ਅਦਨਾ ਇਨਸਾਨ

ਅਤਰਜੀਤ
ਜਿੱਥੋਂ ਤੱਕ ਚੌਥਾ ਦਰਜਾ ਕਰਮਚਾਰੀ ਸ਼ਾਮ ਲਾਲ ਮੇਰੀ ਹਮਦਰਦੀ ਦਾ ਸਬੰਧ ਸੀ, ਉਹ ਮਹਿਜ਼ ਇਨਸਾਨੀਅਤ ਦੇ ਨਾਤੇ ਸੀ| ਇਨਸਾਨੀਅਤ ਦੀ ਭਾਵਨਾ ਨੂੰ ਮੈਂ ਉਨ੍ਹੀਂ ਦਿਨੀਂ ਪਵਿੱਤਰਤਾ ਦੀ ਹੱਦ ਤੱਕ ਪੂਜਦਾ ਸੀ|

ਬੇਸ਼ੱਕ ਸ਼ਾਮ ਲਾਲ ਸਾਡੇ ਦਫਤਰ ਵਿਚ ਝਗੜਾਲੂ ਤੇ ਰੁੱਖੀ ਤਬੀਅਤ ਦਾ ਮਾਲਕ ਗਿਣਿਆ ਜਾਂਦਾ ਸੀ, ਪਰ ਮੇਰੀਆਂ ਨਜ਼ਰਾਂ ਵਿਚ ਨਫਰਤ ਦਾ ਪਾਤਰ ਨਹੀਂ ਸੀ| ਦਸਵੀਂ ਤੋਂ ਬਾਅਦ ਨੌਕਰੀ ਲੱਗ ਜਾਣ ਕਰਕੇ ਮੈਨੂੰ ਉਨ੍ਹੀਂ ਦਿਨੀਂ ਨਾਵਲ ਪੜ੍ਹਨ ਦਾ ਬਹੁਤ ਭੁਸ ਸੀ, ਤੇ ਮੇਰੇ ਸਾਮ੍ਹਣੇ ਭਾਵੇਂ ਕਿਸੇ ‘ਵਾਦ’ ਦੀ ਸੀਮਾ ਤਾਂ ਉਦੋਂ ਨਹੀਂ ਸੀ ਪਰ ਫੇਰ ਵੀ ਗੈਰਤਮੰਦ ਨਾਇਕਾ-ਨਾਇਕਾਵਾਂ ਤੇ ਕਿਰਦਾਰ ਅਤੇ ਚਰਿੱਤਰ ਮੈਨੂੰ ਬੜੇ ਪਿਆਰੇ ਲਗਦੇ ਸਨ| ਅਜਿਹੇ ਪਾਤਰ ਆਮ ਤੌਰ ’ਤੇ ਨਾਵਲਾਂ ਨਾਟਕਾਂ ਵਿਚ ਹੀ ਤੁਹਾਨੂੰ ਮਿਲ ਸਕਣਗੇ – ਪਰ ਜਿਸ ਜਿਉਂਦੇ ਜਾਗਦੇ ਕਿਰਦਾਰ ਨਾਲ ਮੇਰਾ ਵਾਹ ਪਿਆ ਸੀ, ਉਸ ਦੇ ਲਹੂ ਦਾ ਕਤਰਾ-ਕਤਰਾ, ਹੱਡੀ ਦਾ ਕਿਣਕਾ-ਕਿਣਕਾ, ਮਾਸ ਦੀ ਬੋਟੀ-ਬੋਟੀ ਅਣਖ ਦੀ ਬਣੀ ਹੋਈ ਸੀ, ਜੋ ਮੇਰੇ ਖਿਆਲ ਵਿਚ ਇੱਕ ਜਿਉਂਦਾ ਜਾਗਦਾ ਨਾਵਲ ਨਹੀਂ ਬਲਕਿ ਮਨੁੱਖੀ ਇਤਿਹਾਸ ਸੀ, ਜੋ ਗੱਲ-ਬਾਤ ਵੇਲੇ ਆਪਣੇ ਆਪ ਨੂੰ ‘ਅਦਨਾ ਇਨਸਾਨ’ ਜਾਂ ‘ਮਾਮੂਲੀ ਆਦਮੀ’ ਕਿਹਾ ਕਰਦਾ ਸੀ|
ਉਦੋਂ ਮੈਂ ਬਿਜਲੀ ਬੋਰਡ ਦੇ ਦਫਤਰ ਮਲੇਰਕੋਟਲੇ ਇੱਕ ਕਲਰਕ ਸਾਂ ਤੇ ਹੁਣ ਉਪ-ਮੰਡਲ ਰਾਮਪੁਰਾ ਵਿਖੇ, ਸਹਾਇਕ ਸੁਪਰਿਨਟੈਂਡੈਂਟ ਦੇ ਅਹੁਦੇ ’ਤੇ ਪ੍ਰੋਮੋਟ ਹੋ ਕੇ ਆਇਆ ਸਾਂ- ਜਿਥੇ ਸ਼ਾਮ ਲਾਲ ਨਾਂ ਦੇ ਇੱਕ ਚੋਥਾ ਦਰਜਾ ਕਰਮਚਾਰੀ ਦੀ ਲੀਅਨ ਤਬਦੀਲ ਹੋ ਕੇ ਆਇਆ ਸੀ| ਡੀਲਿੰਗ ਕਲਰਕ ਨੇ ਨੋਟਿੰਗ ਲਾ ਕੇ ਕਾਗਜ਼ ਮੇਰੀ ਮੇਜ਼ ’ਤੇ ਲਿਆਂਦਾ ਸੀ| ਪਹਿਲਾਂ ਤਾਂ ਸਰਸਰੀ ਸਮਝ ਕੇ ਦਸਤਖਤ ਕਰਨ ਲੱਗਾ ਹੀ ਸਾਂ ਪਰ ‘ਸਵੀਪਰ ਕਮ ਚੌਂਕੀਦਾਰ’ ਪੜ੍ਹ ਕੇ ਮੇਰੇ ਮਨ ਵਿਚ ਜਗਿਆਸਾ ਪੈਦਾ ਹੋਈ ਤੇ ਦਿਮਾਗ ’ਤੇ ਬੋਝ ਪਾ ਕੇ ਸੋਚਿਆ ਕਿ ਉਹ ਸ਼ਾਮ ਲਾਲ ਤਾਂ ‘ਮਾਲੀ ਕਮ ਵਾਟਰ-ਕੈਰੀਅਰ’ ਸੀ| ‘ਮੁਅੱਤਲ ਕੀਤਾ ਜਾਂਦਾ ਹੈ’ ਸ਼ਬਦਾਂ ਤੋਂ ਅੱਗੇ ਮੈਨੂੰ ਕੋਈ ਅੱਖਰ ਨਾ ਦਿਸਿਆ| ਮੈਂ ਐਨਕਾਂ ਕੱਢੀਆਂ, ਸਾਫ ਕਰ ਕੇ ਨੱਕ ’ਤੇ ਜਮਾਈਆਂ, ਪੜ੍ਹਿਆ ਤਾਂ ਸਾਫ ਲਿਖਿਆ ਹੋਇਆ ਸੀ: ‘ਮੁਅੱਤਲ ਕੀਤਾ ਜਾਂਦਾ ਹੈ ਤੇ ਪ੍ਰਬੰਧਕੀ ਆਧਾਰ ’ਤੇ ਉਸ ਦਾ ਲੀਅਨ ਪੰ.ਸ.ਇ.ਬੋ. ਦਫਤਰ ਰਾਮਪੁਰਾ ਫੂਲ ਵਿਖੇ ਤਬਦੀਲ ਕੀਤਾ ਜਾਂਦਾ ਹੈ|’ ਮੈਂ ਪੁੜਪੁੜੀ ਠਕੋਰਦਿਆਂ ਉਸ ਦਾ ਪੁਰਾਣਾ ਸਟੇਸ਼ਨ ਸੁਨਾਮ ਪੜ੍ਹਿਆ, ਤੇ ਯਾਦ ਕਰਨ ਦਾ ਜਤਨ ਕੀਤਾ ਕਿ ਇਹ ਕਿਹੜਾ ਸ਼ਾਮ ਲਾਲ ਹੋਇਆ| ਦਫਤਰ ਵਿਚ ਫਿਕਰ ਅਤੇ ਡਰ ਦਾ ਮਾਹੌਲ ਸੀ ਕਿ ਉਹ ਕਰਮਚਾਰੀ ਤਾਂ ਬਹੁਤ ਹੀ ਖਤਰਨਾਕ, ਝਗੜਾਲੂ ਤੇ ਬਲਾ ਹੈ| ਪਤਾ ਨਹੀਂ ਕਿਹੜੇ ਵੇਲੇ ਉਧਮੂਲ ਖੜਾ ਕਰ ਦੇਵੇ; ਜਿਹੜਾ ਕਿਸੇ ਦੇ ਗਲ ਪੈਣ ਲੱਗਿਆਂ ਅੱਗਾ-ਪਿੱਛਾ ਨਹੀਂ ਵਿਚਾਰਦਾ|
ਸ਼ਾਮ ਲਾਲ ਉਰਫ਼ ਸ਼ਾਮੂ ਸਾਡੇ ਦਫਤਰ ਵਿਚ 15-16 ਸਾਲ ਪਹਿਲਾਂ ਹੁੰਦਾ ਸੀ| ਉਦੋਂ ਤੋਂ ਲੈ ਕੇ ਹੁਣ ਤੱਕ ਮੇਰੇ ਵਿਚ ਢੇਰ ਸਾਰੀਆਂ ਤਬਦੀਲੀਆਂ ਆ ਚੁੱਕੀਆਂ ਸਨ; ਜੋ ਮਹਿਜ਼ ਸਮੇਂ ਸਮੇਂ ਵਗੀਆਂ ’ਵਾਵਾਂ ਦੇ ਅਸਰ ਸਦਕਾ ਹੀ ਸਨ| ਹੁਣ ਤਾਂ ਮੈਂ ਅਮਨ-ਪਸੰਦ ਸ਼ਹਿਰੀ ਬਣ ਵੱਡਿਆਂ ਦੀ ਨਸੀਹਤ ਦਾ ਦੇਰ ਨਾਲ ਹੀ ਮੁੱਲ ਪਾ ਸਕਿਆ ਸੀ| ‘ਨੌਕਰੀ ਕੀ ਤੇ ਨਖਰਾ ਕੀ’ ਚੰਗੀ ਭਲੀ ਨੌਕਰੀ ਨੂੰ ਖਾਹ-ਮਖਾਹ ਫੋਕੀ ਅਣਖ ਦੇ ਪਿਛੇ ਲੱਗ ਕੇ ਦਾਗ ਕਿਉਂ ਲਵਾਈਏ| ਉਦੋਂ ਤਾਂ ਐਨਾ ਜੋਸ਼ ਹੀ ਪਤਾ ਨਹੀਂ ਕਿਥੋਂ ਆਇਆ ਸੀ, ਅਣਖ ਬਦਲੇ ਨੌਕਰੀ ਨੂੰ ਲੱਤ ਮਾਰਨ ਨੂੰ ਤਿਆਰ ਹੋ ਜਾਈਦਾ ਸੀ| ਹੁਣ ਤਾਂ ਤਨਖਾਹ ਤੋਂ ਵਧ ਉਪਰੋਂ ਵੀ ਕਾਫੀ ਆਮਦਨ ਹੋ ਜਾਂਦੀ ਸੀ ਜਿਸ ਕਰਕੇ ਘਰ ਤੇ ਆਸ-ਪਾਸ ਚੰਗੀ ਸ਼ੁਹਰਤ ਹਾਸਲ ਸੀ| ਉਪਰਲੀ ਆਮਦਨ ਦੇ ਸਿਰੋਂ ਹੁਣ ਤਾਂ ਮੈਂ ਵਧੀਆ ਕੋਠੀ ਦਾ ਮਾਲਕ ਸਾਂ ਤੇ ਪੰਜ ਪੰਜ ਸੌ ਗਜ਼ ਦੇ ਦੋ ਪਲਾਟਾਂ ਦੇ ਸੌਦੇ ਮਾਰ ਲਏ ਸਨ ਜੋ| ਦੋਸਤ ਕਹਿੰਦੇ ਕਿ ਮੈਂ ਅੱਗੇ ਨਾਲੋਂ ਮੋਟਾ ਹੋ ਗਿਆ ਹਾਂ- ਪਰ ਮਨੁੱਖ ਦੀ ਸ਼ਖਸ਼ੀਅਤ ਵੀ ਤਾਂ ਚਾਹੀਦੀ ਹੈ ਕੁਝ| ਅੰਦਰਲੇ ਨੂੰ ਕੌਣ ਜਾਣਦਾ ਹੈ, ਦੁਨੀਆਂ ਹੀ ਵਿਖਾਵੇ ਤੇ ਤੜਕ-ਭੜਕ ਦੀ ਹੈ| ਤੇ ਆਪਾਂ ਵੀ ਨਵੇਂ ਢੰਗ ਦੀ ਸ਼ੇਵ ਬਣਾ ਕੇ ਦਫਤਰ ਜਾਂਦੇ ਸਾਂ|
ਮੇਰੇ ਸਹਿ-ਕਰਮਚਾਰੀ ਨੇ ਦੱਸਿਆ ਸੀ ਕਿ ਨਵਾਂ ਚੌਥਾ ਦਰਜਾ ਕਰਮਚਾਰੀ ਜੋ ਮੁਅੱਤਲ ਹੋ ਕੇ ਆਇਆ ਹੈ, ਚੁੱਪ-ਚਾਪ ਸਾਹਿਬ ਦੇ ਕਮਰੇ ਵਿਚ ਜਾ ਕੇ ਬੋਲਿਆ, ‘ਜਨਾਬ ਮੈਂ ਸ਼ਾਮ ਲਾਲ ਮਾਲੀ ਕਮ ਵਾਟਰ-ਕੈਰੀਅਰ ਹਾਂ’ ਅਤੇ ਤਣ ਕੇ ਸਾਹਿਬ ਦੇ ਸਾਹਮਣੇ ਕੁਰਸੀ ’ਤੇ ਬੈਠ ਗਿਆ| ਸਾਹਿਬ ਨੇ ਨਰਮੀ ਤੋਂ ਕੰਮ ਲੈਂਦਿਆ ਕਿਹਾ: ‘ਆਰਡਰ ’ਤੇ ਤਾਂ ਸਵੀਪਰ ਕਮ-ਚੌਂਕੀਦਾਰ ਲਿਖਿਆ ਹੈ|’ ਕਹਿਣ ਲੱਗਾ: ‘ਸਾਹਿਬ, ਮੇਰੇ ਨਾਲ ਬੇ-ਇਨਸਾਫੀ ਕੀਤੀ ਐ, ਪਹਿਲੇ ਸਾਹਿਬ ਨੇ’ ਸਾਹਿਬ ਨੇ ਉਸ ਨੂੰ ਡਿਊਟੀ ’ਤੇ ਹਾਜ਼ਰ ਨਹੀਂ ਕਰਵਾਇਆ| ਇਸ ਘਟਨਾ ਨੂੰ ਮੈਂ ਬਹੁਤਾ ਨਹੀਂ ਸੀ ਗੌਲਿਆ| ਅਸਲ ਵਿਚ ਮੈਂ ਆਪਣੇ ਆਪ ਨੂੰ ਕਿਸੇ ਇਹੋ ਜੇਹੀ ਗੱਲ ਨਾਲ ਮਾਨਸਿਕ ਤੌਰ ’ਤੇ ਜੋੜਨ ਲਈ ਤਿਆਰ ਨਹੀਂ ਸਾਂ| ਅੱਜ ਉਸ ਵਿਅਕਤੀ ਨੇ ਕਿਸੇ ਕਰਮਚਾਰੀ ਪਾਸੋਂ ਮੇਰਾ ਨਾਂ ਪੁਛਿਆ ਸੀ ਤੇ ਪਤਾ ਲੱਗਣ ’ਤੇ ਮੈਂ ਅਸਲੋਂ ਹੀ ਬੇਲਾਗ ਹੋਣ ਦਾ ਜਤਨ ਕਰ ਰਿਹਾ ਸਾਂ| ਹੁਣ ਮੇਰੇ ਵਿਚ ਪਹਿਲਾਂ ਵਾਲੀ ਭਾਵੁਕਤਾ ਵੀ ਨਹੀਂ ਕਿ ਐਵੇਂ ਨਿੱਕੀਆਂ-ਨਿੱਕੀਆਂ ਗੱਲਾਂ ਬਾਰੇ ਸੋਚੀ ਜਾਵਾਂ| ਭਾਵੁਕਤਾ ਜਿਸ ਨੂੰ ਕਈ ਲੋਕ ਅਣਖ ਦਾ ਖਾਹ-ਮਖਾਹ ਹੀ ਨਾਂ ਦਿੰਦੇ ਹਨ, ਮੇਰੇ ਲਈ ਅਰਥ ਗੁਆ ਚੁੱਕੀ ਸੀ| ਹੁਣ ਦੂਜਿਆਂ ਦੀ ਜ਼ਿੰਦਗੀ ਬਾਰੇ ਸੋਚਣ ਵਾਲਾ, ਕਿਸੇ ਕੋਲ ਜ਼ਿੰਦਗੀ ਵਿਚ ਕੀ ਰਹਿ ਗਿਆ ਸੀ? ਇਹ ਵੀ ਮੈਨੂੰ ਚਪੜਾਸੀ ਨੇ ਆ ਕੇ ਸੁਨੇਹਾ ਦਿੱਤਾ ਕਿ ਬਾਹਰ ਕੋਈ ਮਿਲਣਾ ਚਾਹੁੰਦਾ ਹੈ| ਮੈਂ ਡਿਊਟੀ ਦੀ ਪਰਵਾਹ ਕੀਤੇ ਬਿਨਾਂ, ਕਿਉਂਕਿ ਐਸ.ਡੀ.ਓ. ਸਾਹਿਬ ਦੀ ਤੇ ਮੇਰੀ ਚੰਗੀ ਬਣਦੀ ਸੀ; ਬਾਹਰ ਲਾਅਨ ਵਲ ਤੁਰ ਪਿਆ| ਸਾਹਿਬ ਦੇ ਦਫਤਰ ਵਿਚ ਫਾਈਲਾਂ ਦਾ ਥੱਬਾ ਲਈ ਵੜਦੇ, ਲਾਇਨ ਸੁਪਰਿਨਟੈਂਡੈਂਟ ਨੂੰ ਅਤੇ ਨਾਂ ਹੀ ਉਸ ਦੇ ਮਗਰ ਜਾਂਦੇ ਸੁਪਿਰਨਟੈਂਡੈਂਟ ਨੂੰ ਮੈਂ ਗੌਲਿਆ| ਮੇਰੇ ਬੂਟਾਂ ਦੀ ਟੱਕ-ਟੱਕ ਵਰਾਂਡੇ ਵਿਚ ਗੂੰਜ ਰਹੀ ਸੀ| ਵਰਾਂਡੇ ਦੇ ਸਿਰੇ ’ਤੇ ਹੀ ਲਾਅਨ ਤੇ ਪਾਰਕ ਆਉਂਦੇ ਸਨ|
ਮੇਰੇ ਸਾਮ੍ਹਣੇ, ਪੰਜਾਹ ਕੁ ਸਾਲ ਦਾ ਵਿਅਕਤੀ ਖੜ੍ਹਾ ਸੀ| ਮੈਂ ਸਮਝਿਆ ਕਿ ਸੂਟ-ਬੂਟ ਵਾਲਾ ਬਾਬੂ ਜਾਂ ਸਰਦਾਰ (ਕੋਈ ਤਕੜੀ ਆਸਾਮੀ) ਹੋਵੇਗਾ, ਪਰ ਇਸ ਅਜੀਬ ਅਤੇ ਭੈੜੀ ਸ਼ਕਲ, ਮੈਲੇ-ਕੁਚੈਲੈ ਕੁੜੱਤੇ-ਪਜਾਮੇ ਵਾਲੇ ਵਿਅਕਤੀ ਨੂੰ ਸਾਮ੍ਹਣੇ ਵੇਖ ਕੇ ਮੈਨੂੰ ਹੱਤਕ ਅਨੁਭਵ ਹੋਈ| ਮੈਂ ਆਪਣੇ ਰੋਅਬ ਨੂੰ ਕਾਇਮ ਰੱਖਦਿਆਂ, ਐਨਕਾਂ ਹੱਥ ਵਿਚ ਫੜਦੇ- ‘ਕਿਆ ਬਾਤ ਹੈ’ ਕਹਿਣ ਹੀ ਲੱਗਾ ਕਿ ਉਸ ਨੇ ਹੱਥ ਜੋੜ ਕੇ ਨਮਸਤੇ ਕਹੀ| ਜਿਵੇਂ ਹੀ ਉਸ ਦੇ ਬੁੱਲ ਹਰਕਤ ਵਿਚ ਆਏ, ਨੱਕ ਦੀ ਕਰੂੰਬਲ ਵਿਚ ਤਣਾਅ ਆਇਆ, ਮੈਂ ਪਹਿਚਾਣ ਗਿਆ ਕਿ ਇਹ ਤਾਂ ਉਹੀ ਸ਼ਾਮ ਲਾਲ ਸੀ- ‘ਅਦਨੇ ਇਨਸਾਨ’ ਜਾਂ ‘ਮਾਮੂਲੀ ਆਦਮੀ’ ਵਾਲਾ| ਉਸ ’ਤੇ ਆਇਆ ਬੁਢਾਪਾ ਵੇਖ ਕੇ ਮੈਂ ਹੱਕਾ-ਬੱਕਾ ਰਹਿ ਗਿਆ| ਮੈਂ ਉਸ ਤੋਂ ਕਈ ਸਾਲ ਵੱਡਾ ਸਾਂ ਪਰ ਬਾਬੂ ਲੋਕ (ਪਤਾ ਨਹੀਂ ਫੂਕ ਦੇਣ ਲਈ) ਕਹਿੰਦੇ ਸਨ ਕਿ ਮੇਰੀ ਸਰਵਿਸ ਵੀਹ ਸਾਲ ਦੀ ਤਾਂ ਲੱਗਦੀ ਹੀ ਨਹੀਂ|
