2025 ਦੇ ਅੰਤਲੇ ਦਿਨਾਂ ਦੀਆਂ ਖੱਟੀਆਂ-ਮਿੱਠੀਆਂ ਯਾਦਾਂ

ਗੁਲਜ਼ਾਰ ਸਿੰਘ ਸੰਧੂ
ਅੱਜ ਦੀ ਗੱਲ ਸਾਈਬਰ ਕਰਾਈਮ ਦੇ ਠੱਗਾਂ ਤੋਂ ਸ਼ੁਰੂ ਕਰਦੇ ਹਾਂ| ਹੁਣ ਤਾਂ ਉਨ੍ਹਾਂ ਵਿੱਚ ਔਰਤਾਂ ਵੀ ਆ ਰਲੀਆਂ ਹਨ| ਕੋਈ ਤਿੰਨ ਕੁ ਸਾਲ ਪਹਿਲਾਂ ਇਨ੍ਹਾਂ ਨੇ ਮੇਰੇ ਕੋਲੋਂ ਚਾਰ ਲੱਖ ਤੀਹ ਹਜ਼ਾਰ ਠੱਗ ਲਏ ਸਨ ਤੇ ਮੇਰੇ ਜਾਣੂ ਸ਼ਾਮ ਸਿੰਘ ਅੰਗ ਸੰਗ ਕੋਲੋਂ ਡੇਢ ਲੱਖ ਠੱਗਣ ਵਾਲੇ ਵਕੀਲ ਵੀ ਬਣ ਗਏ ਸਨ, ਠੱਗ ਵੀ ਤੇ ਫਕੀਰ ਵੀ| ਉਹ ਹਸਦੇ-ਹਸਦੇ ਰੋ ਪੈਂਦੇ ਸਨ ਤੇ ਰੋਂਦੇ-ਰੋਂਦੇ ਮੰਗਤੇ ਬਣਦਿਆਂ ਫੋਰਾ ਨਹੀਂ ਸਨ ਲਾਉਂਦੇ|

ਹੁਣ ਉਨ੍ਹਾਂ ਵਿੱਚ ਬੀਬੀਆਂ ਵੀ ਸ਼ਾਮਲ ਹੋ ਗਈਆਂ ਹਨ| ਉਹ ਆਪਣਾ ਨਾਂ ਮੀਨਾ, ਮਹਿਰਾ ਗੋਇਲ ਜਾਂ ਗੁਪਤਾ ਦੱਸ ਕੇ ਆਪਣੇ ਆਪ ਨੂੰ ਸੁਪਰਡੈਂਟ ਪੁਲੀਸ ਦੱਸਦੀਆਂ ਹਨ ਤੇ ਤੁਹਾਡੀਆਂ ਹਮਦਰਦ ਬਣ ਕੇ ਆਪਣੇ ਆਪ ਨੂੰ ਐਂਟੀ ਟੈਰਾਰਿਜ਼ਮ ਸਕੁਐਡ ਦੀਆਂ ਕਾਰਕੁਨ ਕਹਿ ਕੇ ਗੱਲ ਸ਼ੁਰੂ ਕਰਦੀਆਂ ਹਨ| ਇਹ ਕਹਿ ਕੇ ਕਿ ਤੁਹਾਡੇ ਮੋਬਾਈਲ ਫ਼ੋਨ ਉਤੇ ਪਾਕਿਸਤਾਨ ਦੇ ਮਿਲਟਰੀ ਅਫਸਰਾਂ ਨੂੰ ਭਾਰਤ ਬਾਰੇ ਗੁਪਤ ਜਾਣਕਾਰੀ ਭੇਜੀ ਜਾ ਰਹੀ ਹੈ। ਜਿਹੜੀ ਆਪਣੇ ਦੇਸ਼ ਨੂੰ ਤਬਾਹ ਕਰ ਸਕਦੀ ਹੈ| ਮੈਨੂੰ ਡਰਾਉਣ ਵਾਲੀ ਕੋਈ ਐਸ ਪੀ ਮਹਿਤਾ ਸੀ ਤੇ ਉਹ ਚਾਹੁੰਦੀ ਸੀ ਕਿ ਮੈਂ ਪੂਨੇ ਵਿੱਚ ਉਨ੍ਹਾਂ ਦੇ ਵੱਡੇ ਦਫਤਰ ਨਾਲ ਸੰਪਰਕ ਕਰਾਂ ਤਾਂ ਉਸ ਦਫ਼ਤਰ ਦਾ ਮੁਖੀ ਮੈਨੂੰ ਇਸ ਕੇਸ ਵਿੱਚੋਂ ਬਚਣ ਦਾ ਰਾਹ ਦਸ ਦੇਵੇਗਾ| ਮੈਨੂੰ ਮੇਰੇ ਕੋਲੋਂ 4 ਲੱਖ ਤੀਹ ਹਜ਼ਾਰ ਰੁਪਏ ਠੱਗਣ ਵਾਲਾ ਪੁਰਾਣਾ ਠੱਗ ਚੇਤੇ ਆ ਗਿਆ| ਮੈਂ ਮੋਬਾਈਲ ਬੰਦ ਕਰਕੇ ਆਪਣੇ ਥਾਣੇ ਦੇ ਪੋਲੀਸ ਇੰਸਪੈਕਟਰ ਰਾਮ ਦਿਆਲ ਨਾਲ ਫ਼ੋਨ ਮਿਲਾਇਆ ਤਾਂ ਉਹ ਤੁਰੰਤ ਮੇਰੇ ਘਰ ਆ ਗਿਆ| ਮੈਂ ਉਸਨੂੰ ਸਾਰੀ ਕਹਾਣੀ ਦਾ ਵਿਸਥਾਰ ਦੇਣ ਤੋਂ ਪਿੱਛੋਂ ਇਹ ਵੀ ਦੱਸਿਆ ਕਿ ਮੈਂ ਕਾਲ ਕਰਨ ਵਾਲੀ ਐਸ ਪੀ ਨੂੰ ਇਹ ਵੀ ਕਹਿ ਚੁੱਕਿਆ ਹਾਂ ਕਿ ਉਹ ਮੈਨੂੰ ਗ੍ਰਿਫ਼ਤਾਰ ਕਰਨ ਲਈ ਬੰਦੇ ਭੇਜ ਦੇਵੇ; ਮੈਂ ਉਨ੍ਹਾਂ ਦਾ ਇੰਤਜ਼ਾਰ ਕਰ ਰਿਹਾ ਹਾਂ| ਰਾਮ ਦਿਆਲ ਨੇ ਮੇਰੀ ਹਾਂ ਵਿੱਚ ਹਾਂ ਮਿਲਾਈ ਤੇ ਇਹ ਵੀ ਕਿਹਾ ਕਿ ਮੈਨੂੰ ਕੋਈ ਵੀ ਏਦਾਂ ਦੀ ਕਾਲ ਆਵੇ ਤਾਂ ਮੈਂ ਕਾਲ ਕਰਨ ਵਾਲੇ ਦੀ ਝਾੜ ਝੰਬ ਕਰਕੇ ਜੱਟਾਂ ਵਾਲੀਆਂ ਗਾਲਾਂ ਵੀ ਕੱਢਾਂ| ਇਨ੍ਹਾਂ ਲੋਕਾਂ ਨੇ ਹਰਾਮ ਦੀ ਕਮਾਈ ਦਾ ਰਾਹ ਲਭ ਲਿਆ ਹੈ| ਇਹ ਕੰਮ ਕੋਈ ਨਹੀਂ ਕਰਦੇ ਤੇ ਮੋਬਾਈਲ ਰਾਹੀਂ ਠੱਗੀਆਂ ਮਾਰਨ ਦੇ ਮਾਰਗ ਉੱਤੇ ਪੈ ਚੁੱਕੇ ਹਨ| ਉਸਨੇ ਇਹ ਵੀ ਕਿਹਾ ਕਿ ਮੈਂ ਇਹ ਵਾਲੇ ਸ਼ਬਦ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਦੇ ਕਰਾਂ ਤਾਂ ਕਿ ਪੜ੍ਹਨ ਸੁਣਨ ਵਾਲੇ ਇਨ੍ਹਾਂ ਠੱਗਾਂ ਤੋਂ ਖਬਰਦਾਰ ਹੋ ਜਾਣ|
ਦੂਜੀ ਗੱਲ ਦਾ ਸਬੰਧ ਮੇਰੀ ਘਰ ਵਾਲੀ ਨਾਲ ਹੈ| ਉਸਨੇ 24 ਦਸੰਬਰ 2025 ਨੂੰ ਦਿੱਲੀ ਜਾਣਾ ਸੀ ਕਿ 23 ਦਸੰਬਰ ਨੂੰ ਸੱਟ ਲੱਗ ਗਈ| ਉਸਨੂੰ ਹਸਪਤਾਲ ਦਾਖਲ ਕਰਾਉਣਾ ਪੈ ਗਿਆ| ਹਸਪਤਾਲ ਵਾਲਿਆਂ ਨੇ ਅਪਰੇਸ਼ਨ ਕਰਕੇ ਟੁੱਟੀ ਹੋਈ ਹੱਡੀ ਤਾਂ ਜੋੜ ਦਿੱਤੀ ਹੈ ਪਰ ਹੁਣ ਉਸਨੂੰ ਮਹੀਨਾ ਡੇਢ ਮਹੀਨਾ ਤੁਰਨਾ ਮਨ੍ਹਾਂ ਹੋ ਗਿਆ ਹੈ| ਦਿੱਲੀ ਤਾਂ ਕੀ ਆਪਣੇ ਘਰ ਦਾ ਗੇਟ ਵੀ ਪਾਰ ਨਹੀਂ ਕਰ ਸਕਦੀ|
ਖੱਟੀਆਂ ਗੱਲਾਂ ਤਾਂ ਹੋਰ ਵੀ ਨੇ ਪਰ ਆਪਾਂ ਮਿੱਠੀਆਂ ਵਲ ਪਰਤੀਏ| ਸਭ ਤੋਂ ਵਧੀਆ ਗੱਲ ਤਾਂ ਪੁਰਾਣੀ ਹੈ ਪਰ ਮੇਰੀ ਜਾਣਕਾਰੀ ਵਿੱਚ ਹੁਣ ਆਈ ਹੈ| ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ 12ਵੀਂ ਦੇ ਪੰਜਾਬੀ ਪਾਠ ਕਰਮ ਵਿੱਚ ਪੰਜਾਬੀ ਸਭਿਆਚਾਰ ਦੀ ਜਾਣ-ਪਛਾਣ ਵਾਲਾ ਭਾਗ ਵੀ ਰਖਿਆ ਹੈ| ਇਸ ਵਿੱਚ ਮੇਰਾ ਲੇਖ ‘ਪੰਜਾਬ ਦੇ ਰਸਮ-ਰਿਵਾਜ’ ਵੀ ਸ਼ਾਮਲ ਹੈ ਤੇ ਕਹਾਣੀਆਂ ਵਾਲੇ ਭਾਗ ਵਿੱਚ ਮੇਰੀ ਕਹਾਣੀ ‘ਘਰ ਜਾ ਆਪਣੇ’ ਵੀ| ਇਸ ਭਾਗ ਵਿੱਚ ਕਰਤਾਰ ਸਿੰਘ ਦੁੱਗਲ ਤੇ ਸੁਜਾਨ ਸਿੰਘ ਦਾ ਸ਼ਾਮਲ ਹੋਣਾ ਮੇਰੇ ਲਈ ਮਾਣ ਵਾਲੀ ਗੱਲ ਹੈ ਜਿਨ੍ਹਾਂ ਦੀਆਂ ਕਹਾਣੀਆਂ ਮੇਰੀ ਵਿਦਿਆ ਪ੍ਰਾਪਤੀ ਦੇ ਸਮੇਂ ਮੇਰੇ ਪਾਠ-ਕਰਮ ਦਾ ਹਿੱਸਾ ਸਨ| ਉਨ੍ਹਾਂ ਨੂੰ ਪੜ੍ਹਦੇ ਮੈਂ ਇਹ ਸੋਚਦਾ ਹੁੰਦਾ ਸਾਂ ਕਿ ਜੇ ਮੈਂ ਉਨ੍ਹਾਂ ਵਰਗੀ ਪਦਵੀ ਪ੍ਰਾਪਤ ਕਰ ਲਵਾਂ ਤਾਂ ਮੇਰੀ ਬੱਲੇ-ਬੱਲੇ ਹੋ ਜਾਵੇ| ਮੇਰੀ ਉਹ ਚਾਹਨਾ ਤਾਂ ਇੱਕ ਪਾਸੇ ਰਹੀ| ਮੈਂ ਤਾਂ ਉਨ੍ਹਾਂ ਨੂੰ ਵੀ ਮਾਤ ਪਾ ਗਿਆ ਹਾਂ| ਉਨ੍ਹਾਂ ਦਾ ਨਾਂ ਤਾਂ ਕੇਵਲ ਕਹਾਣੀਆਂ ਦੇ ਭਾਗ ਵਿੱਚ ਬੋਲਦਾ ਹੈ ਤੇ ਮੇਰਾ ਸਭਿਆਚਾਰ ਵਾਲੇ ਭਾਗ ਵਿੱਚ ਵੀ| ਹੋਰ ਪੁਛਦੇ ਹੋ ਤਾਂ ਪੰਜਾਬੀ ਲਾਜ਼ਮੀ ਦੇ ਕਵਿਤਾ ਭਾਗ ਵਿੱਚ ਸ਼ਾਮਲ ਕਵੀ ਤਾਂ ਭਾਈ ਵੀਰ ਸਿੰਘ, ਪ੍ਰੋ. ਮੋਹਨ ਸਿੰਘ, ਨੰਦ ਲਾਲ ਨੂਰਪੁਰੀ, ਅੰਮ੍ਰਿਤਾ ਪ੍ਰੀਤਮ, ਹਰਿਭਜਨ ਸਿੰਘ ਤੇ ਸ਼ਿਵ ਕੁਮਾਰ ਬਟਾਲਵੀ ਵਰਗੇ ਉੱਚ ਦੁਮਾਲੜੇ ਹਨ ਜਿਨ੍ਹਾਂ ਦੀ ਸ਼ਮੂਲੀਅਤ ਨੇ ਮੇਰੇ ਸਿਰ ਦੀ ਕਲਗੀ ਹੋਰ ਵੀ ਉੱਚੀ ਕਰ ਦਿੱਤੀ ਹੈ| ਕੀ ਕਹਿਣੇ! ਮੇਰੇ ਲਈ ਤਾਂ ਇਹ ਵੀ ਵੱਡੀ ਗੱਲ ਹੈ ਕਿ ਪੰਜਾਬੀ ਲਾਜ਼ਮੀ ਨੂੰ ਸੇਧ ਦੇਣ ਵਾਲੀ ਜਿਹੜੀ ਪੁਸਤਕ ਗਾਈਡ ਵਜੋਂ ਤਿਆਰ ਕੀਤੀ ਗਈ ਹੈ ਉਸ ਵਿੱਚ ਲੇਖਕਾਂ ਦੇ ਜਨਮ ਦਿਨ ਜਨਮ ਸਥਾਨ ਤੇ ਕੰਮ ਧੰਦੇ ਹੀ ਨਹੀਂ ਦਿੱਤੇ ਗਏ ਉਨ੍ਹਾਂ ਦੇ ਮਾਪਿਆਂ ਦੇ ਨਾਂ ਲਿਖਣ ਲੱਗਿਆਂ ਪਿਤਾ ਤੇ ਮਾਤਾ ਦੋਨਾਂ ਨੂੰ ਯਾਦ ਕੀਤਾ ਗਿਆ ਹੈ| ਪ੍ਰਮਾਣ ਵਜੋਂ ਮੇਰੀ ਜਾਣਕਾਰੀ ਦਿੰਦੇ ਸਮੇਂ ਮੈਨੂੰ ‘ਹਰੀ ਸਿੰਘ ਜੀ ਦੇ ਘਰ ਸ਼੍ਰੀਮਤੀ ਗੁਰਚਰਨ ਕੌਰ ਦੀ ਕੁੱਖੋਂ ਪੈਦਾ ਹੋਇਆ’ ਲਿਖਿਆ ਗਿਆ ਹੈ| ਕਾਸ਼ ਇਹ ਜਾਣਕਾਰੀ ਮੇਰੇ ਮਾਪਿਆਂ ਦੇ ਜੀਵਤ ਹੁੰਦਿਆਂ ਛਪੀ ਹੁੰਦੀ| ਉਹ ਦੋਵੇਂ ਕੇਵਲ ਗੁਰਮੁਖੀ ਅੱਖਰਾਂ ਵਿੱਚ ਲਿਖੀ ਪੰਜਾਬੀ ਪੜ੍ਹਨਾ ਜਾਣਦੇ ਸਨ| ਹੁਣ ਤਾਂ ਮੇਰੀ ਮਾਂ ਦੇ ਅਕਾਲ ਚਲਾਣੇ ਨੂੰ 31 ਸਾਲ ਤੇ ਪਿਤਾ ਨੂੰ 27 ਸਾਲ ਹੋ ਚੁੱਕੇ ਹਨ| ਇਸ ਪੁਸਤਕ ਵਿੱਚ ਉਨ੍ਹਾਂ ਦੋਨਾਂ ਦਾ ਨਾਂ ਇਕ ਦੂਜੇ ਦੇ ਬਰਾਬਰ ਛਪਿਆ ਹੋਣਾ ਨਵੀਂ ਤੇ ਵੱਡੀ ਗੱਲ ਹੈ| 2025 ਦੇ ਅੰਤਲੇ ਦਿਨਾਂ ਦੀ ਇਕ ਹੋਰ ਮਿੱਠੀ ਗਲ ਮੇਰੇ ਹੱਥ ਲਾਹੌਰ ਨਿਵਾਸੀ ਪ੍ਰੋਫੈਸਰ ਮੁਹੰਮਦ ਅਮਾਨਤ ਅਲੀ ਮੁਸਾਬਰ ਦਾ ਉਰਦੂ ਤੇ ਪੰਜਾਬੀ ਭਾਸ਼ਾ ਜਾਨਣ ਵਾਲਿਆ ਲਈ ਤਿਆਰ ਕੀਤਾ ਕਾਇਦਾ ਲੱਗਣਾ ਹੈ ਜਿਸ ਵਿਚ ‘ਮ’ ਅੱਖਰ ਸਮਝਾਉਣ ਲਈ ਗੁਰਮੁਖੀ ਤੇ ਸ਼ਾਹਮੁਖੀ ਵਿੱਚ ਮੌਲਵੀ ਤੇ ਮਹਾਰਾਜ ਲਿਖ ਕੇ ਮੋਰ ਚਿਤਰਿਆ ਮਿਲਦਾ ਹੈ, ‘ਬ’ ਅੱਖਰ ਸਮਝਾਉਣ ਲਈ ਬਾਵਾ ਤੇ ਬਾਦਲ ਲਿਖ ਕੇ ਬਾਪੂ ਦਰਸਾਉਣ ਲਈ ਮੇਰੀ ਫੋਟੋ ਤੇ ‘ਸ਼’ ਸਮਝਾਉਣ ਲਈ ਸ਼ੁਕਰੀਆ ਤੇ ਸ਼ਹੀਦ ਲਿਖ ਕੇ ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਦਾ ਚਿੱਤਰ ਦਿੱਤਾ ਗਿਆ ਹੈ| ਕਾਇਦੇ ਦਾ ਮੁਖਬੰਦ ਲੇਖਕ ਲਾਲ ਸਿੰਘ ਸ਼ਲਹਾਣੀ ਇਸ ਭਾਵਨਾ ਨੂੰ ਸ਼ੇਖ ਬਾਬਾ ਫਰੀਦ ਤੇ ਗੁਰੂ ਨਾਨਕ ਦੇਵ ਜੀ ਦੀ ਅਦੁੱਤੀ ਸਾਂਝ ਲਿਖ ਕੇ ਉਸਨੂੰ ਮਾਂ ਬੋਲੀ ਪੰਜਾਬ ਦਾ ਸ਼ੈਦਾਈ ਦਸਦਾ ਹੈ ਤੇ ਆਸ ਕਰਦਾ ਹੈ ਕਿ ਇਹ ਵਾਲੀ ਭਾਵਨਾ ਆਰ ਪਾਰ ਦੀਆਂ ਦੂਰੀਆਂ ਮਿਟਾਉਣ ਦਾ ਸਬੱਬ ਬਣੇਗੀ| ਅੱਜ ਨਹੀਂ ਤਾਂ ਕੱਲ! ਵਡੀ ਗਲ ਇਹ ਕਿ ਪਾਕਿਸਤਾਨ ਦੇ ਪਾਠਕ ਮੇਰੀ ਫੋਟੋ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਚਿੱਤਰ ਵਾਂਗ ਵੇਖਣਗੇ|
ਜਾਂਦੇ-ਜਾਂਦੇ ਇਹ ਵੀ ਦੱਸ ਦਿਆਂ ਕਿ 1,2 ਤੇ 3 ਫਰਵਰੀ 2026 ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਾਲੇ (ਜਿਥੋਂ ਦਾ ਮੈਂ ਵਿਦਿਆਰਥੀ ਸਾਂ) ਪਹਿਲੀ ਵਾਰ ਇਕ ਅਜਿਹਾ ਉਤਸਵ ਕਰ ਰਹੇ ਹਨ ਜਿਥੇ ਪੁਸਤਕ ਪ੍ਰਦਰਸ਼ਨੀ ਵੀ ਹੋਵੇਗੀ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਵੀ| ਉਥੇ ਮੇਰੇ ਵਰਗੇ ਹੋਰ ਕੌਣ ਸ਼ਿਰਕਤ ਕਰਨਗੇ ਸਮੇਂ ਨੇ ਦੱਸਣਾ ਹੈ| ਪ੍ਰਿੰਸੀਪਲ ਪਰਵਿੰਦਰ ਸਿੰਘ ਦਾ ਉਤਸ਼ਾਹ ਸ਼ਲਾਘਾ ਦਾ ਹਕਦਾਰ ਹੈ|
ਅੰਤਿਕਾ
.ਗੁਮਨਾਮ॥
ਹੱਦ ਮੇਂ ਚਲੇ ਸੋ ਔਲੀਆ
ਅਨਹੱਦ ਚਲੇ ਸੋ ਪੀਰ
ਹੱਦ ਅਨਹੱਦ ਦੋਨੋ ਚਲੇ
ਸੋ ਹੈ ਬੜਾ ਫਕੀਰ।