਸਾਹ ਵਿਚ ਹੀ ਕਹਿ ਗਈ।
‘ਆ ਜਾ ਕੁੜੇ… ਚਾਹ ਪਾਣੀ ਪੀ ਕੇ ਜਾਵੀਂ। ਤੇਰਾ ਆਪਣਾ ਘਰ ਆ…ਘਰੇ ਦੁੱਧ ਬਥੇਰਾ…ਤੇਰੀ ਭਾਬੀ ਨੇ ਪਿੰਨੀਆਂ ਬਣਾਈਆਂ ਅਜੇ ਕਲ੍ਹ ਈ। ਆ ਜਾ ਅੰਦਰ ਲੰਘ ਆ। ਤੇਰੀ ਭਾਬੀ ਬਹੁਤ ਯਾਦ ਕਰਦੀ ਆ ਤੈਨੂੰ …ਕਹਿੰਦੀ ਹੁੰਦੀ ਆ ਸ਼ਿੰਦਰ ਤਾਂ ਬਾਹਲੀ ਹੀ ਨਿਰਮੋਹੀ ਆ …ਕਦੇ ਮਿਲ ਕੇ ਨੀ ਜਾਂਦੀ। ‘
ਉਹਦੀ ਗੱਲ ਅਜੇ ਵਿਚੇ ਹੀ ਸੀ ਕਿ ਗੇਜੂ ਦੀ ਵਹੁਟੀ ਸਾਡੇ ਕੋਲ ਆ ਖਲੋਤੀ। ਪਿੰਡ ’ਚ ਉਹ ਨੂੰ ਸਾਰੇ ਤਾਰੋ ਆਖਦੇ ਹਨ। ਪੇਕਿਆਂ ਨੇ ਨਾਂ ਤਾਂ ਓਹਦਾ ਜਗਤਾਰ ਕੌਰ ਰੱਖਿਆ ਸੀ। ਪਤਾ ਨੀ ਕਿਵੇਂ ਤੇ ਕਦੋਂ ਲੋਕੀਂ ਤਾਰੋ ਸੱਦਣ ਲੱਗ ਪਏ।
‘ਮੈਂ ਏਧਰ ਪਾਥੀਆਂ ਲੈਣ ਆਈ ਸੀ….ਬੀਬੀ ਤੇਰਾ ਬੋਲ ਸੁਣ ਕੇ ਜਾਣੀਂ ਚਾਅ ਚੜ੍ਹ ਗਿਆ। ਆ ਜਾ ਹੁਣ…ਮੈਂ ਇਉਂ ਨੀ ਜਾਣ ਦੇਣਾ …ਚਾਹ ਦੁੱਧ ਪੀ ਕੇ ਜਾਣਾ ਪੈਣਾ ਆ। ‘
ਨਾ ਚਾਹੁੰਦੀ ਹੋਈ ਵੀ ਮੈਂ ਅੰਦਰ ਚਲੀ ਗਈ। ਵੱਡਾ ਸਾਰਾ ਵਿਹੜਾ ਲੰਘ ਕੇ ਜਾਣਾ ਪੈਂਦਾ ਸੀ। ਗੇਜੂ ਨੇ ਸਾਡੇ ਅੱਗੇ ਅੱਗੇ ਜਾ ਕੇ ਕੰਧ ਨਾਲ ਖੜ੍ਹਾ ਮੰਜਾ ਸਿੱਧਾ ਕਰ ਦਿੱਤਾ। ਇਕ ਮੰਜਾ ਪਹਿਲਾਂ ਹੀ ਚੌਂਕੇ-ਚੁੱਲ੍ਹੇ ਦੇ ਕੋਲ ਡਾਹਿਆ ਪਿਆ ਸੀ। ਹੁਣ ਘਰ ਦਾ ਨਕਸ਼ਾ ਬਦਲਿਆ ਪਿਆ ਸੀ। ਬਚਪਨ ਦੇ ਘਰ ਤੋਂ ਬਿਲਕੁਲ ਵੱਖਰਾ। ਪਰ ਫਿਰ ਵੀ ਕੋਈ ਪੁਰਾਣੀ ਨਿਸ਼ਾਨੀ ਦੇਖ ਕਈ ਗੱਲਾਂ ਯਾਦ ਆ ਰਹੀਆਂ ਸਨ ਖਾਸ ਕਰਕੇ ਖੂਹੀ ਵਾਲੀ ਥਾਂ ਜੋ ਹੁਣ ਭਰ ਦਿੱਤੀ ਗਈ ਸੀ। ਸੁਣਿਆ ਸੀ ਇਸ ਖੂਹੀ ’ਚ ਦੋ ਕੁ ਮਹੀਨਿਆਂ ਦੀ ਵੱਛੀ ਡਿੱਗ ਪਈ। ਸਾਰੀ ਪੱਤੀ ਦੇ ਲੋਕਾਂ ਨੇ ਰਲ ਕੇ ਮਸਾਂ ਬਾਹਰ ਕੱਢੀ।
‘ਲੈ ਭਾਈ ਸ਼ਿੰਦਰ ਆਰਾਮ ਨਾਲ ਬੈਠ ਏਥੇ। ਬਾਹਲੇ ਈ ਚਿਰ ਪਿੱਛੋਂ ਤੂੰ ਆਈਂ ਏਂ ਸਾਡੇ ਘਰੇ।’ ਗੇਜੂ ਦੇ ਬੋਲਾਂ ’ਚ ਲੋਹੜੇ ਦਾ ਪਿਆਰ ਸੀ।
ਪਰ ਮੈਨੂੰ ਤਾਂ ਆਪਣਾ ਈ ਪਾਲਾ ਮਾਰ ਰਿਹਾ ਸੀ। ਮੈਂ ਸੁੰਗੜੀ ਜਿਹੀ ਬੈਠੀ ਸਾਂ।
‘ਹਾਂ ਦੱਸ ਸ਼ਿੰਦਰ…ਕਿੰਨੇ ਦਿਨਾਂ ਦੀ ਛੁੱਟੀ ਆ…? ਨੌਕਰੀ ਤਾਂ ਕਰਦੀ ਹੋਵੇਂਗੀ ਓਥੇ…ਤੂੰ ਤਾਂ ਪੜ੍ਹਾਈ ਵੀ ਬਹੁਤ ਕੀਤੀ ਆ!’
ਗੇਜੂ ਦੇ ਮੂੰਹੋਂ ਪੜ੍ਹਾਈ ਦੀ ਗੱਲ ਸੁਣ ਕੇ ਮੈਨੂੰ ਫ਼ਿਕਰ ਜਿਹਾ ਹੋ ਗਿਆ ਕਿ ਗੇਜੂ ਕਿਤੇ ਸਕੂਲ ਵਾਲੀ ਗੱਲ ਨਾ ਛੇੜ ਲਵੇ।
‘ਨਹੀਂ ਬਾਈ…ਤੁਹਾਨੂੰ ਈ ਲੱਗਦੈ ਮੈਂ ਬਹੁਤਾ ਪੜ੍ਹੀ ਆਂ…ਏਨਾ ਕੁ ਤਾਂ ਅੱਜ ਕਲ੍ਹ ਆਮ ਈ ਆ।’ ਮੈਂ ਆਪਣੀ ਚੁੱਪ ਤੋੜਦਿਆਂ ਕਿਹਾ।
‘ਸ਼ਿੰਦਰ! ਨੰਬਰਦਾਰਾਂ ਦਾ ਮੁੰਡਾ ਦੱਸਦਾ ਸੀ ਬਈ ਕੈਨੇਡਾ ’ਚ ਤਾਂ ਬਾਹਲੀ ਠੰਢ ਆ। ਬਰਫ਼ ਪੈਂਦੀ ਰਹਿੰਦੀ ਆ। ਔਖਾ ਹੁੰਦਾ ਹੋਊ ਏਨੀ ਠੰਢ ’ਚ ਰਹਿਣਾ?’
