ਇਹੁ ਜਨਮੁ ਤੁਮਹਾਰੇ ਲੇਖੇ!

ਕਿਸ਼ਤ-2
ਗੁਰਬਚਨ ਸਿੰਘ ਭੁੱਲਰ
ਸਤਿਨਾਮ ਕੌਰ ਨੂੰ ਪਤੀ ਦੀ ਗੱਲ ਸੁਣ ਕੇ ਜਿਵੇਂ ਕੁਛ ਭੁੱਲਿਆ ਯਾਦ ਆ ਗਿਆ ਹੋਵੇ, ‘ਮੇਰਾ ਮਾੜਾ ਚੇਤਾ! ਇਹ ਗੱਲ ਮੇਰੇ ਮਨ ਵਿਚ ਕਿਉਂ ਨਾ ਆਈ! ਵਾਹਿਗੁਰੂ ਜੀ ਜਿੰਨੀ ਛੇਤੀ ਇਹ ਨਾਤਾ ਜੋੜਨ, ਓਨਾ ਭਲਾ!’

ਤੀਰਥ ਸਿੰਘ ਆਪਣੀ ਕਾਹਲ ਵਿਚ ਉਸ ਦੀ ਕਾਹਲ ਮਿਲਾ ਕੇ ਬੋਲਿਆ, ‘ਸਤਿਨਾਮ ਕੌਰੇ, ਰਿਸ਼ਤਾ ਲੈ ਕੇ ਪਹੁੰਚਦੇ ਤਾਂ ਲੜਕੀ ਵਾਲੇ ਹੁੰਦੇ ਨੇ, ਕਿਉਂ ਨਾ ਆਉਂਦੇ ਐਤਵਾਰ ਆਪਾਂ ਹੀ ਚਲੇ ਚੱਲੀਏ? ਭਲੇ ਕਾਰਜ ਵਿਚ ਦੇਰ ਕਿਉਂ ਕਰਨੀ ਹੋਈ।’
ਗੁਰਮੁਖ ਆ ਲਵੇ, ਗੱਲ ਉਸ ਨਾਲ ਵੀ ਸਾਂਝੀ ਹੋ ਜਾਵੇ। ਉਂਜ ਭਲਾ ਉਸ ਨੂੰ ਕੀ ਉਜਰ ਹੋ ਸਕਦਾ ਹੈ! ਸਗੋਂ ਉਹ ਤਾਂ ਸੁਣ ਕੇ ਖ਼ੁਸ਼ ਹੀ ਹੋਵੇਗਾ। ਸ਼ਾਮ ਨੂੰ ਉਹ ਘਰ ਪਰਤਿਆ ਤਾਂ ਸ਼ੋਰ ਮਚਾਉਂਦਾ ਹੀ ਬੂਹੇ ਵੜਿਆ। ਉਹ ਕਿਸੇ ਗੱਲੋਂ ਡਾਢਾ ਖ਼ੁਸ਼ ਦਿਸਦਾ ਸੀ। ਉਹਨੇ ਹੱਥ ਵਿਚ ਫੜਿਆ ਹੋਇਆ ਪੰਜਾਬੀ ਦਾ ਅਖ਼ਬਾਰ ਉਨਹਾਂ ਸਾਹਮਣੇ ਕਰਦਿਆਂ ਉਤੇਜਿਤ ਹੋ ਕੇ ਕਿਹਾ, ‘ਜਗਦੀਪ ਦਾ, ਮੇਰਾ ਮਤਲਬ ਹੈ, ਦਰਵੇਸ਼ ਜੀ ਦਾ ਪਤਾ ਲੱਗ ਗਿਆ ਸਮਝੋ। ਪਰ ਏਨੀ ਗੱਲ ਪੱਕੀ ਹੈ, ਉਹ ਜਿਥੇ ਵੀ ਹੈ ਨੇ, ਖ਼ੈਰ-ਮਿਹਰ ਨਾਲ ਨੇ। ਇਹ ਦੇਖੋ, ਜਗਦੀਪ ਦੀ ਕਵਿਤਾ ਛਪੀ।’
ਤੀਰਥ ਸਿੰਘ ਨੇ ਉਹਦੇ ਕੰਨ ਕੋਲ ਮੂੰਹ ਕਰ ਕੇ ਕਿਹਾ, ‘ਸਤਿਨਾਮ ਕੌਰੇ, ਵਾਹਿਗੁਰੂ ਦੀ ਇੱਛਾ ਤੇ ਕਿਰਪਾ ਹੀ ਸਮਝ, ਅੱਜ ਹੀ ਦਰਵੇਸ਼ ਜੀ ਨਾਲ ਮੇਰੀ ਮੁਲਾਕਾਤ ਹੋਈ, ਅੱਜ ਹੀ ਗੁਰਮੁਖ ਨੂੰ ਜਗਦੀਪ ਦੀ ਖ਼ਬਰ ਮਿਲ ਗਈ!’
