ਬਾਬਾ ਬੁੱਲੇ ਸ਼ਾਹ ਦੀ ਮਜ਼ਾਰ ਨੂੰ ਤੋੜਨ ਦੀ ਘਿਣਾਉਣੀ ਹਰਕਤ

25 ਜਨਵਰੀ ਨੂੰ ਹਿੰਦੂ ਧਰਮ ਦੇ ਆਪੇ ਬਣੇ ਰਖਵਾਲਿਆਂ ਵੱਲੋਂ ਉੱਤਰਾਖੰਡ ਰਾਜ ਦੇ ਮਸੂਰੀ ਵਿਚ 100 ਸਾਲ ਤੋਂ ਵੱਧ ਪੁਰਾਣੀ ਬਾਬਾ ਬੁੱਲੇ ਸ਼ਾਹ ਦੀ ਮਜ਼ਾਰ ਨੂੰ ਤੋੜਨਾ ਬੇਹੱਦ ਘਿਣਾਉਣੀ ਕਾਰਵਾਈ ਹੈ। ਪ੍ਰਸਿੱਧ ਪੰਜਾਬੀ ਸੂਫ਼ੀ ਸੰਤ ਬਾਬਾ ਬੁੱਲੇਸ਼ਾਹ ਦੀ ਮਾਨਵਤਾਵਾਦੀ ਸ਼ਾਇਰੀ ਅਤੇ ਦਾਰਸ਼ਨਿਕ ਯੋਗਦਾਨ ਦਾ ਪੰਜਾਬ ਦੀ

ਧਰਮ-ਨਿਰਪੱਖ, ਭਾਈਚਾਰਕ ਸਾਂਝ ਵਾਲੀ ਪਰੰਪਰਾ ਵਿਚ ਉੱਘਾ ਸਥਾਨ ਹੈ। ਉਨ੍ਹਾਂ ਦੀਆਂ ਬੇਹੱਦ ਮਕਬੂਲ ਕਾਫ਼ੀਆਂ ਮਜ਼੍ਹਬੀ ਕੱਟੜਪੰਥ, ਜਾਤੀ ਭੇਦਭਾਵ ਅਤੇ ਅੰਧਵਿਸ਼ਵਾਸ ਨੂੰ ਜ਼ੋਰਦਾਰ ਚੁਣੌਤੀ ਦਿੰਦੇ ਹੋਏ ਇਨਸਾਨੀਅਤ ਨਾਲ ਗੂੜ੍ਹੀ ਮੁਹੱਬਤ, ਆਤਮ-ਗਿਆਨ ਰਾਹੀਂ ਆਪਣੀ ਸ਼ਖ਼ਸੀਅਤ ਨੂੰ ਰੁਸ਼ਨਾਉਣ ਅਤੇ ਮਜ਼੍ਹਬੀ ਨਫ਼ਰਤ ਤੋਂ ਉੱਪਰ ਉੱਠ ਕੇ ਆਪਣੀ ਅਕੀਦਤ ਨਾਲ ਜੁੜਨ ’ਤੇ ਜ਼ੋਰ ਦਿੰਦੀਆਂ ਹਨ। ਬਾਬਾ ਬੁੱਲ੍ਹੇਸ਼ਾਹ ਵੱਲੋਂ ਰਚਿਤ ਉੱਚ ਪਾਏ ਦੀ ਸ਼ਾਇਰੀ ਦੀ ਖ਼ੁਸ਼ਬੂ ਪੰਜਾਬ ਦੀ ਮਿੱਟੀ ਦੇ ਕਣ-ਕਣ ਵਿਚ ਰਚੀ ਹੋਈ ਹੈ ਜੋ ਬਾਬਾ ਫ਼ਰੀਦ ਸਮੇਤ ਭਗਤੀ ਲਹਿਰ ਦੀ ਮਹਾਨ ਵਿਰਾਸਤ ਨੂੰ ਅੱਗੇ ਵਧਾਉਂਦੀ ਹੈ ਅਤੇ ਧਾਰਮਿਕ ਪਾਖੰਡਾਂ ਉੱਪਰ ਕਰਾਰੀ ਚੋਟ ਕਰਦੀ ਹੈ। ਆਪਣੀ ਇਸੇ ਮਾਨਵਤਾਵਾਦੀ ਖ਼ੂਬੀ ਕਾਰਨ ਇਹ ਮਜ਼੍ਹਬੀ ਕੱਟੜਪੰਥੀਆਂ ਨੂੰ ਹਜ਼ਮ ਨਹੀਂ ਹੁੰਦੀ। ਹਿੰਦੂ ਰੱਖਿਆ ਦਲ ਵਰਗੇ ਹਿੰਦੂ ਧਰਮ ਦੇ ਆਪੇ ਬਣੇ ਰਖਵਾਲਿਆਂ ਵੱਲੋਂ ਸਾਂਝੀ ਧਰਮ-ਨਿਰਪੱਖ ਵਿਰਾਸਤ ਨੂੰ ਇਹ ਝੂਠ ਪ੍ਰਚਾਰ ਕੇ ਨਕਾਰਿਆ ਜਾ ਰਿਹਾ ਹੈ ਕਿ ਜਿਸਦੀ ਕਬਰ ਪਾਕਿਸਤਾਨ ਵਿਚ ਹੈ, ਉਸ ਦੀ ਮਜ਼ਾਰ ਇੱਥੇ ‘ਦੇਵਭੂਮੀ’ ਉੱਪਰ ਨਹੀਂ ਚੱਲੇਗੀ। ਇਹ ਕਿਸ ਤਰ੍ਹਾਂ ਦੀ ਧਰਮ-ਰੱਖਿਆ ਹੈ ਜੋ ਅਣਵੰਡੇ ਪੰਜਾਬ ਦੀ ਇਤਿਹਾਸਕ ਹਕੀਕਤ ਅਤੇ ਧਾਰਮਿਕ ਸਹਿਣਸ਼ੀਲਤਾ ਪ੍ਰਤੀ ਐਨੀ ਘੋਰ ਨਫ਼ਰਤ ਨਾਲ ਗੜੁੱਚ ਹੈ ਅਤੇ ਜੋ ਮਹਾਨ ਵਿਰਾਸਤ ਨੂੰ ਪਰਾਈ ਧਰਤੀ ਨਾਲ ਸੰਬੰਧਤ ਕਰਾਰ ਦੇ ਕੇ ਨਕਾਰਦੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਹਿੰਦੂਤਵਵਾਦੀ ਤਾਕਤਾਂ ਕਿਸ ਤਰ੍ਹਾਂ ਦੀ ਸੰਕੀਰਣ ਸੰਸਕ੍ਰਿਤੀ ਭਾਰਤ ਦੇ ਲੋਕਾਂ ਉੱਪਰ ਥੋਪਣ ਲਈ ਯਤਨਸ਼ੀਲ ਹਨ।
ਬਾਬਾ ਬੁੱਲ੍ਹੇਸ਼ਾਹ ਦੀ ਮਜ਼ਾਰ ਨੂੰ ਦੋ ਦਿਨ ਪਹਿਲਾਂ ਅਗਾਊਂ ਐਲਾਨ ਕਰਕੇ 25-30 ਵਿਅਕਤੀਆਂ ਦੀ ਭੀੜ ਵੱਲੋਂ ਤੋੜਿਆ ਗਿਆ ਅਤੇ ਉੱਥੇ ਪਈਆਂ ਧਾਰਮਿਕ ਕਿਤਾਬਾਂ ਦੀ ਬੇਅਦਬੀ ਕਰਨ ਅਤੇ ਮਜ਼ਾਰ ਦੀ ਦੀਵਾਰ ’ਤੇ ਪਿਸ਼ਾਬ ਕਰਨ ਦੀ ਭੜਕਾਊ ਹਰਕਤ ਕੀਤੀ ਗਈ। ਪੁਲਿਸ ਵੱਲੋਂ ਮਹਾਨ ਇਤਿਹਾਸਕ ਵਿਰਾਸਤ ਦੀ ਰਾਖੀ ਲਈ ਹਰਕਤ ਵਿਚ ਨਾ ਆਉਣਾ, ਮਜ਼ਾਰ ਨੂੰ ਤੋੜਨ ਤੋਂ ਬਾਅਦ ਸ਼ਿਕਾਇਤ ਕਰਨ ’ਤੇ ਐੱਫਆਈਆਰ ਦਰਜ ਕਰਨ ਦੀ ਮਹਿਜ਼ ਖ਼ਾਨਾਪੂਰਤੀ ਕਰਨਾ ਅਤੇ ‘ਲਗਾਈਆਂ ਧਾਰਾਵਾਂ ਤਹਿਤ ਗ੍ਰਿਫ਼ਤਾਰੀ ਜ਼ਰੂਰੀ ਨਹੀਂ’ ਦਾ ਬਹਾਨਾ ਬਣਾ ਕੇ ਕੋਈ ਗ੍ਰਿਫ਼ਤਾਰੀ ਨਾ ਕਰਨਾ ਦਰਸਾਉਂਦਾ ਹੈ ਕਿ ਪੁਲਿਸ ਸਮੇਤ ਰਾਜ ਮਸ਼ੀਨਰੀ ਦਾ ਡੂੰਘਾ ਫਿਰਕੂਕਰਨ ਹੋ ਚੁੱਕਾ ਹੈ ਅਤੇ ਉਹ ਸੰਵਿਧਾਨਕ ਫਰਜ਼ਾਂ ਦੀ ਬਜਾਏ ਸੱਤਾਧਾਰੀ ਧਿਰ ਦੇ ਫਿਰਕੂ ਏਜੰਡੇ ਦੇ ਤਹਿਤ ਕੰਮ ਕਰ ਰਹੇ ਹਨ। ਮਜ਼ਾਰ ਨੂੰ ਤੋੜੇ ਜਾਣ ਦਾ ਵੀਡੀਓ ਕਲਿੱਪ ਬਣਾ ਕੇ ਸੋਸ਼ਲ ਮੀਡੀਆ ਉੱਪਰ ਸ਼ੇਅਰ ਕਰਨ ਤੋਂ ਸਪਸ਼ਟ ਹੈ ਕਿ ਰਾਜ-ਮਸ਼ੀਨਰੀ ਦੇ ਫਿਰਕੂਕਰਨ ਅਤੇ ਅਜਿਹੀਆਂ ਮਾਨਵਤਾ ਵਿਰੋਧੀ ਵਾਰਦਾਤਾਂ ਨੂੰ ਰਾਜਕੀ ਤੇ ਰਾਜਨੀਤਕ ਸਰਪ੍ਰਸਤੀ ਕਾਰਨ ਅਜਿਹੇ ਅਨਸਰਾਂ ਦੇ ਹੌਸਲੇ ਕਿੰਨੇ ਵਧ ਚੁੱਕੇ ਹਨ।
ਸਮੂਹ ਧਰਮ-ਨਿਰਪੱਖ, ਇਨਸਾਫ਼ਪਸੰਦ ਤਾਕਤਾਂ ਨੂੰ ਫਿਰਕੂ ਨਫ਼ਰਤ ਤੋਂ ਪ੍ਰੇਰਿਤ ਇਸ ਘਿਣਾਉਣੀ ਦਾ ਗੰਭੀਰ ਨੋਟਿਸ ਲੈ ਕੇ ਇਸ ਵਿਰੁੱਧ ਵਿਆਪਕ ਆਵਾਜ਼ ਉਠਾਉਣ ਦੀ ਲੋੜ ਹੈ।
-ਬੂਟਾ ਸਿੰਘ ਮਹਿਮੂਦਪੁਰ