ਮੈਂ ਗੱਲ ਦਾ ਜਵਾਬ ਦੇਣ ਬਾਰੇ ਸੋਚਦੀ ਹੀ ਸੀ ਕਿ ਭਾਬੀ ਤਾਰੋ ਨੇ ਛੋਟਾ ਜਿਹਾ ਸਟੂਲ ਦੋਨਾਂ ਮੰਜਿਆਂ ਵਿਚਾਲੇ ਲਿਆ ਧਰਿਆ।
‘ਸ਼ਿੰਦਰ! ਆ ਸਟੂਲ ਬਾਬੇ ਨੇ ਲੋਪੋ ਦੇ ਇਕ ਮਿਸਤਰੀ ਤੋਂ ਬਣਵਾਇਆ ਸੀ। ਬਾਬੇ ਦਾ ਪੱਕਾ ਯਾਰ ਸੀ ਉਹ।’
ਗੇਜੂ ਦੀ ਗੱਲ ਵਿਚੇ ਹੀ ਸੀ ਕਿ ਤਾਰੋ ਗਰਮ ਦੁੱਧ ਦੇ ਭਰੇ ਦੋ ਗਲਾਸ, ਪਿੰਨੀਆਂ ਵਾਲੀ ਪਲੇਟ ਸਟੂਲ ’ਤੇ ਰੱਖਦਿਆਂ ਤੇ ਮੇਰੇ ਵੱਲ ਦੇਖ ਕੇ ਕਹਿਣ ਲੱਗੀ, ‘ਲਉ ਤੁਸੀਂ ਦੋਨੋਂ ਭੈਣ-ਭਰਾ ਤੱਤਾ ਤੱਤਾ ਦੁੱਧ ਪੀਵੋ। ਸਟੂਲ ਦੀ ਗੱਲ ਬਾਦ ’ਚ ਕਰਿਓ। ਸਟੂਲ ਕਿਤੇ ਨੀ ਜਾਂਦਾ।’
‘ਭਾਬੀ! ਤੂੰ ਨੀ ਦੁੱਧ ਪੀਣਾ?’ ਮੈਂ ਤਾਰੋ ਨਾਲ ਨਜ਼ਰ ਮਿਲਾ ਕੇ ਪੁੱਛਿਆ।
‘ਨਾ ਬੀਬੀ ਮੈਂ ਨੀ ਪੀਂਦੀ ਦੁੱਧ…ਸਹੁੰ ਤੇਰੀ…ਮੈਨੂੰ ਚੰਗਾ ਈ ਨੀ ਲੱਗਦਾ! ਦਹੀਂ ਬਥੇਰਾ ਖਾ ਲੈਨੀ ਆਂ!’
‘ਹਾਂ ਬਾਈ ਤੂੰ ਸਟੂਲ ਦੀ ਗੱਲ ਕਰਦਾ ਸੀ…ਵਿਚੇ ਰਹਿ ਗਈ!’
‘ਬਾਬਾ ਕਹਿੰਦਾ ਹੁੰਦਾ ਸੀ ਏਨੂੰ ਸਾਂਭ ਕੇ ਰੱਖੋ…ਮੇਰੇ ਯਾਰ ਦੀ ਨਿਸ਼ਾਨੀ ਆ!’ ਗੇਜੂ ਦੀਆਂ ਅੱਖਾਂ ਨਮ ਹੋ ਗਈਆਂ।
‘ਪਹਿਲਾਂ ਦੁੱਧ ਪੀ ਲਉ…ਠੰਢਾ ਹੋ ਜੂ…ਤਾਰੋ ਨੇ ਆਪਣੀ ਚੁੰਨੀ ਦੇ ਲੜ ਨਾਲ ਮੱਖੀਆਂ ਉਡਾਉਂਦਿਆਂ ਕਿਹਾ ਹੀ ਸੀ ਕਿ ਗੇਜੂ ਬੋਲ ਪਿਆ, ‘ਦੁੱਧ ਠੰਢਾ ਹੋ ਜੂ…ਫਿਰ ਕੀ ਹੋ ਜੂ…ਫਿਰ ਗਰਮ ਹੋ ਜੂ…ਵਿਚ ਬੋਲਣ ਦੀ ਆਦਤ ਨੀ ਜਾਂਦੀ…ਮਸਾਂ ਕੁੜੀ ਆਈ ਆ…ਅਸੀਂ ਦਿਲ ਦੀਆਂ ਗੱਲਾਂ ਕਰਨੀਆਂ…ਆਪਣੇ ਬਚਪਨ ਦੀਆਂ…ਤੂੰ ਐਵੇਂ ਈ..!’