ਤਿੰਨੇ ਬੈਠ ਗਏ। ਗੁਰਮੁਖ ਕਵਿਤਾ ਪੜ੍ਹਨ ਲਗਿਆ ਅਤੇ ਉਹ ਦੋਵੇਂ ਸੁਣਨ ਲੱਗੇ:
ਕੂਕਾਂ ਮਾਰ ਲੋਕਾਈ ਫ਼ਰਿਆਦ ਕਰਦੀ,
ਕਿਤੋਂ ਆਵੇ ਸਹਾਰਾ ਕੋਈ ਹੋਣ ਵਾਲਾ।
ਕੋਈ ਦਿਲਾਂ ਦੀ ਪੀੜ ਨੂੰ ਚੁਗਣ ਵਾਲਾ,
ਦੋ ਹੰਝੂ ਹਮਦਰਦ ਬਣ ਰੋਣ ਵਾਲਾ।
ਲਹੂ ਆਦਮ ਦੇ ਨਾਲ ਜੋ ਗਈ ਭਿੱਟੀ,
ਧਰਤੀ ਬਦਨਸੀਬ ਨੂੰ ਧੋਣ ਵਾਲਾ।
ਏਦਾਂ ਹੋਈ ਮਨੁੱਖ ਦੀ ਝੋਲ ਖਾਲੀ,
ਰਿਹਾ ਕੋਲ ਨਾ ਕੁਛ ਵੀ ਖੋਣ ਵਾਲਾ।
ਅੰਬਰ ਨਿੱਖਰਿਆ ਤੇ ਖਿੜੀ ਧਰਤ ਹੈ ਸੀ,
ਚਿੱਟੇ ਦਿਨ ਹੋਇਆ ਕਾਲਾ ਕਹਿਰ ਕੋਈ।
ਵਿਚ ਪਾਣੀਆਂ ਦੇ ਕੋਈ ਵਿਹੁ ਘੁਲ ਗਈ,
ਪੌਣਾਂ ਵਿਚ ਵੀ ਰਲ ਗਿਆ ਜ਼ਹਿਰ ਕੋਈ।
ਬੰਦਾ ਦੇਖ ਲਉ ਬੰਦੇ ਨੂੰ ਖਾਣ ਲੱਗਿਆ,
ਬਚਿਆ ਪਿੰਡ, ਨਾ ਨਗਰ, ਨਾ ਸ਼ਹਿਰ ਕੋਈ।
ਲਹੂ ਆਦਮ ਦਾ ਭਰ ਦਰਿਆ ਵਗਿਆ,
ਬਚੀ ਨਦੀ ਨਾ ਨਾਲਾ, ਨਾ ਨਹਿਰ ਕੋਈ।
ਭਾਈ ਭਾਈ ਦੇ ਖ਼ੂਨ ਦਾ ਜਾਮ ਪੀਵੇ,
ਨਰ-ਪਸੂ ਨੂੰ ਕੇਹਾ ਖ਼ੁਮਾਰ ਹੋਇਆ।
ਪਤ ਭੈਣ ਦੀ ਲੁਟਦਾ ਮਾਂ-ਜਾਇਆ,
ਧੀ ਦਾ ਪਿਓ ਦੇ ਹੱਥੋਂ ਸ਼ਿਕਾਰ ਹੋਇਆ।
ਲਹੂ ਰੰਗਤਾਂ ਭੋਇੰ ਨੂੰ ਹੈਨ ਚੜ੍ਹੀਆਂ,
ਅੰਬਰ ਉੱਤੇ ਹੈ ਗਰਦ-ਗ਼ੁਬਾਰ ਹੋਇਆ।
ਧਰਤੀ ਕਿਉਂ ਨਾ ਪਾਟ ਕੇ ਹੋਈ ਟੁਕੜੇ,
ਅੰਬਰ ਕਿਉਂ ਨਾ ਟੋਟੇ ਹਜ਼ਾਰ ਹੋਇਆ!
ਮਿਟੇ ਕੁਫ਼ਰ ਦੀ ਲੰਮੀ ਇਹ ਰਾਤ ਕਾਲੀ,
ਕਿਤੋਂ ਨੂਰ ਦਾ ਫੇਰ ਪਰਕਾਸ਼ ਹੋਵੇ।
ਧੋਤੀ ਧਰਤ ਦੀ ਚੰਦਰੀ ਧੂੜ ਜਾਵੇ,
ਨਿਰਮਲ ਫੇਰ ਤੋਂ ਗੰਧਲਾ ਆਕਾਸ਼ ਹੋਵੇ।
ਬੰਦਾ ਬੰਦੇ ਦਾ ਫੇਰ ਤੋਂ ਬਣੇ ਦਾਰੂ,
ਬੂਟਾ ਨਫ਼ਰਤ ਦਾ ਜੜਾਂ ਤੋਂ ਨਾਸ ਹੋਵੇ।
ਹੇਕ ਹੋਏ ਉੱਚੀ ਸੁੱਚੇ ਇਸ਼ਕ ਵਾਲੀ,
ਹਰ ਕਿਸੇ ਦੇ ਮਨ ਹੁਲਾਸ ਹੋਵੇ!