‘ਸ਼ਾਮ ਲਾਲ!’ ਮੂੰਹ ਵਿਚ ਜਿਵੇਂ ਸ਼ਬਦ ਫੁੱਲ ਗਏ- ‘ਇਹ ਕੀ ਹਾਲ ਹੋਇਐ ਤੇਰਾ’ ਹਮੇਸ਼ਾ ਫੁੱਲ ਵਾਂਗ ਖਿੜੇ ਰਹਿਣ ਵਾਲਾ ਤੇ ਕਿਸੇ ਅੱਗੇ ਕਦੀ ਸਿਰ ਨਾ ਝਕਾਉਣ ਵਾਲਾ ਸ਼ਾਮ ਲਾਲ ਕਿੰਨੀਂ ਜਲਦੀ ਝੌਂਅ ਗਿਆ ਸੀ – ‘ਅਦਨਾ ਇਨਸਾਨ’ ਵਾਲਾ ਸ਼ਾਮ ਲਾਲ| ਉਸ ਦੇ ਹੇਠਲੇ ਦੋ-ਤਿੰਨ ਦੰਦ ਵੀ ਨਹੀਂ ਸਨ ਰਹੇ| ਗੱਲ੍ਹਾਂ ਅੰਦਰ ਨੂੰ ਪਿਚਕੀਆਂ ਅਤੇ ਰੰਗ ਕਾਲਾ ਹੋ ਗਿਆ ਸੀ|
‘ਬਾਬੂ ਜੀ’ ਆਵਾਜ਼ ਵਿਚ ਉਹੀ ਪਹਿਲਾਂ ਵਾਲਾ ਠਰ੍ਹੰਮਾ ਤੇ ਸਵੈ-ਵਿਸ਼ਵਾਸ ਸੀ। ‘ਇਨਸਾਨ ਉਪਰ ਸੌ-ਸੌ ’ਵਾਵਾਂ ਚਲਦੀਆਂ ਨੇ’ ਪੰਜਾਬ ਦਾ ਜੰਮ-ਪਲ ਹੋਣ ਕਰਕੇ ਉਹ ਪੰਜਾਬੀ ਵਧੀਆ ਬੋਲਦਾ ਸੀ, ਉਂਝ ਉਸ ਦੇ ਵੱਡੇ ਭਾਵੇਂ ਬਿਹਾਰ ਦੇ ਸਨ|
‘ਐਸੀ ਕੀ ਬਿਪਤਾ ਆ ਗਈ’ ਮੈਂ ਆਪਣੀ ਬਾਂਹ ਉਸ ਦੇ ਮੋਢੇ ਦੁਆਲੇ ਵਲ ਕੇ ਉਹਨੂੰ ਨੇੜੇ ਕਰ ਲਿਆ| ਉਸ ਦੇ ਸਾਹ ਵਿਚੋਂ ਤੰਬਾਕੂ ਦੀ ਤਿੱਖੀ ਅਤੇ ਕੌੜੀ ਬੋ ਆਈ| ਉਦੋਂ ਤੰਬਾਕੂ ਨੂੰ ਨਫਰਤ ਕਰਿਆ ਰਕਦਾ ਸੀ| ਉਸ ਦੇ ਚਿਹਰੇ ‘ਤੇ ਦ੍ਰਿੜਤਾ ਅਤੇ ਤਸੱਲੀ ਭਰੀ ਮੁਸਕ੍ਰਾਹਟ ਫੈਲ ਗਈ- ‘ਬੱਸ ਜੀ, ਦੁੱਖ-ਸੁੱਖ ਤਾਂ ਇਨਸਾਨ ਦੇ ਨਾਲ ਈ ਨੇ’- ਉਸ ਨੇ ਬੀੜੀਆਂ ਦਾ ਬੰਡਲ ਅਤੇ ਮਾਚਸ ਕੱਢੀ- ‘ਕਿਹੜਾ ਹਮੇਸ਼ਾ ਇਕੋ ਕਿਸਮ ਦੇ ਹਾਲਾਤ ਰਹਿੰਦੇ ਐ’ ਬੀੜੀ ਨੂੰ ਪਤਲੇ ਪਾਸਿਓਂ ਦੰਦਾਂ ’ਚ ਲੈ ਕੇ ਥੁੱਕਦਿਆਂ ਵਾਂਗ, ਮੂੰਹ ਵਿਚਲਾ ਟੁਕੜਾ ਪਰ੍ਹਾਂ ਸੁੱਟਿਆ ਤੇ ਕਾਲੇ ਹੋ ਗਏ ਬੁਲਾਂ ਵਿਚ ਫੜ ਕੇ ਬੀੜੀ ਸੁਲਘਾਈ| ਬਲਦੀ ਤੀਲੀ ਦੀ ਲਾਟ ਨੂੰ ਮੈਂ ਵੇਖਦਾ ਰਿਹਾ| ਕਸ਼ ਖਿੱਚਣ ਸਮੇਂ ਉਸ ਦੀ ਪਤਲੀ ਗਰਦਨ ’ਚੋਂ ਉਸ ਦਾ ਘੰਡ ਅਤੇ ਰਗਾਂ ਉਭਰ ਆਉਂਦੇ ਸਨ| ਕੁਝ ਜ਼ਿਆਦਾ ਹੀ ਕਮਜ਼ੋਰ ਹੋ ਜਾਣ ਕਰਕੇ ਉਸ ਦੇ ਮੋਢੇ ਵਧੇਰੇ ਹੀ ਉਭਰੇ ਹੋਏ ਤੇ ਹੱਡਲ ਲੱਗਦੇ ਸਨ|
‘ਤੂੰ ਤਾਂ ਤੰਬਾਕੂ ਪੀਦਾਂ ਨਹੀਂ ਸੀ- ਇਹ ਕਦੋਂ ਤੋਂ ਪੀਣਾ ਸ਼ੁਰੂ ਕਰ ਦਿਤਾ’ ਮੈਂ ਨਫਰਤ ਨਾਲ ਨਹੀਂ ਸਗੋਂ ਦਿਲੀ ਹਮਦਰਦੀ ਨਾਲ ਪੁੱਛਿਆ|
‘ਇਨਸਾਨ ਦਾ ਜੀਵਨ ਹੀ ਬੀੜੀ ਦੀ ਤਰ੍ਹਾਂ ਹੈ ਸਾਹਿਬ’ ਸ਼ਾਇਦ ਉਹ ਆਪਣੇ ਚਿਹਰੇ ’ਤੇ ਖੁਸ਼ੀ ਲਿਆਉਣ ਦਾ ਜਤਨ ਕਰ ਰਿਹਾ ਸੀ- ‘ਨਹੀਂ’ ਮੈਥੋਂ ਪ੍ਰੋੜਤਾ ਕਰਾਉਣੀ ਚਾਹੀ– ‘ਤੀਲੀ ਪਹਿਲਾਂ ਮੇਰੀ ਜੇਬ ਵਿਚ ਸ਼ਾਂਤ ਪਈ ਸੀ- ਏਵੇਂ ਹੀ ਬੀੜੀਆਂ ਦਾ ਬੰਡਲ| ਤੀਲੀ ਬਲੀ ਤੇ ਬੁੱਝ ਗਈ- ਬੀੜੀ ਨੂੰ ਬਾਲ ਗਈ|’ ਮੈਨੂੰ ਯਾਦ ਆਇਆ ਕਿ ਉਹ ਸਾਹਿਤਕ ਪੁਸਤਕਾਂ ਪੜ੍ਹਨ ਦਾ ਸ਼ੁਕੀਨ ਸੀ ਅਤੇ ਸਾਹਿਤ ’ਚੋਂ ਪੜ੍ਹੇ ਵਿਖਿਆਨਾਂ ਦੀਆਂ ਉਦਾਹਰਣਾਂ ਦੇਣ ਲੱਗ ਪੈਂਦਾ ਹੁੰਦਾ ਸੀ- ‘ਜੀਵਨ ਵੀ ਕਦੇ ਅੱਗ ਦੀ ਤਰ੍ਹਾਂ ਲਪਟਾਂ ਛੱਡਦਾ, ਲੱਟ-ਲੱਟ ਕਰਦਾ ਬਲਦਾ ਹੈ ਤੇ ਕਦੀ ਸਿਗਰਟ ਦੀ ਤਰ੍ਹਾਂ ਸੁਲਘਦਾ, ਸਿਰਫ ਧੂੰਆ ਹੀ ਛੱਡਦਾ ਹੈ|’
‘ਪਰ ਤੀਲੀ ਦੀ ਤਰ੍ਹਾਂ ਜੀਵਨ ਨੂੰ ਤਾਂ ਜੀਵਨ ਵਿਚ ਹੋਰ ਜਵਾਲਾ ਫੂਕਣੀ ਚਾਹੀਦੀ ਹੈ|’ ਮੈਂ ਵੀ ਕਾਵਿਕ ਹੋ ਗਿਆ| ਉਸ ਨੇ ਮੇਰੇ ਚਿਹਰੇ ਵੱਲ ਵੇਖਿਆ| ਸ਼ਾਇਦ ਉਹ ਮੇਰੇ ਮੂੰਹੋਂ ਨਿਕਲੇ ਸ਼ਬਦਾਂ ਦੀ ਮੇਰੇ ਚਿਹਰੇ ’ਤੇ ਚੜ੍ਹੀ ਪਾਹ ਵੇਖਣੀ ਚਾਹੁੰਦਾ ਸੀ| ਮੈਨੂੰ ਜਾਪਿਆ ਜਿਵੇਂ ਸ਼ਾਮ ਲਾਲ ਇਸ ਦੀ ਅਣਹੋਂਦ ਤੋਂ ਉਦਾਸ ਹੋ ਗਿਆ ਸੀ- ਜਾਂ ਸ਼ਾਇਦ ਇਹ ਮੇਰੇ ਮਨ ਦਾ ਹੀ ਪਾਲਾ ਸੀ|
‘ਚੱਲ ਪਹਿਲਾਂ ਚਾਹ ਪੀਈਏ|’ ਮੈਂ ਉਸ ਨੂੰ ਕੰਨਟੀਨ ਵੱਲ ਲੈ ਤੁਰਿਆ| ਕੰਨਟੀਨ ਵਿਚ ਜਾ ਕੇ ਅਸੀਂ ਆਹਮੋ-ਸਾਮ੍ਹਣੇ ਕੁਰਸੀਆਂ ’ਤੇ ਬੈਠ ਗਏ| ਉਸ ਦੇ ਸਾਂਵਲੇ ਚਿਹਰੇ ਉਪਰ ਇਕਦਮ ਜ਼ਰਦੀ ਦਾ ਪੋਚਾ ਜਿਹਾ ਫਿਰਿਆ ਹੋਇਆ ਲੱਗਦਾ ਸੀ| ਯਰਕਾਣ ਦੇ ਰੋਗੀ ਵਾਂਗ ਅੱਖਾਂ ਵੀ ਹਲਦੀ ਰੰਗੀਆਂ ਜਿਹੀਆਂ ਦਿੱਸਦੀਆਂ ਸਨ, ਸਿਰਫ ਬੁਲ ਹੀ ਸਨ ਜੋ ਤੰਬਾਕੂ ਦੇ ਧੂੰਏਂ ਨਾਲ ਕਾਲੇਡੰਝ ਹੋਏ ਸਨ- ‘ਦੋ ਕੱਪ ਚਾਹ|’ ਮੈਂ ਦੋ ਉਂਗਲਾਂ ਬਾਕੀ ਉਂਗਲਾਂ ਨਾਲੋਂ ਨਿਖੇੜ ਕੇ ਉਪਰ ਉਠਾਉਂਦਿਆਂ ਕਿਹਾ|
‘ਹੋਰ ਫੇਰ ਕਿਹੜੇ ਰੰਗਾਂ ਵਿਚ ਰਹੀਦੈ, ਸਾਹਿਬ?’ ਪਾਣੀ ਪੀਣ ਪਿੱਛੋਂ ਗਿਲਾਸ ਮੇਜ਼ ’ਤੇ ਟਿਕਾਉਂਦਿਆਂ, ਮੇਰੀਆਂ ਅੱਖਾਂ ਵਿਚ ਵੇਖ ਕੇ ਬੋਲਿਆ|
‘ਬੱਸ ਦਿਨ ਗੁਜ਼ਰ ਰਹੇ ਐ ਸ਼ਾਮ ਲਾਲ!’ ਮੈਂ ਆਦਤ ਤੋਂ ਉਲਟ ਅੱਖਾਂ ਨਿੱਕੀਆਂ ਕਰ ਕੇ ਕਿਹਾ, ਕਿਉਂਕਿ ਮੈਂ ਅੱਜਕੱਲ੍ਹ ਅੱਖਾਂ ਛੋਟੀਆਂ ਕਰਨ ਵਾਲੀ ਕੁਰਸੀ ’ਤੇ ਨਹੀਂ ਸੀ ਬੈਠਾ ਹੋਇਆ ਦਿਨ-ਬ-ਦਿਨ ਉਪਰ ਨੂੰ ਜਾ ਰਿਹਾ ਸੀ ਤੇ ਨਿਗਾਹਾਂ ਨੀਵੀਆਂ ਹੋਣ ਦਾ ਪ੍ਰਸ਼ਨ ਨਹੀਂ ਸੀ ਉਠੱਦਾ|
‘ਕੀ ਗੱਲ ਸਾਹਿਬ?’ ਸ਼ਾਮ ਲਾਲ ਨੇ ਚੌਕ ਕੇ ਕਿਹਾ- ‘ਤੁਹਾਡੀ ਸੁਰ ਵਿਚ ਉਦਾਸੀ!’ ਦੋਵੇਂ ਬਾਹਾਂ ਦੀ ਬੁੱਕਲ ਜੇਹੀ ਮਾਰ ਕੇ ਮੇਜ਼ ’ਤੇ ਰੱਖ ਲੱਤਾਂ ਹੋਰ ਚੋੜੀਆਂ ਕਰਕੇ ਮੇਜ਼ ’ਤੇ ਝੁਕ ਗਿਆ- ‘ਘੱਟੋ-ਘੱਟ ਮੈਂ ਤੁਹਾਡੇ ਕੋਲੋਂ ਇਹ ਆਸ ਨਹੀਂ ਰਖਦਾ ਸਾਹਿਬ|’
‘ਅਸਲ ਵਿਚ ਗੱਲ ਇਹ ਹੈ, ਸ਼ਾਮ ਲਾਲ!’ ਮੈਂ ਸੰਭਲ ਕੇ ਕਿਹਾ- ‘ਇਨਸਾਨ ਨੂੰ ਨਿਮਰ ਹੋਣਾ ਚਾਹੀਦਾ ਹੈ- ਘਮੰਡੀ ਨਹੀਂ|’
‘ਇਹ ਤਾਂ ਸਾਹਿਬ, ਬੜੇ ਲੋਕਾਂ ਦੀਆਂ ਗੱਲਾਂ ਨੇ-ਸਿਰਫ ਗੱਲਾਂ|’ ਉਹ ਸਿੱਧਾ ਹੋ ਕੇ ਬੈਠ ਗਿਆ- ‘ਗਰੀਬ ਆਦਮੀ ਹਮੇਸ਼ਾ ਹੀ ਨਿਮਰ ਤੇ ਹੰਕਾਰ ਰਹਿਤ ਹੁੰਦੈ, ਪਰ ਮੈਂ ਸਮਝਦਾ ਹਾਂ ਕਿ ਅਣਖ ਜ਼ਰੂਰ ਹੋਣੀ ਚਾਹੀਦੀ ਹੈ|’ ਉਹ ਮੁਸਕਰਾ ਪਿਆ- ‘ਪਰ ਪੈਸੇ ਦੀ ਦੌੜ ਨੇ ਅਣਖ ਦੇ ਅਰਥ ਬਦਲ ਦਿੱਤੇ ਨੇ ਇਹ ਤਾਂ ਜਗੀਰਦਾਰੀ ਦੌਰ ਦੀਆਂ ਗੱਲਾਂ ਰਹਿ ਗਈਆਂ|’
ਮੈਂ ਬੌਂਦਲ ਜਿਹਾ ਗਿਆ ਅਤੇ ਇਸ ਸਥਿਤੀ ਵਿਚ ਮੈਨੂੰ ਸ਼ਾਮ ਲਾਲ ਦਾ ਸਾਮ੍ਹਣਾ ਕਰਨਾ ਔਖਾ ਹੋ ਗਿਆ| ਸ਼ਾਮ ਲਾਲ ਮੇਰੀ ਕਦਰ ਹੀ ਅਣਖ, ਸਫਾਈ ਤੇ ਇਮਾਨਦਾਰੀ ਦੀਆਂ ਕਦਰਾਂ ਕਰਕੇ ਕਰਦਾ ਸੀ|
‘ਅੱਜਕੱਲ?’ ਮੈਂ ਗੱਲਾਂ ਦਾ ਰੁੱਖ ਬਦਲਣਾ ਚਾਹਿਆ|
‘ਮੁਅੱਤਲ ਅਤੇ ਤੁਹਾਡੇ ਦਫਤਰ ਵਿਚ| ਕਲ੍ਹ ਨੂੰ ਪਤਾ ਨਹੀਂ|’ ਉਹ ਗੱਲਾਂ ਵਿਚ ਪਹਿਲਾਂ ਵਰਗਾ ਹੀ ਚੁਸਤ ਸੀ|
ਪੁੱਛਣ ’ਤੇ ਉਸ ਨੇ ਬਹੁਤ ਭਾਵੁਕ ਹੋ ਕੇ ਦੱਸਿਆ ਕਿ ਐਸ.ਡੀ.ਓ. ਸਾਹਿਬ ਨਾਲ ਉਸ ਦੀ ਵਿਗੜ ਗਈ ਸੀ: ‘ਬਸ ਆਪਾਂ ਖੁੰਬ ਠੱਪ ਦਿਤੀ ਤੇ ਸਸਪੈਂਡ ਹੋ ਗਏ, ਸਾਹਿਬ|’ ਮੈਂ ਡਰ ਗਿਆ, ਜਿਵੇਂ ਕਿਤੇ ਮੇਰੇ ਸਾਮ੍ਹਣੇ ਬੈਠਾ ਖਤਰਨਾਕ ਵਿਅਕਤੀ ਮੇਰੀ ਵੀ ਖੁੰਬ ਠੱਪ ਦੇਵੇਗਾ|
‘ਰੋਅਬ ਨਾਲ ਤਾਂ- ਤੁਸੀਂ ਜਾਣਦੇ ਓ – ਆਪਾਂ ਤੋਂ ਕੋਈ ਕੰਮ ਲੈ ਨਹੀਂ ਸਕਿਆ ਤੇ ਨਾ ਹੀ ਕੋਈ ਜੰਮਿਆ ਹੈ’- ਕਿਸੇ ਮਾਮਲੇ ਵਿਚ ‘ਤੂੰ-ਤੂੰ, ਮੈਂ-ਮੈਂ’ ਹੋ ਗਈ ਸੀ ਅਤੇ ਮਾਰ-ਕੁਟਾਈ ਦੀ ਨੌਬਤ ਆ ਗਈ ਸੀ|
‘ਕਿਸੇ ਤੋਂ ‘ਸਾਲਾ’ ਕਿਵੇਂ ਅਖਵਾ ਲਉਗੇ? ਇਹ ਤਾਂ ਊਈ ਮਰਨ ਐ ਬੰਦੇ ਦਾ|’ ‘ਸਾਲਾ’ ਸ਼ਬਦ ਦੀ ਉਸ ਨੇ ਆਪਣੀ ਹੀ ਧਾਰਨਾ ਬਣਾਈ ਹੋਈ ਸੀ| ਉਹ ਸਮਝਦਾ ਸੀ ਕਿ ਇਹ ਸ਼ਬਦ ਗਿਰਾਵਟ ਅਤੇ ਨੀਚਤਾ ਦਾ ਚਿੰਨ੍ਹ ਹੈ| ਗੁਲਾਮੀ ਦਾ ਬਿੰਬ|
ਉਸ ਵਿਚ ਸਭ ਕੁਝ ਸੀ ਪਰ ਮੇਰੇ ਸਾਮ੍ਹਣੇ ਤਾਂ ਉਹ ਕਾਲੀ ਗਊ ਬਣ ਕੇ ਰਿਹਾ ਸੀ, ਜਿਸ ਦਾ ਇੱਕ ਕਾਰਨ ਇਹ ਸੀ ਕਿ ਮੈਂ ਉਸ ਨੂੰ ਕਦੇ ਰੁੱਖਾ ਨਹੀਂ ਸੀ ਬੋਲਿਆ ਤੇ ਉਸ ਅੰਦਰਲੇ ਇਨਸਾਨ ਦੀ ਕਦਰ ਕਰਦਾ ਸਾਂ| ਇਸ ਦੇ ਬਦਲੇ ਉਹ ਮੇਰਾ ਘਰ ਦਾ ਕੰਮ ਵੀ ਕਰ ਜਾਇਆ ਕਰਦਾ। ਮੈਨੂੰ ਯਾਦ ਨਹੀਂ ਕਿ ਉਸ ਦੀ ਨਬਜ਼ ਮੇਰੇ ਹੱਥ ਕਿਵੇਂ ਆ ਗਈ ਸੀ- ਨਹੀਂ ਤਾਂ ਉਹ ਕਿਸੇ ਨੂੰ ਹੈ ਗਾ ਕੁੱਤੀਏ ਨਹੀਂ ਸੀ ਆਖਣ ਦਿੰਦਾ|