ਉਸ ਦੇ ਮੂੰਹੋਂ ‘ਬਚਪਨ’ ਸ਼ਬਦ ਸੁਣ ਕੇ ਮੇਰਾ ਮੱਥਾ ਠਣਕਿਆ। ਮੈਨੂੰ ਲੱਗਿਆ ਗੇਜੂ ਜ਼ਰੂਰ ਚਪੇੜ ਵਾਲੀ ਗੱਲ ਕਰੇਗਾ।
ਗੱਲ ਦਾ ਰੁਖ਼ ਬਦਲਣ ਲਈ ਮੈਂ ਇਕ ਦਮ ਬੋਲ ਪਈ ‘ਭਾਬੀ! ਮੇਰੇ ਤੋਂ ਏਨਾ ਦੁੱਧ ਪੀਤਾ ਨੀ ਜਾਣਾ… ਅੱਧਾ ਕੁ ਦੁੱਧ ਕੱਢ ਲੈ…।’
ਮੇਰੇ ਵਾਰ-ਵਾਰ ਕਹਿਣ `ਤੇ ਉਹਨੇ ਮੇਰਾ ਗਲਾਸ ਮਾੜਾ ਜਿਹਾ ਊਣਾ ਕਰ ਦਿੱਤਾ।
‘ਗੇਜੂ ਨੇ ਪਿੰਨੀਆਂ ਵਾਲੀ ਪਲੇਟ ਮੇਰੇ ਮੂਹਰੇ ਕਰਦਿਆਂ ਕਿਹਾ, ‘ਲੈ ਭਾਈ ਸ਼ਿੰਦਰ…ਖਾ ਕੇ ਦੇਖ …ਤੇਰੀ ਭਾਬੀ ਮਾਹਿਰ ਆ ਪਿੰਨੀਆਂ ਬਣਾਉਣ ’ਚ ਤੇ ਗੱਲਾਂ ਕਰਨ ’ਚ!’
‘ਬਾਈ! ਗੱਲ ਤਾਂ ਤੇਰੀ ਠੀਕ ਆ…ਮੈਂ ਪਹਿਲੀ ਵਾਰ ਏਨੀ ਸਵਾਦ ਪਿੰਨੀ ਖਾਧੀ ਆ!’
ਆਪਣੀਆਂ ਬਣਾਈਆਂ ਪਿੰਨੀਆਂ ਦੀ ਪ੍ਰਸ਼ੰਸਾ ਸੁਣ ਕੇ ਤਾਰੋ ਖ਼ੁਸ਼ ਹੋ ਗਈ, ‘ਤੂੰ ਮੈਨੂੰ ਜਾਣ ਵੇਲੇ ਦੋ ਕੁ ਦਿਨ ਪਹਿਲਾਂ ਦੱਸ ਦੇਈਂ …ਬਣਾ ਦੂੰਗੀ ਨਾਲ ਲਿਜਾਣ ਵਾਸਤੇ। ਦੋਹਤੇ-ਦੋਹਤੀਆਂ ਨੂੰ ਪਤਾ ਲੱਗੇ ਕਿ ਪਿੰਡ ਸਾਡੀ ਕੋਈ ਮਾਮੀ ਹੈਗੀ!’
ਮੇਰੇ ਕੋਲੋਂ ਗੇਜੂ ਦੀ ਨਿਗਾਹ ਦਾ ਸਾਹਮਣਾ ਕਰਨਾ ਮੁਸ਼ਕਿਲ ਹੋ ਰਿਹਾ ਸੀ। ਉਹ ਬੈਠਾ ਵੀ ਤਾਂ ਮੇਰੇ ਸਾਹਮਣੇ ਸੀ। ਉਸ ਦੀ ਦੁੱਧ ਚਿੱਟੀ ਲੰਮੀ ਦਾੜ੍ਹੀ ਦੇਖ ਵਾਰ-ਵਾਰ ਏਹੀ ਖ਼ਿਆਲ ਆਉਂਦਾ ਕਿ ਮੈਂ ਮਾਸਟਰ ਜੀ ਦੇ ਕਹੇ ਚਪੇੜ ਕਿਉਂ ਮਾਰੀ?
ਮੈਨੂੰ ਭੁੱਲ ਹੀ ਗਿਆ ਕਿ ਓਦੋਂ ਤਾਂ ਇਸਦੇ ਦਾੜ੍ਹੀ ਨਹੀਂ ਸੀ… ਓਦੋਂ ਤਾਂ ਦਸ ਕੁ ਸਾਲਾਂ ਦਾ ਸੀ ਇਹ। ਚੋਰ ਸਿਪਾਹੀ ਖੇਡਣ ਵੇਲੇ ਸਾਰੇ ਜਵਾਕ ਏਹਨੂੰ ਗੇਜੂ ਮੇਜੂ ਈ ਕਹਿੰਦੇ ਹੁੰਦੇ ਸੀ।
ਓਹੀ ਗੱਲ ਹੋਈ ਜਿਸ ਦਾ ਮੈਨੂੰ ਡਰ ਸੀ। ਗੇਜੂ ਨੇ ਦੁੱਧ ਦੀ ਆਖ਼ਰੀ ਘੁੱਟ ਭਰੀ, ਗਲਾਸ ਭੁੰਜੇ ਰੱਖਿਆ ਤੇ ਬੋਲਿਆ, ‘ਸ਼ਿੰਦਰ! ਤੂੰ ਤਾਂ ਬਾਹਲੀ ਈ ਹੁਸ਼ਿਆਰ ਹੁੰਦੀ ਸੀ ਸਾਬ ਵਿਚ … ਮਾਸਟਰ ਅਜੇ ਬੋਲ ਕੇ ਹਟਦਾ ਈ ਸੀ ਤੇ ਤੂੰ ਸਵਾਲ ਕੱਢ ਕੇ ਦਿਖਾ ਦਿੰਦੀ ਸੀ।’
ਮੈਂ ਕੁਝ ਨਾ ਬੋਲੀ। ਮੇਰੀ ਨੀਂਵੀ ਪੈ ਗਈ।
‘ਤੈਨੂੰ ਯਾਦ ਆ ਇਕ ਵਾਰੀ ਬੁੱਟਰ ਆਲੇ ਮਾਸਟਰ ਨੇ ਤੇਰੇ ਤੋਂ ਮੇਰੇ ਚਪੇੜ ਮਰਵਾਈ ਸੀ… ਮੈਨੂੰ ਅਜੇ ਤਕ ਯਾਦ ਆ!’
ਮੇਰਾ ਰੋਣ ਨਿਕਲ ਗਿਆ। ਮੇਰਾ ਦਿਲ ਕਰਦਾ ਸੀ ਕਿ ਧਰਤੀ ਪਾਟ ਜਾਵੇ ਤੇਂ ਮੈਂ ਬੈਠੀ-ਬੈਠੀ ਧਰਤੀ ’ਚ ਸਮਾ ਜਾਵਾਂ।
‘ਲੈ ਕੁੜੇ!…ਤੂੰ ਕਿਉਂ ਮਨ ਖ਼ਰਾਬ ਕਰਦੀ ਏਂ… ਮੈਨੂੰ ਤਾਂ ਫ਼ਖਰ ਆ ਤੇਰੇ ’ਤੇ…ਮਾਸਟਰਾਂ ਨੇ ਜਿਹੜਾ ਕੰਮ ਆਪ ਕਰਨਾ ਸੀ ਉਹ ਤੇਰੇ ਤੋਂ ਕਰਾਇਆ।’
‘ਬਾਈ! ਮੈਂ ਨੀ ਸੀ ਚਾਹੁੰਦੀ ਕਿ ਮੈਂ ਤੇਰੇ ਚਪੇੜ ਮਾਰਾਂ…ਮਾਸਟਰ ਤੋਂ ਡਰਦੀ ਨੇ ਮਾਰੀ ਸੀ। ਮੈਂ ਉੱਠ ਕੇ ਗੇਜੂ ਦੇ ਨਾਲ ਬੈਠ ਗਈ।’
ਬਾਈ ਗੇਜੂ ਨੇ ਮੇਰੇ ਸਿਰ ’ਤੇ ਹੱਥ ਰੱਖਿਆ। ਉਸਦ ੀਆਂ ਵੀ ਅੱਖਾਂ ਭਰ ਆਈਆਂ।
ਭਾਬੀ ਤਾਰੋ ਉੱਚੀ-ਉੱਚੀ ਹੱਸਣ ਲੱਗ ਪਈ। ‘ਲੈ…ਦੋਨੋਂ ਭੈਣ ਭਰਾ ਰੋਈ ਜਾਂਦੇ ਆ…ਬਾਹਲਾ ਥੋੜ੍ਹਾ ਦਿਲ ਆ ਥੋਡਾ ਦੋਨਾਂ ਦਾ। ਨਿਆਣੇ ਹੁੰਦਿਆਂ ਤੋਂ ਤਾਂ ਇਉਂ ਹੋ ਈ ਜਾਂਦੈ…। ਐਵੇਂ ਨਾ ਕਮਲੇ ਬਣੋ…!’
ਮੇਰਾ ਰੋਣਾ ਹੋਰ ਤੇਜ਼ ਹੋ ਗਿਆ। ਮੈਂ ਆਪਣੀ ਸ਼ਾਲ ਨਾਲ ਅੱਖਾਂ ਪੂੰਝਣ ਹੀ ਲੱਗੀ ਸੀ ਕਿ ਗੇਜੂ ਨੇ ਆਪਣੇ ਮੋਢੇ `ਤੇ ਰੱਖਿਆ ਡੱਬੀਆਂ ਵਾਲਾ ਪਰਨਾ ਮੇਰੇ ਮੂਹਰੇ ਕਰ ਦਿੱਤਾ।
‘ਲੈ ਇਹਦੇ ਨਾਲ ਪੂੰਝ ਅੱਖਾਂ…ਆਹ ਤੇਰੀ ਚੁੰਨੀ ਤਾਂ ਗਰਮ ਆ …ਧਾਗਾ ਕਰੜਾ ਆ… ਅੱਖਾਂ ਰਗੜੀਆਂ ਜਾਣਗੀਆਂ।’
‘ਬੀਬੀ…ਤੇਰਾ ਬਾਈ ਅੱਜ ਸਵੇਰੇ ਈ ਦੱਸਦਾ ਸੀ ਕਿ ਗੁੱਲੀ ਡੰਡਾ ਖੇਡਦਿਆਂ ਗੁੱਲੀ ਤੇਰੀ ਅੱਖ ’ਤੇ ਵੱਜੀ ਸੀ।’ ਤਾਰੋ ਨੇ ਗੱਲ ਬਦਲਣੀ ਚਾਹੀ।’
‘ਤੈਨੂੰ ਯਾਦ ਆ ਕੁੜੇ…ਅਸੀਂ ਫ਼ਿਰਨੀ ’ਤੇ ਗੁੱਲੀ ਡੰਡਾ ਖੇਡਦੇ ਹੁੰਦੇ ਸੀ, ਮੈਂ ਗੁੱਲੀ ’ਤੇ ਡੰਡਾ ਲਾਇਆ ਤੇ ਗੁੱਲੀ ਬੁੜ੍ਹਕ ਕੇ ਤੇਰੀ ਅੱਖ ’ਤੇ ਵੱਜੀ…ਬਾਪੂ ਨੇ ਬਹੁਤ ਛਿੱਤਰ ਲਾਏ ਓਦੋਂ…ਕਹਿੰਦਾ ਜੇ ਗੁੱਲੀ ਅੱਖ ’ਚ ਵੱਜ ਜਾਂਦੀ ਤਾਂ ਜਾ ਜਾਂਦੀ ਹੋ ਜਾਣੀ ਸੀ ਵਿਚਾਰੀ ਧੀ ਧਿਆਣੀ ਨਾਲ…!’ ਗੇਜੂ ਨੇ ਮੇਰੇ ਹੱਥੋਂ ਆਪਣਾ ਪਰਨਾ ਫੜਦਿਆਂ ਕਿਹਾ।
‘ਬਾਈ! ਮੈਨੂੰ ਤਾਂ ਯਾਦ ਨੀ…ਨਿੱਕੇ ਹੁੰਦਿਆਂ ਬਥੇਰਾ ਕੁਝ ਹੁੰਦਾ ਸੀ ਏਹੋ ਜਿਹਾ!’
