ਨਿਤਿਨ ਨਬੀਨ ਬਣੇ ਭਾਜਪਾ ਦੇ ਪ੍ਰਧਾਨ

ਨਵੀਂ ਦਿੱਲੀ:ਨਿਤਿਨ ਨਬੀਨ ਨੂੰ ਮੰਗਲਵਾਰ ਨੂੰ ਰਸਮੀ ਤੌਰ ‘ਤੇ ਭਾਜਪਾ ਦਾ ਕੌਮੀ ਪ੍ਰਧਾਨ ਐਲਾਨ ਦਿੱਤਾ ਗਿਆ ਹੈ । ਉਹ ਜੇਪੀ ਨੱਢਾ ਦੀ ਥਾਂ ਲੈਣਗੇ ਅਤੇ ਪਾਰਟੀ ਲਈ ਇੱਕ ਨਵਾਂ ਅਧਿਆਇ ਸ਼ੁਰੂ ਕਰਨਗੇ। ਭਾਜਪਾ ਦੇਸ਼ ਦੀ ਰਾਜਨੀਤੀ ‘ਤੇ ਆਪਣੀ ਪਕੜ ਮਜ਼ਬੂਤ ਕਰਨ ਦੀ ਕੋiLਸ਼ਸ਼ ਕਰ ਰਹੀ ਹੈ। ਰਿਟਰਨਿੰਗ ਅਫਸਰ ਕੇ. ਲਕਸ਼ਮਣ ਨੇ ਸੰਗਠਨਾਤਮਕ ਚੋਣਾਂ ਦੇ ਨਤੀਜੇ ਐਲਾਨਦਿਆਂ 45 ਸਾਲਾ ਨਬੀਨ ਨੂੰ ਚੋਣ ਦਾ ਸਰਟੀਫਿਕੇਟ ਸੌਂਪਿਆ ।

ਨਬੀਨ ਪਾਰਟੀ ਦੇ ਇਸ ਸਿਖਰਲੇ ਅਹੁਦੇ ‘ਤੇ ਬਿਰਾਜਮਾਨ ਹੋਣ ਵਾਲੇ ਸਭ ਤੋਂ ਘੱਟ ਉਮਰ ਦੇ ਆਗੂ ਹਨ। ਇਸ ਮੌਕੇ ਭਾਜਪਾ ਹੈੱਡਕੁਆਰਟਰ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜੇਪੀ ਨੱਡਾ, ਸੀਨੀਅਰ ਮੰਤਰੀ ਰਾਜਨਾਥ ਸਿੰਘ, ਅਮਿਤ ਸ਼ਾਹ, ਨਿਤਿਨ ਗਡਕਰੀ ਸਮੇਤ ਹੋਰ ਆਗੂ ਮੌਜੂਦ ਸਨ। ਭਾਜਪਾ ਪ੍ਰਧਾਨ ਨਿਤਿਨ ਨਬੀਨ ਨੇ ਮੰਗਲਵਾਰ ਨੂੰ ਅਹੁਦਾ ਸੰਭਾਲਣ ਤੋਂ ਬਾਅਦ ਆਪਣੇ ਪਹਿਲੇ ਸੰਬੋਧਨ ਵਿੱਚ ਭਾਰਤੀ ਨੌਜਵਾਨਾਂ ਨੂੰ ਰਾਜਨੀਤੀ ਵਿੱਚ ਆਉਣ ਦੀ ਅਪੀਲ ਕੀਤੀ । ਉਨ੍ਹਾਂ ਕਿਹਾ ਕਿ ਨੌਜਵਾਨ ਸੱਤਾ ਵਿਚ ਆਉਣ, ਪਰ ਸੱਤਾ ਦਾ ਆਨੰਦ ਲੈਣ ਦੀ ਮਾਨਸਿਕਤਾ ਨਾਲ ਨਹੀਂ । ਨਬੀਨ ਨੇ ਕਿਹਾ ਕਿ ਰਾਜਨੀਤੀ ਸੇਵਾ ਦਾ ਸਾਧਨ ਹੈ, ਸੱਤਾ ਦੀ ਲਾਲਸਾ ਨਹੀਂ । ਉਨ੍ਹਾਂ ਦੇਸ਼ ਦੇ ਨੌਜਵਾਨਾਂ ਨੂੰ ਕਿਹਾ, ‘‘ਰਾਜਨੀਤੀ ਤੋਂ ਦੂਰੀ ਕੋਈ ਹੱਲ ਨਹੀਂ ਹੈ। ਪਰ ਯਾਦ ਰੱਖੋ, ਰਾਜਨੀਤੀ ਸੱਤਾ ਦੀ ਲਾਲਸਾ ਨਹੀਂ ਹੈ, ਇਹ ਸੇਵਾ ਅਤੇ ਕੁਰਬਾਨੀ ਦਾ ਇੱਕ ਢੰਗ ਹੈ । ਇਹ 100 ਮੀਟਰ ਦੀ ਦੌੜ ਨਹੀਂ ਹੈ। ਇਹ ਇੱਕ ਮੈਰਾਥਨ ਹੈ ਜੋ ਤੁਹਾਡੀ ਰਫ਼ਤਾਰ ਦੀ ਨਹੀਂ ਸਹਿਣਸੀਲਤਾ ਦੀ ਪਰਖ ਕਰੇਗੀ।“ਨਬੀਨ ਭਾਜਪਾ ਦੇ 12ਵੇਂ ਪ੍ਰਧਾਨ ਬਣੇ ਹਨ। ਭਾਜਪਾ ਦੀ ਸਥਾਪਨਾ 1980 ਵਿੱਚ ਹੋਈ ਸੀ ਤੇ ਉਸੇ ਸਾਲ ਨਿਤਿਨ ਨਬੀਨ ਦਾ ਜਨਮ ਹੋਇਆ ਸੀ। ਨਬੀਨ ਨੇ ਪਿਛਲੇ ਸਾਲ 14 ਦਸੰਬਰ ਨੂੰ ਭਾਜਪਾ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤੇ ਜਾਣ ਮਗਰੋਂ ਬਿਹਾਰ ਸਰਕਾਰ ਵਿੱਚ ਕਾਨੂੰਨ ਤੇ ਨਿਆਂ, ਸ਼ਹਿਰੀ ਵਿਕਾਸ ਅਤੇ ਰਿਹਾਇਸ਼ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
ਲਕਸ਼ਮਣ ਨੇ ਚੋਣ ਨਤੀਜੇ ਦਾ ਐਲਾਨ ਕਰਦੇ ਹੋਏ ਕਿਹਾ, “ਇਹ ਚੋਣ ਦਰਸਾਉਂਦੀ ਹੈ ਕਿ ਭਾਜਪਾ ਲੀਡਰਸiLਪ ਵੰਸ਼ਵਾਦ ਦੇ ਧਿਕਾਰ ਤੋਂ ਨਹੀਂ ਬਲਕਿ ਸਖ਼ਤ ਮਿਹਨਤ ਅਤੇ ਸਮਰਪਣ ਤੋਂ ਉੱਭਰੀ ਹੈ।“ ਸਾਬਕਾ ਪ੍ਰਧਾਨ ਜੇਪੀ ਨੱਢਾ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਅੱਜ ਇੱਕ ਬਹੁਤ ਹੀ ਇਤਿਹਾਸਕ ਮੌਕਾ ਹੈ, ਜਦੋਂ ਸਾਡੇ ਨੌਜਵਾਨ, ਊਰਜਾਵਾਨ ਅਤੇ ਪ੍ਰਤਿਭਾਸ਼ਾਲੀ ਨਿਤਿਨ ਨਬੀਨ ਦੁਨੀਆ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ, ਭਾਜਪਾ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲ ਰਹੇ ਹਨ । ਮੈਂ ਆਪਣੀ ਵੱਲੋਂ ਅਤੇ ਕਰੋੜਾਂ ਵਰਕਰਾਂ ਵੱਲੋਂ ਉਨ੍ਹਾਂ ਨੂੰ ਦਿਲੋਂ ਵਧਾਈ ਦਿੰਦਾ ਹਾਂ।“