‘ਸ਼ਾਮ ਲਾਲ ਛੋਟੇ ਭਾਈ!’ ਮੈਂ ਜਿੰਨੀ ਵਾਰ ਵੀ ਉਸ ਨੂੰ ਕਿਸੇ ਕੰਮ ਲਈ ਆਖਿਆ, ਅੱਜ ਲੱਕੜੀਆਂ ਬਿਲਕੁਲ ਖਤਮ ਹੋ ਗਈਆਂ ਨੇ…ਤੇਰੀ ਭਰਜਾਈ ਤਾਂ ਕਹਿੰਦੀ ਸੀ ਕਿ ਆਥਣ ਨੂੰ ਰੋਟੀ ਨਹੀਂ ਮਿਲਣੀ- ਉਹ ਅੱਧ ਕੁ ਦਾ ਹੋ ਕੇ ਕਹਿੰਦਾ, ‘ਬਾਊ ਜੀ ਇਹ ਕਿਵੇਂ ਹੋ ਸਕਦਾ ਹੈ ਕਿ ਸਾਡਾ ਵੱਡਾ ਭਰਾ ਭੁੱਖਾ ਸੌਵੇ! ਸਭ ਕੁਝ ਹੋ ਜੂਗਾ|’
ਤੇ ਰੋਅਬ ਨਾਲ ਉਹ ਕਿਸੇ ਨੂੰ ਪਾਣੀ ਵੀ ਨਹੀਂ ਸੀ ਪਿਆਉਂਦਾ| ਕਈ ਵਾਰ ਜਾਣ-ਬੁੱਝ ਕੇ ਪੰਜਾਬੀ ਨੂੰ ਹਿੰਦੀ-ਨੁਮਾ ਬਣਾ ਦਿੰਦਾ: ‘ਅਸੀਂ ਐਸੇ ਇਨਸਾਨ ਨਹੀਂ ਹੈ, ਸਾਹਿਬ| ਚਾਰ ਉਂਗਲੀ ਜੁਕਨੇ ਵਾਲੇ ਕੇ ਸਾਮ੍ਹਣੇ ਹਾਥ ਭਰ ਜੁਕਦੇ ਹੈਂ| ਇੱਕ ਇੰਚ ਸਿਰ ਉਪਰ ਉਠਾਣ ਵਾਲੇ ਦੇ ਸਾਮ੍ਹਣੇ ਤੀਨ ਫੁੱਟ ਸਿਰ ਉਪਰ ਉਠਾਦੇਂ ਹੈਂ| ਐਸੇ ਤਾਂ ਹਮ ਏਕ ਦਮ ਅਦਨਾ ਇਨਸਾਨ ਹੈਂ…ਏਕ ਦਮ ਮਾਮੂਲੀ ਆਦਮੀ|’
ਮੈਂ ਉਸ ਨੂੰ ਕਹਿੰਦਾ, ‘ਬਈ ਸ਼ਾਮ ਲਾਲ, ਜਦੋਂ ਤੂੰ ਪੰਜਾਬੀ ਵਿਚ ਚੰਗੀ-ਭਲੀ ਗੱਲ ਕਰ ਸਕਦੈਂ ਤਾਂ ਫਿਰ ਖਾਹ-ਮਖਾਹ ਬੇਰੜੀ ਜ਼ੁਬਾਨ ਕਿਉਂ ਬੋਲਣ ਲੱਗ ਪੈਂਦਾ ਹੈਂ|” ਮੈਨੂੰ ਲੱਗਦਾ ਉਹ ਆਖੇਗਾ…ਇੱਥੇ ਬਹੁਤ ਬੇਰੜੀ ਨਸਲ ਰਹਿੰਦੀ ਹੈ|
ਉਸ ਦਾ ਵਿਆਹ ਅਜੇ ਨਹੀਂ ਸੀ ਹੋਇਆ| ਇਸ ਬਾਰੇ ਮੈਂ ਕਦੇ ਜਾਣਕਾਰੀ ਲਈ ਵੀ ਨਹੀਂ ਸੀ| ਮੈਂ ਬਰਾਬਰ ਪਲੰਘ ਜਾਂ ਸੋਫੇ ’ਤੇ ਬੈਠਣ ਲਈ ਆਖਦਾ ਪਰ ਉਹ ਹੀਣਤਾ ਵੱਸ ਜਾਂ ਮੇਰੇ ਸਤਿਕਾਰ ਵਜੋਂ ਪਰ੍ਹੇ ਕੁਰਸੀ ’ਤੇ ਬੈਠਦਾ| ਮੈਂ ਉਸ ਨੂੰ ਚਾਹ ਫੜਾਉਂਦਾ| ਕਈ ਵਾਰ ਆਪ ਉਠ ਕੇ ਪਲੇਟ ਉਸ ਦੇ ਮੂਹਰੇ ਵੀ ਕਰ ਦਿੰਦਾ, ਪਰ ਉਸ ਨੇ ਕਦੇ ਵੀ, ਬਿਸਕੁਟ, ਖੋਏ ਦੀ ਪਿੰਨੀ, ਬਰਫੀ ਦਾ ਟੁਕੜਾ ਜਾਂ ਸਮੋਸਾ, ਆਪ ਨਾ ਚੁੱਕਿਆ| ਅੰਦਰੋਂ ਮੈਂ ਵੀ ਇਹੋ ਚਾਹੁੰਦਾ ਸਾਂ ਕਿ ਇਹ ਵਖਰੇਵਾਂ ਅਤੇ ਵਿੱਥ ਬਣੇ ਰਹਿਣ| ਉਹ ਸਾਡੇ ਦਫਤਰ ਦਾ ਚੌਥਾ ਦਰਜਾ ਕਰਮਚਾਰੀ ਹੀ ਤਾਂ ਸੀ ਤਾਂ ਵੀ ਉਸ ਤੋਂ ਕੰਮ ਲੈਣ ਲਈ, ਕਈ ਕਿਸਮ ਦੇ ਦਾਅ-ਪੇਚ ਅਤੇ ਚੁਸਤੀਆਂ ਵਰਤਣੀਆਂ ਪੈਂਦੀਆਂ ਸਨ|
‘ਦੇਖ ਬਈ, ਸ਼ਾਮ ਲਾਲ’ – ਮੈਂ ਪਲੇਟ ਵਿਚੋਂ ਇੱਕ ਪੀਸ ਚੁੱਕ ਕੇ ਉਸ ਦੇ ਹੱਥ ਫੜਾਉਂਦਾ ਆਖਦਾ- ‘ਦਫਤਰ ’ਚ ਤੂੰ ਮੇਰਾ ਮਾਤਹਿਤ ਹੈ, ਪਰ ਘਰ ਵਿਚ ਨਹੀਂ…ਘਰ ਵਿਚ ਸਭ ਬਰਾਬਰ ਹੁੰਦੇ ਹਨ…ਆਪਾਂ ਦੋਸਤ ਹਾਂ, ਭਾਈ-ਭਾਈ|’ ਫੇਰ ਵੀ ਮੇਰੇ ਹੱਥੋਂ ਚੀਜ਼ ਫੜਦਾ ਨਾ, ਸਗੋਂ ਦੇਵੀ ਮਾਤਾ ਦਾ ਪ੍ਰਸ਼ਾਦ ਲੈਣ ਵਾਲਿਆਂ ਵਾਂਗ ਦੋਵੇਂ ਹੱਥ ਪਸਾਰ ਲੈਂਦਾ: ‘ਨਹੀਂ ਸਾਹਿਬ ਫੇਰ ਵੀ ਆਪ ਬੜੇ ਆਦਮੀ ਹੋ- ਮੈਂ ਤਾਂ ਇੱਕ ਅਦਨਾ ਇਨਸਾਨ ਹਾਂ|’ ਉਹ ਆਖਦਾ|
ਬਹੁਤ ਦੇਰ ਤੱਕ ਬੱਚੇ ਨੂੰ ਖਿਡਾਉਂਦਾ ਰਹਿੰਦਾ| ਮੇਰੀ ਪਤਨੀ ਕੁਸ਼ੱਲਿਆ ਨੂੰ ਪਾਣੀ ਦੀਆਂ ਬਾਲਟੀਆਂ ਭਰ ਭਰ ਦਿੰਦਾ…ਕੱਪੜੇ ਧੁਆਉਂਦਾਂ…ਬਾਜ਼ਰੋਂ ਲੱਕੜਾਂ…ਸਬਜ਼ੀ ਲੈ ਆਉਂਦਾ…ਮੋਟੀਆਂ ਲੱਕੜਾਂ ਪਾੜ ਦਿੰਦਾ| ਕਈ ਵਾਰ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਕਿ ਉਹ ਮੇਰੀ ਪਤਨੀ ਵੱਲ, ਜਦੋਂ ਉਹ ਝੁਕ ਕੇ ਕੋਈ ਕੰਮ ਕਰ ਰਹੀ ਹੁੰਦੀ, ਉਸ ਦੀ ਕਮੀਜ਼ ਜਾਂ ਬਲਾਊਜ਼ ਹੇਠਾਂ ਨੂੰ ਹੋਇਆ ਹੁੰਦਾ, ਉਸ ਦੇ ਅੰਦਰ ਜਾਂ ਬਰਾ ਦੀਆਂ ਤਣੀਆਂ ਵੱਲ ਭੁੱਖੀਆਂ ਨਜ਼ਰਾਂ ਨਾਲ ਵੇਖੀ ਜਾਂਦਾ| ਮੈਨੂੰ ਖਿੱਝ ਤਾਂ ਆਉਂਦੀ ਪਰ ਟੋਕਿਆ ਕਦੇ ਵੀ ਨਾ| ਟੋਕਣ ਦੇ ਪ੍ਰਤਿਕਰਮ ਵਜੋਂ ਮੁਫਤ ਦਾ ਨੌਕਰ ਖੁੱਸ ਸਕਦਾ ਸੀ|
ਆਪਣੀ ਔਖ ਨੂੰ ਕਦੇ ਵਧਾ-ਚੜਾ ਕੇ ਨਹੀਂ ਸੀ ਦੱਸਦਾ, ਤਾਂ ਵੀ ਔਖ-ਸੌਖ ਦੱਸਣ ਸਮੇਂ ਕੁਝ ਅਜੇਹੇ ਸ਼ਬਦ ਵਰਤਦਾ ਕਿ ਸੁਣਨ ਵਾਲਾ ਪਸੀਜ ਜਾਂਦਾ|
‘ਮੈਨੂੰ ਤਾਂ ਖੈਰ ਮੁਅੱਤਲ ਕਰ ਦਿੱਤਾ ਪਰ ਉਮਰ ਭਰ ਆਦਮੀ ਦਾ ਬੱਚਾ ਯਾਦ ਤਾਂ ਕਰੂ ਬਈ ਸ਼ਾਮ ਲਾਲ ਨਾਲ ਪੰਜਾ ਪਿਆ ਸੀ|’ ਸ਼ਾਮ ਲਾਲ ਦੀ ਮੁਰਾਦ ਐਸ.ਡੀ.ਓ. ਤੋਂ ਸੀ ਜਿਸ ਦਾ ‘ਕੁੱਟ-ਕੁੱਟ ਕੇ’…ਉਸ ਦੇ ਆਪਣੇ ਸ਼ਬਦਾਂ ਵਿਚ ‘ਘੂਰ’ ਕੱਢ ਦਿੱਤਾ ਸੀ|
‘ਫੇਰ ਤਾਂ ਤੈਨੂੰ ਬੜੀਆਂ ਮੁਸ਼ਕਲਾਂ ਪੇਸ਼ ਆ ਰਹੀਆਂ ਹੋਣਗੀਆਂ?’ ਕੂਹਣੀਆਂ ਮੇਜ਼ ਉਪਰ ਟਿਕਾ, ਹੱਥਾਂ ਦੀਆਂ ਹਥੇਲੀਆਂ ਉਤੇ ਠੋਡੀ ਰੱਖੀ, ਮੈਂ ਉਸ ਦੇ ਧੁਆਂਖੇ ਪੀਲੇ ਚਿਹਰੇ ਨੂੰ ਇੱਕ ਟੱਕ ਤਰਸ ਨਾਲ ਵੇਖਦਾ ਰਿਹਾ|
‘ਇਹ ਕੀ ਪਹਿਲੀ ਵਾਰ ਹੋਇਐ, ਸਾਹਿਬ!’ ਤੀਜੀ ਵਾਰ ਸਸਪੈਂਡ ਹੋਇਆ ਹੈ| ਇਸੇ ਕਰਕੇ ਤਾਂ ਉਹ ਸਾਡੇ ਮਹਿਕਮੇ ਵਿਚ ਬੁਰੀ ਤਰ੍ਹਾਂ ਬਦਨਾਮ ਹੋ ਚੁੱਕਾ ਸੀ| ਉਸ ਦੇ ਇਸ ਕਿਸਮ ਦੇ ਸੁਭਾਅ ਦਾ ਵਿਸ਼ਲੇਸ਼ਣ ਕਰਨ ਲਈ ਮੈਂ ਉਸ ਦੇ ਜੀਵਨ ਦੀਆਂ ਉਹ ਘਟਨਾਵਾਂ ਯਾਦ ਕਰਨ ਲੱਗਾ ਜੋ ਉਹ ਕਈ ਵਾਰ ਭਾਵੁਕ ਹੋ ਕੇ ਸੁਣਾਇਆ ਕਰਦਾ ਸੀ-‘ਮੈਂ ਤਾਂ ਅਦਨਾ ਇਨਸਾਨ ਆਂ ਜੀ…ਪਰ ਉਇ ਨਹੀਂ ਅਖਵਾ ਸਕਦਾ| ਮੈਥੋਂ ਕੋਈ ਜੁੱਤੀ ਜਾਂ ਰੋਅਬ ਨਾਲ ਕੰਮ ਨਹੀਂ ਲੈ ਸਕਦਾ|’
ਜੀਵਨ ਦੀ ਸਭ ਤੋਂ ਪਹਿਲੀ, ਦਿਲਚਸਪ ਤੇ ਦਲੇਰ ਘਟਨਾ ਉਦੋਂ ਦੀ ਸੀ, ਜਦੋਂ ਉਹ ਹਾਲੇ ਦੂਜੀ ਵਿਚ ਹੀ ਪੜਦਾ ਸੀ| ਉਸ ਦਾ ਬਾਪ ਢਲਾਈ ਦੇ ਕਾਰਖਾਨੇ ਵਿਚ ਮਜ਼ਦੂਰੀ ਕਰਦਾ ਸੀ ਤੇ ਉਸ ਦੀ ਮਾਂ ਮੰਡੀ ਗੋਬਿੰਦਗੜ੍ਹ ਮਿਊਂਸਪਲ ਕਮੇਟੀ ਦੀ ਸਫਾਈ-ਸੇਵਿਕਾ ਸੀ| ਸ਼ਾਮੂ ਦਾ ਇੱਕ ਹਮ-ਜਮਾਤੀ ਮੁੰਡਾ ਰਾਮੇਸ਼ਵਰ ਸੀ ਜੋ ਉਸੇ ਸ਼ਹਿਰ ਵਿਚ ਲੱਗੇ ਥਾਣੇਦਾਰ ਦਾ ਪੁੱਤਰ ਸੀ, ਜੋ ਸਕੂਲ ਵਿਚ ਆਪਣੇ ਬਾਪ ਦੀ ਤਰ੍ਹਾਂ ਪੁਲਿਸ-ਅਫਸਰ ਦੀ ਭੂਮਿਕਾ ਅਦਾਅ ਕਰਦਾ ਸੀ| ਜਮਾਤ ਦਾ ਮਨੀਟਰ ਹੋਣ ਕਰਕੇ, ਅਧਿਆਪਕ ਦੀ ਗੈਰ-ਹਾਜ਼ਰੀ ਵਿਚ ਕੁਰਸੀ ’ਤੇ ਚੜ੍ਹ ਬੈਠਦਾ| ਸੁਆਲ ਬੋਲਦਾ, ਗਲਤੀ ਕਰਨ ਵਾਲੇ ਬੱਚੇ ਦੇ ਅਧਿਆਪਕ ਵਾਲਾ ਹੀ ਰੂਲ ਮਾਰਦਾ| ਬੱਚੇ ਉਸ ਕੋਲੋਂ ਅਧਿਆਪਕ ਤੋਂ ਵੀ ਜਿਆਦਾ ਤ੍ਰਹਿੰਦੇ| ਅੱਧੀ ਛੁੱਟੀ ਵੇਲੇ ਲਾਲਿਆਂ ਦੇ ਬੱਚਿਆਂ ਦੇ ਪਰਾਉਂਠੇ ਖੋਹ ਕੇ ਖਾ ਜਾਂਦਾ| ਇੱਕ ਦਿਨ ਉਸ ਨੇ ਸ਼ਾਮ ਲਾਲ ਦੇ ਵੀ ਥੱਪੜ ਮਾਰਿਆ| ਜਾਨ ਵਿਚ ਭਾਵੇਂ ਸ਼ਾਮੂ ਤਕੜਾ ਹੀ ਸੀ ਪਰ ਖਰੇ ਥਾਣੇਦਾਰੀ ਦੀ ਧੌਂਸ ਤੋਂ ਝਿਪ ਜਾਣ ਦੇ ਅਹਿਸਾਸ ਨੇ ਜਾਂ ਅਧਿਆਪਕ ਦੇ ਡਰ ਕਰਕੇ, ਵਿਰੋਧੀ ਉਤੇ ਝਪਟਣ ਦੀ ਇੱਛਾ ਦੇ ਬਾਵਜੂਦ ਅੰਗਾਂ ਨੇ ਉਸ ਦਾ ਸਾਥ ਨਾ ਦਿੱਤਾ| ਇੱਕ ਹੋਰ ਦਿਨ ਬੜਾ ਹੀ ਸੁਨਹਿਰੀ ਮੌਕਾ ਹੱਥ ਲੱਗਿਆ| ਆਪਣੀ ਗਲੀ ਦੇ ਮੋੜ ’ਤੇ ਜਾ ਰਹੇ ਰਾਮੇਸ਼ਵਰ ਦੇ ਸਿਰ ਵਿਚ ਰੋੜਾ ਮਾਰਨ ਦੀ ਦਲੇਰੀ ਕਰ ਲਈ ਪਰ ਐਨ ਮੌਕੇ ’ਤੇ ਉਸ ਦਾ ਦਿਲ ਫੜੱਕ-ਫੜੱਕ ਵੱਜਣ ਲੱਗ ਪਿਆ ਤੇ ਉਹ ਜ਼ੋਰ ਲਾ ਕੇ ਵੀ ਕੰਬਣੀ ’ਤੇ ਕਾਬੂ ਨਾ ਪਾ ਸਕਿਆ| ਘਰ ਆ ਕੇ ਉਹ ਬਦਲੇ ਦੀ ਅੱਗ ਵਿਚ ਸੜਦਾ ਇਹੋ ਸੋਚਦਾ ਰਿਹਾ ਕਿ ਉਸ ਨੂੰ ਘਬਰਾਉਣਾ ਨਹੀਂ ਸੀ ਚਾਹੀਦਾ|
ਅਗਲੇ ਦਿਨ ਹੀ ਰਾਮੇਸ਼ਵਰ ਨੇ ਉਸ ਨਾਲ ਸੁਲਾਹ ਕਰ ਲਈ ਸੀ| ਉਸੇ ਦਿਨ ਕਿਸੇ ਖਬਤੀ ਮੁੰਡੇ ਨੇ ਸਲੇਟਾਂ-ਫੱਟੀਆਂ ਭਿੜਾਉਣ ਦੀ ਖੇਡ ਦਾ ਮੁੱਢ ਬੰਨ੍ਹ ਦਿੱਤਾ| ਬਚਪਨ ਦੀਆਂ ਇਹ ਸੁਆਦਲੀਆਂ ਅਤੇ ਹਾਰ-ਜਿੱਤ ਦੇ ਅਹਿਸਾਸਾਂ ਨਾਲ ਭਰਪੂਰ ਘਟਨਾਵਾਂ ਨੇ ਸ਼ਾਮੂ ਦੀ ਸ਼ਖਸੀਅਤ ਦੀ ਨੀਂਹ ਵਿਚ ਪਹਿਲੀ ਇੱਟ ਰੱਖੀ ਸੀ| ਸ਼ਾਮੂ ਨੇ ਕਾਮੇ ਪਿਉ ਦੇ ਪੁੱਤ ਵਾਲੇ ਹੱਥਾਂ ਨਾਲ ਰਾਮੇਸ਼ਵਰ ਦੀ ਸਲੇਟ ਉਪਰ ਭਰਵਾਂ ਵਾਰ ਕੀਤਾ, ਤਾਂ ਪੁਲਿਸ ਅਫਸਰ ਦੀ ਖਰੀਦੀ ਸਲੇਟ ਅੱਧ ਤੱਕ ਵੱਢੀ ਗਈ, ਭਾਵੇਂ ਕਿ ਇੱਕ ਤਕੜਾ ਟੱਕ ਸ਼ਾਮੂ ਦੀ ਆਪਣੀ ਸਲੇਟ ਵਿਚ ਵੀ ਪੈ ਗਿਆ ਸੀ|
ਰਾਮੇਸ਼ਵਰ ਜੋ ਪਿਓ ਦੀ ਥਾਣੇਦਾਰੀ ਦੇ ਬਲ ਬੂਤੇ ਹਮੇਸ਼ਾ ਜਿੱਤਦਾ ਹੀ ਆਇਆ ਸੀ…ਕੰਮੀ ਹੱਥੋਂ ਹਾਰ ਨੂੰ ਸਹਿ ਨਾ ਸਕਿਆ| ਉਸ ਨੇ ਅੱਖੜ ਤੇ ਅਨਾੜੀ ਢੰਗ ਵਰਤਦਿਆਂ ਸ਼ਾਮੂ ਦਾ ਗਲ ਫੜ ਲਿਆ…‘ਸਾਲਿਆ ਚੂੜ੍ਹਿਆ!’ ਪੁਲਿਸ ਅਫਸਰ ਦੇ ਸਹਿਬਜ਼ਾਦੇ ਨੇ ਦੰਦ ਕਰੀਚੇ- ‘ਭੈਣ ਕੇ ਲਕੜੇ, ਤੈਨੂੰ ਚਖਾਉਨਾ ਮਜ਼ਾ…|’ ਬਾਪ ਵਾਲੇ ਵਚਨ-ਵਿਲਾਸ ਹੀ ਉਹ ਦੁਹਰਾਈ ਗਿਆ| ਸ਼ਾਮੂ ਬਚਾਅ ਵਿਚ ਪਿੱਛੇ-ਪਿੱਛੇ ਹਟਦਾ ਗਿਆ ਤੇ ਉਹ ਫੱਟੀਆਂ ਪੋਚਣ ਵਾਲੀ ਡਿੱਗੀ ਕੋਲ ਅੱਪੜ ਗਏ| ਰਾਮੇਸ਼ਵਰ ਹੁਣ ਤੱਕ ਉਸ ਦੇ ਦੋ ਤਿੰਨ ਥੱਪੜ ਜੜ ਚੁੱਕਾ ਸੀ ਤੇ ਹਰ ਵਾਰ ‘ਸਾਲਾ ਬਹਿਨ ਕਾ ਲਕੜਾ’ ਬੋਲ ਰਿਹਾ ਸੀ|
‘ਸਾਲਾ ਮੱਤ ਕਹੋ|’ ‘ਕਹੂੰਗਾ ਸਾਲੇ ਚੂੜ੍ਹੇ! ਤੇਰੀ ਬਹਿਨ ਕੀ…|’
‘ਮੈਂ ਤੇਰੀ ਭੈਣ ਦਾ ਖਸਮ ਆਂ…|’ ਸ਼ਾਮੂ ਨੇ ਉਸ ਨੂੰ ਡਿੱਗੀ ਵਿਚ ਚਲਾ ਮਾਰਿਆ- ‘ਬੋਲ! ਹੈ ਨਾਂ ਮੈਂ ਤੇਰੀ ਭੈਣ ਦਾ ਖਸਮ?’ ਉਹ ਚਿੰਘਾੜਿਆ ਸੀ ਅਤੇ ਕੁਝ ਹੀ ਸਕਿੰਟਾਂ ਵਿਚ ਬਸਤਾ ਚੁੱਕ ਕੇ ਘਰ ਨੂੰ ਦੌੜ ਗਿਆ ਸੀ| ਉਹ ਇੰਨਾ ਤੇਜ਼ ਦੌੜਿਆ ਸੀ ਕਿ ਮੁੜਕੇ ਨਾਲ ਉਸ ਦਾ ਕਮੀਜ਼ ਭਿੱਜ ਗਿਆ ਸੀ| ਜਦੋਂ ਕਦੇ ਇਸ ਘਟਨਾ ਦਾ ਚੇਤਾ ਆਉਂਦਾ ਤਾਂ ਰਾਮੇਸ਼ਵਰ ਨੂੰ ਚਿੱਕੜ ਵਿਚ ਲੱਥ-ਪੱਥ ਹੋਇਆ ਯਾਦ ਕਰਕੇ ਹੁਣ ਵੀ ਉਸ ਦੀ ਹਾਸੀ ਨਿਕਲ ਜਾਂਦੀ| ਉਸ ਦਿਨ ਤੋਂ ਉਸ ਦਾ ਡਰ ਤੇ ਸਹਿਮ ਚੁੱਕਿਆ ਗਿਆ ਸੀ, ਤੇ ਉਸ ਦੇ ਅੰਦਰ ਦਲੇਰ ਸ਼ਾਮੂ ਨੇ ਜਨਮ ਲੈ ਲਿਆ ਸੀ ਜਾਂ ਉਸ ਦਾ ਸੁੱਤਾ ਸ਼ਾਮੂ ਜਾਗ ਪਿਆ ਸੀ|
ਉਸ ਦੀਆਂ ਗੱਲਾਂ ਵਿਚ ਕਿੰਨਾ ਸੱਚ ਅਤੇ ਕਿੰਨਾ ਰਲਾ ਸੀ? – ਮੈਂ ਕਦੀ ਜਾਣਨ ਦਾ ਜਤਨ ਹੀ ਨਹੀਂ ਸੀ ਕੀਤਾ| ਮੈਂ ਉਸ ਦੀ ਹਰੇਕ ਗੱਲ ’ਤੇ ਇਤਬਾਰ ਕਰਦਾ ਆਇਆ ਸਾਂ|
ਉਸ ਦੱਸਿਆ ਕਿ ਬਾਪੂ ਉਸ ਨੂੰ ਸਕੂਲ ਛੱਡਣ ਗਿਆ ਤਾਂ ਛੇ ਦਿਨ ਲਗਾਤਾਰ ਗੈਰ-ਹਾਜ਼ਰ ਰਹਿਣ ਕਰਕੇ ਉਸ ਦਾ ਨਾਂ ਕੱਟਿਆ ਜਾ ਚੁੱਕਾ ਸੀ| ਅਧਿਆਪਕ ਨੇ ਉਸ ਨੂੰ ਦਾਖਲ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਸੀ- ‘ਇਹ ਪੜ੍ਹ ਨਹੀਂ ਸਕਦਾ…ਇਹ ਸ਼ਰਾਰਤੀ ਬੱਚਾ ਹੈ…ਇਕਦਮ ਖਬਤੀ| ਹਮੇਸ਼ਾ ਧਿਆਨ ਤਾਂ ਇਹਦਾ ਇਲੱਤਾਂ ਵਿਚ ਰਹਿੰਦੈ|’ ਹੰਝੂ ਜਿਵੇਂ ਉਸ ਦੀਆਂ ਅੱਖਾਂ ਵਿਚ ਸੁੱਕ ਗਏ ਸਨ| ਉਸ ਦਾ ਬਾਪ ਅਧਿਆਪਕ ਅਤੇ ਮੁੱਖ-ਅਧਿਆਪਕ ਦੇ ਤਰਲੇ-ਮਿੰਨਤਾਂ ਕਰ ਸ਼ਾਮੂ ਨੂੰ ਜਮਾਤ ਵਿਚ ਬਿਠਾ ਕੇ ਚਲਾ ਗਿਆ ਸੀ| ਰਾਮੇਸ਼ਵਰ ਉਸ ਦੇ ਸਾਮ੍ਹਣੇ ਅੱਖ ਨਹੀਂ ਸੀ ਚੁੱਕ ਰਿਹਾ| ਇਸੇ ਦੀ ਉਸ ਨੂੰ ਤਸੱਲੀ ਸੀ|
ਘਰ ਗਏ ਨੂੰ ਬਾਪ ਨੇ ਬੁੱਕਲ ਵਿਚ ਲੈ ਕੇ ਪਿਆਰ ਕੀਤਾ ਤਾਂ ਉਸ ਦੀਆਂ ਅੱਖਾਂ ’ਚੋਂ ਜਿਵੇਂ ਹੰਝੂਆਂ ਦੇ ਬੰਨ੍ਹ ਟੁੱਟ ਗਏ| ਬਾਪ ਨੇ ਸਮਝਾਇਆ…ਉਹ ਸਮਝ ਗਿਆ| ਸਰਸਵਤੀ ਦੇਵੀ ਦੀ ਸਹੁੰ ਖਵਾਈ…ਉਸ ਨੇ ਖਾ ਲਈ ਤੇ ਮੱਥਾ ਟੇਕ ਦਿੱਤਾ| ਤੇਜ਼ ਧੁਪ ਨੇ ਉਸ ਦੀਆਂ ਨਸਾਂ ਨੂੰ ਛੇੜਿਆ| ਉਸ ਨੂੰ ਪੜ੍ਹਨ ਦਾ ਭੁੱਸ ਪੈ ਗਿਆ| ਉਸ ਦਾ ਪਿਤਾ ਅੱਠਵੀਂ ਪੜ੍ਹਿਆ ਸੀ…ਉਸ ਨੂੰ ਘਰ ਪੜ੍ਹਾਉਣ ਲੱਗ ਪਿਆ| ਉਹ ਦਿਨਾਂ ’ਚ ਹੀ ਹੁਸ਼ਿਆਰ ਵਿਦਿਆਰਥੀ ਬਣ ਗਿਆ| ਰਾਮੇਸ਼ਵਰ ਦਾ ਹੋਰ ਵਿਦਿਆਰਥੀਆਂ ‘ਤੋਂ ਵੀ ਰੋਅਬ ਚੁੱਕਿਆ ਗਿਆ| ਉਸ ਦੀ ਹਸਤੀ ਖਤਮ ਹੋ ਗਈ| ਸ਼ਾਮੂ ਇਹ ਦਸਦਾ ਹੋਇਆ ਗਰਦਨ ਅਕੜਾ ਲੈਂਦਾ ਕਿ ਥਾਣੇਦਾਰ ਦੀ ਵਰਦੀ ਤੋਂ ਡਰਨ ਵਾਲਾ ਉਹ ਇੰਨਾ ਦਲੇਰ ਹੋ ਗਿਆ, ਉਸ ਨੂੰ ਜਿੱਤ ਦੇ ਅਹਿਸਾਸ ਨਾਲ ਹਿੰਮਤ ਤੇ ਬਲ ਮਿਲਿਆ ਕਿ ਉਹ ਥਾਣੇਦਾਰ ਦੇ ਸਟਾਰਾਂ ਨੂੰ ਨਿਧੱੜ ਹੋ ਕੇ ਵੇਖਦਾ ਰਹਿੰਦਾ| ‘ਜੀਂਦੇ ਰਹਿਣ ਲਈ ਕਿਸੇ ਹੋਰ ਦੀ ਧਿਰ ਤੱਕਣ ਦੀ ਲੋੜ ਨਹੀਂ…ਜਨਾਬ, ਆਪਣੀ ਧਿਰ ਆਪ ਬਣਨਾ ਪੈਂਦਾ ਹੈ’ ਉਹ ਆਖਿਆ ਕਰਦਾ ਸੀ|
ਪੰਜਵੀਂ ਦਾ ਉਸ ਨੇ ਹਾਲੇ ਇਮਤਿਹਾਨ ਵੀ ਨਹੀਂ ਸੀ ਦਿੱਤਾ ਕਿ ਉਸ ਦੇ ਬਾਪ ਦੀਆਂ ਦੋਵੇਂ ਬਾਂਹਾਂ ਪ੍ਰੈਸ ਵਿਚ ਆ ਗਈਆਂ| ਖੂਨ ਬਹੁਤ ਵਗ ਗਿਆ| ਉਸ ਨੂੰ ਸੁਣਿਆ-ਸੁਣਾਇਆ ਹੀ ਪਤਾ ਸੀ ਕਿ ਹਸਪਤਾਲ ’ਚੋਂ ਪੂਰਾ ਇਲਾਜ ਨਹੀਂ ਸੀ ਮਿਲਿਆ| ਡਾਕਟਰ ਪੰਜ ਸੌ ਰੁਪਿਆ ਮੰਗਦਾ ਸੀ| ਕਾਰਖਾਨੇ ਦੇ ਮਾਲਕਾਂ ਨੇ ਅੰਦਰੋਂ-ਅੰਦਰ ਮਿਲ ਕੇ ਉਸ ਨੂੰ ਖਤਮ ਹੋ ਜਾਣ ਦਿੱਤਾ| ਹੋਰ ਵੀ ਸ਼ੈਤਾਨੀ ਕੀਤੀ, ਕਿ ਉਸ ਨੇ ਇਸ ਨਾਂ ਦੇ ਬੰਦੇ ਨੂੰ ਆਪਣੇ ਕਾਰਖਾਨੇ ਵਿਚ ਕਦੀ ਰੱਖਿਆ ਹੀ ਨਹੀਂ…ਮੁਆਵਜ਼ਾ ਫੇਰ ਦੇਣਾ ਕਾਹਦਾ ਸੀ? ਅਸਲ ਵਿਚ ਘਣੀਏ ਦਾ ਨਾਂ ਕਿਸੇ ਜਾਅਲੀ ਰਜਿਸਟਰ ਵਿਚ ਦਰਜ ਸੀ, ਜੋ ਇੱਧਰ-ਉੱਧਰ ਕਰ ਦਿੱਤਾ ਗਿਆ ਸੀ ਜਾਂ ਸਾੜ ਦਿੱਤਾ ਗਿਆ ਸੀ| ਕਈ ਦਿਨ ਹਸਪਤਾਲ ਵਿਚ ਪਏ ਰਹਿਣ ਮਗਰੋਂ ਘਣੀਏ ਨੂੰ ਧੁਣਕ ਗਈ ਤੇ… ਯਾਦ ਕਰ ਕੇ ਸ਼ਾਮੂ ਕੰਬ ਜਾਂਦਾ| ਹੁਣ ਵੀ ਜੇਕਰ ਯਾਦ ਆ ਜਾਵੇ ਤਾਂ ਉਹ ਅੱਖਾਂ ਮੀਟ ਕੇ ਗੁੰਮ ਹੋ ਜਾਇਆ ਕਰਦਾ ਸੀ ਤੇ ਉਸ ਦੀ ਜੀਅ ਕਰਦਾ ਕਾਰਖਾਨੇ ਦੇ ਮਾਲਕ ਰਾਮੇਸ਼ਵਰ ਵਾਂਗ ਡਿੱਗੀ ਵਿਚ ਡੁਬੋ ਡੁਬੇ ਕੇ ਮਾਰੇ|
…ਤੇ ਫੇਰ ਭਾਗਵੰਤੀ, ਉਸ ਦੀ ਮਾਂ, ਆਪਣੇ ਭਾਗ ਲੁਟਾ ਕੇ ਗਰੀਬੀ ਦਾ ਸ਼ਾਖਸ਼ਾਤ ਚਿੰਨ੍ਹ ਬਣ ਗਈ|
‘ਬਾਬੂ ਜੀ!ੂ ਸ਼ਾਮੂ ਨੇ ਆਪਣੀ ਦਰਦ-ਕਹਾਣੀ ਦਸਦਿਆਂ ਕਿਵੇਂ ਕਰੁਣਾ ਉਪਜਾ ਦਿੱਤੀ ਸੀ – ‘ਜੇਕਰ ਤਸਵੀਰ ਦੇਖਣੀ ਹੁੰਦੀ ਤਾਂ ਉਸ ਟੈਮ ਭਾਗਵੰਤੀ ਦਾ ਚਿਹਰਾ ਵੇਖ ਲੈਂਦੇ|’ ਇਹ ਕਾਵਿਕ ਖਿਆਲ ਵੀ ਸ਼ਾਇਦ ਉਸ ਨੇ ਕਿਸੇ ਪੁਸਤਕ ’ਚੋਂ ਹੀ ਯਾਦ ਕਰ ਲਿਆ ਹੋਵੇ| ਉਸ ਦੱਸਿਆ ਕਿ ਜਦੋਂ ਉਸ ਦੀ ਮਾਂ ਦੇ ਸਿਰ ‘ਤੋਂ ਚੁੰਨੀ ਲਹਿ ਗਈ ਤਾਂ ਉਹ ਅਸਲੋਂ ਹੀ ਡਾਵਾਂਡੋਲ ਹੋ ਗਈ| ਸ਼ਾਮੂ ਤੋਂ ਛੋਟੀਆਂ ਦੋ ਕੁੜੀਆਂ ਨੂੰ ਵੀ ਪੜ੍ਹਨੋਂ ਹਟਾ ਕੇ ‘ਸਰਦਾਰ’ ਹੋਟਲ ਦੇ ਮਾਲਿਕ ਪਿਆਰਾ ਸਿੰਘ ਕੋਲ ਨੌਕਰ ਰਖਾ ਦਿੱਤਾ| ਫੁੱਲੇ ਸਰੀਰ ਤੇ ਢਿੱਲਕੀ ਗੋਗੜ ਵਾਲਾ ਪਿਆਰਾ ਸਿੰਘ, ਬੜਾ ਜ਼ਾਲਮ ਸੀ|
ਸ਼ਾਮੂ ਕੋਇਲਿਆਂ ਦੀ ਕਾਲਖ ਨਾਲ ਕਾਲਾ ਹੋਇਆ, ਲਪਕ ਲਪਕ ਕੇ, ਕਦੀ ਕੋਡਾ ਕਦੀ ਬੈਠ ਕੇ ਭਾਂਡੇ ਮਾਂਜਦਾ ਰਹਿੰਦਾ| ਅੰਗੀਠੀ ਤਿਆਰ ਕਰਦਾ| ਮੱਧਮ ਹੋਣ ’ਤੇ ਹੋਰ ਕੋਇਲੇ ਪਾਉਂਦਾ ਅਤੇ ਹੇਠਾਂ ਮੋਘੇ ਵਿਚ ਪੁਰਾਣਾ ਜੇਹਾ ਖੜ-ਖੜ ਕਰਦਾ ਪੱਖਾ ਰਖਦਾ| ਭਾਂਡੇ ਧੋਂਦਾ ਕਈ ਵਾਰ ਬਾਪ ਨੂੰ ਯਾਦ ਕਰਕੇ ਉਹ ਰੋ ਪੈਂਦਾ| ਕੂਹਣੀਆਂ ਅੱਖਾਂ ’ਤੇ ਰਗੜ ਕੇ, ਉਹ ਅੱਖਾਂ ਮੂਹਰੇ ਛਾ ਗਏ ਹੰਝੂਆਂ ਦੇ ਪਰਦੇ ’ਚੋਂ ਵੇਖਣ ਦਾ ਜਤਨ ਕਰਦਾ, ਜਿਵੇਂ ਕਿਤੇ ਭਾਂਡਿਆਂ ਉਪਰਲੇ ਧੱਬਿਆਂ ਵਿਚ ਹੀ ਉਸ ਦੇ ਮਰ ਗਏ ਬਾਪ ਘਣੀਏ ਦੀ ਮੂਰਤ ਹੋਵੇ|
ਮਾਲਕ ਕਿਤੇ ਉਰ੍ਹਾਂ-ਪਰ੍ਹਾਂ ਗਿਆ ਸੀ| ਸ਼ਾਮੂ ਨੇ ਦੂਜੇ ਨੌਕਰਾਂ ਤੋਂ ਅੱਖ ਬਚਾ ਕੇ ਗੁਲਾਬ-ਜਾਮਣ ਖਾਣ ਦਾ ਮਨ ਬਣਾਇਆ ਤਾਂ ਗੱਲੇ ਉਪਰ ਪਈ ਅਠਿਆਨੀ ‘ਤੇ ਉਸ ਦੀ ਨਜ਼ਰ ਪੈ ਗਈ| ਉਸ ਨੂੰ ਗੁਲਾਬ-ਜਾਮਣ ਨਾਲੋਂ ਅਠਿਆਨੀ ਦੀ ਕੀਮਤ ਵਧੇਰੇ ਜਾਪੀ| ਅਠਿਆਨੀ ਚੁੱਕ ਕੇ ਖੀਸੇ ਵਿਚ ਪਾ ਲਈ ਤੇ ਉਹ ਆਪਣੇ ਆਪ ਨੂੰ ਤਕੜਾ ਧਨਵਾਨ ਸਮਝਣ ਲੱਗ ਪਿਆ| ਉਸ ਨੇ ਕਈ ਵਾਰ ਖੀਸੇ ਵਿਚਲੇ ਸਿੱਕੇ ਨੂੰ ਟੋਹਿਆ ਅਤੇ ਲੁਕ-ਲੁਕ ਕੇ ਕਈ ਵਾਰ ਵੇਖਿਆ| ਉਸ ਨੇ ਇਹ ਸਿੱਕਾ ਫਰਸ਼ ’ਤੇ ਵਿਛੀ ਆਪਣੀ ਵਿਛਾਉਣੀ ਦੇ ਪਾਟੇ ਸੰਨ੍ਹ ਵਿਚ ਛੁਪਾ ਦਿੱਤਾ| ਰਾਤ ਨੂੰ ਸੌਣ ਲੱਗਿਆ ਜਾਂ ਸੁੱਤਿਆਂ ਉਠ ਕੇ ਵੀ ਉਸ ਨੇ ਕਈ ਵਾਰ ਮਾਣ-ਮੱਤੇ ਚਾਅ ਨਾਲ ਉਸ ਨੂੰ ਛੋਹਿਆ ਤੇ ਉਹ ਕਿਸੇ ਅਜੇਹੀ ਉਡੀਕ ਵਿਚ ਰਹਿੰਦਾ ਕਿ ਉਸ ਦਾ ਹੋਰ ਦਾਅ ਲੱਗ ਜਾਵੇ|
ਇੱਕ ਦਿਨ ਮਾਲਕ ਨੇ ਉਸ ਨੂੰ ਦੁਕਾਨ ਤੋਂ ਆਪਣੇ ਪੋਤਰੇ ਲਈ ਖਿਡੌਣਾ ਲੈਣ ਭੇਜਿਆ| ਜਦੋਂ ਦੁਕਾਨਦਾਰ ਅੰਦਰੋਂ ਖਿਡੌਣਾ ਲੈਣ ਗਿਆ ਤਾਂ ਸ਼ਾਮੂ ਨੇ ਅੱਖ ਬਚਾ ਕੇ ਕੁਝ ਭੁਕਾਨੇ ਚੁਰਾ ਲਏ| ਹੁਣ ਉਸ ਨੂੰ ਬਹੁਤ ਵਧੀਆ ਖੇਡ ਮਿਲ ਗਈ ਸੀ| ਉਹ ਰਾਤ ਨੂੰ ਜਾਂ ਕਈ ਵਾਰ ਅੰਦਰ ਲੁਕ ਕੇ ਖੀਸੇ ’ਚੋਂ ਭੁਕਾਨਾ ਕੱਢਦਾ| ਉਸ ਵਿਚ ਉਦੋਂ ਤੱਕ ਹਵਾ ਭਰੀ ਜਾਂਦਾ ਤੇ ਬਾਹਰ ਬੈਠੇ ਪਿਆਰਾ ਸਿੰਘ ਦੀ ਗੋਗੜ ਵੱਲ ਵੇਖਦਾ ਰਹਿੰਦਾ, ਜਦੋਂ ਤੱਕ ਉਸ ਦੀ ਠਾਹ ਨਾ ਬੋਲ ਜਾਂਦੀ| ਇਸ ਤਰ੍ਹਾਂ ਉਸ ਨੇ ਸਾਰੇ ਭੁਕਾਨੇ ਭੰਨ ਭੰਨ ਕੇ ਰਬੜਾਂ ਵਿਛਾਉਣੀਆਂ ਹੇਠ ਛੁਪਾ ਦਿੱਤੀਆਂ| ਹੁਣ ਜਦੋਂ ਉਸ ਦਾ ਜੀਅ ਕਰਦਾ ਰਬੜ ਦੀਆਂ ਮਟਾਂਡੀਆਂ ਬਣਾ ਬਣਾ ਭੰਨਦਾ ਰਹਿੰਦਾ ਤੇ ‘ਸਰਦਾਰ ਹੋਟਲ’ ਦੇ ਮਾਲਕ ਪਿਆਰਾ ਸਿੰਘ ਦੇ ਵੱਡੇ ਵੱਡੇ ਆਨਿਆਂ ਵੱਲ ਵੇਖਦਾ ਰਹਿੰਦਾ|
ਉਸ ਨੂੰ ਅਜੇ ਇਹ ਗੱਲ ਤਾਂ ਭੁੱਲੀ ਨਹੀਂ ਸੀ ਕਿ ਪਿਆਰਾ ਸਿੰਘ ਨੇ ਉਸ ਨੂੰ ਭਾਂਡੇ ਮਾਂਜਣੋਂ ਹਟਾ ਕੇ ਕੋਇਲੇ ਭੰਨਣ ਦਾ ਹੁਕਮ ਚਾੜ੍ਹ ਦਿੱਤਾ ਸੀ| ਕੋਇਲਿਆਂ ਦੀ ਢੇਰੀ ਉਤੇ ਉਹ ਕਿਸੇ ਮੌਜ ਜੇਹੀ ਵਿਚ ਲੱਤਾਂ ਨਿਸਾਲ ਕੇ ਬੈਠਾ, ਹਥੌੜੀ ਨਾਲ ਕੋਇਲੇ ਭੰਨ ਰਿਹਾ ਸੀ| ਉਸ ਦਾ ਹੱਥ ਖੀਸੇ ਵਿਚ ਪਿਆ| ਇੱਕ ਭੁਕਾਨੇ ਦੀ ਪਾਟੀ ਹੋਈ ਰਬੜ ਉਸ ਦੇ ਹੱਥ ਲੱਗੀ| ਉਸ ਨੇ ਮਟਾਂਡੀ ਬਣਾਈ ਤੇ ਮੱਥੇ ’ਤੇ ਰੱਖ ਕੇ ਭੰਨ ਦਿੱਤੀ|
‘ਉਇੰ ਸ਼ਾਮੂ ਕੇ ਬੱਚੇ!’ ਪਿਆਰਾ ਸਿੰਘ ਗਰਜਿਆ…ਜਲਦੀ ਕਰ ਜਲਦੀ, ਬਰਤਨ ਤੇਰਾ ਬਾਪ ਤਾਂ ਨਹੀਂ ਮਾਂਜੇਗਾ।’
‘ਮੇਰਾ ਬਾਪ ਤਾਂ ਨਹੀਂ ਮਾਂਜੇਗਾ, ਤੇਰਾ ਬਾਪ ਮੈਂ ਜ਼ਰੂਰ ਮਾਂਜਾਂਗਾ’- ਸ਼ਾਮੂ ਨੇ ਚਿੱਤ ਵਿਚ ਕਿਹਾ ਤੇ ਬੇ-ਪਰਵਾਹ ਮਟਾਂਡੀਆਂ ਬਣਾ ਬਣਾ ਭੰਨਦਾ ਰਿਹਾ| ‘ਉਇ ਸ਼ਾਮੂ ਕੇ ਬੱਚੇ! ਸੁਨਾ ਨਹੀਂ ਸਾਲੇ|’ ਪਿਆਰਾ ਸਿੰਘ ਉਸ ਵੱਲ ਉਲਰਿਆ…‘ਚਾਲੀ ਰੁਪਏ ਤਾਂ ਮਾਂ ਦੀ…।’
ਗੰਦੀ ਗਾਲ ਸੁਣ ਕੇ ਸ਼ਾਮੂ ਸਾਰੇ ਦਾ ਸਾਰਾ ਝੰਜੋੜਿਆ ਗਿਆ…‘ਗਾਲੀ ਨਾ ਦਿਉ, ਸਰਦਾਰ ਜੀ|’
‘ਚੱਲ ਉਇ! ਸਾਲੇ ਚੂੜ੍ਹੇ ਦਾ ਤੁਖਮ ਕਿਵੇਂ ਭੂਤਰਦਾ ਜਾਂਦੈ!’ ਪਿਆਰਾ ਸਿੰਘ ਥਾਂਏੇਂ ਬੈਠਾ ਭੁੜਕਿਆ|
ਸ਼ਾਮੂ ਨੇ ਥਾਂਏ ਕੁੜਤੇ ਦਾ ਪੱਲਾ ਚੁੱਕ ਦਿੱਤਾ…‘ਸਾਲਾ ਤੂੰ, ਸਰਦਾਰ ਜੀ’…‘ਤੁੰਖਮ’ ਸ਼ਬਦ ਦੀ ਉਸਨੂੰ ਸਮਝ ਤਾਂ ਨਾ ਪਈ ਪਰ ਬਦਲੇ ਦੀ ਭਾਵਨਾ ਇੰਨੀ ਪਰਬਲ ਹੋ ਚੁੱਕੀ ਸੀ ਕਿ ਉਹ ਕਹਿ ਗਿਆ…‘ਤੂੰ ਮੇਰਾ ਤੁੰਖਮ|’ ਸ਼ਾਮੂ ਦੇ ਉਚੇ-ਨੀਵੇਂ ਵਿਰਲੇ ਦੰਦ ਕੁਢੱਬੀ ਤਰ੍ਹਾਂ ਬਾਹਰ ਨਿਕਲ ਆਏ…ਉਸ ਦਾ ਸਾਵਲਾ ਅਤੇ ਬਦਰੂਪ ਚਿਹਰਾ ਅਣਖ ਅਤੇ ਗੈਰਤ ਦਾ ਚਿੰਨ੍ਹ ਬਣ ਗਿਆ ਦਿੱਸਦਾ ਸੀ|
ਮਾਲਕ ਨੇ ਚਿਮਟਾ ਵਗਾਹ ਕੇ ਮਾਰਿਆ ਜੋ ਸ਼ਾਮੂ ਦੀ ਪੁੜਪੁੜੀ ’ਤੇ ਵੱਜਾ…‘ਸਾਲਾ ਮਾਂ ਦਾ ਖੰਸਮ’- ਸ਼ਾਮੂ ਨੂੰ ਅੱਧ-ਪਚੱਧ ਹੀ ਸੁਣਿਆ ਕਿ ਉਹ ਗੇੜਾ ਖਾ ਕੇ ਜ਼ਮੀਨ ’ਤੇ ਡਿੱਗ ਪਿਆ| ਉਸ ਤੋਂ ਬਾਅਦ ਤਾਂ ਜੇ ਕੁਝ ਯਾਦ ਸੀ ਤਾਂ ਸਿਰਫ ਇੰਨਾ ਕਿ ਉਸ ਦੀ ਮਾਂ ਸੱਟ ਵਾਲੀ ਥਾਂ ’ਤੇ ਟਕੋਰ ਕਰ ਰਹੀ ਸੀ|
ਸਰਦਾਰ ਨੇ ਭਾਗਵੰਤੀ ’ਤੇ ਤਿੰਨ ਸੌ ਰੁਪਏ ਦਾ ਕੇਸ ਕਰ ਦਿੱਤਾ| ਜਿਵੇਂ ਉਸ ਨੂੰ ਕਮੇਟੀ ਦੇ ਪ੍ਰਧਾਨ ਅੱਗੇ ਗਿੜ-ਗਿੜਾਉਣਾ ਪਿਆ ਅਤੇ ਜਿਵੇਂ ਉਹਦੀ ਵਿਚੋਲਗੀ ਵਿਚ ਪਿਆਰਾ ਸਿੰਘ ਦੀਆਂ ਮਿੰਨਤਾਂ ਤਰਲੇ ਕਰਦਿਆਂ ਵਾਰ ਵਾਰ ਚੁੰਨੀ ਉਸ ਦੇ ਪੈਰਾਂ ਵਿਚ ਰੱਖਣੀ ਪਈ…ਅੱਖੀ ਵੇਖ ਕੇ ਬਾਲ-ਮਨ ’ਤੇ ਛੁਰੀਆਂ ਫਿਰ ਫਿਰ ਜਾਣ|
ਇੱਥੋਂ ਨੌਕਰੀ ਖੁੱਸ ਜਾਣ ਮਗਰੋਂ ਸ਼ਾਮੂ ਨੇ ਕਈ ਕੁਝ ਬਣਨਾ ਚਾਹਿਆ| ਸਭ ਤੋਂ ਪਹਿਲਾਂ ਤਾਂ ਉਸ ਨੇ ਪਿਆਰਾ ਸਿੰਘ ਤੋਂ ਬਦਲਾ ਲੈਣਾ ਚਾਹਿਆ ਪਰ ਇਸ ਦਾ ਕੋਈ ਢੰਗ-ਤਰੀਕਾ ਨਾ ਅਹੁੜਿਆ| ਚੋਰ ਬਣ ਕੇ ਪਿਆਰਾ ਸਿੰਘ ਦੇ ਘਰ ਨੂੰ ਸੰਨ੍ਹ ਲਾਉਣ ਦਾ ਵਿਚਾਰ ਉਸ ਦੇ ਦਿਮਾਗ ਵਿਚ ਆਇਆ…ਗੰਢ-ਕਤਰਾ ਬਣ ਕੇ ‘ਸਰਦਾਰ ਹੋਟਲ’ ਦੇ ਮਾਲਿਕ ਦੀ ਜੇਬ ਕੱਟਣੀ ਚਾਹੀ…ਨਿੱਕੇ ਮੋਟੇ ਮਾਅਰਕੇ ਮਾਰੇ ਵੀ ਪਰ ਉਹ ਪਿਆਰਾ ਸਿੰਘ ਨੂੰ ਕੋਈ ਨੁਕਸਾਨ ਨਾ ਪਹੁੰਚਾ ਸਕਿਆ…ਫਿਰ ਵੀ ਉਹ ਸ਼ਹਿਰ ਵਿਚ ਮਸ਼ਹੂਰ ਹੋ ਗਿਆ| ਇੱਕ ਵਾਰ ਫੜਿਆ ਗਿਆ| ਤਜਰਬਾ ਘੱਟ ਸੀ| ਪਹਿਲੀਆਂ ’ਚ ਹੀ ਇਕਬਾਲ ਕਰ ਲਿਆ| ਚੜ੍ਹਾਵਾ ਚੜ੍ਹਾਉਣ ਦੀ ਜਾਚ ਨਹੀਂ ਸੀ|
ਇੱਕ ਸਿਪਾਹੀ ਦੀ ਪੂਰੀ ਗੱਲ ਬੇਸ਼ੱਕ ਨਹੀਂ ਸੀ ਦੱਸੀ ਪਰ ਉਸ ਦੇ ਬੋਲਾਂ ਤੋਂ ਪੁਲਸ ਦੇ ਅਖੌਤੀ ਸਮਾਜ-ਸੁਧਾਰ ਰਵਈਏ ਪ੍ਰਤੀ ਨਫਰਤ ਦਾ ਪ੍ਰਗਟਾਵਾ ਜ਼ਰੂਰ ਹੁੰਦਾ ਸੀ| ਸਿਪਾਹੀ ਨੇ ਉਸ ਨਾਲ ਬਹੁਤ ਬਦਸਲੂਕੀ ਅਤੇ ਅਣਮਨੁੱਖੀ ਵਰਤਾਉ ਕੀਤਾ ਸੀ| ਮੈਂ ਹੈਰਾਨ ਸਾਂ ਪੁਲਸੀਏ ਇੰਨੀਆਂ ਗੰਦੀਆਂ ਕਰਤੂਤਾਂ ਵੀ ਕਰ ਸਕਦੇ ਨੇ|
ਉਸ ਨੇ ਪੁਲਿਸ ਵਾਲਿਆਂ ਤੋਂ ਬਦਲਾ ਲੈਣ ਲਈ ਹੋਰ ਵੱਡੀਆਂ ਮੱਲਾਂ ਮਾਰਨੀਆਂ ਚਾਹੀਆਂ ਪਰ ਉਸ ਅੰਦਰਲੇ ਸ਼ਾਮੂ ਨੇ ਉਸ ਦਾ ਸਾਥ ਨਾ ਦਿੱਤਾ ਅਤੇ ਦੂਜੇ ਮਾਂ ਨੇ ਉਸ ਦੀ ਵੇਲੇ ਸਿਰ ਰਹਿਨੁਮਾਈ ਕੀਤੀ| ਕਮੇਟੀ ਦੇ ਪ੍ਰਧਾਨ ਦੇ ਪੈਰੀਂ ਡਿੱਗਦੀ ਚੁੰਨੀ ਵੇਖ ਕੇ ਸ਼ਾਮੂ ਨੂੰ ਇੱਕ ਵਾਰ ਮਾਂ ’ਤੇ ਤਰਸ ਆ ਗਿਆ ਅਤੇ ਉਸ ਦੀਆਂ ਅੱਖਾਂ ’ਚੋਂ ਹੰਝੂ ਵਹਿ ਤੁਰੇ| ਉਹ ਉਸ ਦੇ ਆਖੇ ਲੱਗ ਕੇ ਸੌ ਰੁਪਿਆ ਮਹੀਨੇ ’ਤੇ ਪ੍ਰਧਾਨ ਦੀ ਮੱਝ ਅਤੇ ਮੁਰਗੀਖਾਨੇ ਦੀ ਸੰਭਾਲ ਲਈ ਰਜ਼ਾਮੰਦ ਹੋ ਗਿਆ, ਪਰ ਮੌਕਾ ਮਿਲਦੇ ਹੀ ਉਹ ਆਪਣੇ ਪੁਰਾਣੇ ਸਾਥੀਆਂ ਨਾਲ ਜਾ ਰਲਦਾ| ਜੇ ਕਰ ਜੇਬ ਵਿਚ ਪੈਸੇ ਹੁੰਦੇ ਤਾਂ ਜੂਏ ਵਿਚ ਹਾਰ ਜਾਂਦਾ| ਕਈ ਵਾਰ ਸ਼ਰਾਬ ਪੀ ਕੇ ਘਰ ਆਇਆ| ਮਾਂ ਲੜਦੀ| ਇੱਕ ਦਿਨ ਮਾਂ ਨੇ ਸੰਦੂਕ ਵਿਚ ਟੱਕਰ ਮਾਰੀ ਤੇ ਉਸ ਦੇ ਬਾਪ ਦਾ ਨਾਂ ਲੈ ਲੈ ਕੇ ਕੀਰਨੇ ਪਾਉਣ ਲੱਗੀ| ਕੁੜੀਆਂ ਵਿਚ ਚੀਕ-ਚਿਹਾੜਾ ਮੱਚ ਗਿਆ ਤੇ ਘਰ ਦੀ ਸੋਗਮਈ ਹਾਲਤ ਉਤੇ ਸ਼ਾਮੂ ਪਸੀਜ ਗਿਆ, ‘ਅੱਛਾ ਮਾਂ, ਇਉ ਨਾ ਰੋ ਮੇਰਾ ਚਿੱਤ ਘਟਦੈ| ਅੱਜ ਤੋਂ ਬਾਅਦ ਮੈਂ ਕੋਈ ਗਲਤੀ ਕਰਕੇ ਘਰ ਨਹੀਂ ਆਵਾਂਗਾ|’ ਉਸ ਨੇ ਰੋਂਦੀ ਮਾਂ ਨੂੰ ਚੁੱਪ ਕਰਾ ਕੇ ਵਾਅਦਾ ਕੀਤਾ ਜੋ ਮਹੀਨੇ ਕੁ ਮਗਰੋਂ ਅਜੇਹਾ ਟੁੱਟਿਆ ਕਿ ਮੁੜ ਕੇ ਨਾ ਗੰਢਿਆ ਗਿਆ|
ਉਨ੍ਹਾਂ ਦਿਨਾਂ ਵਿਚ ਹੀ ਛੋਟੀ ਭੈਣ ਬਿਮਾਰ ਹੋ ਗਈ| ਸਿਰ ਕੀ ਦੁਖਿਆ ਕਿਸੇ ਡਾਕਟਰ ਤੋਂ ਵੀ ਇਲਾਜ ਨਾ ਹੋ ਸਕਿਆ, ਤੇ ਅਖੀਰ ਦੂਜੇ ਦਿਨ ਉਹ ਮਰ ਗਈ| ਸ਼ਾਮੂ ਚਿਲਾਇਆ| ਅੱਖਾਂ ਵਿਚ ਘਸੁੰਨ ਦੇ ਕੇ ਉਚੀ ਉਚੀ ਚੀਕਾਂ ਛੱਡੀਆਂ|
ਛੇ ਮਹੀਨੇ ਵੀ ਨਾ ਬੀਤੇ, ਦੂਜੀ ਭੈਣ ਦੀ ਅਣਆਈ ਮੌਤ ਨੇ ਉਸ ਨੂੰ ਸਮਾਜਕ ਅਨਿਆਂ ਵਿਰੁੱਧ ਚੇਤੰਨ ਕੀਤਾ, ਜਿਸ ਦੀ ਮੌਤ ਹੁਣ ਵੀ ਇੱਕ ਤਰ੍ਹਾਂ ਨਾਲ ਰਹੱਸ ਬਣੀ ਹੋਈ ਸੀ| ਉਸ ਦੀ ਲਾਸ਼ ਨੂੰ ਲਾਵਾਰਸ ਕਹਿ ਕੇ ਕਿਸੇ ਦੂਰ ਦੇ, ਸ਼ਾਇਦ ਫਿਰੋਜ਼ਪੁਰ ਦੇ ਹਸਪਤਾਲ ਵਿਚ, ਫੂਕ ਦਿੱਤਾ ਗਿਆ ਸੀ| ਕਈ ਕਿਸਮ ਦੀਆਂ ਕਹਾਣੀਆਂ ਤੁਰੀਆਂ ਸਨ| ਚੌਥਾ ਦਰਜਾ ਕਰਮਚਾਰੀ ਯੂਨੀਅਨ ਨੇ ਰੈਲੀਆਂ ਕੀਤੀਆਂ, ਜਲੂਸ ਕੱਢੇ, ਧਰਨੇ ਦਿੱਤੇ, ਪਰ ਇਸ ਗੱਲ ਦਾ ਪਤਾ ਲੱਗ ਜਾਣ ’ਤੇ ਵੀ- ਕਿ ਕਿਵੇਂ ਅਤੇ ਕਿਹੜੇ ਕਿਹੜੇ ਪਤਵੰਤੇ ਤੇ ਮੁਹਤਬਰ ਵਿਅਕਤੀ ਉਸ ਦੀ ਮੌਤ ਦਾ ਕਾਰਨ ਬਣੇ ਸਨ, ਕੋਈ ਕਾਰਵਾਈ ਨਾ ਹੋਈ| ਪਹਿਲਾਂ ਕਿਸੇ ਦਾਈ ਕੋਲ, ਫੇਰ ਖੰਨੇ ਦੇ ਕਿਸੇ ਪ੍ਰਾਈਵੇਟ ਡਾਕਟਰ ਅਤੇ ਅਖੀਰ ਫਿਰੋਜ਼ਪੁਰ ਦੇ ਈਸਾਈ ਹਸਪਤਾਲ ਵਿਚ ਉਸ ਨੂੰ ਦਾਖਲ ਕਰਾਇਆ| ਪਤਵੰਤਿਆਂ ਨੇ ਵੱਡੇ ਤੋਂ ਵੱਡੇ ਅਫਸਰ ਦੇ ਮੂੰਹ ਵਿਚ ਹੱਡ ਦੇ ਦਿੱਤਾ ਤਾਂ ਕੇਸ ਖੁਰਦ-ਬੁਰਦ ਕਰਕੇ ਗੱਲ ਠੱਪ ਦਿੱਤੀ|
