ਗੁਲਜ਼ਾਰ ਸਿੰਘ ਸੰਧੂ
ਮੇਰੇ ਲਈ ਦਸੰਬਰ ਦਾ ਮਹੀਨਾ ਸ੍ਰੀ ਗੁਰੂ ਗੋਬਿੰਦ ਸਿੰਘ ਦੀਆਂ ਉੱਤਮਤਾਈਆਂ ਨੂੰ ਚੇਤੇ ਕਰਨ ਦਾ ਹੈ| ਮੇਰੀ ਪੈਦਾਇਸ਼ ਮੇਰੇ ਨਾਨਕਾ ਪਿੰਡ ਦੀ ਹੈ ਜਿੱਥੇ ਮੈਂ ਆਪਣੀ ਜ਼ਿੰਦਗੀ ਦੇ ਪਹਿਲੇ 14 ਸਾਲ ਰਿਹਾ| ਇਹ ਪਿੰਡ ਖੰਨਾ ਸੰਘੋਲ ਮਾਰਗ ਤੋਂ ਜ਼ਰਾ ਹਟਵਾਂ ਹੈ ਕੋਟਲਾ ਬਡਲਾ|
ਇਸ ਪਿੰਡ ਵਿਚ ਭੰਗੂ ਗੋਤ ਦੇ ਜੱਟ ਸਿੱਖਾਂ ਦਾ ਵਾਰਾ ਪਹਿਰਾ ਹੈ ਜਿਨ੍ਹਾਂ ਦੇ ਵਡੇਰੇ ਬਾਬਾ ਮਤਾਬ ਸਿੰਘ ਮੀਰਾਂਕੋਟੀਏ ਨੇ ਭਾਈ ਸੁੱਖਾ ਸਿੰਘ ਨੂੰ ਨਾਲ ਲੈ ਕੇ ਹਰਿਮੰਦਰ ਸਾਹਿਬ ਦੀ ਬੇਅਦਬੀ ਕਰਨ ਵਾਲੇ ਮੱਸਾ ਰੰਘੜ ਨੂੰ ਸੋਧਿਆ ਸੀ| ਇਸ ਪਿੰਡ ਦੇ ਨੇੜਲੇ ਚਾਰ ਪਿੰਡਾਂ ਵਿਚ ਵੀ ਭੰਗੂ ਜੱਟ ਵਸਦੇ ਹਨ| ਹੋਰ ਪੁੱਛਦੇ ਹੋ ਤਾਂ ਮੇਰੀ ਨਾਨੀ ਦਾ ਪੇਕਾ ਪਿੰਡ ਮਹਿਦੂਦਾਂ ਵੀ ਸਰਹਿੰਦ ਵਾਲੇ ਪਾਸੇ ਚਾਰ ਕੋਹ ਦੀ ਦੂਰੀ ਉੱਤੇ ਸੀ| ਫਤਿਹਗੜ੍ਹ ਸਾਹਬ ਤੋਂ ਇੱਕ ਕੋਹ| ਮੇਰੇ, ਬਚਪਨ ਸਮੇਂ ਕੋਟਲਾ ਬਡਲਾ ਵਿਚ ਮੇਰਾ ਮਾਮਾ ਸਵਰਨ ਅਤੇ ਉਸਦੇ ਚਾਚੇ ਦਾ ਪੁਤ ਸ਼ਮਸ਼ੇਰ ਤੇ ਉਸਦੀ ਭੂਆ ਦਾ ਪੁੱਤ ਸਰਬਦਿਆਲ ਵੀ ਸੀ| ਸ਼ਮਸ਼ੇਰ ਮੈਥੋਂ ਛੇ ਮਹੀਨੇ ਵੱਡਾ ਸੀ ਸਰਬਦਿਆਲ ਤਿੰਨ ਮਹੀਨੇ ਤੇ ਸਵਰਨ ਦੋ ਹਫਤੇ| ਨਾਨੀ ਸਾਰਿਆਂ ਨੂੰ ਪਿਆਰ ਕਰਦੀ ਸੀ| ਉਹ ਆਪਣੇ ਪਿੰਡ ਸਦਕਾ ਮਦੂਦੋ ਨਾਂ ਨਾਲ ਜਾਣੀ ਜਾਂਦੀ ਸੀ| ਕੂਕਿਆਂ ਦੀ ਧੀ ਹੋਣ ਕਾਰਨ ਉਸਦਾ ਸਹੁਰੇ ਪਿੰਡ ਵਿਚ ਵੀ ਦਬ ਦਬਾਅ ਸੀ|