ਗੁਰਮੁਖ ਨੇ ਕਵਿਤਾ ਖ਼ਤਮ ਕੀਤੀ ਤਾਂ ਦੇਖਿਆ, ਉਨਹਾਂ ਦੋਵਾਂ ਦੀਆਂ ਅੱਖਾਂ ਬੇਰੋਕ ਵਹਿ ਰਹੀਆਂ ਸਨ। ਭਾਈਆ ਜੀ ਰੁਮਾਲ ਨਾਲ ਤੇ ਝਾਈ ਜੀ ਦੁਪੱਟੇ ਦੇ ਲੜ ਨਾਲ ਅੱਖਾਂ ਸੁਕਾਉਣ ਲੱਗੇ। ਗੁਰਮੁਖ ਦੇ ਲਿਆਂਦੇ ਪਾਣੀ ਦੀਆਂ ਦੋ-ਦੋ ਘੁੱਟਾਂ ਭਰ ਕੇ ਉਨਹਾਂ ਨੇ ਸੰਭਲਣ ਦਾ ਜਤਨ ਕੀਤਾ। ਭਾਈਆ ਜੀ ਤਾਂ ਬੱਸ ‘ਵਾਹਿਗੁਰੂ…ਵਾਹਿਗੁਰੂ…’ ਹੀ ਕਹਿ ਸਕੇ, ਝਾਈ ਜੀ ਬੋਲੀ, ‘ਇਸ ਕੁੜੀ ਨੇ ਸਭ ਦੁਖਿਆਰਿਆਂ ਦੇ ਦਿਲਾਂ ਦਾ ਦਰਦ ਅੱਖਰਾਂ ਵਿਚ ਮੋਤੀਆਂ ਵਾਂਗ ਪਰੋ ਛੋਡਿਆ ਈ! ਵਾਹਿਗੁਰੂ ਜੀ ਆਪ ਕਾਨੀ ਫੜ ਕੇ ਇਸ ਹੱਥੋਂ ਲਿਖਵਾਇਆ ਸੁ! ਰੱਬ ਨੇ ਕੇਹਾ ਨਰਮ ਦਿਲ ਦਿੱਤਾ ਸੁ ਇਸ ਬੱਚੀ ਨੂੰ। ਗੁੱਡੀਆਂ ਖੇਡਣ ਦੀ ਉਮਰੇ ਕੇਹੀਆਂ ਦਾਨੀਆਂ ਗੱਲਾਂ ਪਈ ਕਰਦੀ ਏ! ਦੁੱਖ ਕਿਸੇ ਨੂੰ ਪਹੁੰਚਦਾ ਏ ਤੇ ਪੀੜ ਇਹ ਮੰਨਦੀ ਏ! ਦਰਵੇਸ਼ ਜੀ ਡਾਢੇ ਭਾਗਾਂ ਵਾਲੇ ਨੇ ਜਿਨ੍ਹਾਂ ਘਰ ਅਜਿਹੀ ਭਲੀ ਧੀ ਨੇ ਜਨਮ ਲਿਆ ਸੂ।’
ਗੁਰਮੁਖ ਨੇ ਦੱਸਿਆ, ‘ਉਹ ਕਿਥੇ ਨੇ, ਪਤਾ ਲਾਉਣਾ ਕੋਈ ਮੁਸ਼ਕਿਲ ਨਹੀਂ। ਅਖ਼ਬਾਰ ਵਾਲਿਆਂ ਤੋਂ ਝੱਟ ਜਾਣਕਾਰੀ ਮਿਲ ਜਾਵੇਗੀ। ਅਖ਼ਬਾਰ ਦਿੱਲੀ ਤੋਂ ਹੀ ਨਿੱਕਲਦਾ ਏ, ਚਾਂਦਨੀ ਚੌਕ ਤੋਂ। ਮੈਂ ਭਲਕੇ ਹੀ ਜਾਵਾਂਗਾ ਤੇ ਪੁੱਛ ਆਵਾਂਗਾ, ਕਵਿਤਾ ਕਿਸ ਪਤੇ ਤੋਂ ਆਈ ਏ।’
ਤੀਰਥ ਸਿੰਘ ਨੂੰ ਉਹਦੀ ਉਤਾਵਲਤਾ ਚੰਗੀ ਲੱਗੀ, ‘ਤੈਨੂੰ ਕਿਧਰੇ ਲੱਭਣ ਦੀ ਲੋੜ ਨਹੀਂ, ਪੁੱਤਰ, ਪਤਾ ਮੈਥੋਂ ਪੁੱਛ!’ ਉਹਨੇ ਜੇਬ ਵਿਚੋਂ ਕੱਢ ਕੇ ਪਤੇ ਵਾਲਾ ਕਾਗ਼ਜ਼ ਦਿੰਦਿਆਂ ਸਾਰੀ ਵਾਰਤਾ ਕਹਿ ਸੁਣਾਈ।
ਇਹ ਤਾਂ ਵਾਹਿਗੁਰੂ ਦੀ ਮਿਹਰ ਸੀ, ਦਰਵੇਸ਼ ਜੀ ਤੇ ਜਗਦੀਪ ਕੌਰ ਵਾਂਗ ਹੀ ਉਸ ਨੇ ਤੀਰਥ ਸਿੰਘ, ਸਤਿਨਾਮ ਕੌਰ ਤੇ ਗੁਰਮੁਖ ਸਿੰਘ ਨੂੰ ਵੀ ਹੱਥ ਦੇ ਕੇ ਰੱਖ ਲਿਆ ਸੀ। ਜਾਨਾਂ ਸਲਾਮਤ ਆ ਗਈਆਂ ਸਨ, ਖੁੱਸਿਆ ਮਾਲ ਹੌਲ਼ੀ-ਹੌਲ਼ੀ ਬਣ ਜਾਣਾ ਸੀ। ਜੋ ਲੋਕ ਸਕੇ-ਸੰਬੰਧੀ ਗੁਆ ਆਏ ਸਨ, ਉਨਹਾਂ ਦੀ ਪੀੜ ਅਸਹਿ ਸੀ। ਇਧਰਲੀ ਪੌਣ ਅਜੇ ਉਨਹਾਂ ਦੇ ਸਾਹ ਨੂੰ ਰਾਸ ਨਹੀਂ ਸੀ ਆ ਰਹੀ ਅਤੇ ਇਧਰਲੀ ਮਿੱਟੀ ਅਜੇ ਉਨਹਾਂ ਦੀਆਂ ਜੜਾਂ ਨੂੰ ਕਬੂਲ ਨਹੀਂ ਸੀ ਕਰ ਰਹੀ। ਅਨਗਿਣਤ ਲੋਕ ਅਜਿਹੇ ਸਨ ਜਿਨ੍ਹਾਂ ਦੇ ਅੱਖਾਂ ਸਾਹਮਣੇ ਆਪਣੇ ਮਾਰੇ ਗਏ ਸਨ, ਧੀਆਂ-ਭੈਣਾਂ ਬੇਪਤ ਹੋਈਆਂ ਸਨ ਤੇ ਚੁੱਕ ਲਈਆਂ ਗਈਆਂ ਸਨ। ਉਧਰੋਂ ਨਿੱਕਲਣ ਵੇਲੇ ਹੋਣੀ ਕਾਰਨ ਵੱਖ ਹੋਏ ਜੀਅ ਅਜਿਹੇ ਨਿੱਖੜੇ ਸਨ, ਉਨਹਾਂ ਦੇ ਜਿਉਂਦੇ-ਮੋਏ ਹੋਣ ਦਾ ਵੀ ਕੋਈ ਪਤਾ ਨਹੀਂ ਸੀ। ਅਜਿਹੇ ਲੋਕਾਂ ਦੇ ਦੁੱਖ ਦੀ ਥਾਹ ਸਿਰਫ਼ ਉਹ ਆਪ ਹੀ ਪਾ ਸਕਦੇ ਸਨ। ਓਪਰੀ ਦੁਨੀਆ ਵਿਚ ਸਭ ਕੁਛ ਉਨਹਾਂ ਲਈ ਓਪਰਾ ਸੀ ਅਤੇ ਭਵਿੱਖ ਇਕ ਫ਼ਾਸਲੇ ਉੱਤੇ ਦਿਸਦਾ ਸੀ ਜਿਸ ਨੂੰ ਅਜੇ ਕਿਵੇਂ ਵੀ ਹੱਥ ਨਹੀਂ ਸੀ ਪੈ ਰਿਹਾ!
ਅਸਲ ਵਿਚ ਤਾਂ ਉਨਹਾਂ ਨੂੰ ਇਕੋ ਮਲਾਲ ਸੀ ਕਿ ਲੱਖਾਂ ਮੌਤਾਂ ਵਿਚ ਉਨਹਾਂ ਦੀ ਮੌਤ ਦਗ਼ਾ ਕਿਉਂ ਦੇ ਗਈ! ਹੁਣ ਵੀ ਉਹ ਮੌਤ ਨੂੰ ਆਉਣ ਦੀਆਂ ਅਰਜੋਈਆਂ ਕਰਦੇ ਸਨ, ਪਰ ਮੰਗੀ ਹੋਈ ਮੌਤ ਆਉਂਦੀ ਨਹੀਂ ਸੀ ਅਤੇ ਆਪ ਉਨਹਾਂ ਤੋਂ ਮੌਤ ਦਾ ਲੜ ਫੜਿਆ ਨਹੀਂ ਸੀ ਜਾਂਦਾ। ਜ਼ਿੰਦਗੀ ਤੇ ਮੌਤ ਦੇ ਦੋਰਾਹੇ ਉੱਤੇ ਬਣੀ ਹੋਈ ਇਸ ਅਧਮੋਈ ਅਵਸਥਾ ਵਿਚੋਂ ਕਿਸ ਨੇ ਕਦਮ-ਕਦਮ ਕਰ ਕੇ ਨਿੱਕਲਦਿਆਂ ਆਖ਼ਰ ਜ਼ਿੰਦਗੀ ਵੱਲ ਦਾ ਮੋੜ ਕੱਟ ਲੈਣਾ ਸੀ ਤੇ ਕਿਸ ਨੇ ਤਿਲ਼-ਤਿਲ਼ ਮੁਕਦਿਆਂ ਆਖ਼ਰ ਮੌਤ ਦੀ ਬੁੱਕਲ ਵਿਚ ਜਾ ਪੈਣਾ ਸੀ, ਕੌਣ ਜਾਣੇ! ਅਜੇ ਤਾਂ ਹਾਲਤ ਇਹ ਸੀ ਕਿ ਕੋਈ ਗੱਲ ਉਨਹਾਂ ਦੇ ਮਨ ਨੂੰ ਪੋਹ ਨਹੀਂ ਸੀ ਰਹੀ, ਕੋਈ ਤਸੱਲੀ ਉਨਹਾਂ ਦੀ ਆਸ ਦਾ ਆਸਰਾ ਨਹੀਂ ਸੀ ਬਣ ਰਹੀ। ਮਹਾਤਮਾ ਗਾਂਧੀ, ਜਵਾਹਰਲਾਲ ਨਹਿਰੂ ਤੇ ਹੋਰ ਆਗੂ ਸ਼ਰਨਾਰਥੀਆਂ ਦੇ ਕੈਂਪਾਂ ਵਿਚ ਤੇ ਉਨਹਾਂ ਦੀ ਵਸੋਂ ਵਾਲੇ ਇਲਾਕਿਆਂ ਵਿਚ ਆਉਂਦੇ ਅਤੇ ਹਮਦਰਦੀ ਦੇ ਹੰਝੂ ਕੇਰਦੇ। ਪਰ ਉਹ ਵੀ ਜਾਣਦੇ ਸਨ ਕਿ ਦੁਖਿਆਰਿਆਂ ਦਾ ਦੁੱਖ ਉਨਹਾਂ ਦੇ ਹੰਝੂਆਂ ਤੋਂ ਬਹੁਤ ਭਾਰਾ ਹੈ।
ਸਰਾਵਾਂ, ਧਰਮਸ਼ਾਲਾਂ, ਗੁਰਦੁਆਰਿਆਂ, ਮੰਦਰਾਂ ਤੇ ਹੋਰ ਸਾਂਝੀਆਂ ਭਾਈਚਾਰਕ ਥਾਂਵਾਂ ਦੇ ਬੂਹੇ ਚੁਪੱਟ ਖੋਲ੍ਹ ਦਿੱਤੇ ਗਏ ਸਨ। ਤੰਬੂਆਂ ਦੀਆਂ ਨਵੀਆਂ ਬਸਤੀਆਂ ਖੜ੍ਹੀਆਂ ਹੋ ਗਈਆਂ ਸਨ। ਮਨੁੱਖੀ ਇਤਿਹਾਸ ਵਿਚ ਅਨਦੇਖੇ-ਅਨਸੁਣੇ ਇਸ ਕਹਿਰ ਨੇ ਪੱਥਰ ਤੋਂ ਪੱਥਰ ਦਿਲਾਂ ਨੂੰ ਮੋਮ ਬਣਾ ਦਿੱਤਾ ਸੀ। ਦਿਲਾਂ ਦਾ ਦਰਦ ਤਾਂ ਭਾਵੇਂ ਇਧਰਲੇ ਲੋਕ ਨਾ ਵੰਡਾ ਸਕਦੇ ਹੋਣ ਪਰ ਉਹ ਜ਼ਖ਼ਮਾਂ ਉੱਤੇ ਮੱਲ੍ਹਮ ਲਾਉਣ ਵਿਚ ਕੋਈ ਕਸਰ ਨਹੀਂ ਸਨ ਛੱਡ ਰਹੇ। ਕੈਂਪਾਂ ਵਿਚ ਰੁਲਦੇ ਲੋਕਾਂ ਵਾਸਤੇ ਅਟੁੱਟ ਲੰਗਰ ਤਾਂ ਲੱਗੇ ਹੀ ਹੋਏ ਸਨ, ਲੋਕ ਲੋੜੀਂਦੀਆਂ ਹੋਰ ਚੀਜ਼ਾਂ ਵੀ ਖੁੱਲ੍ਹੇ ਦਿਲ ਨਾਲ ਲੈ ਆਉਂਦੇ। ਬਿਸਤਰਿਆਂ, ਪਹਿਨਣ ਵਾਲੇ ਕੱਪੜਿਆਂ, ਸਾਬਨ-ਤੇਲਾਂ, ਨਿੱਤ-ਵਰਤੋਂ ਦੇ ਬਰਤਨਾਂ, ਆਦਿ ਦੇ ਢੇਰ ਲੱਗ ਜਾਂਦੇ। ਦਿਨ ਵਿਚ ਦੋ ਵੇਲੇ ਡਾਕਟਰ ਚੱਕਰ ਮਾਰਦੇ ਤੇ ਦਵਾਈਆਂ ਦੇ ਭਰੇ ਹੋਏ ਡੱਬੇ ਨਾਲ ਲੈ ਕੇ ਆਉਂਦੇ।
ਅਨਗਿਣਤ ਪਰਿਵਾਰ ਅਜਿਹੇ ਵੀ ਸਨ, ਜਿਹੜੇ ਜਾਇਦਾਦਾਂ ਤਾਂ ਗੁਆ ਆਏ ਸਨ ਪਰ ਜਾਨਾਂ ਬਚਾ ਲਿਆਏ ਸਨ। ਉਨਹਾਂ ਦੀ ਹਾਲਤ ਵੱਖਰੀ ਸੀ। ਉਹ ਸਹਿਜੇ-ਸਹਿਜੇ ਸਾਧਾਰਨ ਜੀਵਨ ਵੱਲ ਪਰਤਣ ਦੀ ਕੋਸ਼ਿਸ਼ ਵਿਚ ਸਨ। ਚੰਦਰੇ ਅਤੀਤ ਨੂੰ ਕਿੰਨਾ ਕੁ ਚਿਰ ਰੋਇਆ ਜਾ ਸਕਦਾ ਸੀ? ਤੇ ਅਜਿਹੇ ਰੋਣ ਦਾ ਲਾਭ ਵੀ ਕੀ ਸੀ? ਜਾਨ ਬਚ ਗਈ, ਮਾਲ ਦਾ ਕੀ ਸੀ, ਵੱਧ ਪਸੀਨਾ ਵਹਾ ਕੇ ਸਹੀ, ਸਭ ਕੁਛ ਨਵੇਂ ਸਿਰਿਉਂ ਬਣਾਇਆ ਜਾ ਸਕਦਾ ਸੀ। ਨਵੀਂ ਦੁਨੀਆ ਬਿਗਾਨੀ ਹੀ ਸਹੀ, ਪਰ ਛੋਟੇ-ਵੱਡੇ ਮਕਾਨ ਦੀ ਸ਼ਕਲ ਵਿਚ, ਨਿੱਕੇ-ਮੋਟੇ ਰੁਜ਼ਗਾਰ ਦੀ ਸ਼ਕਲ ਵਿਚ ਜਿੰਨੀ ਕੁ ਉਂਗਲ ਉਹ ਫੜਾਉਂਦੀ ਸੀ, ਕਸ ਕੇ ਫੜ ਲੈਣੀ ਚਾਹੀਦੀ ਸੀ। ਬੇਸ਼ੁਮਾਰ ਲੋਕ ਕਿਨ੍ਹਾਂ-ਕਿਨ੍ਹਾਂ ਅਨਹੋਣੀਆਂ ਵਿਚੋਂ ਗੁਜ਼ਰੇ ਸਨ, ਪਰ ਫੇਰ ਵੀ ਜਿਉਣ ਦੀ ਕੋਸ਼ਿਸ਼ ਕਰ ਰਹੇ ਸਨ। ਆਪਣੇ ਨਾਲੋਂ ਵੱਧ ਦੁਖੀਆਂ ਦੇ ਦੁੱਖ ਸਾਹਮਣੇ ਆਪਣਾ ਦੁੱਖ ਉਨਹਾਂ ਨੂੰ ਸਹਿਣਜੋਗ ਲਗਦਾ। ਅਜਿਹੇ ਲੋਕਾਂ ਨੇ ਢੇਰੀ ਢਾਹੁਣ ਦੀ ਥਾਂ ਹਿੰਮਤ ਨਾਲ ਕਮਰਕਸਾ ਕੀਤਾ। ਆਪਣੇ ਰੱਜੇ-ਪੁੱਜੇ ਅਤੀਤ ਨੂੰ ਭੁੱਲ ਕੇ ਕਿਸੇ ਨੇ, ਹੋਰ ਨਹੀਂ ਤਾਂ, ਬੇਝਿਜਕ ਫਲ਼-ਸਬਜ਼ੀ ਦੀ ਰਿਹੜੀ ਲਾ ਲਈ ਤੇ ਕਿਸੇ ਨੇ ਕਿਸੇ ਦੀ ਦੁਕਾਨ ਦੀ ਨੌਕਰੀ ਕਰ ਲਈ।
ਦਰਵੇਸ਼ ਜੀ ਤੇ ਤੀਰਥ ਸਿੰਘ ਸ਼ਹਿਰ ਵਿਚ ਹੋਏ ਕਤਲਾਮ ਤੋਂ ਪਹਿਲਾਂ ਮਾੜੀਆਂ ਸੋਆਂ ਸੁਣ ਕੇ ਤੁਰ ਪਏ ਕਾਫ਼ਲੇ ਵਿਚ ਇਕੱਠੇ ਸ਼ਾਮਲ ਹੋ ਗਏ ਸਨ। ਬੱਸ, ਕਾਹਲੀ-ਕਾਹਲੀ ਚੁੱਕੀਆਂ ਜਾ ਸਕਣ ਵਾਲੀਆਂ ਚੀਜ਼ਾਂ ਹੀ ਉਨਹਾਂ ਸਭਨਾਂ ਦੇ ਪੱਲੇ ਰਹਿ ਗਈਆਂ ਸਨ। ਰਾਹ ਵਿਚ ਹੋਏ ਇਕ ਹਮਲੇ ਸਮੇਂ ਧਾੜਵੀ ਥੋੜ੍ਹੇ ਹੋਣ ਕਾਰਨ ਨੁਕਸਾਨ ਤਾਂ ਘੱਟ ਹੋਇਆ ਪਰ ਭਾਜੜ ਬਹੁਤੀ ਪਈ। ਉਸੇ ਭਾਜੜ ਵਿਚ ਉਨਹਾਂ ਦੇ ਰਾਹ ਵੱਖ-ਵੱਖ ਹੋ ਗਏ। ਕਿਸ ਦਾ ਕੌਣ ਮਾਰਿਆ ਗਿਆ ਜਾਂ ਜ਼ਖ਼ਮੀ ਹੋਇਆ ਜਾਂ ਵਿਛੜ ਗਿਆ, ਕਿਸੇ ਦੂਜੇ ਨੂੰ ਕੋਈ ਪਤਾ ਨਹੀਂ ਸੀ। ਪਹਿਲਿਆਂ ਵਿਚ ਹੋਣ ਦਾ ਇਹ ਫ਼ਾਇਦਾ ਜ਼ਰੂਰ ਹੋਇਆ ਕਿ ਨਾਲ ਲਿਆਂਦੇ ਕਾਗ਼ਜ਼-ਪੱਤਰ ਦੇ ਸਹਾਰੇ ਘਰ-ਟਿਕਾਣੇ ਉਨਹਾਂ ਨੂੰ ਮਗਰੋਂ ਆਉਣ ਵਾਲਿਆਂ ਨਾਲੋਂ ਸੌਖੇ ਅਲਾਟ ਹੋ ਗਏ।
ਤੀਰਥ ਸਿੰਘ ਦੇਸ-ਵੰਡ ਦੇ ਸਾਰੇ ਘੱਲੂਘਾਰੇ ਨੂੰ ਠਰੰ੍ਹਮੇ ਨਾਲ ਦੇਖਦਾ-ਵਿਚਾਰਦਾ। ਫ਼ਿਰਕੂ ਵਹਿਸ਼ੀਆਂ ਤੋਂ ਲੈ ਕੇ ਕਾਤਲ-ਲੁਟੇਰੇ ਤੱਕ ਮਨੁੱਖਾਂ ਤੋਂ ਖ਼ੂਨਖਾਰ ਜਾਨਵਰ ਬਣ ਗਏ ਸਨ। ਦੇਸ ਛੱਡਣ ਲਈ ਮਜਬੂਰ ਹੋਏ ਅੰਗਰੇਜ਼ਾਂ ਦੀ ਬਦਲੇਖੋਰ ਕੁਚਾਲ ਅਤੇ ਕੁਛ ਸਿਆਸੀ ਆਗੂਆਂ ਦੀ ਗੱਦੀ ਦੀ ਲਾਲਸਾ ਉਨਹਾਂ ਨੂੰ ਖ਼ੂਬ ਰਾਸ ਆਈ ਸੀ। ਉਧਰ ਵੀ ਤੇ ਏਧਰ ਵੀ ਇਸ ਖ਼ੂਨੀ ਕੋਹਲੂ ਵਿਚ ਪੀੜੇ ਗਏ ਸਨ ਤਾਂ ਬੇਦੋਸੇ ਆਮ ਲੋਕ। ਜਦੋਂ ਉਹ ਇਧਰਲੇ ਮੁਸਲਮਾਨਾਂ ਉੱਤੇ ਢਹੇ ਕਹਿਰ ਨੂੰ ਉਧਰ ਹਿੰਦੂਆਂ-ਸਿੱਖਾਂ ਨੂੰ ਸਹਿਣੇ ਪਏ ਜ਼ੁਲਮਾਂ ਨਾਲ ਤੋਲਦੇ, ਤੱਕੜੀ ਦਾ ਕੋਈ ਪੱਲੜਾ ਵੀ ਦੂਜੇ ਨਾਲੋਂ ਹੁਕਦਾ ਨਹੀਂ ਸੀ ਲਗਦਾ। ਇਧਰ ਤੇ ਉਧਰ ਵਹਿਸ਼ੀਪੁਣੇ ਦਾ ਹਿਸਾਬ ਨਾਲੋ-ਨਾਲ ਬਰਾਬਰ ਕਰ ਦਿੱਤਾ ਗਿਆ ਸੀ।
ਐਤਵਾਰ ਸਵੇਰੇ ਤੀਰਥ ਸਿੰਘ ਨੇ ਸਲਾਹ ਦੱਸੀ, ‘ਸਤਿਨਾਮ ਕੌਰੇ, ਆਪਾਂ ਦਸ ਵਜੇ ਤੋਂ ਮਗਰੋਂ ਚੱਲੀਏ। ਨਾਸ਼ਤੇ ਤੋਂ ਪਿੱਛੋਂ। ਤੇ ਰੋਟੀ ਤੋਂ ਪਹਿਲਾਂ-ਪਹਿਲਾਂ ਪਰਤ ਆਵੀਏ। ਦਰਵੇਸ਼ ਜੀ ਨੂੰ ਕੋਈ ਖੇਚਲ ਦੇਣੀ ਠੀਕ ਨਹੀਂ।’ ਸਤਿਨਾਮ ਕੌਰ ਤਾਂ ਆਪ ਇਹੋ ਗੱਲ ਆਖਣ ਵਾਲੀ ਸੀ।
ਉਨਹਾਂ ਨੂੰ ਤਿਆਰ ਹੁੰਦੇ ਦੇਖ ਗੁਰਮੁਖ ਬੋਲਿਆ, ‘ਜੇ ਜਗਦੀਪ ਦੇ ਘਰ ਚੱਲੇ ਹੋ, ਮੈਂ ਵੀ ਚੱਲਾਂਗਾ।’
ਤੀਰਥ ਸਿੰਘ ਮੁਸਕਰਾਇਆ, ‘ਨਹੀਂ ਪੁੱਤਰ, ਅਸੀਂ ਕਿਸੇ ਜਗਦੀਪ ਦੇ ਘਰ ਨਹੀਂ ਜਾ ਰਹੇ, ਅਸੀਂ ਤਾਂ ਆਪਣੇ ਦਰਵੇਸ਼ ਜੀ ਦੇ ਘਰ ਚੱਲੇ ਹਾਂ।’ ਗੁਰਮੁਖ ਨੂੰ ਸ਼ਰਮਾਇਆ ਦੇਖ ਉਹ ਹੱਸ ਕੇ ਬੋਲੇ, ‘ਐਤਵਾਰ ਏ, ਕੋਈ ਮਿਲਣ-ਗਿਲਣ ਵਾਲਾ ਆ ਜਾਂਦਾ ਏ। ਬੂਹਾ ਬੰਦ ਨਹੀਂ ਹੋਣਾ ਚਾਹੀਦਾ। ਤੂੰ ਘਰ ਰਹਿ, ਫੇਰ ਕਿਸੇ ਦਿਨ ਹੋ ਆਵੀਂ। ਅੱਜ ਅਸੀਂ ਹੋ ਆਵੀਏ। ਹੁਣ ਤਾਂ ਆਉਣ-ਜਾਣ ਬਣਿਆ ਹੀ ਰਹਿਸੀ।’
ਗਲੀ ਵਾਲੇ ਦਰਵਾਜ਼ੇ ਉੱਤੇ ਕੁੰਡੀ ਦੀ ਠੱਕ-ਠੱਕ ਹੋਈ। ਬੂਹਾ ਖੋਲ੍ਹਣ ਲਈ ਤੁਰਦਿਆਂ ਤੀਰਥ ਸਿੰਘ ਦੇ ਮੂੰਹੋਂ ਨਿੱਕਲਿਆ, ‘ਵਾਹਿਗੁਰੂ ਭਲੀ ਕਰੇ, ਸਾਡੇ ਤੁਰਨ ਦੇ ਮੌਕੇ ਕੌਣ ਆਇਆ!’
ਸਤਿਨਾਮ ਕੌਰ ਨੇ ਅਰਦਾਸ ਕੀਤੀ, ‘ਸੱਚੇ ਪਾਤਸ਼ਾਹ, ਜੋ ਵੀ ਹੋਵੇ, ਆਵੇ ਤੇ ਗੱਲ ਕਰ ਕੇ ਚਲਿਆ ਜਾਵੇ, ਸਾਡੇ ਜਾਣ ਵਿਚ ਵਿਘਣ ਨਾ ਬਣੇ!’