ਬੇਸਹਾਰਾ ਮਾਂ ਦੀਆਂ ਨਸੀਹਤਾਂ ਮੂਹਰੇ ਸ਼ਾਮੂ ਦੇ ਅੰਦਰਲੇ ਮਨੁੱਖ ਨੇ ਇੱਕ ਵਾਰ ਫੇਰ ਆਪਣੇ ਵਿਰੋਧੀ ਤੋਂ ਹਥਿਆਰ ਸੁਟਾ ਲਏ| ਚੌਥਾ ਦਰਜਾ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਅਤੇ ਕਮੇਟੀ ਦੇ ਪ੍ਰਧਾਨ ਦੇ ਆਖੇ-ਵੇਖੇ ਹੀ ਉਸ ਨੇ ਰੁਜ਼ਗਾਰ ਦਫਤਰ ਵਿਚ ਨਾਂ ਦਰਜ ਕਰਵਾ ਦਿੱਤਾ| ਨਾਂ ਨਿਕਲ ਆਇਆ| ਬਿਜਲੀ ਬੋਰਡ ਦੇ ਮਲੇਰਕੋਟਲੇ ਦੇ ਉਪ-ਮੰਡਲ ਦਫਤਰ ਵਿਚ ਕਮੇਟੀ ਦੇ ਪ੍ਰਧਾਨ ਦਾ ਭਣੌਈਆ, ਮਿੱਤਲ ਸਾਹਿਬ, ਐਸ.ਡੀ.ਓ. ਤਬਦੀਲ ਹੋ ਕੇ ਆਇਆ ਸੀ| ਉਸ ਨੇ ਮਾਲੀ ਕਮ ਵਾਟਰਮੈਨ ਦੀ ਖਾਲੀ ਅਸਾਮੀ ’ਤੇ ਸ਼ਾਮ ਲਾਲ ਨੂੰ ਰਖ ਲਿਆ| ਭਲਾ ਹੋਵੇ ਕਮੇਟੀ ਪ੍ਰਧਾਨ ਤੇ ਉਸ ਦੇ ਭਣੌਈਏ ਦਾ ਜਿਨ੍ਹਾਂ ਇੱਕ ਮਾਂ ਦੀਆਂ ਆਂਦਰਾਂ ਠਾਰ ਦਿੱਤੀਆਂ ਤੇ ਉਸ ਦੀਆਂ ਉਮੀਦਾਂ ਨੂੰ ਫਲ ਲਾਇਆ|
ਸ਼ਾਮੂ ਦੀ ਦਾਸਤਾਨ ਮੇਰੇ ਲਈ ਤਾਂ ਜ਼ਿੰਦਗੀ ਦਾ ਇੱਕ ਅਹਿਮ ਕਾਂਡ ਸੀ, ਇੱਕ ਅਧਿਆਇ| ਬੇਸ਼ੱਕ ਮੈਂ ਵੀ ਉਨ੍ਹਾਂ ਵਿਚੋਂ ’ਚੋਂ ਹੀ ਸਾਂ ਜੋ ਦੂਜਿਆਂ ਦੀ ਬਹਾਦਰੀ ਦੇ ਕਾਰਨਾਮੇ ਜਾਂ ਇਮਾਨਦਾਰੀ ਦੇ ਸੋਹਿਲੇ ਤਾਂ ਗਾ ਸਕਦੇ ਹਨ ਪਰ ਉਵੇਂ ਅਮਲ ਨਹੀਂ ਕਰ ਸਕਦੇ, ‘ਫਲਾਣਾ ਬੜਾ ਦਲੇਰ ਹੈ, ਫਲਾਂ ਆਦਮੀ ਬੜਾ ਲੱਠਾ ਹੈ, ਫਲਾਂ ਆਦਮੀ ਬੜਾ ਹੀ ਸੱਚਾ-ਸੁੱਚਾ ਅਤੇ ਨੇਕੀ ਦਾ ਪੁਤਲਾ ਹੈ|’- ਆਦਿ ਸ਼ਬਦਾਂ ਦੀ ਕਮਜ਼ੋਰ ਸ਼ਖਸੀਅਤਾਂ ਨੂੰ ਹੀ ਲੋੜ ਪੈਂਦੀ ਹੈ ਜੋ ਦੂਜਿਆਂ ਦੀਆਂ ਸਿਫਤਾਂ ਦੇ ਪੁਲ ਬੰਨ੍ਹ ਕੇ ਝੂਠੀ ਤਸੱਲੀ ਪ੍ਰਾਪਤ ਕਰਦੇ ਹਨ ਪਰ ਮੈਨੂੰ ਤਾਂ ਸ਼ਾਮੂ ਨਾਲ ਸੱਚੀ ਹਮਦਰਦੀ ਸੀ|
ਸ਼ਾਮੂ ਕੰਮ ਦਾ ਸਚਿਆਰਾ ਸੀ, ਉਹ ਬੂਟੇ ਦੀ ਨਿੱਕੇ ਬੱਚਿਆਂ ਵਾਂਗ ਪਾਲਣਾ ਕਰਦਾ| ਇਹ ਖਿਆਲ ਰਖਦਾ ਕਿ ਕਿਹੜੇ ਬੂਟੇ ਨੂੰ ਅੱਜ ਭਲਕ ਫੁੱਲ ਨਿਕਲਣ ਵਾਲਾ ਹੈ ਤੇ ਕਿਹੜੇ ਨੂੰ ਨਿਕਲ ਆਇਆ ਹੈ| ਉਸ ਨੂੰ ਫੁੱਲਾਂ ਬਾਰੇ ਕਈ ਕਵਿਤਾਵਾਂ ਤੇ ਲੋਕ-ਗੀਤ ਯਾਦ ਸਨ, ਵਿਸ਼ਾ ਭਾਵੇਂ ਵਾਸ਼ਨਾਂ ਹੀ ਸੀ- ਜੋ ਹਾਣੀਆਂ ਦੀ ਢਾਣੀ ਵਿਚ ਮੌਜ ਵਿਚ ਤੇ ਚੋਰੀ ਚੋਰੀ ਗਾਏ ਜਾ ਸਕਦੇ ਸਨ| ਕਈ ਕਰਮਚਾਰੀ ਮੱਛਰ ਜਾਂਦੇ ਤੇ ਬੂਟਿਆਂ ਦੇ ਉਹਲੇ ਬੈਠ ਕੇ ਉਸ ਤੋਂ ਕਵਿਤਾਵਾਂ ਤੇ ਗੀਤ ਸੁਣਦੇ| ਜਿੰਨਾ ਚਿਰ ਮਿੱਤਲ ਸਾਹਿਬ ਉਸ ਦਫਤਰ ਵਿਚ ਰਹੇ- ਸ਼ਾਮੂ ਨੇ ਚਿੱਤ ਲਾ ਕੇ ਨੌਕਰੀ ਕੀਤੀ ਤੇ ਦੋ ਤਿੰਨ ਸਾਲਾਂ ਵਿਚ ਹੀ ਉਹ ਪੱਕਾ ਹੋ ਗਿਆ|
ਇੱਕ ਕੁਰਖਤ ਆਦਮੀ ਦੇ ਨਿਰਮਤਾ ਵਾਲੇ ਪੱਖ ਨੂੰ ਸਮਝਣ ਵਿਚ ਕੀ ਮੈਂ ਇਸੇ ਕਰਕੇ ਕਾਮਯਾਬ ਰਿਹਾ ਕਿ ਨਾਵਲਾਂ ਵਿਚ ਇਹੋ ਜੇਹੇ ਪਾਤਰਾਂ ਨਾਲ ਵਾਪਰਦੇ ਦੁਖਾਂਤ ਪੜ੍ਹ ਕੇ ਮਨ ਝੰਜੋੜਿਆ ਜਾਂਦਾ ਸੀ| ਜਦੋਂ ਮੈਂ ਦਸਵੀਂ ਕੀਤੀ ਹੀ ਸੀ ਤਾਂ ਅੱਧੀ ਅੱਧੀ ਰਾਤ ਤੱਕ ਰੁਮਾਂਟਿਕ ਨਾਵਲਾਂ ਵਿਚਲੇ ਨਾਇਕ-ਨਾਇਕਾਵਾਂ ਦੇ ਦੁਖਾਂਤ ਅਤੇ ਗੁਣਾਂ-ਔਗੁਣਾਂ ਵਾਲੇ ਚਰਿੱਤਰ ਪੜ੍ਹ ਕੇ ਰੋਂਦਾ ਰਹਿੰਦਾ ਸਾਂ| ਉਦੋਂ ਮੈਨੂੰ ਦੁਖਾਂਤ ਨਾਵਲ ਹੀ ਚੰਗੇ ਲੱਗਦੇ ਸਨ ਜੋ ਪਾਠਕ ਨੂੰ ਰੁਆ ਦੇਣ| ਰੋਣ ਵਿਚ ਵੀ ਬੜਾ ਅਨੰਦ ਹੁੰਦਾ ਸੀ, ਕਿਉਂਕਿ ਨਾਇਕ ਦੇ ਪਾਤਰ ਯਥਾਰਥ ਨਾਲ ਇੱਕ-ਮਿੱਕ ਹੋ ਕੇ ਉਸ ਦਾ ਦੁਖ ਆਪਣਾ ਲੱਗਦਾ ਸੀ| ਸ਼ਾਮ ਲਾਲ ਵੀ ਮੈਨੂੰ ਉਨ੍ਹਾਂ ਰਚਨਾਵਾਂ ਦਾ ਜਿਉਂਦਾ ਜਾਗਦਾ ਪਾਤਰ ਲੱਗਦਾ ਸੀ|
ਐਸ.ਡੀ.ਓ. ਮਿੱਤਲ ਸਾਹਿਬ ਦੇ ਤਬਦੀਲ ਹੋ ਜਾਣ ਬਾਅਦ ਕਈ ਬਾਬੂ ਜਾਂ ਤਾਂ ਮੇਰੇ ਨਾਲ ਸਾੜਾ ਕਰਨ ਲੱਗ ਪਏ ਜਾਂ ਸ਼ਾਮੂ ਦੀ ਨੋਕਾ-ਟੋਕੀ ਕਰੀ ਜਾਇਆ ਕਰਨ| ਸਭ ਤੋਂ ਘਿਣਾਉਣੀ ਗੱਲ ਇਹ ਸੀ ਕਿ ਉਹ ਸ਼ਾਮੂ ਦੀਆਂ ਮੇਰੀ ਪਤਨੀ ਕੁਸ਼ੱਲਿਆ ਨਾਲ ਗੱਲਾਂ ਬਣਾਉਣ ਲੱਗ ਪਏ ਸਨ| ਇਹ ਗੱਲਾਂ ਹੁੰਦੀਆਂ ਸਾਡੀ ਪਿੱਠ ਪਿੱਛੇ ਸਨ, ਨਹੀਂ ਤਾਂ ਮੇਰੇ ਹੁੰਦਿਆਂ ਹੀ ਪਤਾ ਨਹੀਂ ਕੀ ਨਤੀਜਾ ਨਿਕਲਦਾ| ਇੱਕ ਬਾਬੂ ਨੇ ਜਾਣ-ਬੁੱਝ ਕੇ ਉਸ ਨੂੰ ਬਾਜ਼ਾਰੋਂ ਆਟਾ ਅਤੇ ਸਬਜ਼ੀ ਲਿਆਉਣ ਲਈ ਕਿਹਾ| ਸ਼ਾਮੂ ਨੇ ਜਵਾਬ ਦੇ ਦਿੱਤਾ| ਬਾਬੂ ਨੇ ਰੋਅਬ ਪਾਇਆ ਤਾਂ ਸ਼ਾਮ ਲਾਲ ਆਕੜ ਗਿਆ, ‘ਬਾਬੂ ਜੀ!’ ਉਸ ਨੇ ਵਿਰਲੇ, ਉਚੇ-ਨੀਵੇਂ, ਕਰੇੜੇ ਵਾਲੇ ਦੰਦ ਵਿਖਾਏ- ‘ਦਫਤਰ ਦਾ ਕੰਮ ਹੋਵੇ ਤਾਂ ਸਿਰ ਮੱਥੇ ਕਰਨ ਨੂੰ ਤਿਆਰ ਹਾਂ ਪਰ ਇਹ ਕੰਮ ਮੇਰੀ ਸਰਵਿਸ ਬੁੱਕ ਵਿਚ ਨਹੀਂ ਲਿਖਿਆ, ਅਤੇ ਨਾ ਹੀ ਅਪਾਇੰਟਮੈਂਟ ਆਰਡਰ ਵਿਚ ਹੀ ਲਿਖਿਆ ਹੋਇਆ ਹੈ|’
‘ਕੁਸ਼ੱਲਿਆ ਦੇ ਪੇਟੀਕੋਟ ਨਾਲ ਬੱਝਣਾ ਬੰਚੂ, ਆਰਡਰ ਜਾਂ ਸਰਵਿਸ ਵਿਚ ਲਿਖਿਆ ਹੈ|’ ਇਹ ਗੱਲ ਉਸ ਨੇ ਮੇਰੇ ਕੋਲ ਪਹਿਲਾਂ ਕਿਉਂ ਨਾ ਦੱਸੀ?- ਮੈਂ ਸੋਚਿਆ|
‘ਬਕਵਾਸ ਕਰ ਬੰਦ ਕਰੋ ਬਾਬੂ ਜੀ! ਉਹ ਮੇਰੀ ਮਾਵਾਂ ਜੈਸੀ ਹੈ’ ਉਸ ਨੇ ਆਪ ਹੀ ਖੁੰਬ ਠੱਪ ਦਿੱਤੀ ਸੀ। ‘ਫੇਰ ਤਾਂ ਦੁੱਧ ਵੀ ਚੁੰਘਾਉਂਦੀ ਹੋਵੇਗੀ|’ ਤੇ ਸ਼ਾਮ ਲਾਲ ਹੋਰ ਸਹਿ ਨਾ ਸਕਿਆ| ਉਹ ਬਾਬੂ ਨੂੰ ਮਾਰਨ ਪੈ ਗਿਆ ਪਰ ਵਿਚ-ਵਿਚਾਲਾ ਹੋ ਗਿਆ|
ਉਸ ਤੋਂ ਬਾਅਦ ਹੋਰ ਕਲਰਕ ਵੀ ਉਸ ਦੇ ਖੱਤੇ ਪੈ ਗਏ ਅਤੇ ਤੰਗ ਕਰਨ ਵਾਲੀ ਕੋਈ ਕਸਰ ਨਾ ਛੱਡੀ| ਉਸ ਦੇ ਹਰੇਕ ਕੰਮ ਵਿਚ ਨੁਕਸ ਕੱਢ ਦਿੰਦੇ| ਵਾਹ ਲੱਗਦੀ ਨਵੇਂ ਸਾਹਿਬ- ‘ਬਰਾੜ ਸਾਹਿਬ’ ’ਤੋਂ ਝਾੜਾਂ ਪੁਆ ਦਿੰਦੇ| ਦਫਤਰ ਨਾਲ ਸਬੰਧਤ ਕੰਮਾਂ ਵਿਚ ਅੜਿੱਕੇ ਡਾਹੇ ਜਾਣ ਲੱਗ ਪਏ| ਉਹ ਹਰ ਰੋਜ਼ ਸ਼ਿਕਾਇਤਾਂ ਲੈ ਕੇ ਬਹਿ ਜਾਇਆ ਕਰੇ| ਉਸ ਦਾ ਇੰਕਰੀਮੈਂਟ ਲਾਉਣ ਬਾਰੇ ਸਬੰਧਤ ਕਲਰਕ ਨੂੰ ਕਹਿਣ ਵਿਚ ਮੈਨੂੰ ਆਪਣੀ ਹੱਤਕ ਲੱਗਦੀ| ਵਾਹ ਲੱਗਦੀ ਮੈਂ ਉਨ੍ਹਾਂ ਦਾ ਕੰਮ ਲਮਕਾ ਦਿੰਦਾ| ਸਬੰਧਤ ਕਲਰਕ ਨੇ ਉਸ ਦੇ ਜੀ.ਪੀ.ਐਫ. ਦੇ ਹਿਸਾਬ-ਕਿਤਾਬ ਵਿਚ ਗੜਬੜ ਕਰ ਦਿੱਤੀ ਤੇ ਉਸ ਨੂੰ ਨੰਬਰ ਵੀ ਗਲਤ ਦੇ ਦਿੱਤਾ| ਇੰਕਰੀਮੈਂਟ ਲੱਗ ਚੁੱਕਣ ਬਾਅਦ ਉਸ ਦਾ ਬਣਦਾ ਬਕਾਇਆ ਨਾ ਕਢਾਇਆ ਅਤੇ ਇੱਕ ਮਹੀਨੇ ਦੀ ਉਸ ਦੀ ਪੂਰੀ ਤਨਖਾਹ ਟਾਇਮ-ਬਾਰ ਹੋ ਗਈ| ਇਹੋ ਜੇਹੀਆਂ ਅਨੇਕਾਂ ਗੱਲਾਂ ਸਨ ਜੋ ਕੰਡੇ ਵਾਂਗ ਉਸ ਦੇ ਸੀਨੇ ਵਿਚ ਰੜਕ ਪੈਦਾ ਕਰਦੀਆਂ ਸਨ|
