ਨਵੀਂ ਦਿੱਲੀ:ਅਮਰੀਕਾ ਅਤੇ ਇਜ਼ਰਾਈਲ ਦੇ ਈਰਾਨ ਨਾਲ ਯੁੱਧ ਦੌਰਾਨ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਕਿ ਜੰਗ ਰੋਕਣ ਲਈ ਪਿਛਲੇ ਦਿਨਾਂ ਤੋਂ ਅਮਰੀਕਾ ਤੇ ਈਰਾਨ ਵਿਚਾਲੇ ਗੱਲਬਾਤ ਚੱਲ ਰਹੀ ਹੈ ਤੇ ਪ੍ਰਮੁੱਖ ਮੁੱਦਿਆਂ ‘ਤੇ ਲਗਪਗ ਸਹਿਮਤੀ ਬਣ ਗਈ ਹੈ।
ਟਰੰਪ ਨੇ ਆਪਣੇ ਇੰਟਰਨੈੱਟ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ ‘ਤੇ ਕਿਹਾ ਕਿ ਸਮਝੌਤੇ ਦੀ ਅਸਲੀ ਸੰਭਾਵਨਾ ਹੈ ਤੇ ਇਸੇ ਕਾਰਨ ਈਰਾਨ ਦੇ ਊਰਜਾ ਕੇਂਦਰਾਂ ‘ਤੇ ਤਜਵੀਜ਼ਸ਼ੁਦਾ ਹਮਲੇ ਅਗਲੇ ਪੰਜ ਦਿਨਾਂ ਲਈ ਟਾਲ਼ ਦਿੱਤੇ ਗਏ ਹਨ। ਈਰਾਨ ਨੇ ਟਰੰਪ ਦੇ ਦਾਅਵੇ ਨੂੰ ਖ਼ਾਰਜ ਕਰਦੇ ਹੋਏ ਕਿਹਾ ਕਿ ਅਮਰੀਕਾ ਨਾਲ ਕਿਸੇ ਤਰ੍ਹਾਂ ਦੀ ਗੱਲਬਾਤ ਨਹੀਂ ਚੱਲ ਰਹੀ ਟਰੰਪ ਦੇ ਐਲਾਨ ਤੋਂ ਬਾਅਦ ਵਿਸ਼ਵ ਵਿੱਤੀ ਬਾਜ਼ਾਰਾਂ ‘ਚ ਵੱਡੀ ਰਾਹਤ ਦਿਸੀ। ਕੱਚੇ ਤੇਲ ਦੀ ਕੀਮਤ 10.5 ਫ਼ੀਸਦੀ ਡਿੱਗ ਕੇ 100.37 ਡਾਲਰ ਪ੍ਰਤੀ ਬੈਰਲ ‘ਤੇ ਆ ਗਈ, ਜਦਕਿ ਪਿਛਲੇ ਹਫ਼ਤੇ ਇਹ ਲਗਪਗ 120 ਡਾਲਰ ਤੱਕ ਪਹੁੰਚ ਗਈ ਸੀ। ਐੱਸਐਡਪੀ 500 ‘ਚ 1.9 ਫ਼ੀਸਦੀ ਦੀ ਤੇਜ਼ੀ ਦਰਜ ਹੋਈ। ਉੱਥੇ ਇਸ ਪੂਰੇ ਮਾਮਲੇ ‘ਤੇ ਨਾ ਤਾਂ ਵ੍ਹਾਈਟ ਹਾਊਸ ਤੇ ਨਾ ਹੀ ਇਜ਼ਰਾਈਲ ਵਲੋਂ ਕੋਈ ਪ੍ਰਤੀਕ੍ਰਿਆ ਦਿੱਤੀ ਗਈ।
ਜ਼ਿਕਰਯੋਗ ਹੈ ਕਿ ਇਕ ਦਿਨ ਪਹਿਲਾਂ ਟਰੰਪ ਨੇ ਈਰਾਨ ਨੂੰ ਚਿਤਾਵਨੀ ਦਿੱਤੀ ਸੀ ਕਿ 48 ਘੰਟਿਆਂ ਦੇ ਅੰਦਰ ਹੋਰਮੁਜ਼ ਜਲਮਾਰਗ ਨਾ ਖੋਲਿ੍ਹਆ ਗਿਆ ਤਾਂ ਉਹ ਈਰਾਨ ਦੇ ਵੱਡੇ ਬਿਜਲੀ ਪਲਾਂਟਾਂ ‘ਤੇ ਹਮਲੇ ਕਰ ਦੇਣਗੇ। ਇਸ ਦੇ ਜਵਾਬ ‘ਚ ਈਰਾਨ ਨੇ ਕਿਹਾ ਸੀ ਕਿ ਉਹ ਸਮੁੱਚੇ ਪੱਛਮੀ ਏਸ਼ੀਆ ‘ਚ ਮਹੱਤਵਪੂਰਣ ਟਿਕਾਣਿਆਂ ਨੂੰ ਨਿਸ਼ਾਨਾ ਬਣਾਏਗਾ ਤੇ ਹੋਰਮੁਜ਼ ਜਲਡਮਰੂ ਮੱਧ ਨੂੰ ਸਾਰਿਆਂ ਲਈ ਬੰਦ ਕਰ ਦੇਵੇਗਾ। ਇਸ ਤੋਂ ਬਾਅਦ ਦੁਨੀਆ ਭਰ ‘ਚ ਤਣਾਅ ਵਧ ਗਿਆ ਸੀ।
ਰਾਇਟਰ ਮੁਤਾਬਕ, ਟਰੰਪ ਨੇ ਕਿਹਾ ਕਿ ਉਨ੍ਹਾਂ ਦੇ ਪੱਛਮੀ ਏਸ਼ੀਆ ਦੂਤ ਸਟੀਵ ਵਿਟਕਾਫ ਤੇ ਉਨ੍ਹਾਂ ਦੇ ਜਵਾਈ ਜੈਰੇਡ ਕੁਸ਼ਨਰ ਨੇ ਐਤਵਾਰ ਨੂੰ ਈਰਾਨੀ ਪੱਖ ਨਾਲ ਗੱਲਬਾਤ ਕੀਤੀ, ਜਿਹੜੀ ਸੋਮਵਾਰ ਨੂੰ ਵੀ ਜਾਰੀ ਰਹੀ। ਉਨ੍ਹਾਂ ਕਿਹਾ ਕਿ 15 ਨੁਕਤਿਆਂ ‘ਤੇ ਚਰਚਾ ਹੋਈ ਤੇ ਲਗਪਗ ਸਾਰੇ ਵੱਡੇ ਮੁੱਦਿਆਂ ‘ਤੇ ਸਹਿਮਤੀ ਬਣੀ ਹੈ। ਹਾਲਾਂਕਿ ਉਨ੍ਹਾਂ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਈਰਾਨ ਵਲੋਂ ਗੱਲਬਾਤ ਕਿਸ ਪੱਧਰ ‘ਤੇ ਹੋ ਰਹੀ ਹੈ।
