ਚੋਟੀ ਦੇ ਇਤਿਹਾਸਕਾਰ-ਫ਼ਿਲਾਸਫ਼ਰ ਦਾ ਸਾਲ 2026 ਲਈ ਸੰਦੇਸ਼
ਇੰਜ. ਈਸ਼ਰ ਸਿੰਘ +1 647 640 2014
ਯੁਵਾਲ ਨੋਆ ਹਰਾਰੀ ਇੱਕ ਪ੍ਰੋਫੈਸਰ, ਪ੍ਰਸਿੱਧ ਇਤਿਹਾਸਕਾਰ-ਫ਼ਿਲਾਸਫ਼ਰ, ਭਵਿੱਖ-ਵਕਤਾ ਅਤੇ ਸਮਕਾਲੀ ਵਿਸ਼ਵ ਚੁਣੌਤੀਆਂ ਦੇ ਚਿੰਤਕ ਹਨ। ਮਨੁੱਖੀ ਇਤਿਹਾਸ ਦੇ ਦੂਰ-ਰਸ ਰੁਝਾਨਾਂ ਦੇ ਆਧਾਰ ’ਤੇ ਆਧੁਨਿਕ ਸਮਾਜ ਨੂੰ ਦਰਪੇਸ਼ ਤਕਨੌਲੋਜੀਕਲ, ਰਾਜਨੀਤਕ, ਸਮਾਜਿਕ ਅਤੇ ਨੈਤਿਕ ਚੁਣੌਤੀਆਂ ਦਾ ਵਿਸ਼ਲੇਸ਼ਣ ਕਰਦੇ ਹਨ।
ਉਨ੍ਹਾਂ ਦੀਆਂ ਚਾਰ ਕਿਤਾਬਾਂ ਸੰਸਾਰ ਦੀਆਂ ‘ਬੈਸਟ-ਸੈੱਲਰਜ਼’ ਹਨ ਅਤੇ ਇਨ੍ਹਾਂ ਦੀਆਂ ਸੰਸਾਰ ਦੀਆਂ 65 ਤੋਂ ਵੱਧ ਭਾਸ਼ਾਵਾਂ ’ਚ, ਸਾਢੇ ਚਾਰ ਕਰੋੜ ਕਾਪੀਆਂ ਵਿਕ ਚੁੱਕੀਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਅਣਗਿਣਤ ਲੇਖ ਛਪਦੇ ਰਹਿੰਦੇ ਅਤੇ ਵੀਡੀਓਜ਼ ਬਣਦੀਆਂ ਰਹਿੰਦੀਆਂ ਹਨ। ਭਾਵੇਂ ਉਨ੍ਹਾਂ ਦੇ ਵਿਚਾਰਾਂ ਨਾਲ ਹਰ ਕੋਈ ਸਹਿਮਤ ਨਹੀਂ, ਪਰ ਓਹ ਅੱਜ ਦੇ ਯੁਗ ਦੀਆਂ ਸੂਚਨਾਵਾਂ, ਅਲਗੋਰਿਥਮਾਂ ਅਤੇ ਤਕਨੌਲੋਜੀਆਂ ਦੇ, ਮਨੁੱਖੀ ਆਜ਼ਾਦੀ ਅਤੇ ਲੋਕ-ਤੰਤਰ ’ਤੇ ਪੈ ਰਹੇ ਪ੍ਰਭਾਵਾਂ ਵਲ ਦੁਨੀਆ ਦਾ ਧਿਆਨ ਖਿੱਚਣ ’ਚ ਅਹਿਮ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਦੇ ਫ਼ਲਸਫ਼ਿਆਂ ’ਤੇ ਅਧਾਰਿਤ ਅਤੇ ਬਹੁਤ ਪ੍ਰਚੱਲਿਤ ਹੋਇਆ ਹੇਠਲਾ ਸੰਖੇਪ ਸੰਦੇਸ਼ (2026 ਦੇ ਸਾਲ ਲਈ), ਪੰਜਾਬੀ ਪਾਠਕਾਂ ਲਈ ਵਿਸ਼ੇਸ਼ ਤੌਰ ‘ਤੇ ਪ੍ਰਸੰਗਕ ਹੈ।
ਆਪਾਂ, ਇਕੱਲੇ ਇਨਸਾਨ, ਓਹ ਪ੍ਰਾਣੀ ਹਾਂ ਜੋ ਭਵਿੱਖ ਦੀ ਕਲਪਨਾ ਕਰਨ ਅਤੇ ਇਸ ਨੂੰ ਉਸਾਰਨ ਦੇ ਯੋਗ ਹਾਂ, ਫਿਰ ਵੀ ਆਪਾਂ ਅਕਸਰ ਇਸ ਤਰ੍ਹਾਂ ਜਿਉਂਦੇ ਹਾਂ, ਜਿਵੇਂ ਸਾਡਾ ਭਵਿੱਖ ਕਿਸੇ ਹੋਰ ਦੀ ਜ਼ਿੰਮੇਵਾਰੀ ਹੋਵੇ। ਅਸੀਂ ਭੁੱਲ ਜਾਂਦੇ ਹਾਂ ਕਿ ਸਾਡੀ ਹਰ ਕਾਰਵਾਈ, ਹਰ ‘ਚੋਣ’ (Choices) ਅਤੇ ਹਰ ਪਲ ਸਾਡੇ ਭਵਿੱਖ ਨੂੰ ਆਕਾਰ ਦਿੰਦਾ ਹੈ। ਨਵੇਂ ਸਾਲ ਦਾ ਨਵਾਂ ਦਿਨ ਸਿਰਫ ਕਲੰਡਰ ਦਾ ਇੱਕ ਹੋਰ ਦਿਨ ਹੀ ਨਹੀਂ ਹੁੰਦਾ, ਬਲਕਿ ਇਹ ਇੱਕ ਮੋੜ, ਇੱਕ ਦੋਰਾਹਾ ਹੁੰਦਾ ਹੈ, ਜਿੱਥੇ ਸਾਡੇ ਫੈਸਲੇ ਆਉਣ ਵਾਲ਼ੇ ਮਹੀਨਿਆਂ ਅਤੇ ਸਾਲਾਂ ਨੂੰ ਪ੍ਰਭਾਵਿਤ ਕਰਦੇ ਹਨ। ਇਤਿਹਾਸ ਇਕੱਲਾ ਵੱਡੀਆਂ ਯੋਜਨਾਵਾਂ ਨਾਲ ਨਹੀਂ ਬਣਦਾ, ਇਹ ਸੋਚ-ਵਿਚਾਰ ਕੇ ਲਏ ਗਏ ਛੋਟੇ-ਛੋਟੇ ਫੈਸਲਿਆਂ ਦੇ ਸਮੂਹ ਨਾਲ ਬਣਦਾ ਹੈ। ਅਸੀਂ ਅੱਜ ਜੋ ਕੁਝ ਕਰਦੇ ਹਾਂ, ਅੱਜ ਜੋ ਕੁਝ ਸੋਚਦੇ ਹਾਂ, ਅੱਜ ਜੋ ਆਦਤਾਂ ਬਣਾਉਂਦੇ ਹਾਂ, ਓਹ ਅਚਿੰਤੇ ਤੌਰ ’ਤੇ ਸਾਡੇ 2026 ਦਾ ਰਾਹ ਨਿਰਧਾਰਿਤ ਕਰਨਗੇ। ਸੋ ਆਪਣੇ-ਆਪ ਨੂੰ ਪੁੱਛੀਏ ਕਿ, ਕੀ ਅਸੀਂ ਅੱਜ ਨੂੰ ਲਾ-ਪਰਵਾਹੀ ਨਾਲ ਲੰਘਣ ਦਿਆਂਗੇ ਜਾਂ ਇਹ ਜਾਣਦਿਆਂ ਹੋਇਆਂ ਕਿ ਇਹ ਦਿਨ ਸਾਡੇ ਭਵਿੱਖ ਨੂੰ ਪ੍ਰਭਾਵਿਤ ਕਰਨ ਦੀ ਤਾਕਤ ਰੱਖਦਾ ਹੈ, ਇਸ ਨੂੰ ਸਹੀ ਢੰਗ ਨਾਲ ਵਰਤਾਂਗੇ?
ਹਰ ਇਨਸਾਨ ਨੇ ਐਸੇ ਦਿਨ ਦੇਖੇ ਹਨ ਜੋ ਸੁਬ੍ਹਾ ਉੱਠਣ ਵੇਲ਼ੇ ਸਧਾਰਨ ਲੱਗਦੇ ਹਨ ਅਤੇ ਪਹਿਲਿਆਂ ਵਰਗੇ ਹੀ ਲਗਦੇ ਹਨ। ਫਿਰ ਵੀ ਇਹ ਦਿਨ ਆਪਣੇ ਅੰਦਰ ਉਹ ਤਾਕਤ ਰਖਦੇ ਹਨ ਜੋ ਸਾਡੀ ਜ਼ਿੰਦਗੀ ਨੂੰ ਬਦਲ ਸਕਦੇ ਹਨ। ਪਰ ਅਸੀਂ ਇਨ੍ਹਾਂ ਨੂੰ ਪਛਾਣਨ ’ਚ ਅਸਫਲ ਰਹਿੰਦੇ ਹਾਂ। ਅਸੀਂ ਸਮੇਂ ਨੂੰ ਇਕ ਅਸੀਮ ਸਰੋਤ ਵਾਂਗ ਦੇਖਦੇ ਹਾਂ ਅਤੇ ਸਮਝਦੇ ਹਾਂ ਕਿ ਸਾਨੂੰ ਚੀਜ਼ਾਂ ਠੀਕ ਕਰਨ ਲਈ ਹਮੇਸ਼ਾ ਇੱਕ ਹੋਰ ਦਿਨ, ਇੱਕ ਹੋਰ ਮੌਕਾ, ਇੱਕ ਹੋਰ ਪਲ ਮਿਲਦਾ ਰਹੇਗਾ। ਪਰ ਸਚਾਈ ਵਧੇਰੇ ਬੇ-ਲਿਹਾਜ਼ ਅਤੇ ਅਮੋੜ ਹੈ। ਜੋ ਅਸੀਂ ਅੱਜ ਕਰਦੇ ਹਾਂ, ਜੋ ਵਿਚਾਰ ਸਾਡੇ ਮਨ ’ਚ ਆਉਂਦੇ ਹਨ, ਜੋ ਕਾਰਵਾਈਆਂ ਅਸੀਂ ਕਰਦੇ ਹਾਂ, ਜੋ ਵਾਇਦੇ ਅਸੀਂ ਕਰਦੇ ਹਾਂ, ਆਪਣੀਆਂ ਸੰਭਾਵਨਾਵਾਂ ਨੂੰ ਜਿਸ ਤਰੀਕੇ ਨਾਲ ਵੇਖਦੇ ਹਾਂ, ਓਹ ਸਭ ਐਸੀਆਂ ਅ-ਦ੍ਰਿਸ਼ ਤੰਦਾਂ ਹਨ ਜੋ ਸਾਡੇ ਭਵਿੱਖ ਦਾ ਤਾਣਾ-ਬਾਣਾ ਬੁਣਦੀਆਂ ਹਨ। ਅੱਜ ਸਿਰਫ ਇੱਕ ਦਿਨ ਹੀ ਨਹੀਂ, ਬਲਕਿ ਇੱਕ ਬੀਜ ਹੈ ਜੋ ਸਾਡੀਆਂ ਚੋਣਾਂ (ਛਹੋਚਿੲਸ), ਸਾਡੇ ਧਿਆਨ ਅਤੇ ਸਾਡੇ ਇਰਾਦਿਆਂ ਦੀ ਉਪਜਾਊ ਮਿੱਟੀ ਵਿੱਚ ਬੀਜਿਆ ਗਿਆ ਹੈ। ਇਸ ਬੀਜ ਦਾ ਫਲ ਸਾਡੇ 2026 ਨੂੰ ਨਿਰਧਾਰਤ ਕਰੇਗਾ।
ਮਨੁੱਖੀ ਦਿਮਾਗ ਸਾਰੇ ਬ੍ਰਹਿਮੰਡ ਦੀ ਸਭ ਤੋਂ ਜਟਿਲ ਉਪਜ ਹੈ ਅਤੇ ਦੁਹਰਾਈ ਕਰਨ, ਆਦਤਾਂ ਪਾਉਣ ਅਤੇ ਵਾਰ-ਵਾਰ ਲਏ ਗਏ ਛੋਟੇ-ਛੋਟੇ ਫੈਸਲਿਆਂ ਪ੍ਰਤੀ, ਹੈਰਾਨੀਜਨਕ ਤੌਰ ‘ਤੇ ਸੰਵੇਦਨ-ਸੀਲ ਹੈ। ਇੱਕ ਦਿਨ ’ਚ ਸਿਰਫ 24 ਘੰਟੇ ਹੁੰਦੇ ਹਨ, ਫਿਰ ਵੀ ਇਨ੍ਹਾਂ ਅੰਦਰ ਹਜ਼ਾਰਾਂ ਸੂਖਮ ਫੈਸਲੇ ਹੁੰਦੇ ਹਨ ਜੋ ਸਮੁੱਚੇ ਤੌਰ ’ਤੇ ਜੀਵਨ ਦੀ ਚਾਲ ਅਤੇ ਦਿਸ਼ਾ ਨੂੰ ਬਦਲ ਸਕਦੇ ਹਨ। ਸੁਬ੍ਹਾ ਜਲਦੀ ਉੱਠਣ, ਬਿਸਤਰੇ ’ਚ ਹੀ ਪਏ ਰਹਿਣ ਜਾਂ ਆਪਣੇ ਸਰੀਰ ਨੂੰ ਪੌਸ਼ਟਿਕ ਖੁਰਾਕ ਦੇਣ ਜਾਂ ਇਸ ਨੂੰ ਨਜ਼ਰ-ਅੰਦਾਜ਼ ਕਰਨ ਦੀਆਂ ਚੋਣਾਂ ਕਰਨਾ। ਚੰਗੀਆਂ ਗੱਲਾਂ ਸਿੱਖਣ ’ਚ ਆਪਣਾ ਸਮਾਂ ਲਾਉਣਾ ਜਾਂ ਧਿਆਨ-ਭਟਕਾਊ ਵੀਡੀਓਜ਼ ਰਾਹੀਂ ਇਸ ਨੂੰ ਬਰਬਾਦ ਕਰਨ ਦੀ ਚੋਣ ਕਰਨਾ। ਇਹ ਮਾਮੂਲੀ ਵਿਕਲਪ ਨਹੀਂ, ਬਲਕਿ ਓਹ ਬੁਨਿਆਦੀ ਕੰਮ ਹਨ ਜਿਨ੍ਹਾਂ ਰਾਹੀਂ ਅਸੀਂ ਉਸ ਅਸਲੀਅਤ ਦਾ ਨਿਰਮਾਣ ਕਰਦੇ ਹਾਂ ਜਿਸ ’ਚ ਅਸੀਂ ਰਹਿੰਦੇ ਹਾਂ। ਫਿਰ ਵੀ ਆਪਣੇ ’ਚੋਂ ਬਹੁਤੇ ਇਸ ਤਰ੍ਹਾਂ ਰਹਿੰਦੇ ਹਨ ਜਿਵੇਂ ਕਿ ਇਹ ਚੋਣਾਂ ਮਾਮੂਲੀ ਗੱਲਾਂ ਹੋਣ ਅਤੇ ਸਾਡਾ ਸ਼ਾਨਦਾਰ ਭਵਿੱਖ ਇਨ੍ਹਾਂ ਰੋਜ਼ਾਨਾ ਕੰਮਾਂ ਤੋਂ ਸੁਤੰਤਰ ਤੌਰ ‘ਤੇ ਉੱਭਰ ਸਕੇਗਾ। ਜਿਵੇਂ ਕਿ ਸਾਡੀ ‘ਕਿਸਮਤ’ ਹੀ ਸਾਡਾ ਰਾਹ ਨਿਰਧਾਰਤ ਕਰੇਗੀ। ਪਰ ਜ਼ਿੰਦਗੀ ਗੂੜ੍ਹ-ਗਿਆਨ ਅਨੁਸਾਰ ਕੰਮ ਨਹੀਂ ਕਰਦੀ, ਇਹ ਇੱਕ ਯਥਾਰਥ ਹੈ, ਇੱਕ ਕਿਰਿਆ ਹੈ। ਇਹ ਅੱਜ ਅਤੇ ਹੁਣ ਵਰਗੇ ਅਨੇਕਾਂ ਪਲਾਂ ਦਾ ਸੰਗ੍ਰਹਿ ਹੈ ਜੋ ਸਹੀ ਪਰ ਅਸਥਾਈ ਹੈ। ਅਸੀਂ ਇਨ੍ਹਾਂ ਪਲਾਂ ਨੂੰ ਜਿਸ ਢੰਗ ਨਾਲ ਸੇਧ ਦਿੰਦੇ ਹਾਂ, ਓਹ ਹੀ ਨਿਰਧਾਰਤ ਕਰੇਗਾ ਕਿ ਅਸੀਂ ਅੱਗੇ ਵਧਦੇ ਹਾਂ ਜਾਂ ਨਹੀਂ। ਮੁਹਾਰਤ, ਸੰਪੂਰਨਤਾ ਅਤੇ ਆਜ਼ਾਦੀ ਦੇ ਨੇੜੇ ਜਾਂਦੇ ਹਾਂ ਜਾਂ ਉਦੇਸ਼-ਹੀਣ ਹੋ ਕੇ ਵਹਿ ਜਾਂਦੇ ਹਾਂ ਅਤੇ ਉਡੀਕ ਕਰਦੇ ਹਾਂ ਕਿ ਹਾਲਾਤ ਸਾਨੂੰ ਆਪ ਹੀ ਬਚਾ ਲੈਣਗੇ।
‘ਅੱਜ’ ਦੇ ਨਿਰਣਿਆਂ ਅਤੇ ਅਮਲਾਂ ’ਚ ਓਹ ਸਮਰੱਥਾ ਛਿਪੀ ਹੈ ਜੋ ਆਉਣ ਵਾਲ਼ੇ ਮਹੀਨਿਆਂ ਅਤੇ ਸਾਲਾਂ ਵਿਚ ਨਵੀਆਂ ਲਹਿਰਾਂ ਪੈਦਾ ਕਰ ਸਕਦੀ ਹੈ। ਜੇ ਆਪਾਂ ਇਸ ਨੂੰ ਨਜ਼ਰ-ਅੰਦਾਜ਼ ਕਰਾਂਗੇ, ਤਾਂ ਇਸ ਸਮਰੱਥਾ ਨੂੰ ਅਜਾਈਂ ਬਰਬਾਦ ਕਰ ਦਿਆਂਗੇ। ਜੇ ਅਸੀਂ ਇਸ ਦੀ ਕਦਰ ਕਰਾਂਗੇ ਤਾਂ ਇਸ ਦਾ ਪ੍ਰਭਾਵ-ਸ਼ਾਲੀ ਉਪਯੋਗ ਕਰ ਸਕਾਂਗੇ। ਅਸੀਂ ਭਵਿੱਖ ਬਾਰੇ ਅਕਸਰ ਇਸ ਤਰ੍ਹਾਂ ਗੱਲ ਕਰਦੇ ਹਾਂ ਜਿਵੇਂ ਕਿ ਇਹ ਬਹੁਤ ਦੂਰ ਹੈ ਅਤੇ ਇੱਕ ਐਸਾ ਦਿਸ-ਹੱਦਾ ਹੈ, ਜਿੱਥੇ ਅਸੀਂ ਅਖੀਰ ’ਚ ਹੀ ਪਹੁੰਚਾਂਗੇ। ਪਰ ਇਹ ਇਕ ਭਰਮ ਹੈ, ਭਵਿੱਖ ਪੂਰੀ ਤਰ੍ਹਾਂ ਵਰਤਮਾਨ ਦੇ ਪਲਾਂ ‘ਤੋਂ ਬਣਿਆ ਹੈ ਅਤੇ ਇਸ ਦਾ ਹਰ ਇੱਕ ਪਲ ਭਵਿੱਖ ਨੂੰ ਵਰਤਮਾਨ ਬਣਾਉਂਦਾ ਜਾ ਰਿਹਾ ਹੈ। ਕੋਈ ਬਾਹਰੀ ਪ੍ਰਸਥਿਤੀ, ਕੋਈ ਅਧਿਕਾਰ, ਕੋਈ ਤਕਨੀਕ ਸਾਡਾ ਰਸਤਾ ਓਨੀ ਦੇਰ ਨਿਰਧਾਰਿਤ ਨਹੀਂ ਕਰ ਸਕਦੀ, ਜਦ ਤੱਕ ਅਸੀਂ ਇਸ ਨਾਲ ਸਹਿਮਤ ਨਾਂ ਹੋਈਏ। ਅਸੀਂ ਜੋ ਸਹਿਮਤੀਆਂ ਦਿੰਦੇ ਹਾਂ, ਜੋ ਪ੍ਰਾਥਮਿਕਤਾਵਾਂ ਨਿਯਤ ਕਰਦੇ, ਜੋ ਵਿਚਾਰ ਸਿਰਜਦੇ ਹਾਂ ਅਤੇ ਜੋ ਕੋਸ਼ਿਸ਼ਾਂ ਕਰਦੇ ਹਾਂ, ਉਹ ਸਭ ਸਾਡਾ ਭਵਿੱਖ ਬਣੇਗਾ। ਪਰ ਅਸੀਂ ਮਨੁੱਖ ਗੁੰਝਲ਼ਦਾਰ ਅਤੇ ਡਰਪੋਕ ਮਾਨਸਿਕਤਾ ਵਾਲ਼ੇ ਪ੍ਰਾਣੀ ਹਾਂ ਅਤੇ ਸੰਭਾਵਨਾਵਾਂ ਦੀ ਉੱਚਤਾ ਅਤੇ ਵਿਸ਼ਾਲਤਾ ਤੋਂ ਡਰਦੇ ਹਾਂ, ਜਿਸ ਕਰ ਕੇ ਸੁਚਾਰੂ ਅਤੇ ਦਲੇਰ ਫੈਸਲੇ ਕਰਨ ’ਤੋਂ ਟਾਲ਼-ਮਟੋਲ਼ ਕਰਦੇ ਹਾਂ। ਅਸੀਂ ਸੰਪੂਰਨਤਾ ਦੀ ਉਡੀਕ ਕਰਦੇ ਹਾਂ, ਸਪਸ਼ਟਤਾ ਦੀ ਉਡੀਕ ਕਰਦੇ ਹਾਂ, ਹੋਰਾਂ ਦੀ ‘ਹਾਂ’ ਦੀ ਉਡੀਕ ਕਰਦੇ ਹਾਂ, ਪਰ ਕੁਦਰਤ ਸਾਡੀ ਉਡੀਕ ਨਹੀਂ ਕਰਦੀ। ਜ਼ਿੰਦਗੀ ਨਿਰਪੱਖਤਾ ਨਾਲ ਸਾਹਮਣੇ ਆਉਂਦੀ ਹੈ। ਜੋ ਲੋਕ ਇਹ ਮੰਨਦੇ ਹਨ ਕਿ ਅੱਜ ਦਾ ਦਿਨ ਸੰਭਾਵਨਾ ਦਾ ਅਧਾਰ ਹੈ, ਜੋ ਇਹ ਸਮਝਦੇ ਹਨ ਕਿ ਇੱਕ ਦਿਨ ਪੂਰੇ ਸਾਲ ਦੇ ਰੁਖ ਨੂੰ ਬਦਲ ਸਕਦਾ ਹੈ, ਉਹ ਹੀ ਪ੍ਰਤਿਭਾਵਾਂ ਨੂੰ ਹਕੀਕਤਾਂ ਵਿਚ ਬਦਲ ਸਕਦੇ ਹਨ।
ਆਪਣੀਆਂ ਆਦਤਾਂ ਦੇ ਲੱਛਣਾਂ ‘ਤੇ ਵੀ ਵਿਚਾਰ ਕਰੀਏ, ਕਿਉਂਕਿ ਆਦਤਾਂ ਮਨੁੱਖੀ ਵਿਹਾਰ ਦੇ ਵਿਕਾਸ-ਦਰ-ਵਿਕਾਸ (Compound) ਦਾ ਸਿੱਟਾ ਹਨ ਅਤੇ ਪਰਪੱਕ ਹੁੰਦੀਆਂ ਰਹਿੰਦੀਆਂ ਹਨ। ਸਾਡੇ ਦੁਆਰਾ ਅੱਜ ਕੀਤੀ ਗਈ ਕੋਈ ਵੀ ਚੋਣ ਆਹਲ਼ੀ ਨਹੀਂ ਜਾਂਦੀ। ਕਿਤਾਬ ਦਾ ਇੱਕ ਪੰਨਾ ਪੜ੍ਹਨਾ, ਇੱਕ ਕਿਲੋ ਮੀਟਰ ਦੌੜਨਾ, ਕਿਸੇ ਵਿਅਕਤੀ ਦੀ ਮਦਦ ਕਰਨੀ– ਇਹ ਇਕੱਲੇ-ਇਕੱਲੇ ਆਪਣੇ-ਆਪ ’ਚ ਨਿਗੂਣੇ ਦਿਖਾਈ ਦੇ ਸਕਦੇ ਹਨ, ਪਰ ਲਗਾਤਾਰਤਾ ’ਚ ਇਹ ਇਕੱਠੇ ਹੋ ਕੇ ਇੱਕ ਐਸੀ ਗਤੀ-ਸ਼ੀਲ ਲਹਿਰ ’ਚ ਬਦਲ ਜਾਂਦੇ ਹਨ ਜਿਸ ਨੂੰ ਰੋਕਿਆ ਨਹੀਂ ਜਾ ਸਕਦਾ। ਗਤੀ-ਸ਼ੀਲ ਲਹਿਰ ਮਨੁੱਖੀ ਜੀਵਨ ਦੀਆਂ ਮਹਾਨ ਸ਼ਕਤੀਆਂ ਵਿਚੋਂ ਇੱਕ ਹੈ ਅਤੇ ਇੱਕ ਵਾਰ ਬਣ ਜਾਣ ਤੋਂ ਬਾਅਦ, ਇਹ ਅਸਾਨੀ ਨਾਲ ਅੱਗੇ ਵਧਦੀ ਹੈ। ਪਰ ਇਹ ਸਹੀ ਵੇਲ਼ੇ ਲਏ ਚੇਤੰਨ ਫੈਸਲੇ ਅਤੇ ਉਸ ਵੇਲ਼ੇ ਦੀ ਮਾਨਤਾ ਵਿਚੋਂ ਸ਼ੁਰੂ ਹੁੰਦੀ ਹੈ। ਗਤੀਸ਼ੀਲਤਾ ਜਾਦੂ ਨਹੀਂ, ਇਹ ਓਹ ਚੋਣ ਹੈ ਜੋ ਨਿਰੰਤਰ ਚਾਲੂ ਰੱਖਣੀ ਪੈਂਦੀ ਹੈ ਅਤੇ ਚੇਤਨਤਾ ਨਾਲ ਵਿਕਸਿਤ ਕਰਨੀ ਪੈਂਦੀ ਹੈ।
ਸਾਨੂੰ ਉਨ੍ਹਾਂ ਵਹਿਮਾਂ-ਭਰਮਾਂ ਦਾ ਵੀ ਸਾਹਮਣਾ ਕਰਨਾ ਚਾਹੀਦਾ ਹੈ ਜੋ ਸਾਨੂੰ ਕੰਮ ਕਰਨ ਤੋਂ ਰੋਕਦੇ ਹਨ। ਅਸੀਂ ਆਪਣੇ-ਆਪ ਨੂੰ ਫੋਕੀਆਂ ਤਸੱਲੀਆਂ ਦਿੰਦੇ ਰਹਿੰਦੇ ਹਾਂ, ‘ਕੱਲ੍ਹ ਨੂੰ ਕੰਮ ਹੋਰ ਸੌਖਾ ਹੋ ਜਾਵੇਗਾ, ਹਾਲਾਤ ਪੂਰੇ ਸਹੀ ਹੋਣੇ ਚਾਹੀਦੇ ਹਨ, ਕਿਸੇ ਹੋਰ ਨੂੰ ਪਹਿਲ ਕਰਨੀ ਚਾਹੀਂਦੀ ਹੈ।’ ਇਹ ਮਨੁੱਖੀ ਪ੍ਰਵਿਰਤੀ ਦੀਆਂ ਕਮਜ਼ੋਰ ਚਤੁਰਾਈਆਂ ਹਨ। ਇਹ ਵਰਤਮਾਨ ਦੇ, ਆਪਣੇ ਐਸ਼-ਆਰਾਮ ਨੂੰ ਸੁਰੱਖਿਅਤ ਰੱਖਣ ਦੇ ਮਨ-ਘੜਤ ਅਤੇ ਝੂਠੇ ਦਿਲਾਸੇ ਹਨ, ਜੋ ਸਾਡੇ ਭਵਿੱਖ ਨੂੰ ਖ਼ਰਾਬ ਕਰਦੇ ਹਨ। ਸਚਾਈ ਔਖੀ ਪਰ ਤਰੱਕੀ ਦੇਣ ਵਾਲ਼ੀ ਹੈ। ਹਾਲਾਤ ਕਦੇ ਵੀ ਸੰਪੂਰਨ ਤੌਰ ’ਤੇ ਪੱਖ ਵਿਚ ਨਹੀਂ ਹੋਣਗੇ। ਅਸੀਂ ਪਹਿਲ ਕਰਨ ਵਾਲ਼ੇ ਵਿਅਕਤੀ ਬਣੀਏ, ਕਿਉਂਕਿ ਕੱਲ੍ਹ ਸਾਡੇ ਉਨ੍ਹਾਂ ਕੰਮਾਂ ਦਾ ਜੋੜ-ਫਲ਼ ਹੀ ਹੋਵੇਗਾ ਜੋ ਅਸੀਂ ਅੱਜ ਕਰਦੇ ਹਾਂ। ਇਸ ਸੱਚ ਨੂੰ ਪਛਾਣਨਾ ਹੀ ਸਪਸ਼ਟਤਾ ਹੈ ਜੋ ਪ੍ਰਤਿਭਾ ਨੂੰ ਲੱਗੇ ਖੋਰਿਆਂ ਵਿਰੁੱਧ ਇੱਕ ਪ੍ਰਭਾਵਕਾਰੀ ਹਥਿਆਰ ਹੈ। ਸਪਸ਼ਟਤਾ ਨਾਲ ਜ਼ਿੰਮੇਵਾਰੀ ਆਉਂਦੀ ਹੈ ਅਤੇ ਜ਼ਿੰਮੇਵਾਰੀ ਨਾਲ ਆਪਣੀ ਦਿਸ਼ਾ ਨੂੰ ਸਹੀ ਪਾਸੇ ਮੋੜਣ ਦੀ ਸੁਮੱਤ ਅਤੇ ਸ਼ਕਤੀ ਆਉਂਦੀ ਹੈ।
ਆਪਣੇ ਮੰਤਵ ਅਤੇ ਕਾਰਵਾਈਆਂ ਦੇ ਆਪਸੀ ਪ੍ਰਭਾਵਾਂ ਬਾਰੇ ਸੋਚਣਾ ਵੀ ਬਹੁਤ ਜ਼ਰੂਰੀ ਹੈ। ਸਾਰਥਕ ਕਾਰਵਾਈਆਂ ਤੋਂ ਬਿਨਾ ਮੰਤਵ ਦੀ ਪ੍ਰਾਪਤੀ ਦੀ ਉਮੀਦ ਵਿਅਰਥ ਸੁਪਨੇ ਦੇਖਣਾ ਹੈ ਅਤੇ ਮੰਤਵ ਤੋਂ ਬਗ਼ੈਰ ਕਾਰਵਾਈਆਂ ਉਦੇਸ਼-ਹੀਣ ਹਨ। ਇਸ ਲਈ ‘ਅੱਜ’ ਇਨ੍ਹਾਂ ਦੋਵਾਂ ਦਾ ਸੁਮੇਲ ਹੈ। 2026 ਦੀਆਂ ਸਾਡੀਆਂ ਉਮੀਦਾਂ, ਸਾਡੀਆਂ ਆਸ਼ਾਵਾਂ ਅਤੇ ਸਾਡੇ ਸੁਫਨੇ, ਅੱਜ ਦੀਆਂ ਸਥਿਤੀਆਂ ‘ਤੇ ਖਰੇ ਉਤਰਨੇ ਚਾਹੀਂਦੇ ਹਨ। ਆਪਣੇ ਟੀਚਿਆਂ ਨੂੰ ਲਿਖਤੀ ਰੂਪ ਦੇਣਾ, ਸਾਵਧਾਨੀ ਨਾਲ ਯੋਜਨਾਵਾਂ ਬਣਾਉਣੀਆਂ, ਡੂੰਘਾਈ ਨਾਲ ਸੋਚਣਾ, ਚੁਣੌਤੀਆਂ ਦਾ ਸਾਹਮਣਾ ਕਰਨ ਦੀ ਮਾਨਸਿਕਤਾ ਪੈਦਾ ਕਰਨੀ, ਬਹੁਤ ਲਾਭਕਾਰੀ ਹਨ। ਇਹ ਓਹ ਢਾਂਚੇ (ਨੀਂਹਾਂ) ਹਨ ਜੋ ਸਾਡੇ ਭਵਿੱਖ ਦਾ ਮਹਿਲ ਉਸਾਰਨ ਲਈ ਜ਼ਰੂਰੀ ਹਨ। ਨਾਲੋ-ਨਾਲ ਇਹ ਸਮਝਣਾ ਵੀ ਜ਼ਰੂਰੀ ਹੈ ਕਿ ਇਕੱਲੇ ਢਾਂਚੇ ਬਣਾ ਲੈਣੇ ਜਾਂ ਨੀਹਾਂ ਭਰ ਲੈਣੀਆਂ ਹੀ ਕਾਫ਼ੀ ਨਹੀਂ। ਇਨ੍ਹਾਂ ਨੂੰ, ਵਿਚਾਰ-ਸ਼ੀਲ ਢੰਗਾਂ ਅਤੇ ਅਨੁਸ਼ਾਸਿਤ ਕਾਰਵਾਈਆਂ ਨਾਲ ਮਹਿਲ ਦੇ ਸਮੁੱਚੇ ਆਕਾਰ ਨਾਲ ਜੋੜਿਆ ਜਾਣਾ ਚਾਹੀਦਾ ਹੈ। ਇੱਕ ਹੋਰ ਪਹਿਲੂ ਹੈ ਜਿਸ ਨੂੰ ਨਜ਼ਰ-ਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ, ਓਹ ਹੈ ਸਾਡੀ ਚੋਣ ਦਾ ਅਧਿਆਤਮਿਕ ਪੱਖ। ਸਾਡਾ ਇਹ ਫਰਜ਼ ਵੀ ਹੈ ਅਤੇ ਸਾਡੇ ਲਈ ਇਹ ਇੱਕ ਵਰਦਾਨ ਵੀ, ਕਿ ਅਸੀਂ ਭਵਿੱਖ ਦੀ ਕਲਪਨਾ ਕਰ ਸਕਦੇ ਹਾਂ, ਇਸ ਲਈ ਸੋਚ-ਵਿਚਾਰ ਕਰ ਸਕਦੇ ਹਾਂ ਅਤੇ ਹੋਰਾਂ ਤੋਂ ਸਿੱਖ ਸਕਦੇ ਹਾਂ।
ਅਨਿਸ਼ਚਿਤਤਾ ਦੇ ਬਾਵਜੂਦ ਕਾਰਵਾਈ ਕਰਨਾ, ਡਰ ਦੇ ਬਾਵਜੂਦ ਬਚਨ-ਬੱਧ ਹੋਣਾ, ਸੁਚੱਜਤਾ ਨੂੰ ਪਹਿਲ ਦੇਣੀ, ਫ਼ੌਰੀ ਸੁਖਾਂ ਨੂੰ ਤਿਆਗਣਾ ਸਾਡੇ ਜੀਵਨ ਨੂੰ ਸੁਧਾਰਨ ਵਾਲ਼ੇ ਮੁੱਖ ਕੰਮ ਹਨ। ‘ਅੱਜ’ ਇਨ੍ਹਾਂ ਦਾ ਅਭਿਆਸ ਕਰਨ ਲਈ ਪ੍ਰਯੋਗਸ਼ਾਲਾ ਹੈ। ਕੁਝ ਪ੍ਰਯੋਗ ਅਸਫਲ ਹੋਣਗੇ ਪਰ ਅਸਫਲਤਾ ਆਪਣੇ-ਆਪ ’ਚ ਇੱਕ ਅਧਿਆਪਕ ਹੈ, ਇੱਕ ਗੁਰੂ ਹੈ। ਇਹ ਇੱਕ ਸੁਧਾਰ ਹੈ ਜੋ ਅੱਗੇ ਹੋਰ ਸੁਧਾਰਾਂ ਵਲ ਅਤੇ ਅਖੀਰ ਨੂੰ ਸਫਲਤਾ ਵਲ ਲੈ ਕੇ ਜਾਂਦਾ ਹੈ। ਪਰ ਜੇ ਕਾਰਵਾਈ ਹੀ ਨਾ ਕੀਤੀ ਜਾਵੇ ਤਾਂ ਅਸਫਲਤਾ ਤੋਂ ਸਿੱਖਿਆ ਨਹੀਂ ਲਈ ਜਾ ਸਕੇਗੀ ਅਤੇ ਇਹ ਹੀ ਪੱਲੇ ਰਹਿ ਜਾਵੇਗੀ। ਕਾਰਵਾਈ ਦੀ ਅਣਹੋਂਦ ਪ੍ਰਤਿਭਾ ਦਾ ਮੁੱਖ ਚੋਰ ਹੈ। ਧਿਆਨ ਨਾਲ, ਖੁਭ ਕੇ ਅਤੇ ਚੇਤੰਨ ਹੋ ਕੇ ਕੰਮ ਕਰਨ ਨਾਲ ਸਮੇਂ ਦੇ ਕੀਮਤੀ ਹੋਣ ਦੀ ਸਚਾਈ ਸਮਝ ਆ ਜਾਂਦੀ ਹੈ। ਅੱਜ ਅਤੇ ਹੁਣ ਦੇ ਸਹੀ ਮੁੱਲ ਨੂੰ ਸਮਝਣ ਦਾ ਮਤਲਬ ਹੈ: ਬੁਰੀਆਂ ਆਦਤਾਂ, ਧਿਆਨ-ਭਟਕਾਊ ਅਤੇ ਨਿਹਫਲ਼ਤਾ ਵਾਲ਼ੀਆਂ ਲਹਿਰਾਂ ਤੋਂ ਬਚਦੇ ਹੋਏ, ਸਮੇਂ ਨੂੰ ਅਰਥ-ਪੂਰਨ ਕੰਮਾਂ ’ਚ ਲਾਉਣਾ।
ਇਸ ਦਿਨ (ਨਵੇਂ ਸਾਲ ਦੇ ਪਹਿਲੇ ਦਿਨ) ਦੇ ਤੌਖਲੇ ਨਿਰਾਧਾਰ ਨਹੀਂ ਹਨ। ਇਹ ਤਤਕਾਲੀ, ਅਸਲ ਅਤੇ ਯਥਾਰਥਕ ਹਨ। ਉਹ ਆਦਤਾਂ ਜੋ ਅਸੀਂ ਸੁਧਾਰਦੇ ਹਾਂ, ਗਿਆਨ ਜੋ ਅਸੀਂ ਪ੍ਰਾਪਤ ਕਰਦੇ ਹਾਂ, ਹੁਨਰ ਜੋ ਅਸੀਂ ਸਿਖਦੇ ਹਾਂ, ਰਿਸ਼ਤੇ ਜੋ ਅਸੀਂ ਨਿਭਾਉਂਦੇ ਹਾਂ, ਇਹ ਸਾਰੇ ਮਿਲ ਕੇ, 2026 ’ਚ ਜਾਂ ਤਾਂ ਸਾਡੀ ਸੇਵਾ ਕਰਨਗੇ ਜਾਂ ਸਾਨੂੰ ਸੀਮਤ ਕਰਨਗੇ। ਇਨ੍ਹਾਂ ਸਭ ਗੱਲਾਂ ਦਾ ਸੁਮੇਲ ਸ਼ਾਂਤੀ-ਭਰਪੂਰ, ਸਹਿਜ ਪਰ ਅਕਸਰ ਅਦਿੱਖ ਹੁੰਦਾ ਹੈ। ਅਸੀਂ ਨਤੀਜੇ ਤੁਰੰਤ ਨਹੀਂ ਦੇਖ ਸਕਦੇ। ਜਿਹੜੇ ਬੀਜ ਅਸੀਂ ਅੱਜ ਬੀਜਦੇ ਹਾਂ, ਇਹ ਸ਼ਾਇਦ ਸਾਲਾਂ ਤੱਕ ਫਲ਼ ਨਹੀਂ ਦੇਣਗੇ, ਪਰ ਦੇਣਗੇ ਜ਼ਰੂਰ। ਸਵਾਲ ਇਹ ਨਹੀਂ ਹੈ ਕਿ ਕਾਰਵਾਈ ਸਫਲ ਹੁੰਦੀ ਹੈ ਕਿ ਨਹੀਂ, ਪਰ ਕੀ ਸਾਡੇ ਕੋਲ ਹਿੰਮਤ, ਅਨੁਸ਼ਾਸਨ ਅਤੇ ਦੂਰ-ਦ੍ਰਿਸ਼ਟੀ ਹੈ, ਜੋ ਸਾਡੇ ਇੱਛਤ ਜੀਵਨ ਨਾਲ ਮੇਲ ਖਾਂਦੀ ਹੋਵੇ। ਆਪਣੇ ਸਮਾਜਿਕ ਪਹਿਲੂਆਂ ‘ਤੇ ਵੀ ਵਿਚਾਰ ਕਰੀਏ। ਮਨੁੱਖੀ ਜੀਵਨ ਇਕੱਲਤਾ ਵਿਚ ਮੌਜੂਦ ਨਹੀਂ ਰਹਿ ਸਕਦਾ। ਇਹ ਸਾਡੀਆਂ ਚੋਣਾਂ, ਸਾਡੇ ਪਰਿਵਾਰਾਂ, ਸਾਡੇ ਭਾਈਚਾਰਿਆਂ, ਸਾਡੇ ਸਮਾਜਿਕ ਨੈੱਟ-ਵਰਕਾਂ ਦੁਆਰਾ ਪਰਫੁੱਲਤ ਹੁੰਦਾ ਹੈ। ਜਿਹੜੀ ਵਫ਼ਾਈ ਅਸੀਂ ਆਪਸੀ ਕਾਰਵਾਈਆਂ ’ਚ ਲਿਆਉਂਦੇ ਹਾਂ, ਉਹ ਮਾਨਸਿਕਤਾ ਜੋ ਅਸੀਂ ਸਹਿਯੋਗ ’ਚ ਵਰਤਦੇ ਹਾਂ, ਉਹ ਇਮਾਨਦਾਰੀ ਜੋ ਅਸੀਂ ਆਪਣੇ ਵਾਇਦਿਆਂ ’ਚ ਕਾਇਮ ਰੱਖਦੇ ਹਾਂ, ਇਹ ਸਭ ਰਲ਼ ਕੇ ਸਾਡੀਆਂ ਸੋਚਾਂ ਤੋਂ ਕਿਤੇ ਵੱਧ ਫਲ਼ਦੀਆਂ ਹਨ। ਸੁਚੇਤ ਤੌਰ ‘ਤੇ ਹਰ ਸੰਬੰਧ ਅਤੇ ਹਰ ਕੰਮ ’ਚ ਆਪਣਾ ਵਧੀਆ ਤੋਂ ਵਧੀਆ ਯੋਗ-ਦਾਨ ਪਾ ਕੇ, ਅਸੀਂ ਆਗਾਮੀ ਨਤੀਜਿਆਂ ਨੂੰ ਪ੍ਰਭਾਵਿਤ ਕਰਦੇ ਹਾਂ। ਇਹ ਨਾ-ਸਿਰਫ ਸਾਡੇ ਨਵੇਂ ਸਾਲ ਨੂੰ ਪ੍ਰਭਾਵਿਤ ਕਰਨਗੇ, ਬਲਕਿ ਉਸ ਵਾਤਾਵਰਣ ਨੂੰ ਵੀ ਪ੍ਰਭਾਵਿਤ ਕਰਨਗੇ, ਜਿਸ ਵਿਚ ਇਹ ਸਾਲ ਸਾਹਮਣੇ ਆਉਣਾ ਹੈ।
ਫਿਰ ਵੀ ਇਸ ਸਮਰੱਥਾ ਦੀ ਵਰਤੋਂ ਅਕਸਰ ਘੱਟ ਕੀਤੀ ਜਾਂਦੀ ਹੈ। ਅਸੀਂ ਆਪਣੀ ਸਮਰੱਥਾ ਦੇ ਲੰਬੇ ਦਾਈਏ ਲਈ ਘਾਲਣਾ ਘ੍ਹਾਲਣ ਦੀ ਬਜਾਇ ਫ਼ੌਰੀ ਹਾਲਾਤਾਂ, ਛਿਨ-ਭੰਗਰ ਭਾਵਨਾਵਾਂ ਅਤੇ ਵਰਤਮਾਨ ਦੇ ਰੌਲ਼ੇ-ਰੱਪਿਆਂ ਬਾਰੇ ਪ੍ਰਤੀ-ਕ੍ਰਿਆਵਾਂ ਕਰਦੇ ਰਹਿੰਦੇ ਹਾਂ। ਅੱਜ ਅਸੀਂ ਜੋ ਵੀ ਨਿਰਨੇ ਲੈਂਦੇ ਅਤੇ ਅਮਲ ਕਰਦੇ ਹਾਂ, ਉਹ ਸਾਡੇ ਭਵਿੱਖ ਦੇ ਉਸਰਈਏ ਹਨ। ਜਿਵੇਂ ਕਿ ਇੱਕ ਨਦੀ ਹਜ਼ਾਰਾਂ ਸਾਲਾਂ ਤੋਂ ਪਹਾੜਾਂ ਵਿਚ ਵਾਦੀਆਂ ਦਾ ਨਿਰਮਾਣ ਕਰਦੀ ਹੈ। ਇਰਾਦੇ ਅਤੇ ਅਨੁਸ਼ਾਸਨ ਦੀ ਨਿਰੰਤਰ ਵਰਤੋਂ ਜੀਵਨ ਦੀ ਰੂਪ-ਰੇਖਾ ਨੂੰ ਆਕਾਰ ਦਿੰਦੀ ਹੈ। ਦਿਨ ਵਿਚ 20 ਮਿੰਟ ਪੜ੍ਹਨਾ, ਫੈਸਲਿਆਂ ‘ਤੇ ਸੋਚ-ਵਿਚਾਰ ਕਰਨਾ, ਕੋਈ ਹੁਨਰ ਵਿਕਸਿਤ ਕਰਨਾ, ਇਸ ਪ੍ਰਕਿਰਿਆ ’ਚ ਸਹਾਈ ਹੁੰਦੇ ਹਨ। ਇਹ ਇਕੱਲੇ-ਇਕੱਲੇ ਛੋਟੇ ਕੰਮ ਹਨ, ਫਿਰ ਵੀ ਮਹੀਨਿਆਂ ਦੇ ਸਮੇਂ ਵਿਚ ਇਹ ਗਤੀਸ਼ੀਲਤਾ ਪੈਦਾ ਕਰਦੇ ਹਨ, ਜੋ ਇੱਕ ਵਿਅਕਤੀ ਦੀਆਂ ਯੋਗਤਾਵਾਂ, ਮੌਕੇ ਅਤੇ ਨਤੀਜੇ ਬਦਲ ਦਿੰਦੇ ਹਨ। ਇਹ ਕੰਮ ਇਕੱਲੇ ਨਹੀਂ ਰਹਿੰਦੇ, ਇਹ ਸਾਡੇ ਜੀਵਨ ਦੇ ਧਾਗੇ ਹਨ।
ਇਤਿਹਾਸ ਵਿਚ ਬਹੁਤ ਸਾਰੀਆਂ ਉਦਾਹਰਣਾਂ ਮਿਲਦੀਆਂ ਹਨ, ਜਿੱਥੇ ਵਿਅਕਤੀ ਇਸ ਸਿਧਾਂਤ ਨੂੰ ਸੂਝ ਨਾਲ ਸਮਝਦੇ ਸਨ। ਕਲਾਕਾਰ, ਜੋ ਰੋਜ਼ਾਨਾ ਅਭਿਆਸ ਨੂੰ ਸਮਰਪਿਤ ਹੁੰਦੇ ਸਨ। ਸੋਚਣ ਵਾਲੇ, ਜੋ ਲਗਾਤਾਰ ਲਿਖਦੇ ਜਾਂ ਪੜ੍ਹਦੇ ਰਹਿੰਦੇ ਸਨ। ਨੇਤਾ, ਜੋ ਸੁਨਹਿਰੇ ਵਿਕਾਸ ਨੂੰ ਸਮਰਪਿਤ ਸਨ। ਉਹ ਕਿਸੇ ਨਾ ਕਿਸੇ ਪੱਧਰ ‘ਤੇ ਸਮਝ ਗਏ ਕਿ ਵਰਤਮਾਨ ਦੇ ਪਲ ਵਿਚ ਭਵਿੱਖ ਦੇ ਸਾਰੇ ਨਤੀਜਿਆਂ ਦੇ ਬੀਜ ਮੌਜੂਦ ਹੁੰਦੇ ਹਨ। ਉਹ ਸਮਝਦੇ ਸਨ ਕਿ ਮਹਾਨਤਾ ਅਚਾਨਕ ਬਿਜਲੀ ਦੀ ਚਮਕ ਨਹੀਂ, ਉਹ ਵਾਰ-ਵਾਰ ਅਤੇ ਜਾਣ-ਬੁੱਝ ਕੇ ਕੀਤੇ ਗਏ ਚੰਗੇ ਕੰਮਾਂ ਦਾ ਸੁਮੇਲ ਹੈ। ਇਹੀ ਸਿਧਾਂਤ ਸਾਡੇ 2026 ‘ਤੇ ਵੀ ਲਾਗੂ ਹੁੰਦਾ ਹੈ। ਇਹ ਸਿਰਫ ਵੱਡੇ ਕੰਮਾਂ ਦੁਆਰਾ ਨਹੀਂ ਬਣਦਾ, ਪਰ ਹਰ ਦਿਨ ਨਾਲ ਜਾਣ-ਬੁੱਝ ਕੇ, ਸੋਚ-ਵਿਚਾਰ ਕਰਕੇ, ਲਗਾਤਾਰ ਸੰਘਰਸ਼ ਕਰਨ ਨਾਲ ਬਣਦਾ ਹੈ। ਸਾਨੂੰ ਉਹ ਭੁਲੇਖੇ ਵੀ ਦੂਰ ਕਰਨੇ ਪੈਂਦੇ ਹਨ ਜੋ ਸਾਨੂੰ ਕੰਮ ਕਰਨ ਤੋਂ ਰੋਕਦੇ ਹਨ। ਇਹ ਮਿੱਠੇ ਭੁਲੇਖੇ ਸਾਨੂੰ ਮਿਹਨਤ ਅਤੇ ਜ਼ਿੰਮੇਵਾਰੀ ਤੋਂ ਬਚਾਉਣ ਲਈ ਬਣਾਏ ਗਏ ਹਨ। ਹਕੀਕਤ ਸਾਫ਼ ਅਤੇ ਗਤੀ-ਸ਼ੀਲ ਹੈ। ਸਪਸ਼ਟ ਮਕਸਦ ਅਤੇ ਅਨੁਸ਼ਾਸਨ ਨਾਲ ਕੀਤੀ ਗਈ ਕਾਰਵਾਈ ਉਸਾਰੂ ਬਦਲਾਅ ਦਾ ਪ੍ਰਤੀਕ ਹੈ, ਪਰ ਹਰ ਪਲ ਜੋ ਵਧੀਆ ਅਤੇ ਢੁਕਵੀਆਂ ਸਥਿਤੀਆਂ ਦੀ ਉਡੀਕ ਕਰਨ ਵਿਚ ਖਰਚ ਹੁੰਦਾ ਹੈ, ਉਹ ਵਿਅਰਥ ਚਲਾ ਜਾਂਦਾ ਹੈ ਅਤੇ ਭਵਿੱਖ ਦੀਆਂ ਸੰਭਾਵਨਾਵਾਂ ਨੂੰ ਘਟਾਉਂਦਾ ਹੈ। ਲੋੜ ਹੈ ਪਲ-ਪਲ ਨੂੰ ਸੰਭਾਲਣ ਦੀ ਅਤੇ ਉਸਦੀ ਸਦ-ਵਰਤੋਂ ਕਰਨ ਦੀ, ਸੁਪਨੇ ਆਪਣੇ ਆਪ ਸੱਚ ਹੁੰਦੇ ਜਾਣਗੇ।
—0—