ਮੈਂ ਚਿਰਾਕਾ ਘਰ ਮੁੜਿਆ ਸਾਂ| ਸ਼ਾਮ ਲਾਲ ਮੇਰੇ ਜਾਣ ਤੋਂ ਪਹਿਲਾਂ ਹੀ ਘਰ ਅਪੱੜਿਆ ਹੋਇਆ ਸੀ| ਉਸ ਨੂੰ ਅਜੇਹੀ ਮੁਦਰਾ ਵਿਚ ਖੜ੍ਹਾ ਵੇਖ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ| ਖਾਸ ਕਰਕੇ ਜਿਵੇਂ ਕੁਸ਼ੱਲਿਆ ਉਸ ਦੇ ਨੇੜੇ ਖੜੀ ਸੀ ਤੇ ਸ਼ਾਮ ਲਾਲ ਦਾ ਸਿਰ ਉਸ ਦੇ ਮੋਢੇ ’ਤੇ ਝੁਕਿਆ ਲੱਗਦਾ ਸੀ| ਉਨ੍ਹਾਂ ਦਾ ਇੱਕ ਦੂਜੇ ਦੇ ਐਨਾ ਨੇੜੇ ਹੋਣਾ ਮੈਨੂੰ ਬਰਦਾਸ਼ਤ ਕਰਨਾ ਔਖਾ ਹੋ ਗਿਆ ਸੀ| ਮੇਰੇ ਕੋਲ ਅਜੇਹੀ ਸਥਿਤੀ ’ਚੋਂ ਨਿਕਲਣ ਦਾ ਕੋਈ ਰਾਹ ਵੀ ਨਹੀਂ ਸੀ| ਜਦ ਮੈਂ ਕੁਝ ਦੂਜੇ ਪਾਸਿਉਂ ਨਿਗਾਹ ਮਾਰੀ ਤਾਂ ਵੇਖਿਆ ਕਿ ਕੁਸ਼ੱਲਿਆ ਨੇ ਉਸ ਦੇ ਮੋਢੇ ’ਤੇ ਹੱਥ ਰੱਖਿਆ ਹੋਇਆ ਸੀ ਤੇ ਸ਼ਾਮ ਲਾਲ ਨੇ ਐਨ ਉਸ ਦੀ ਛਾਤੀ ਦੇ ਨੇੜੇ ਜਾਂ ਸ਼ਾਇਦ ਉਪਰ ਹੀ ਗਰਦਨ ਝੁਕਾਈ ਹੋਈ ਸੀ| ਇਹ ਮੈਂ ਚੰਗੀ ਤਰ੍ਹਾਂ ਅੰਦਾਜ਼ਾ ਨਹੀਂ ਸਾਂ ਲਗਾ ਸਕਿਆ| ਹਾਂ ਇਸ ਨਾਲ ਮੇਰਾ ਗੁੱਸਾ ਹੋਰ ਵੀ ਭੜਕ ਪਿਆ ਸੀ| ਮੇਰੇ ਦਿਮਾਗ ਨੂੰ ਇਕਦਮ ਹੀ ਕੁਝ ਪੁੱਠੀਆਂ-ਸਿੱਧੀਆਂ ਸੋਚਾਂ ਨੇ ਝਟਕਾ ਦਿੱਤਾ| ਸਾਈਕਲ ਕੰਧ ਨਾਲ ਹੀ ਖੜ੍ਹਾ ਕੇ ਮੈਂ ਦੁਚਿੱਤੀ ਅਤੇ ਕਾਹਲ ਵਿਚ ਉਨ੍ਹਾਂ ਦੇ ਕੋਲ ਗਿਆ ਤਾਂ ਮੇਰੀ ਪਤਨੀ ਸ਼ਾਮੂ ਨੂੰ ਦਿਲਬਰੀਆਂ ਦੇ ਰਹੀ ਸੀ| ਉਸ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹੋਈਆਂ ਸਨ- ਦੋ ਧਾਰਾਂ ਬਰਾਬਰ ਉਸ ਦੀਆਂ ਗੋਲ ਅਤੇ ਗੋਰੀਆਂ ਗੱਲ੍ਹਾਂ ਤੋਂ ਹੁੰਦੀਆਂ ਠੋਡੀ ‘ਤੋਂ ਹੇਠਾਂ ਡਿੱਗ ਰਹੀਆਂ ਸਨ| ਉਸ ਦੇ ਸ਼ੁਰਖੀ ਲੱਗੇ ਬੁਲ੍ਹ ਕੰਬ ਰਹੇ ਸਨ| ਜਦ ਮੈਂ ਸ਼ਾਮ ਲਾਲ ਵੱਲ ਵੇਖਿਆ ਤਾਂ ਉਹ ਕੁਸ਼ੱਲਿਆ ਤੋਂ ਬਹੁਤਾ, ਪਾਗਲਾਂ ਵਾਂਗ ਰੋ ਰਿਹਾ ਸੀ| ਉਸ ਦੇ ਮੋਢੇ ਉਸ ਦੇ ਹਉਂਕਿਆਂ ਨਾਲ ਹਿੱਲਣ ਲੱਗ ਪਏ ਸਨ ਤੇ ਛਾਤੀ ਝਟਕੇ ਨਾਲ ਕਦੇ ਬਾਹਰ ਉਭਰਦੀ ਕਦੇ ਵਿਚ ਨੂੰ ਵੜਦੀ| ਸ਼ਾਇਦ ਉਹ ਮੇਰੀ ਹੋਂਦ ਮਹਿਸੂਸ ਕਰ ਕੇ ਹੀ ਹੋਰ ਉਚੀ ਉਚ ਰੋਣ ਲੱਗ ਪਿਆ ਸੀ, ਜਿਵੇਂ ਖਿਝਿਆ ਜਾਂ ਘੂਰ ਤੋਂ ਗੁੱਸੇ ਹੋਇਆ ਉਹ ਦੋ ਕੁ ਸਾਲ ਦਾ ਬੱਚਾ ਹੋਵੇ| ਉਸ ਦੀਆਂ ਉਚੀਆਂ-ਉਚੀਆਂ ਭੁੱਬਾਂ ਕਰਕੇ ਉਸ ਦਾ ਮੂੰਹ ਖੁੱਲ੍ਹਾ ਤੇ ਕਰੇੜੇ ਵਾਲੇ ਦੰਦਾਂ ਵਿਚਕਾਰ ਰਾਲ ਅਟਕੀ ਹੋਈ ਸੀ|
‘ਵਿਚਾਰੇ ਦੀ ਮਾਂ ਮਰ ਗਈ!’ ਕੁਸ਼ੱਲਿਆ ਨੇ ਚਿਹਰਾ ਚੁੰਨੀ ਨਾਲ ਸਾਫ ਕੀਤਾ ਤਾਂ ਬੁੱਲ੍ਹ ਵੀ ਪੂੰਝੇ ਜਾਣ ਕਰਕੇ ਕੁਝ ਥਾਵਾਂ ‘ਤੋਂ ਸੁਰਖੀ ਮੱਧਮ ਪੈ ਗਈ, ‘ਕੁਝ ਵੀ ਨਹੀਂ ਰਿਹਾ ਵਿਚਾਰੇ ਗਰੀਬ ਦਾ’…ਮੇਰੀ ਪਤਨੀ ਦਾ ਗਲਾ ਭਰ ਗਿਆ…‘ਜਦੋਂ ਆਉਣਾ, ਕਿਸੇ ਕੰਮ ਨੂੰ ਹੱਥ ਨਾ ਲਾਉਣ ਦੇਣਾ…‘ਨਹੀਂ ਬੀਬੀ ਜੀ! ਤੁਸੀਂ ਕੁੱਕੀ ਕੋਲ ਬੈਠ…ਮੈਂ ਕਰਦੀ ਆਂ ਸਾਰਾ ਕੰਮ’… ਕਿੱਧਰ ਕੱਪੜੇ ਧੋ ਜਾਣੇ…ਕਿੱਧਰ ਭਾਂਡੇ ਮਾਂਜ ਜਾਣੇ…ਪਲਾਂ ਵਿਚ ਹੀ ਅੰਗੀਠੀ ਤੇ ਚੁੱਲ੍ਹੇ ਨੂੰ ਪੋਚਾ ਫੇਰ ਜਾਣਾ…ਕਿੰਨੀ ਚੰਗੀ ਸੀ…ਬਣ ਜਾਣੈ ਐਨੀ ਸਚਿਆਰੀ ਕਿਸੇ ਨੇ…ਵਿਚਾਰੀ ਦੁਖਾਂ ’ਚ ਦਿਨ ਪੂਰੇ ਕਰ ਗਈ|’ ਕੁਸ਼ੱਲਿਆ ਨੇ ਹਉਕਿਆਂ ਵਿਚ ਗੱਲ ਮੁਕਾਈ|
ਮੈਂ ਪੱਥਰ ਦਾ ਬੁੱਤ ਬਣਿਆ ਸੁਣਦਾ ਰਿਹਾ, ‘ਅੱਛਾ!’ ਮੇਰੇ ਅੰਦਰੋਂ ਹਉਕਾ ਨਿਕਲਿਆ, ‘ਜੋ ਭਗਵਾਨ ਨੂੰ ਮਨਜ਼ੂਰ ਭਾਈ…ਜੋ ਹੋ ਗਿਆ, ਖਿੜੇ ਮੱਥੇ ਸਹਿਣਾ ਪਊ ਸੱਤ ਕਰ ਕੇ’ ਮੈਂ ਉਸ ਨੂੰ ਫੜ ਕੇ ਕਮਰੇ ਵਿਚ ਲੈ ਆਇਆ…‘ਕੁਦਰਤ ਮੂਹਰੇ, ਭਾਈ ਕੀਹਦਾ ਜ਼ੋਰ ਐ?’ ਮੈਨੂੰ ਇਹ ਸ਼ਬਦ ਯਾਦ ਨਹੀਂ ਕਰਨੇ ਪਏ-‘ਹੁਣ ਤਾਂ ਸਬਰ ਦਾ ਘੁੱਟ ਭਰੇ ਹੀ ਸਰੂ, ਭਾਈ ਸੱਜਣਾ|’
ਕੁਸ਼ੱਲਿਆ ਚਾਹ ਦੇ ਗਈ| ਸ਼ਾਮ ਲਾਲ ਰੋਣੋਂ ਹੱਟ ਗਿਆ ਸੀ| ਉਹ ਪੱਥਰਾਈਆਂ ਅੱਖਾਂ ਨਾਲ ਚਾਹ ਵੱਲ ਵੇਖਦਾ ਰਿਹਾ, ਫੂਕਾਂ ਮਾਰਦਾ, ਸੁੜ੍ਹਾਕਦਾ ਰਿਹਾ ਤੇ ਮੈਂ ਬਰਾਬਰ ਉਸ ਦੇ ਕਾਲੇ ਤੇ ਬਦਰੂਪ ਹੋ ਗਏ ਚਿਹਰੇ ਵੱਲ ਵੇਖਦਾ ਰਿਹਾ| ਪੁੱਛਣ ’ਤੇ ਉਸ ਦੱਸਿਆ ਕਿ ਮਾਂ ਬਿਮਾਰ ਤਾਂ ਹੋਈ ਹੀ ਨਹੀਂ ਸੀ| ਬੱਸ ਰਾਤੀਂ ਪਹਿਲਾਂ ਪੇਟ ਵਿਚ ਦਰਦ ਹੋਇਆ ਤੇ ਪਲਾਂ ਵਿਚ ਹੀ ਠੰਢੀ ਹੋ ਗਈ| ਡਾਕਟਰ ਵੀ ਆ ਗਿਆ ਸੀ ਪਰ ਉਹ ਕਹਿ ਗਿਆ ਕਿ ਇਸ ਵਿਚ ਤਾਂ ਕੁਝ ਨਹੀਂ| ਇਹ ਦੱਸਦਾ ਉਹ ਫੇਰ ਫਿੱਸ ਪਿਆ|
ਉਸ ਤੋਂ ਬਾਅਦ ਉਹ ਬਾਰਾਂ ਦਿਨਾਂ ਦੀ ਛੁੱਟੀ ਚਲਾ ਗਿਆ| ਉਸ ਨੇ ਕਿਸੇ ਹੋਰ ਨਾਲ ਗੱਲ ਵੀ ਨਾ ਕੀਤੀ, ਸਿਰਫ ਸਾਹਿਬ ਨੂੰ ਹੀ ਛੁੱਟੀ ਦਾ ਕਾਰਨ ਦੱਸਿਆ| ਹੋਰ ਕਿਸੇ ਨੂੰ ਦੱਸਣ ਦਾ ਮਤਲਬ ਤਾਂ ਫੋਕੀ ਹਮਦਰਦੀ ਦੀ ਝਾਕ ਕਰਨਾ ਸੀ| ਉਸ ਦੀ ਮਾਂ ਦੇ ਬਾਰੇ ’ਤੇ ਮੈਂ ਤੇ ਕੁਸ਼ੱਲਿਆ ਗਏ ਤੇ ਸੌ ਰੁਪਿਆ ਉਸ ਦੀ ਮੱਦਦ ਲਈ ਵੀ ਦਿੱਤਾ ਸੀ|
‘ਸ਼ਾਮ ਲਾਲ, ਸੁਣੋ ਬਈ! ਹੁਣ ਆਪਣੇ ਮਨ ’ਤੇ ਬਹੁਤਾ ਭਾਰ ਨਾ ਪਾਵੀਂ| ਜੋ ਹੋਣਾ ਸੀ, ਹੋ ਗਿਆ, ਉਸ ਨੂੰ ਮੇਟਿਆ ਤਾਂ ਨਹੀਂ ਜਾ ਸਕਦਾ|’ ਉਹ ਬੁੱਤ ਬਣਿਆ ਖੜ੍ਹਾ ਰਿਹਾ ਸੀ। ‘ਸੱਤ ਐ ਜੀ!’ ਉਸ ਨੇ ਪੂਰਾ ਜ਼ੋਰ ਦੇ ਕੇ ਸਿਰਫ ਇੱਕ ਵਾਰ ਹੀ ਮੂੰਹ ਖੋਲਿ੍ਹਆ ਸੀ|
‘ਅੱਛਾ…!’ ਮੈਂ ਕਿਹਾ ਤਾਂ ਉਸ ਨੇ ਸਿਰ ਨੀਵਾਂ ਸਿੱਟੇ ਹੋਏ ਹੀ ਦੋਵੇਂ ਹੱਥ ਜੋੜ ਲਏ ਸਨ| ਉਹ ਸ਼ਾਇਦ ਇਸ ਦੀ ਉਮੀਦ ਹੀ ਲਾਈ ਖੜ੍ਹਾ ਸੀ ਕਿ ਕੁਸ਼ੱਲਿਆ ਉਸ ਦੀ ਪਿੱਠ ’ਤੇ ਹੱਥ ਰੱਖੇਗੀ| ਜਦੋਂ ਕੁਸ਼ੱਲਿਆ ਨੇ ਇਉਂ ਕੀਤਾ ਤਾਂ ਉਹ ਉਸ ਦੇ ਮੋਢੇ ਵੱਲ ਸਿਰ ਝੁਕਾ ਕੇ ਉਚੀ-ਉਚੀ ਰੋ ਪਿਆ|
‘ਦਿਲ ਰਖੋ ਬਈ, ਰੋਣ ਨਾਲ ਤਾਂ ਕੁਝ ਨਹੀਂ ਬਣਦਾ| ਦੱਸ, ਆਉਂਦੈ ਹੱਥ ਪੱਲੇ? ਜੇ ਆਉਣਾ ਹੁੰਦਾ ਤਾਂ ਬਾਰਾਂ ਦਿਨ ਰੋ ਕੇ ਵੇਖ ਲਿਆ ਦੱਸ ਫੇਰ ਕਿਹੜਾ ਮੁੜ ਆਈ ਮਾਂ?’ ਕੁਸ਼ੱਲਿਆ ਨੇ ਸਾੜੀ ਦੇ ਪੱਲੇ ਨਾਲ ਅੱਖਾਂ ਪੂੰਝੀਆਂ…‘ਦੱਸ ਕਿਹੜਾ ਹਾਕ ਮਾਰ ਲੈਣੀ ਐ?’ ਕੁਸ਼ੱਲਿਆ ਉਸ ਦੀ ਪਿੱਠ ਪਲੋਸਦੀ ਰਹੀ|
ਮੈਂ ਕਈ ਵਾਰ ਸੋਚਿਆ ਕਰਦਾ ਸਾਂ ਕਿ ਅੱਖੜ, ਅਨਾੜੀ, ਝਗੜਾਲੂ ਅਤੇ ਹਰੇਕ ਦੇ ਮੂਹਰੇ ਕੰਧ ਵਾਂਗ ਖੜ੍ਹ ਜਾਣ ਵਾਲਾ ਸ਼ਾਮੂ ਕਿੰਨਾ ਨਰਮ ਚਿੱਤ ਸੀ| ਅਸਲ ਵਿਚ ਉਹ ਸੱਚੀ ਹਮਦਰਦੀ ਦਾ ਭੁੱਖਾ ਸੀ, ਜੋ ਮੁੱਲ ਨੂੰ ਵੀ ਨਹੀਂ ਸੀ ਮਿਲਦੀ|
ਮੇਰੀ ਉਥੋਂ ਬਦਲੀ ਹੋ ਗਈ| ਉਸ ਤੋਂ ਮਗਰੋਂ ਮੇਰੀ ਤਰੱਕੀ ਹੋ ਗਈ ਅਤੇ ਮੈਨੂੰ ਸਹਾਇਕ ਸੁਪਰਿਨਟੈਂਡੈਂਟ ਦੀ ਕੁਰਸੀ ਮਿਲ ਗਈ| ਕੁਝ ਚਿਰ ਬਾਅਦ ਮੈਨੂੰ ਬੱਸ ਇੰਨਾ ਹੀ ਪਤਾ ਲੱਗ ਸਕਿਆ ਕਿ ਉਸ ਦੀ ਬਦਲੀ ਪ੍ਰਬੰਧਕੀ ਆਧਾਰ ’ਤੇ ਕਿਤੋਂ ਦੂਰ ਦੀ ਹੋ ਗਈ ਹੈ|
ਅੱਜ ਅਚਾਨਕ ਉਸ ਨੂੰ ਮਿਲ ਕੇ ਉਸ ਦਾ ਜੀਵਨ ਮੇਰੀਆਂ ਯਾਦਾਂ ’ਚੋਂ ਬਹੁਤ ਤੇਜ਼ੀ ਨਾਲ ਵਿਚਰ ਗਿਆ| ਚਾਹ ਵਾਲੇ ਨੇ ਕਾਫੀ ਦੇਰ ਲਗਾ ਦਿੱਤੀ ਭੱਠੀ ਬਹਿ ਗਈ ਸੀ ਤੇ ਉਹ ਕੋਇਲੇ ਪਾ ਕੇ ਗੱਤੇ ਦੀ ਝੱਲ ਨਾਲ ਮਘਾਈ ਜਾਂਦਾ ਸੀ, ਮੈਂ ਸੋਚੀਂ ਪਿਆ ਹੋਇਆ ਸਾਂ ਕਿ ਸ਼ਾਮੂ ਦਾ ਜੀਵਨ ਸੱਚੀਂ-ਮੁੱਚੀਂ ਦੀ ਵਿਥਿਆ ਨਾ ਹੋ ਕੇ ਕਿਸੇ ਨਾਵਲ ਜਾਂ ਫਿਲਮ ਦੀ ਕਹਾਣੀ ਹੋਵੇਗੀ| ‘ਅਛੂਤ ਸਮਝੇ ਜਾਂਦੇ ਲੋਕਾਂ ’ਚ ਇੰਨੀ ਗੈਰਤਮੰਦ ਸ਼ਖਸੀਅਤ ਕਿਵੇਂ ਪੈਦਾ ਹੋ ਗਈ?’ ਮੇਰੇ ਕੋਲ ਇਸ ਪ੍ਰਸ਼ਨ ਦਾ ਕੋਈ ਉਤਰ ਨਹੀਂ ਸੀ|
ਕੰਟੀਨ ਦਾ ਨੌਕਰ ਹੋਰ ਗਾਹਕਾਂ ਨੂੰ ਚਾਹ ਦੇ ਗਿਆ ਅਤੇ ਜੂਠੇ ਭਾਂਡੇ ਚੁੱਕ ਕੇ ਲੈ ਗਿਆ| ਸਾਡੇ ਵੱਲ ਜਿਵੇਂ ਉਸ ਦਾ ਧਿਆਨ ਹੀ ਨਹੀਂ ਸੀ| ਮੈਨੂੰ ਉਸ ਉਤੇ ਗੁੱਸਾ ਆਈ ਜਾਏ| ਮੈਂ ਉਚੀ ਆਵਾਜ਼ ਵਿਚ ਕਿਹਾ, ‘ਓ ਬਈ! ਅਸੀਂ ਦੋ ਕੱਪ ਚਾਹ ਕਹੀ ਸੀ|’ ਮੇਰੀ ਆਵਾਜ਼ ਸੁਣ ਕੇ ਭੱਠੀ ਦੇ ਮਾਲਕ ਨੇ ਇਕਦਮ ਪਿਛਾਂਹ ਨਿਗਾਹ ਭੰਵਾਈ, ‘ਕਿੰਨੇ ਦੋ ਕੱਪ?’ ਉਸ ਨੇ ਉਲਟਾ ਪੁੱਛਿਆ–‘ਹੁਣੇ ਆਉਂਦੀ ਹੈ ਸਾਹਿਬ|’
‘ਚਾਰ ਸਮੋਸੇ ਵੀ ਭੇਜ ਦਈਂ ਗਰਮ ਗਰਮ- ਕਿੰਨਾ ਚਿਰ ਹੋ ਗਿਆ ਹੈ ਬੈਠਿਆਂ ਨੂੰ|’ ਬਗੈਰ ਪਿੱਛੇ ਵੇਖਿਆ ਹੀ ‘ਅੱਛਾ ਸਾਹਿਬ’ ਕਿਹਾ|
‘ਕਿਆ ਸ਼ਾਦੀ-ਵਾਦੀ ਹੋ ਗਈ ਥੀ?’ ਮੈਂ ਪਤਾ ਨਹੀਂ ਕਿਵੇਂ ਇਹ ਪ੍ਰਸ਼ਨ ਪੁੱਛ ਗਿਆ…ਉਹ ਵੀ ਆਪਣੀ ਮਾਂ-ਬੋਲੀ ਛੱਡ ਕੇ| ਇਸ ਪ੍ਰਸ਼ਨ ਦੇ ਫੌਰਨ ਬਾਅਦ ਹੀ ਤੇਜ਼ੀ ਨਾਲ ਮੇਰੇ ਦਿਮਾਗ ਵਿਚ ਇਸ ਦਾ ਉਤਰ ਵੀ ਆਪੇ ਹੀ ਘੁੰਮ ਗਿਆ…‘ਹੋਰ ਹੁਣ ਤੱਕ ਕੁਆਰਾ ਹੋਵੇਗਾ’
‘ਹਾਂ ਸਾਹਬ ਤਿੰਨ ਬੱਚੇ ਵੀ ਨੇ…ਆਪ ਕੀ ਕਿਰਪਾ ਸੇਂ|’
ਉਸ ਦੇ ਉਤਰ ਨਾਲ ਮੈਨੂੰ ਇੱਕ ਸ਼ਰਾਰਤ ਸੁੱਝੀ ਕਿ ਆਖ ਦਿਆਂ ਕਿ ਮੈਂ ਤਾਂ ਉਸ ਦੇ ਘਰ ਕਦੇ ਗਿਆ ਵੀ ਨਹੀਂ, ਕਿਰਪਾ ਕਿਵੇਂ ਹੋਈ?…ਪਰ ਮੈਂ ਸੰਕੋਚ ਤੋਂ ਕੰਮ ਲੈ ਕਿਹਾ- ‘ਕਿਰਪਾ ਤਾਂ ਈਸ਼ਵਰ ਦੀ ਐ ਭਾਈ ਇਨਸਾਨ ਕੌਣ ਐ?’