‘ਤੇ ਫਿਰ…ਤੂੰ ਕਿਉਂ ਐਵੇਂ ਰੋਈ ਜਾਨੀ ਏਂ, ਮਾੜੀ ਜੀ ਗੱਲ ਤੋਂ। ਮੈਨੂੰ ਤਾਂ ਤੇਰੇ ’ਤੇ ਬਾਹਲਾ ਈ ਫ਼ਖਰ ਆ ਬਾਈ ਸਾਡੀ ਕੁੜੀ ਐਨੀ ‘ਸ਼ਿਆਰ ਹੁੰਦੀ ਸੀ।’ ਗੇਜੂ ਨੇ ਹੱਥ ਨਾਲ ਮੇਰਾ ਸਿਰ ਹਿਲਾਇਆ।
‘ਸਕੂਲ ’ਚ ਏਹਨੂੰ ਸਵਾਲ ਨਾ ਔਂਦੇ ਹੋਣ ਗੇ ਪਰ ਹੁਣ ਤਾਂ ਬਾਹਲਾ ਈ ਸਾਬੀ ਕਤਾਬੀ ਆ…ਮਜ਼ਾਲ ਆ ਇਕ ਰੁਪਇਆ ਵੀ ਏਧਰ-ਓਧਰ ਹੋ ਜੇ ਇਹਦੀ ਜੇਬ `ਚੋਂ’। ਤਾਰੋ ਭਾਬੀ ਨੇ ਚਿਟਕਾਰਾ ਲਾਇਆ।
‘ਜੇ ਸਾਬ ਕਤਾਬ ਨਾ ਰੱਖਾਂ …ਤੂੰ ਤਾਂ ਬੱਧਨੀ ਸਾਧੂ ਕੀ ਹੱਟੀ ’ਤੇ ਹੀ ਬੈਠੀ ਰਹੇਂ!’ ਗੇਜੂ ਨੇ ਹੱਸਦਿਆਂ-ਹੱਸਦਿਆਂ ਤਾਰੋ ਨੂੰ ਮੋੜਵਾਂ ਜਵਾਬ ਦਿੱਤਾ।
ਮੈਂ ਖ਼ੁਸ਼ੀ-ਖੁਸ਼ੀ ਆਪਣੇ ਘਰ ਪਰਤ ਆਈ। ਅੱਜ ਵਰਿ੍ਹਆਂ ਦਾ ਬੋਝ ਮੇਰੇ ਸਿਰ ਤੋਂ ਲਹਿ ਗਿਆ ਸੀ।
ਅੱਜ-ਕਲ੍ਹ ਗੇਜੂ ਪਿੰਡ ਦਾ ਸਭ ਤੋਂ ਸਿਆਣਾ ਬੰਦਾ ਆ। ਪਿੰਡ ’ਚ ਕੋਈ ਲੜਾਈ-ਝਗੜਾ ਹੋਵੇ, ਉਹ ਬੜੇ ਸਹਿਜ ਨਾਲ ਸਮਝੌਤੇ ਕਰਵਾ ਦਿੰਦਾ ਆ ਤੇ ਪਿੰਡ ਦੇ ਲੋਕਾਂ ਦੇ ਵੱਡੇ-ਵੱਡੇ ਹਿਸਾਬ ਕਿਤਾਬ ਮਿੰਟਾਂ ਸਕਿੰਟਾਂ ’ਚ ਕਰ ਦਿੰਦਾ ਵਾ!
