ਨਾਭਾ:ਬਿਕਰਮਜੀਤ ਸਿੰਘ ਮਜੀਠੀਆ ਆਖ਼ਰਕਾਰ ਨਾਭਾ ਜੇਲ੍ਹ ਤੋਂ ਬਾਹਰ ਆ ਗਏ ਹਨ। ਸੁਪਰੀਮ ਕੋਰਟ ਵੱਲੋਂ ਜ਼ਮਾਨਤ ਮਿਲਣ ਤੋਂ ਬਾਅਦ ਮਜੀਠੀਆ ਦੀ ਰਿਹਾਈ ਹੋਈ, ਜਿਸ ਨਾਲ ਪੰਜਾਬ ਦੀ ਸਿਆਸਤ ਵਿੱਚ ਇੱਕ ਵਾਰ ਫਿਰ ਚਰਚਾ ਤੇਜ਼ ਹੋ ਗਈ ਹੈ।
ਜੇਲ੍ਹ ਤੋਂ ਬਾਹਰ ਆਉਂਦੇ ਸਮੇਂ ਦੇ ਦ੍ਰਿਸ਼ ਸਿਆਸੀ ਹਲਕਿਆਂ ਅਤੇ ਸੋਸ਼ਲ ਮੀਡੀਆ ‘ਤੇ ਖਾਸ ਧਿਆਨ ਖਿੱਚ ਰਹੇ ਸਨ।ਮਜੀਠੀਆ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲੀ ਹੈ। ਉਹ ਜੂਨ 2025 ਤੋਂ ਨਾਭਾ ਜੇਲ੍ਹ ਵਿੱਚ ਬੰਦ ਸਨ। ਵਿਜੀਲੈਂਸ ਬਿਊਰੋ ਨੇ ਉਨ੍ਹਾਂ ਨੂੰ 25 ਜੂਨ 2025 ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਤੋਂ ਬਾਅਦ ਇਹ ਮਾਮਲਾ ਲਗਾਤਾਰ ਕਾਨੂੰਨੀ ਅਤੇ ਸਿਆਸੀ ਚਰਚਾ ਦਾ ਕੇਂਦਰ ਬਣਿਆ ਰਿਹਾ।
ਵਿਜੀਲੈਂਸ ਵੱਲੋਂ ਮਜੀਠੀਆ ਖ਼ਿਲਾਫ਼ ਕਰੀਬ 40 ਹਜ਼ਾਰ ਪੰਨਿਆਂ ਦੀ ਚਾਰਜਸ਼ੀਟ ਅਦਾਲਤ ਵਿੱਚ ਦਾਖਲ ਕੀਤੀ ਗਈ ਸੀ। ਇਸ ਦੌਰਾਨ ਦਸੰਬਰ 2025 ਵਿੱਚ ਹਾਈ ਕੋਰਟ ਵੱਲੋਂ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ਖ਼ਾਰਿਜ਼ ਕਰ ਦਿੱਤੀ ਗਈ ਸੀ, ਜਿਸ ਨਾਲ ਮਜੀਠੀਆ ਨੂੰ ਜੇਲ੍ਹ ਵਿੱਚ ਹੀ ਰਹਿਣਾ ਪਿਆ। ਪਰ ਹੁਣ ਸੁਪਰੀਮ ਕੋਰਟ ਤੋਂ ਰਾਹਤ ਮਿਲਣ ਨਾਲ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ।
ਜੇਲ੍ਹ ਤੋਂ ਰਿਹਾਈ ਤੋਂ ਬਾਅਦ ਮਜੀਠੀਆ ਦੇ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਵੇਖੀ ਗਈ, ਜਦਕਿ ਸਿਆਸੀ ਵਿਰੋਧੀਆਂ ਵੱਲੋਂ ਇਸ ਫੈਸਲੇ ਨੂੰ ਲੈ ਕੇ ਵੱਖ-ਵੱਖ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਰਿਹਾਈ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੀ ਸਿਆਸਤ ‘ਤੇ ਗਹਿਰਾ ਅਸਰ ਛੱਡ ਸਕਦੀ ਹੈ।ਹੁਣ ਸਭ ਦੀ ਨਜ਼ਰ ਇਸ ਗੱਲ ‘ਤੇ ਟਿਕੀ ਹੈ ਕਿ ਜ਼ਮਾਨਤ ਤੋਂ ਬਾਅਦ ਮਜੀਠੀਆ ਦੀ ਅਗਲੀ ਸਿਆਸੀ ਰਣਨੀਤੀ ਕੀ ਹੋਵੇਗੀ ਅਤੇ ਇਹ ਮਾਮਲਾ ਅਦਾਲਤ ਵਿੱਚ ਕਿਹੜਾ ਰੁਖ਼ ਅਖ਼ਤਿਆਰ ਕਰਦਾ ਹੈ।
ਅਕਾਲੀ ਸਿਆਸਤ ਨੂੰ ਪਵੇਗਾ ਮੋੜਾ
ਚੰਡੀਗੜ੍ਹ:ਸੀਨੀਅਰ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਣ ਨਾਲ ਅਕਾਲੀ ਲੀਡਰਸ਼ਿLਪ ਖਾਸ ਕਰ ਕੇ ਪਾਰਟੀ ਦਾ ਯੂਥ ਵਿੰਗ, ਯਾਨੀ ਨੌਜਵਾਨ ਵਰਗ ਬਹੁਤ ਉਤਸ਼ਾਹਿਤ ਹੈ। ਸਿਆਸੀ ਸੂਝ-ਬੂਝ ਰੱਖਣ ਵਾਲੇ ਲੋਕਾਂ ਦਾ ਮੰਨਣਾ ਹੈ ਕਿ ਮਜੀਠੀਆ ਦੇ ਜੇਲ੍ਹ ਵਿੱਚੋਂ ਬਾਹਰ ਆਉਣ ਨਾਲ ਅਕਾਲੀ ਸਿਆਸਤ ਭਖ਼ ਜਾਣ ਦੇ ਆਸਾਰ ਬਣ ਗਏ ਹਨ। ਮਜੀਠੀਆ ਦੇ ਬਾਹਰ ਆਉਣ ਨਾਲ ਨਾ ਸਿਰਫ ਅਕਾਲੀ ਦਲ ਦੀ ਸਿਆਸਤ ਨੂੰ ਮੋੜਾ ਪਵੇਗਾ ਬਲਕਿ ਸੂਬੇ ਦੇ ਸਿਆਸੀ ਸਮੀਕਰਨ ਬਦਲਣ ਦੀਆਂ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਜੇਕਰ ਪੰਜਾਬ ਦੀ ਸਿਆਸਤ ਦੀ ਗੱਲ ਕਰੀਏ ਤਾਂ ਹੁਣ ਤੱਕ ਮਨੁੱਖੀ ਅਧਿਕਾਰਾਂ, ਅਮਨ ਕਾਨੂੰਨ ਦੀ ਸਥਿਤੀ ਅਤੇ ਪੰਜਾਬ ਦੇ ਵੱਖ-ਵੱਖ ਮੁੱਦਿਆਂ ‘ਤੇ ਬਾਕੀ ਆਗੂਆਂ ਦੇ ਮੁਕਾਬਲੇ ਕਾਂਗਰਸੀ ਆਗੂ ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਪ੍ਰਗਟ ਸਿੰਘ ਹੀ ਬੇਬਾਕੀ ਨਾਲ ਸਿੱਧੇ ਤੌਰ ‘ਤੇ ਸਰਕਾਰ ਲਈ ਚੁਣੌਤੀ ਬਣੇ ਹੋਏ ਹਨ ਉਹ ਲਗਾਤਾਰ ਸਰਕਾਰ ਨੂੰ ਸਵਾਲ ਕਰਦੇ ਆ ਰਹੇ ਹਨ। ਇਨ੍ਹਾਂ ਸਥਿਤੀਆਂ ਵਿਚ ਬਿਕਰਮ ਮਜੀਠੀਆ ਦੇ ਬਾਹਰ ਆਉਣ ਨਾਲ ਪੰਜਾਬ ਦੀ ਸਿਆਸਤ ਇਕਦਮ ਮੋੜਾ ਕੱਟ ਲਵੇਗੀ ਕਿਉਂਕਿ ਮਜੀਠੀਆ ਲਗਾਤਾਰ ਜੇਲ੍ਹ ਵਿਚ ਜਾਣ ਤੋਂ ਪਹਿਲਾਂ ਤੱਕ ਪੰਜਾਬ ਸਰਕਾਰ, ਮੁੱਖ ਮੰਤਰੀ ਅਤੇ ਖਾਸ ਕਰ ਕੇ ਆਮ ਆਦਮੀ ਪਾਰਟੀ ਦੇ ਕਨਵੀਨਰ ਨੂੰ ਸਿੱਧੀ ਚੁਣੌਤੀ ਦਿੰਦੇ ਆ ਰਹੇ ਸਨ। ਅਗਲੇ ਵਰ੍ਹੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਅਤੇ ਇਸ ਸਾਲ ਨਗਰ ਕੌਂਸਲ ਦੀਆਂ ਚੋਣਾਂ ਹੋਣੀਆਂ ਹਨ। ਇਸ ਕਰ ਕੇ ਇਹ ਵਰ੍ਹਾ ਸਿਆਸੀ ਸਰਗਰਮੀਆਂ ਵਾਲਾ ਸਾਲ ਰਹੇਗਾ। ਸਾਰੀਆਂ ਧਿਰਾਂ ਆਪਣੀਆਂ ਸਿਆਸੀ ਸਰਗਰਮੀਆਂ ਨੂੰ ਵਧਾਉਣਗੀਆਂ। ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਬਿਕਰਮ ਸਿੰਘ ਮਜੀਠੀਆ ਪਹਿਲਾਂ ਦੀ ਤਰ੍ਹਾਂ ਸਰਕਾਰ ‘ਤੇ ਹਮਲਾਵਰ ਰੁਖ਼ ਰੱਖਣਗੇ ਜਾਂ ਫਿਰ ਉਹ ਬਚ-ਬਚ ਕੇ ਚੱਲਣ ਵਾਲੀ ਨੀਤੀ ਨੂੰ ਅਪਣਾਉਣਗੇ। ਸਿਆਸੀ ਜਾਣਕਾਰਾਂ ਦਾ ਕਹਿਣਾ ਹੈ ਕਿ ਬਿਕਰਮ ਮਜੀਠੀਆ ਅੱਗੇ ਨਾਲੋਂ ਵੀ ਵੱਧ ਕੇ ਸਰਕਾਰ ਨੂੰ ਘੇਰੇਗਾ ਕਿਉਂਕਿ ਅਗਲੇ ਵਰ੍ਹੇ ਪੰਜਾਬ ਦੀਆਂ ਚੋਣਾਂ ਹਨ। ਪਾਰਟੀ ਲੀਡਰਸ਼ਿਪ, ਨੌਜਵਾਨਾਂ ਨੂੰ ਲਾਮਬੰਦ ਕਰਨ ਲਈ ਆਗੂ ਦਾ ਹਮਲਾਵਰ ਹੋਣਾ ਵਰਕਰਾਂ, ਲੋਕਾਂ ਵਿਚ ਖਾਸ ਊਰਜਾ ਪੈਦਾ ਕਰਦਾ ਹੈ। ਦੂਜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਪਾਰਟੀ ਆਗੂਆਂ ਅਤੇ ਵਰਕਰਾਂ ਦੀ ਸੁਖਬੀਰ ਸਿੰਘ ਬਾਦਲ ਦੇ ਮੁਕਾਬਲੇ ਬਿਕਰਮ ਸਿੰਘ ਮਜੀਠੀਆ ਤੱਕ ਪਹੁੰਚ ਸੌਖੀ ਹੋ ਜਾਂਦੀ ਹੈ। ਹੁਣ ਆਉਣ ਵਾਲਾ ਸਮਾਂ ਦੱਸੇਗਾ ਕੀ ਮਜੀਠੀਆ ਅਕਾਲੀ ਸਿਆਸਤ ਸਿਆਸਤ ਦਾ ਰੁਖ ਬਦਲਣ ਵਿਚ ਕਾਮਯਾਬ ਹੋਣਗੇ ਜਾਂ ਨਹੀਂ।