ਨਾਨੀ ਨੂੰ ਦਸੰਬਰ ਮਹੀਨੇ ਦੀਆਂ ਉਹ ਤਿਥੀਆਂ ਵੀ ਯਾਦ ਸਨ ਜਦੋਂ ਚਮਕੌਰ ਦੀ ਗੜ੍ਹੀ ਵਿਚ ਸਾਹਿਬਜ਼ਾਦਾ ਅਜੀਤ ਸਿੰਘ ਤੇ ਜੁਝਾਰ ਸਿੰਘ ਸ਼ਹੀਦ ਹੋਏ ਤੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਫਤਿਹ ਸਿੰਘ ਸਰਹੰਦ ਵਿਖੇ ਨੀਂਹਾਂ ਵਿਚ ਚਿਣੇ ਗਏ| ਮਾਤਾ ਗੁਜਰੀ ਦੇ ਅਕਾਲ ਚਲਾਣੇ ਸਮੇਤ| ਉਸਨੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਤ ਚਮਕੌਰ ਸਾਹਿਬ ਦੇ ਜੋੜ ਮੇਲੇ ਜਾਣਾ ਹੁੰਦਾ ਜਾਂ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜ਼ਰੀ ਦੇ ਫਤਿਹਗੜ੍ਹ ਸਾਹਿਬ ਵਾਲੇ ਉਤਸਵ ’ਤੇ ਸਾਨੂੰ ਚਾਰਾਂ ਨੂੰ ਨਾਲ ਲੈ ਕੇ ਜਾਂਦੀ| ਫਤਿਹਗੜ੍ਹ ਸਾਹਿਬ ਦੇ ਰਾਹਾਂ ਵਿਚ ਉਸਦਾ ਪੇਕਾ ਪਿੰਡ ਮਹਿਦੂਦਾਂ ਸੀ ਤੇ ਚਮਕੌਰ ਸਾਹਿਬ ਨੇੜੇ ਉਸਦੀ ਨਨਾਣ ਅਮਰ ਕੌਰ (ਸਰਬਦਿਆਲ ਦੀ ਮਾਂ) ਦਾ ਸਹੁਰਾ ਪਿੰਡ ਰਾਮਗੜ੍ਹ| ਅਸੀਂ ਇਨ੍ਹਾਂ ਪਿੰਡਾਂ ਵਿਚ ਵੀ ਰੁਕਦੇ| ਏਥੇ ਸਾਡੀ ਠਾਹਰ ਦਾ ਪ੍ਰਬੰਧ ਵੀ ਹੁੰਦਾ ਤੇ ਖਾਣ-ਪੀਣ ਦਾ ਵੀ| ਨਾਨੀ ਦੇ ਬੋਲਾਂ ਨੇ ਸਾਡੇ ਮਨਾਂ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਦੀਆਂ ਸਰਬੰਸਦਾਨੀ ਭਾਵਨਾਵਾਂ ਨੂੰ ਵੀ ਭਰਿਆ ਤੇ ਮਾਤਾ ਗੁਜਰੀ ਦੀ ਦ੍ਰਿੜ੍ਹਤਾ ਨੂੰ ਵੀ| ਮਾਤਾ ਗੁਜਰੀ ਹੀ ਸਨ ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਤਿੰਨ ਦਹਾਕੇ ਪਹਿਲਾਂ ਆਪਣੇ ਸਿਰ ਦੇ ਸਾਈਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਸਦਾ ਲਈ ਤੁਰ ਜਾਣਾ ਪ੍ਰਵਾਨ ਕੀਤਾ ਸੀ| ਉਹੀਓ ਸਨ ਜਿਨ੍ਹਾਂ ਦੀ ਦੇਖ-ਰੇਖ ਵਿਚ ਪਲੇ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਗੜ੍ਹ ਨਿਵਾਸੀ ਹੁੰਦਿਆਂ 1699 ਨੂੰ ਵਸਾਖੀ ਵਾਲੇ ਦਿਨ ਅਜਿਹੇ ਪੰਥ ਦੀ ਸਾਜਨਾ ਕੀਤੀ ਜਿਸਦੀ ਅੰਮ੍ਰਿਤ ਬੂੰਦ ਨੇ ਨਾਂਦੇੜ (ਹਜ਼ੂਰ ਸਾਹਬ) ਵਿਖੇ ਡੇਰਾ ਲਾਈ ਬੈਠੇ ਮਾਧੋ ਦਾਸ ਵੈਰਾਗੀ ਨੂੰ ਬੰਦਾ ਸਿੰਘ ਬਹਾਦਰ ਬਣਾ ਕੇ ਸਰਹੰਦ ਭੇਜਿਆ ਜਿਸ ਦੀਆਂ ਜਿੱਤਾਂ ਤੇ ਪ੍ਰਾਪਤੀਆਂ ਦਾ ਇਤਿਹਾਸ ਗਵਾਹ ਹੈ|
ਦਸਵੇਂ ਪਾਤਸ਼ਾਹ ਲਈ ਵੀ ਆਪਣੇ ਸਿਰਜੇ ਰਾਹ ਉੱਤੇ ਤੁਰਨਾ ਸੌਖਾ ਨਹੀਂ ਸੀ| ਸਭ ਤੋਂ ਪਹਿਲਾਂ ਮੁਗ਼ਲ ਬਾਦਸ਼ਾਹਤ ਦਾ ਪਾਣੀ ਭਰਨ ਵਾਲੇ ਪਹਾੜੀ ਰਾਜੇ ਇਕੱਠੇ ਹੋ ਕੇ ਉਨ੍ਹਾਂ ਉਤੇ ਹਮਲੇ ਕਰਨ ਲੱਗੇ ਭਾਵੇਂ ਉਨ੍ਹਾਂ ਨੂੰ ਹਰ ਵਾਰ ਮੂੰਹ ਦੀ ਖਾਣੀ ਪਈ| ਅੰਤ ਕੋਈ ਵੀ ਪੇਸ਼ ਨਾ ਜਾਂਦੀ ਵੇਖ ਰਾਜਿਆਂ ਨੇ ਔਰੰਗਜ਼ੇਬ ਤੱਕ ਪਹੁੰਚ ਕੀਤੀ ਜਿਸ ਤੋਂ ਪਿਛੋਂ ਮੁਗ਼ਲਾਂ ਤੇ ਪਹਾੜੀ ਰਾਜਿਆਂ ਦੀਆਂ ਫ਼ੌਜਾਂ ਨੇ ਗੁਰੂ ਸਾਹਬ ਨੂੰ ਆਨੰਦਗੜ੍ਹ ਦਾ ਕਿਲ੍ਹਾ ਛੱਡਣ ਲਈ ਮਜਬੂਰ ਕਰ ਦਿੱਤਾ|
ਉਨ੍ਹਾਂ ਨੇ 20 ਦਸੰਬਰ 1704 ਨੂੰ ਸਰਸਾ ਨਦੀ ਵਲ ਕੂਚ ਕੀਤਾ ਤਾਂ ਨਦੀ ਦੇ ਬੇਰੋਕ ਪਾਣੀ ਨੇ ਗੁਰੂ ਸਾਹਿਬ ਦੇ ਪਰਿਵਾਰ ਨੂੰ ਇੱਕ ਦੂਜੇ ਨਾਲੋਂ ਨਿਖੇੜ ਦਿੱਤਾ| ਗੁਰੂ ਸਾਹਿਬ ਵੱਡੇ ਸਾਹਿਬਜ਼ਾਦਿਆਂ ਅਤੇ ਕੁੱਝ ਸਿੰਘਾਂ ਸਮੇਤ ਚਮਕੌਰ ਦੀ ਗੜ੍ਹੀ ਵਲ ਚਲੇ ਗਏ ਅਤੇ ਮਾਤਾ ਗੁਜਰੀ ਛੋਟੇ ਸਾਹਿਬਜ਼ਾਦਿਆਂ ਨੂੰ ਲੈ ਕੇ ਮੋਰਿੰਡਾ ਨੇੜਲੇ ਪਿੰਡ ਖੇੜੀ ਪਹੁੰਚ ਗਏ ਗੰਗੂ ਰਸੋਈਏ ਦੇ ਘਰ| ਮਾਤਾ ਜੀ ਦਾ ਖਿਆਲ ਸੀ ਕਿ ਉਨ੍ਹਾਂ ਲਈ ਹੋਰ ਕੋਈ ਵੀ ਸਥਾਨ ਇਸ ਤੋਂ ਸੁਰਖਿਅਤ ਨਹੀਂ| ਓਧਰ ਗੰਗੂ ਤੇ ਉਸਦੇ ਪਰਿਵਾਰ ਦਾ ਇਹ ਮੰਨਣਾ ਸੀ ਕਿ ਉਨ੍ਹਾਂ ਦਾ ਇਹ ਅਮਲ ਮੁਗ਼ਲਾਂ ਦੀ ਅੱਖ ਵਿੱਚ ਏਨਾ ਰੜਕੇਗਾ ਕਿ ਉਹ ਗੰਗੂ ਦੇ ਸਾਰੇ ਪਰਿਵਾਰ ਨੂੰ ਖ਼ਤਮ ਕਰਵਾ ਦੇਣਗੇ| ਗੰਗੂ ਨੇ ਆਪਣਾ ਆਪ ਬਚਾਉਣ ਲਈ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਸਥਾਨਕ ਪੋਲੀਸ ਰਾਹੀਂ ਸੂਬਾ ਸਰਹਿੰਦੇ ਦੇ ਮਹਿਲੀਂ ਪਹੁੰਚਾ ਦਿੱਤਾ| ਮਾੜੀ ਗੱਲ ਇਹ ਕਿ ਸੂਬੇ ਨੇ ਨਿੱਕੀਆਂ ਜਿੰਦਾਂ ਤੇ ਬਿਰਧ ਮਾਤਾ ਜੀ ਦੇ ਰਹਿਣ ਦਾ ਪ੍ਰਬੰਧ ਉਸ ਠੰਢੇ ਬੁਰਜ ਵਿਚ ਕੀਤਾ ਜਿਥੇ ਉਹ ਭਰ ਗਰਮੀ ਦੇ ਮੌਸਮ ਵਿਚ ਖੁਦ ਆਰਾਮ ਕਰਦਾ ਹੁੰਦਾ ਸੀ| ਇਸ ਤੋਂ ਪਿਛੋਂ ਉਨ੍ਹਾਂ ਤਿੰਨਾਂ ਨਾਲ ਜੋ ਬੀਤੀ ਉਸ ਤੋਂ ਦੁਨੀਆਂ ਦਾ ਹਰ ਉਹ ਵਿਅਕਤੀ ਜਾਣੂ ਹੈ ਜਿਹੜਾ ਇਤਿਹਾਸ ਵਿਚ ਦਿਲਚਸਪੀ ਰਖਦਾ ਹੈ| ਇਸ ਤੱਥ ਨੂੰ ਵੀ ਦੁਹਰਾਉਣ ਦੀ ਲੋੜ ਨਹੀਂ ਕਿ ਜਦੋਂ ਚਮਕੌਰ ਦੀ ਗੜ੍ਹੀ ਵਿਚ ਦਸਮ ਪਾਤਸ਼ਾਹ ਗਿਣੇ ਚੁਣੇ ਸਿੰਘਾਂ ਨਾਲ ਇਕੱਲੇ ਰਹਿ ਗਏ ਤਾਂ ਉਨ੍ਹਾਂ ਨੂੰ ਮਾਛੀਵਾੜੇ ਦੇ ਜੰਗਲ ਦਾ ਰਾਹ ਲੈਣਾ ਪਿਆ ਜਿਸ ਤੋਂ ਪਿੱਛੋਂ ਗੁਰੂ ਸਾਹਬ ਤਲਵੰਡੀ ਸਾਬੋ ਹੁੰਦੇ ਹੋਏ ਨਾਂਦੇੜ ਵੱਲ ਕੂਚ ਕਰ ਗਏ|
ਇਹ ਗੱਲ ਵੀ ਸਾਰੇ ਜਾਣਦੇ ਹਨ ਕਿ ਨਾਂਦੇੜ ਦੇ ਮਾਧੋ ਦਾਸ ਵੈਰਾਗੀ ਨੂੰ ਗੁਰੂ ਸਾਹਿਬ ਨੇ ਏਨਾ ਪ੍ਰਭਾਵਤ ਕੀਤਾ ਕਿ ਉਸਨੇ ਗੁਰੂ ਸਾਹਿਬ ਦੇ ਜੋਤੀ ਜੋਤਿ ਸਮਾਉਣ ਤੋਂ ਤਿੰਨ ਕੁ ਸਾਲ ਦੇ ਅੰਦਰ ਅੰਦਰ ਮਾਝੇ, ਮਾਲਵੇ, ਦੁਆਬੇ ਤੇ ਪੁਆਧ ਦੇ ਵੱਡੇ ਭਾਗ ਉੱਤੇ ਖਾਲਸਾ ਰਾਜ ਦੀ ਸਥਾਪਨਾ ਕੀਤੀ| ਇਸ ਰਾਜ ਦੀ ਨੀਂਹ ਚਪੜਚਿੜੀ (ਨੇੜੇ ਚੰਡੀਗੜ੍ਹ) ਦੇ ਮੈਦਾਨ ਦੀ ਲੜਾਈ ਨੇ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਂ ਦੀ ਹੱਤਿਆ ਕਰਕੇ ਰੱਖੀ ਸੀ| ਚੇਤੇ ਰਹੇ ਕਿ ਬੰਦਾ ਬਹਾਦਰ ਦੀ ਇਸ ਪ੍ਰਾਪਤੀ ਦਾ ਪ੍ਰਤੀਫਲ ਹੀ ਸੀ ਕਿ ਪਿੱਛੋਂ ਜਾ ਕੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਆਪਣੇ ਗੌਰਵਮਈ ਰਾਜ ਦੀ ਨੀਂਹ ਰਖਣ ਵਿਚ ਸਫਲ ਹੋਇਆ|
ਮੇਰੀ ਤੇ ਮੇਰੇ ਹਾਣੀਆਂ ਦੀ ਉਪਰੋਕਤ ਜਾਣਕਾਰੀ ਦੀ ਨੀਂਹ ਤਾਂ ਮੇਰੀ ਨਾਮਧਾਰੀ ਨਾਨੀ ਨੇ ਰੱਖੀ ਸੀ ਪਰ ਇਸ ਵਿੱਚ ਅਸਲੀ ਵਾਧਾ ਕਰਨ ਵਾਲੇ ਪੌਣੀ ਸਦੀ ਪਹਿਲਾਂ ਦੇ ਕਿੱਸਾਕਾਰ ਸਨ ਜਿਹੜੇ ਵਡੇ ਪਿੰਡਾਂ ਵਿਚ ਜਾ ਕੇ ਆਪਣੀ ਕਵੀਸ਼ਰੀ ਦੇ ਬੋਲਾਂ ਨਾਲ ਸਰੋਤਿਆਂ ਨੂੰ ਪ੍ਰਭਾਵਤ ਕਰਦੇ ਸਨ|
ਕਦੀ ਕਦਾਈਂ ਅਸੀਂ ਨਾਨੀ ਤੋਂ ਆਗਿਆ ਲੈ ਕੇ ਸਰਹਿੰਦ ਦੀਆਂ ਹੋਰ ਥਾਵਾਂ ਵੀ ਵੇਖਣ ਚਲੇ ਜਾਂਦੇ| ਇਨ੍ਹਾਂ ਵਿਚਲਾ ਆਮ ਖਾਸ ਬਾਗ ਤਾਂ ਮੁਗ਼ਲਾਂ ਦੇ ਸ਼ਾਹੀ ਬਾਗ ਵਜੋਂ ਜਾਣਿਆ ਜਾਂਦਾ ਸੀ| ਇਸਦਾ ਮਹਿਤਾਬੀ ਚਬੂਤਰਾ, ਬਿਨਾ ਪਾਣੀ ਤਲਾਅ, ਸ਼ੀਸ਼ ਮਹਿਲ, ਸ਼ਾਹੀ ਅਸਤਬਲ ਤੇ ਹਾਥੀਖਾਨਾ ਹੀ ਨਹੀਂ, ਦੌਲਤਖਾਨਾ-ਏ-ਖਾਸ ਤੇ ਸ਼ਾਹੀ ਹਮਾਮ ਅਤੇ ਸ਼ਾਹੀ ਸਰਦ ਖਾਨਾ ਵੀ ਖਿੱਚ ਦਾ ਕੇਂਦਰ ਸਨ|
ਚੇਤੇ ਰਹੇ ਕਿ ਮੁਗ਼ਲ ਬਾਦਸ਼ਾਹ ਹੁਮਾਂਯੂੰ ਦੀ ਮੌਤ ਵੇਲੇ ਉਸਦਾ ਬੇਟਾ ਅਕਬਰ ਤੇ ਉਸਦਾ ਅੰਗ ਰੱਖਿਅਕ ਬੈਰਮ ਖਾਂ ਪੰਜਾਬ ਵਿਚ ਹੀ ਸਨ ਤੇ ਬੈਰਮ ਖਾਂ ਨੇ ਗੁਰਦਾਸਪੁਰ ਦੇ ਪਿੰਡ ਕਲਾਨੌਰ ਵਿਖੇ 21 ਫਰਵਰੀ 1556 ਨੂੰ ਅਕਬਰ ਦੀ ਤਾਜ਼ਪੋਸ਼ੀ ਦਾ ਐਲਾਨ ਕਰਕੇ ਉਸਨੂੰ ਬਾਦਸ਼ਾਹ ਤਾਂ ਐਲਾਨ ਦਿੱਤਾ ਸੀ ਭਾਵੇਂ ਉਸਦੀ ਉਮਰ ਕੇਵਲ 13 ਸਾਲ ਸੀ| ਇਸ ਤੋਂ ਪਿਛੋਂ ਬੈਰਮ ਖਾਂ ਇਸ ਬਾਲ ਬਾਦਸ਼ਾਹ ਨੂੰ ਸਰਹਿੰਦ ਛੱਡ ਕੇ ਖ਼ੁਦ 23 ਅਕਤੂਬਰ 1556 ਨੂੰ ਰਾਜ ਭਾਗ ਚਲਾਉਣ ਲਈ ਦਿੱਲੀ ਚਲਾ ਗਿਆ ਸੀ| ਅਕਬਰ ਤਿੰਨ ਮਹੀਨੇ ਆਪਣੇ ਹਮਜੋਲੀਆਂ ਸਮੇਤ ਸਰਹਿੰਦ ਦੀਆਂ ਗਲੀਆਂ ਵਿੱਚ ਘੁੰਮਦਾ ਰਿਹਾ| ਅਕਬਰ ਦੇ ਇਸ ਕਿਆਸ ਦਾ ਹੀ ਨਤੀਜਾ ਸੀ ਕਿ ਸਰਹਿੰਦ ਨੂੰ ਸੂਬੇ ਦੀ ਪਦਵੀ ਪ੍ਰਾਪਤ ਹੋਈ|
ਸੱਚ ਤਾਂ ਇਹ ਹੈ ਕਿ 15-20 ਕੋਹਾਂ ਵਿਚ ਫੈਲਿਆ ਇਹ ਖੇਤਰ ਜੰਗਲ ਬੀਆਬਾਨ ਹੁੰਦਾ ਸੀ| ਉਸ ਸਮੇਂ ਮੁਲਤਾਨ (ਪਾਕਿਸਤਾਨ) ਵਾਲਿਆਂ ਨੇ ਮਾਲੀਆ ਭਰਨ ਲਈ ਦਿੱਲੀ ਜਾਣਾ ਹੁੰਦਾ ਤਾਂ ਉਨ੍ਹਾਂ ਲਈ ਕੇਵਲ ਦੋ ਹੀ ਰਾਹ ਸਨ| ਲਾਹੌਰ, ਸੁਨਾਮ, ਸਮਾਣਾ ਰਾਹੀਂ ਜਾਂ ਅਬੋਹਰ ਤੇ ਬਠਿੰਡਾ ਰਾਹੀਂ| ਮੁਗ਼ਲਾਂ ਨੇ ਇਹ ਸ਼ਹਿਰ ਆਪਣੀ ਸਹੂਲਤ ਲਈ ਜੰਗਲ ਕੱਟ ਕੇ ਆਬਾਦ ਕੀਤਾ ਸੀ| ਇਸ ਸ਼ਹਿਰ ਨੂੰ ਅਕਬਰ ਬਾਦਸ਼ਾਹ ਦੀ ਦੇਣ ਕਿਹਾ ਜਾ ਸਕਦਾ ਹੈ ਜਿਥੇ ਮੁਲਤਾਨ ਤੋਂ ਦਿੱਲੀ ਜਾਣ ਵਾਲੇ ਸ਼ਾਹੀ ਘਰਾਣੇ ਖਰੀਦ-ਓ-ਫਰੋਖਤ ਵੀ ਕਰਦੇ ਸਨ ਮਨ ਭਾਉਂਦਾ ਅਰਾਮ ਤੇ ਬਿਸਰਾਮ ਵੀ| ਬਾਦਸ਼ਾਹ ਸ਼ਾਹਜਹਾਂ ਨੂੰ ਵੀ ਇਹ ਥਾਂ ਏਨੀ ਪਸੰਦ ਸੀ ਕਿ ਉਸਨੇ ਏਥੋਂ ਦੀ ਜੰਮਪਲ ਸਰਹਿੰਦੀ ਬੇਗਮ ਨਾਲ ਸ਼ਾਦੀ ਕੀਤੀ| ਹੋਰ ਤਾਂ ਹੋਰ ਉਸਦੀ ਬੀਵੀ ਮੁਮਤਾਜ ਵੀ ਏਥੇ ਹੀ ਰਹਿੰਦੀ ਸੀ| ਜਦੋਂ ਉਸਦੀ ਕੁੱਖ ਤੋਂ ਉਮੀਦ ਬਖਸ਼ ਦਾ ਜਨਮ ਹੋਇਆ| ਸ਼ਾਹਜਹਾਂ ਏਥੇ ਸੱਤ ਵਾਰ ਆਇਆ ਤੇ ਠਹਿਰਿਆ|
ਇਹੀ ਸ਼ਹਿਰ ਸੀ ਜਿੱਥੇ ਕਾਬਲ, ਕੰਧਾਰ, ਤੁਰਕੀ, ਈਰਾਨ, ਚੀਨ ਤੇ ਅਫਗਾਨਿਸਤਾਨ ਦੇ ਦੁਕਾਨਦਾਰਾਂ ਤੋਂ ਵਪਾਰੀ ਆਪਣੀਆਂ ਕੀਮਤੀ ਵਸਤਾਂ ਲਿਆ ਕੇ ਵੇਚਦੇ ਸਨ| ਏਥੋਂ ਦੇ ਤੀਰ ਕਮਾਨ, ਸੈਂਡਲ, ਲਿਨਨ ਦਾ ਕਪੜਾ ਤੇ ਰੱਤਾ ਸਾਲੂ ਤਾਂ ਏਨੇ ਪਸੰਦ ਕੀਤੇ ਜਾਂਦੇ ਸਨ ਕਿ ਅੰਗਰੇਜ਼ਾਂ ਦੇ ਰਾਜ ਸਮੇਂ ਉਨ੍ਹਾਂ ਦੀਆਂ ਫਿਰੰਗੀ ਬੀਵੀਆਂ ਦਿੱਲੀ ਦੱਖਣ ਤੋਂ ਏਥੇ ਇਸ ਲਈ ਆਉਂਦੀਆਂ ਸਨ ਕਿ ਏਥੇ ਉਨ੍ਹਾਂ ਦੀ ਪਸੰਦ ਦੀਆਂ ਸਾਰੀਆਂ ਵਸਤਾਂ ਸੌਖੀਆਂ ਮਿਲ ਜਾਂਦੀਆਂ ਸਨ|
ਮੇਰੀ ਉਮਰ ਦੇ ਮੁਢਲੇ ਸਾਲਾਂ ਵਿੱਚ ਤਾਂ ਇਹ ਸ਼ਹਿਰ ਵਜ਼ੀਰ ਖਾਂ ਦਾ ਮੁੱਖ ਦਫਤਰ ਤੇ ਅੱਡਾ ਸੀ ਜਿਸਨੂੰ ਅਸੀਂ ਨਫਰਤ ਕਰਦੇ ਸਾਂ| ਫੇਰ ਵੀ ਆਮ ਖਾਸ ਬਾਗ ਦਾ ਚੱਕਰ ਲਾਉਣਾ ਸਾਨੂੰ ਚੰਗਾ ਲਗਦਾ ਸੀ| ਸ਼ਹਿਰ ਸਰਹਿੰਦ ਦੀਆਂ ਅਸਲੀ ਸਿਫਤਾਂ ਤੇ ਸੁਹੱਪਣ ਦਾ ਪਤਾ ਤਾਂ ਮੈਨੂੰ ਦਿੱਲੀ ਜਾਣ ਪਿਛੋਂ ਪੁਸਤਕਾਂ ਪੜ੍ਹ ਕੇ ਹੀ ਲਗਾ| ਏਸ ਸ਼ਹਿਰ ਦੇ ਸ਼ੀਸ਼-ਮਹਿਲ, ਹਾਥੀਖਾਨਾ, ਨੌਂ ਘਰੇ, ਸ਼ਾਹੀ ਹਮਾਮ, ਰੰਗ ਮਹਿਲ, ਦੌਲਤਖਾਨਾ-ਏ-ਖਾਸ, ਸ਼ਾਹੀ ਪੁਲ, ਠੰਡਾ ਬੁਰਜ, ਦੀਵਾਨ ਟੋਡਰ ਮੱਲ ਹਾਲ, ਗੁਰਦਵਾਰਾ ਜੋਤੀ ਸਰੂਪ, ਬਿਬਾਣ ਗੜ੍ਹ, ਜੈਨ ਮੰਦਰ, ਤੇ ਸ਼ੇਖ ਰਫੀਉਦੀਨ ਫਾਰੂਕੀ ਦੀ ਦਰਗਾਹ ਤੇ ਰੋਜਾ ਸ਼ਰੀਫ ਮੈਂ ਅੱਖੀਂ ਨਹੀਂ ਤੱਕੇ ਪੁਸਤਕਾਂ ਵਿਚ ਹੀ ਪੜ੍ਹੇ ਹਨ ਜਿਨ੍ਹਾਂ ਦਾ ਵਿਸਥਾਰ ਗੁਰਬਚਨ ਸਿੰਘ ਵਿਰਦੀ ਦੀ ਪੁਸਤਕ ‘ਸਰਹਿੰਦ ਦੀਆਂ ਯਾਦਗਾਰਾਂ’ ਵਿਚ ਵੀ ਦਰਜ ਹੈ| ਜਾਂਦੇ-ਜਾਂਦੇ ਇਹ ਵੀ ਦੱਸ ਦਿਆਂ ਕਿ ਮੇਰੇ ਬਚਪਨ ਸਮੇਂ ਫਤਿਹਗੜ੍ਹ ਤੋਂ ਬਿਨਾ ਹੋਰ ਕਿਸੇ ਵੀ ਸ਼ਹਿਰ, ਗੜ੍ਹੀ ਜਾਂ ਸਥਾਨ ਨਾਲ ਸਾਹਿਬ ਨਹੀਂ ਸੀ ਬੋਲਿਆ ਜਾਂਦਾ| ਇਨ੍ਹਾਂ ਨੂੰ ਆਨੰਦਪੁਰ ਜਾਂ ਆਨੰਦਗੜ੍ਹ ਹੀ ਕਿਹਾ ਜਾਂਦਾ ਸੀ| ਫੇਰ ਵੀ ਇਨ੍ਹਾਂ ਦੀ ਮਹਾਨਤਾ ਸਾਨੂੰ ਸਭ ਨੂੰ ਪਤਾ ਸੀ| ਅਸੀਂ ਇਨ੍ਹਾਂ ਦੀ ਗੱਲ ਕਰਕੇ ਆਪਣੇ ਆਪ ਨੂੰ ਓਨੇ ਹੀ ਸੁਭਾਗੇ ਸਮਝਦੇ ਸਾਂ ਜਿੰਨਾ ਅਜੋਕੀ ਪੰਜਾਬ ਸਰਕਾਰ, ਤਖਤ ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ, ਤਖਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਤੇ ਤਖਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇ ਕੇ ਆਪਣੇ ਆਪ ਨੂੰ ਸੁਭਾਗਾ ਕਹਿੰਦੀ ਹੈ|
ਅੰਤਿਕਾ
ਸਰ ਮੁਹੰਮਦ ਇਕਬਾਲ॥
ਜੋ ਮੈਂ ਸਰ ਬਹਿ ਸਿਜਦਾ ਹੂਆ ਭੀ ਕਭੀ
ਤੋਂ ਜ਼ਮੀ ਸੋ ਆਨੇ ਲਗੀ ਸਦਾ
ਤੇਰਾ ਦਿਲ ਤੋ ਹੈ ਸਨਮ ਆਸ਼ਨਾ
ਤੁਝੇ ਕਿਆ ਮਿਲੇਗਾ ਨਿਮਾਜ਼ ਮੈਂ।