ਤੀਰਥ ਸਿੰਘ ਨੇ ਬੂਹਾ ਖੋਲਿ੍ਹਆ ਤਾਂ ਉਸ ਦੇ ਮੂੰਹੋਂ ਆਪ-ਮੁਹਾਰੇ ਹੀ ਉੱਚੀ ਆਵਾਜ਼ ਵਿਚ ਨਿੱਕਲ ਗਿਆ, ‘ਸਤਿਨਾਮ ਕੌਰੇ, ਗੁਰਮੁਖ ਸਿੰਘਾ, ਦੇਖੋ ਕੌਣ ਆਇਆ ਏ! ਦਰਵੇਸ਼ ਜੀ ਆਏ ਨੇ, ਦਰਵੇਸ਼ ਜੀ, ਆਪਣੇ ਦਰਵੇਸ਼ ਜੀ!’ ਤੇ ਫੇਰ ਦਰਵੇਸ਼ ਜੀ ਵੱਲ ਹੱਥ ਜੋੜੇ, ‘ਅਸੀਂ ਬੱਸ ਤੁਹਾਡੇ ਵੱਲ ਹੀ ਚੱਲਣ ਵਾਲੇ ਸੀ। ਤੁਸੀਂ ਆਪ ਹੀ ਆਉਣ ਦੀ ਕਿਰਪਾ ਕਰ ਦਿੱਤੀ।’
ਖ਼ੈਰ-ਖ਼ੈਰੀਅਤ ਦੀ ਪੁੱਛ-ਦੱਸ ਮਗਰੋਂ ਸਤਿਨਾਮ ਕੌਰ ਜਲ-ਪਾਣ ਲਿਆਉਣ ਵਾਸਤੇ ਉੱਠਣ ਲੱਗੀ ਤਾਂ ਦਰਵੇਸ਼ ਜੀ ਨੇ ਵਰਜਿਆ, ‘ਮੈਂ ਤੁਹਾਥੋਂ ਕੁਛ ਮੰਗਣ ਆਇਆ ਹਾਂ। ਤੁਸਾਂ ਦੇ ਘਰ ਦਾ ਪਾਣੀ ਵੀ ਤਦ ਹੀ ਪੀਵਾਂਗਾ ਜੇ ਮੇਰੀ ਫੈਲੀ ਹੋਈ ਝੋਲ਼ੀ ਦੀ ਲਾਜ ਰੱਖੋਗੇ।’
ਤੀਰਥ ਸਿੰਘ ਤੇ ਸਤਿਨਾਮ ਕੌਰ ਕੁਛ-ਕੁਛ ਸਮਝ ਤਾਂ ਗਏ। ਸ਼ਾਇਦ ਵਾਹਿਗੁਰੂ ਉਨਹਾਂ ਦੇ ਮਨ ਦੀ ਮੁਰਾਦ ਆਪ ਹੀ ਪੂਰੀ ਕਰਨ ਲੱਗਿਆ ਸੀ। ਤਾਂ ਵੀ ਹੱਥ ਜੋੜ ਕੇ ਬੋਲੇ, ‘ਅਸਾਂ ਨਿਮਾਣਿਆਂ ਦੀ ਤਾਂ ਆਪਣੀ ਝੋਲ਼ੀ ਖਾਲੀ ਏ। ਇਸ ਅਵਸਥਾ ਵਿਚ ਭਲਾ ਤੁਹਾਡੀ ਝੋਲ਼ੀ ਵਿਚ ਪਾਉਣ ਜੋਗ ਸਾਡੇ ਕੋਲ ਕੀ ਏ, ਦਰਵੇਸ਼ ਜੀ!’
ਥੈਲੇ ਵਿਚ ਰੱਖਿਆ ਮਠਿਆਈ ਦਾ ਡੱਬਾ ਅੱਗੇ ਕਰਦਿਆਂ ਉਹ ਮੁਸਕਰਾਏ, ‘ਜੋ ਘੜੇ ਜੇਡ ਮੋਤੀ ਸਾਂਭ ਰੱਖਿਆ ਸੁ, ਉਹ ਮੇਰੀ ਝੋਲ਼ੀ ਪਾ ਦਿਉ!’
ਤੀਰਥ ਸਿੰਘ ਨੇ ਹੱਥ ਜੋੜੇ, ‘ਦਰਵੇਸ਼ ਜੀ, ਇਹ ਮੇਲ ਤਾਂ ਵਾਹਿਗੁਰੂ ਨੇ ਆਪ ਮਿਲਾਇਆ ਏ। ਉਸੇ ਨੇ ਬੰਗਲਾ ਸਾਹਿਬ ਦੇ ਪਵਿੱਤਰ ਸਥਾਨ ਵਿਚ ਸਾਡੀ ਮੁਲਾਕਾਤ ਕਰਵਾਈ। ਤੁਸੀਂ ਸਾਡਾ ਮੋਤੀ ਮੰਗਣ ਦੇ ਬਹਾਨੇ ਜੋ ਹੀਰਾ ਸਾਨੂੰ ਸੌਂਪਣ ਦਾ ਸ਼ੁਭ ਸੰਦੇਸ਼ ਲੈ ਕੇ ਆਏ ਹੋ, ਉਹ ਇਸ ਮੋਤੀ ਤੋਂ ਤਾਂ ਕੀ, ਕੋਹਿਨੂਰ ਤੋਂ ਵੀ ਕੀਮਤੀ ਏ।’
ਸਤਿਨਾਮ ਕੌਰ ਨੇ ਹੱਥ ਜੋੜੇ, ‘ਧੰਨਭਾਗ ਸਾਡੇ, ਦਰਵੇਸ਼ ਜੀ, ਤੁਸਾਂ ਸਾਨੂੰ ਇਸ ਜੋਗ ਸਮਝਿਆ!’
ਗੁਰਮੁਖ ਉਸ ਸਮੇਂ ਵੱਲ ਪਰਤ ਗਿਆ ਜਦੋਂ ਉਹ ਤੇ ਜਗਦੀਪ ਛੋਟੇ-ਛੋਟੇ ਸਨ। ਉਹ ਜਗਦੀਪ ਨੂੰ ਦੀਪੀ ਆਖਦਾ ਤੇ ਦੀਪੀ ਉਹਨੂੰ, ਜੋ ਸਭ ਲਈ ਗੁਰਮੁਖ ਸੀ, ਗੁਰੀ ਆਖ ਕੇ ਬੁਲਾਉੁਂਦੀ। ਤੇ ਫੇਰ ਉਹ ਸਮਾਂ ਜਦੋਂ ਬਚਪਨ ਪਿੱਛੇ ਰਹਿਣ ਲੱਗਿਆ ਸੀ ਤੇ ਜਵਾਨੀ ਦਸਤਕ ਦੇਣ ਲੱਗੀ ਸੀ। ਕੁੜੀ ਤੇ ਮੁੰਡੇ ਦੇ ਫ਼ਰਕ ਦਾ ਅਹਿਸਾਸ ਹੋਣ ਲੱਗਿਆ ਸੀ। ਇਕ ਦੂਜੇ ਦੇ ਸਾਥ ਵਿਚੋਂ ਨਿੱਘ ਆਉਣ ਲੱਗਿਆ ਸੀ ਤੇ ਛੋਹ ਵਿਚੋਂ ਸੇਕ ਆਉਣ ਲੱਗਿਆ ਸੀ!