‘ਭਗਵਾਨ!’ ਭਾਵੁਕਤਾ ਵੱਸ ਸ਼ਾਮੂ ਦਾ ਚਿਹਰਾ ਹੋਰ ਕੱਸਿਆ ਗਿਆ| ਉਹ ਇਉਂ ਬੁੜ੍ਹਕਿਆ ਕਿ ਮੈਨੂੰ ਲੱਗਿਆ ਕਿ ਉਹ ਮੇਰੇ ਹੀ ਘਸੁੰਨ ਮਾਰੇਗਾ| ਉਹ ਸਿੱਧਾ ਤਣ ਕੇ ਬੈਠ ਗਿਆ- ‘ਕਿਥੇ ਐ ਉਹ?’ ਉਹ ਬੋਲੀ ਗਿਆ। ‘ਖਬਰੈ ਉਹ ਕਿਹੜੀ ਗੁਫਾ ਵਿਚ ਮੂੰਹ ਛੁਪਾਈ ਬੈਠਾ ਹੈ? ਇਹ ਤਾਂ ਐਵੇਂ ਲੋਕਾਂ ਨੇ ਕਲਪਨਾ ਬਣਾ ਰੱਖੀ ਐ| ਰੱਬ ਤਾਂ ਆਪ ਹੋ, ਮੈਂ ਹਾਂ, ਇਹ ਤਮਾਮ ਲੋਕ ਹਨ…ਅਗਰ ਇਹ ਮਨੁਸ਼ ਨੂੰ ਸਮਝਣ ਤਾਂ|’ ਮੈਂ ਹੋਰ ਵੀ ਹੈਰਾਨ ਹੋ ਗਿਆ ਕਿ ਸੁਬਾਹ ਸ਼ਾਮ ਭਗਵਾਨ ਦੀ ਪੂਜਾ ਕਰਨ ਵਾਲਾ ਸ਼ਾਮੂ ਕਿਵੇਂ ਨਾਸਤਕ ਲੋਕਾਂ ਦੇ ਹੱਥ ਚੜ੍ਹ ਗਿਆ? ਉਹ ਰੱਬ ਤੋਂ ਕਿਉਂ ਮੁਨਕਰ ਹੋ ਗਿਆ| ‘ਮਨੁੱਖ’ ਦੀ ਥਾਂ ਤੇ ‘ਮਨੁੱਸ਼’ ਸ਼ਬਦ ਦਾ ਉਚਾਰਣ ਵੀ ਇਹ ਭੁਲੇਖਾ ਪਾਉਂਦਾ ਸੀ ਕਿ ਉਸ ਨੂੰ ਕੋਈ ਰਿਸ਼ੀ-ਮੁਨੀ ਮਿਲ ਪਿਆ ਹੋਵੇਗਾ|
‘ਦੇਖਿਆ ਕਿਸੇ ਨੇ ਰੱਬ?’ ਉਹ ਹੋਰ ਜ਼ਜਬਾਤੀ ਹੋ ਗਿਆ…‘ਇਹ ਤਾਂ ਪਿਆਰ ਦਾ ਨਾਂ ਹੈ, ਸਾਹਿਬ, ਜਿਸ ਦਾ ਇੱਕ ਹੀ ਆਕਾਰ ਹੈ…ਅਸਲ ਵਿਚ ਜਿਸ ਦਾ ਕੋਈ ਰੰਗ ਰੂਪ, ਆਕਾਰ ਨਹੀਂ, ਜਿਸ ਨੂੰ ਕਿਸੇ ਘੇਰੇ ਵਿਚ ਨਹੀਂ ਬੰਨਿ੍ਹਆ ਜਾ ਸਕਦਾ…ਜੋ ਸਰਬ ਵਿਆਪੀ ਹੈ| ਪਰ ਇੱਥੇ ਰੱਬ ਦਾ ਨਾਂ ਤਾਂ ਹੈ…ਪਿਆਰ ਦਾ ਨਹੀਂ|’ ਮੈਂ ਹੈਰਾਨ ਹੋ ਕੇ ਸ਼ਾਮ ਲਾਲ ਦੀਆਂ ਅਜੇਹੀਆਂ ਗੱਲਾਂ ਤੋਂ ਡਰ ਗਿਆ ਤੇ ਮੇਰੀ ਦਿਲੀ ਇੱਛਾ ਹੋਈ ਕਿ ਉਹ ਅਜੇਹੀਆਂ ਗੱਲਾਂ ਬੰਦ ਕਰ ਦੇਵੇ ਜੋ ਜੀਵਨ ਵਿਚ ਕਿਤੇ ਕੰਮ ਨਹੀਂ ਆਉਂਦੀਆਂ|
‘ਠੱਗਾਂ, ਬਦਮਾਸ਼ਾਂ, ਚੋਰਾਂ ਤੇ ਰਿਸ਼ਵਤਖੋਰਾਂ ਨੂੰ ਰੱਬ ਦੀ ਲੋੜ ਹੈ ਪਰ ਮਨੁੱਖਤਾ ਦੇ ਹਿਤੈਸ਼ੀਆਂ ਨੂੰ ਪਿਆਰ ਦੀ ਲੋੜ ਹੈ|’ ਉਸ ਦੇ ਇਨ੍ਹਾਂ ਸ਼ਬਦਾਂ ਨਾਲ ਮੈਨੂੰ ਆਪਣੇ ਹੇਠਲੀ ਕੁਰਸੀ ਉਲਟਦੀ ਜਾਪੀ| ਮੈਂ ਜਾਣ ਬੁੱਝ ਕੇ ਹੀ ਉਸ ਦੀਆਂ ਗੱਲਾਂ ਵਿਚ ਦਿਲਚਸਪੀ ਲੈਣੋਂ ਹਟ ਗਿਆ|
‘ਮਾਂ ਜੀ ਦਾ ਕੀ ਹਾਲ ਹੈ?’ ਉਸ ਨੇ ਆਪ ਹੀ ਗੱਲਾਂ ਦਾ ਰੁੱਖ ਬਦਲ ਦਿੱਤਾ|
‘ਕੌਣ ਮਾਂ ਜੀ? ਮੇਰੇ ਮਾਂ ਜੀ ਕੀ?’
‘ਨਹੀਂ! ਨਹੀਂ!!’ ਉਸ ਨੇ ਅੰਗੂਠੇ ਨਾਲ ਦੀ ਉਂਗਲ ਉਪਰ ਉਲਾਰੀ – ‘ਮੈਂ ਕੁਸ਼ੱਲਿਆ ਦੇਵੀ ਨੂੰ ਕਹਿੰਦਾ ਹਾਂ|’ ਉਸ ਨੂੰ ਮਾਂ ਕਦੋਂ ਕਹਿਣ ਲੱਗ ਪਿਆ ਸੀ?’ ‘ਜਿਸ ਦਿਨ ਮੇਰੀ ਮਾਂ ਮਰ ਗਈ ਸੀ|’
‘ਅੱਛਾ! ਅੱਛਾ!! – ਬਹੁਤ ਅੱਛਾ ਹੈ|’ ਮੈਨੂੰ ਖਾਸ ਕਿਸਮ ਦੀ ਤਸੱਲੀ ਅਤੇ ਕੁਸ਼ੱਲਿਆ ਦੀ ਇਸਤਰੀਅਤ ਉਤੇ ਫਖਰ ਹੋਇਆ ਕਿ ਉਹ ਸੱਚ-ਮੁੱਚ ਹੀ ਪਵਿੱਤਰਤਾ ਦੀ ਦੇਵੀ ਹੈ| ਤੂੰ ਮੈਨੂੰ ਇੱਕ ਵਾਰ ਵੀ ਯਾਦ ਕਿਉਂ ਨਾ ਕੀਤਾ, ਸ਼ਾਮ ਲਾਲ?’ ਮੇਰਾ ਹੌਸਲਾ ਬੁਲੰਦ ਰਿਹੈ, ਸਾਹਿਬ| ਜੇ ਆਦਮੀ ਐਵੇਂ ਹੀ ਦੂਜੇ ਦੀ ਮੱਦਦ ਲੈਣ ਦੀ ਸੋਚ ਲਏ ਤਾਂ ਉਸ ਦਾ ਇਰਾਦਾ ਜਾਂਦੈ|’
ਮੈਨੂੰ ਉਸ ਦੀ ਮੂਰਖਤਾ ’ਤੇ ਹੈਰਾਨੀ ਹੋਈ ਕਿ ਉਸ ਨੂੰ ਆਪਣਾ ਦਰਦ ਕਿਸੇ ਨਾਲ ਤਾਂ ਸਾਂਝਾ ਕਰਨਾ ਚਾਹੀਦਾ ਸੀ| ਇੱਥੇ ਤਾਂ ਆਦਮੀ ਦੀ ਉਹ ਜ਼ਾਤ ਰਹਿੰਦੀ ਹੈ ਜੋ ਦੂਜੇ ਦੇ ਦੁੱਖ-ਦਰਦ ਵਿਚ ਭਾਵੇਂ ਸਹਾਈ ਨਾ ਹੋਵੇ, ਪਰ ਆਪਣੀ ਉਂਗਲ ਵਿਚ ਮਾਮੂਲੀ ਕੰਡਾ ਵੱਜੇ ਤੋਂ ਹੀ ਉਂਗਲ ਹਵਾ ਵਿਚ ਲਹਿਰਾਉਂਦੀ ਫਿਰੇਗੀ ਕਿ ਉਸ ਦੇ ਜੋ ਕੰਡਾ ਵੱਜਾ ਹੈ, ਉਹ ਕੋਈ ਸਾਧਾਰਨ ਕੰਡਾ ਨਹੀਂ| ਖਬਰੇ ਇਹ ਉਪਰ ਕਿਸੇ ਭਿਆਨਕ ਵਿਸੀਅਰ ਨਾਗ ਨੇ ਹੀ ਜ਼ਹਿਰ ਉਗਲੱਛ ਦਿੱਤਾ ਹੋਵੇ, ਪਰ ਇਹ ਸ਼ਾਮੂ ਕਿਸ ਮਿੱਟੀ ਦਾ ਬਣਿਆ ਹੋਇਆ ਸੀ? ਹੁਣ ਤਾਂ ਜੀਵਨ ਦੀ ਤੋਰ ਹੀ ਬਦਲ ਰਹੀ ਹੈ| ਅਨੇਕਾਂ ਜੱਥੇਬੰਦੀਆਂ ਵੀ ਹਨ| ਉਸ ਦੀ ਥਾਂ ਮੈਂ ਹੁੰਦਾ ਤਾਂ ਕਿਸੇ ਜਥੇਬੰਦੀ ਦਾ ਜਨਰਲ ਸਕੱਤਰ ਹੋਣਾ ਸੀ|
ਉਸਨੇ ਦੱਸਿਆ ਕਿ ਜਿਹੜਾ ਕਲਰਕ ਮੇਰੀ ਥਾਂ ’ਤੇ ਆਇਆ ਸੀ, ਘਰ ਦਾ ਕੰਮ ਕਰਨ ਤੋਂ ਜਵਾਬ ਦੇਣ ਕਰਕੇ ਬਹੁਤ ਹੀ ਤੰਗ ਪਰੇਸ਼ਾਨ ਕਰਨ ਲੱਗ ਪਿਆ| ਨਵੇਂ ਸਾਹਿਬ ਦੇ ਕੰਨ ਭਰ ਕੇ ਉਹਨੇ ਉਸ ਦੀ ਪੋਸਟ ਮਾਲੀ ਕਮ ਵਾਟਰਮੈਨ ਤੋਂ ਬਦਲ ਕੇ ਸਵੀਪਰ ਕਮ ਚੌਂਕੀਦਾਰ ਕਰਵਾ ਦਿੱਤੀ| ‘ਮੈਂ ਅੜ ਗਿਆ, ਸਾਹਿਬ| ਦੇਖੋ ਨਾ ਜਨਾਬ, ਜੋ ਪਹਿਲੇ ਆਰਡਰਾਂ ’ਤੇ ਲਿਖਿਆ ਹੋਇਐ ਤੇ ਜਿਸ ਦੀ ਐਂਟਰੀ ਸਰਵਿਸ ਬੁੱਕ ਵਿਚ ਹੋਈ ਹੋਈ ਐ, ਅਸਲ ਪੋਸਟ ਤਾਂ ਮੇਰੀ ਉਹੀ ਹੋਈ| ਮੈਂ ਕਿਹਾ-ਮੈਂ ਤਾਂ ਕਾਨੂੰਨ ਦੀ ਪਾਲਣਾ ਕਰੂੰ|’
ਉਸ ਦੀ ਅਗਲੀ ਗੱਲ ਨੇ ਤਾਂ ਮੈਨੂੰ ਵਲੂੰਧਰ ਕੇ ਰੱਖ ਦਿੱਤਾ ਕਿ ਉਸ ਚਮਚੇ ਨੇ ਬਰਾੜ ਸਾਹਿਬ ਦੇ ਕੰਨ ਭਰੇ ਕਿ ਸ਼ਾਮ ਲਾਲ ਮੇਰੇ ਘਰ ਦਾ ਸਾਰਾ ਕੰਮ ਤਾਂ ਕਰਦਾ ਸੀ, ਕਿਉਂਕਿ ਉਸ ਦੇ ਕੁਸ਼ੱਲਿਆ ਨਾਲ ਨਾਜਾਇਜ਼ ਸਬੰਧ ਸਨ ‘ਤੇ ਮੈਂ ਆਪਣੀ ਮਾਂ ਬਾਰੇ ਇਹ ਕੁਝ ਕਿਵੇਂ ਸੁਣ ਸਕਦਾ ਸੀ?’ ਸ਼ਾਮੂ ਰੋਹ ਵਿਚ ਆ ਗਿਆ ਅਤੇ ਉਸ ਦੀਆਂ ਅੱਖਾਂ ਛਲਕ ਪਈਆਂ ਜੋ ਉਸ ਨੇ ਦੱਬ ਕੇ ਘੁੱਟ ਲਈਆਂ|
ਮੇਰਾ ਧਿਆਨ ਉਸ ਦੀਆਂ ਗੱਲਾਂ ਤੋਂ ਉਖੜ ਗਿਆ| ਮੈਂ ਸੋਚ ਰਿਹਾ ਸਾਂ ਕਿ ਮੈਂ ਕੱਲ੍ਹ ਨੂੰ ਹੀ ਮਲੇਰਕੋਟਲੇ ਜਾਵਾਂ ਤੇ ਉਸ ਐਸ.ਡੀ.ਓ. ਦੇ ਬੱਚੇ ਅਤੇ ਨਾਲੇ ਉਸ ਦੇ ਦੱਲਿਆਂ ਨੂੰ ਗਲਵੇਂ ਤੋਂ ਫੜ ਕੇ ਪੁੱਛਾਂ ਕਿ ਉਨ੍ਹਾਂ ਨੂੰ ਕੀ ਤਕਲੀਫ ਹੈ? ਮੈਂ ਪੰਦਰਾਂ-ਸੋਲ੍ਹਾਂ ਸਾਲ ਪੁਰਾਣੀਆਂ ਘਟਨਾਵਾਂ ਦੀਆਂ ਲੜੀਆਂ ਜੋੜਦਾ ਰਿਹਾ| ਮੈਂ ਉਦੋਂ ਆਪਣੇ-ਆਪ ਵਿਚ ਆਇਆ ਜਦੋਂ ਸ਼ਾਮ ਲਾਲ ਦੱਸ ਰਿਹਾ ਸੀ ਕਿ ਉਸ ਨੇ ਚੁਗਲਖੋਰ ਕਲਰਕ ਮੂਹਰੇ ਝੱਗਾ ਚੁੱਕ ਦਿੱਤਾ| ‘ਮੇਰਾ ਦੁੰਬ ਪਕੜ ਲੈ ਸਾਲੇ, ਤੇਰੀ ਭੈਣ…।’ ਸ਼ਾਮੂ ਖਾਸ ਹੀ ਅੰਦਾਜ਼ ਵਿਚ ਬੋਲ ਰਿਹਾ ਸੀ|
ਉਸ ਦੀ ਗੁਪਤ ਰਿਪੋਰਟ ਖਰਾਬ ਕਰ ਦਿੱਤੀ| ਉਸ ਦੀਆਂ ਜਵਾਬ-ਤਲਬੀਆਂ ਨੂੰ ਲੈ ਕੇ ਕਲਰਕਾਂ ਨੇ ਉਸ ਨੂੰ ਦੱਬ ਕੇ ਤੰਗ ਕੀਤਾ…ਵਿਚੋਂ ਗੱਲ ਸੀ ਘਰ ਦਾ ਕੰਮ ਕਰਾਉਣ ਦੀ| ਪ੍ਰਬੰਧਕੀ ਅਧਾਰ ’ਤੇ ਉਸ ਦੀ ਬਦਲੀ ਹੋ ਗਈ| ਉਸ ਦੀ ਗੁਪਤ ਰਿਪੋਰਟ, ਜਿਸ ਵਿਚ ਉਸ ਨੂੰ ਖਬਤੀ, ਝਗੜਾਲੂ ਅਤੇ ਹੁਕਮ ਦੀ ਅਵੱਗਿਆ ਕਰਨ ਵਾਲਾ, ਨਾ-ਮਿਲਣਸਾਰ ਆਦਿ ਦੱਸਿਆ ਗਿਆ ਸੀ, ਨਵੇਂ ਅਫਸਰ ਲਈ ਤੰਗ ਕਰਕੇ ਰੱਖਣ ਲਈ ਕਾਫੀ ਸੀ| ਕਦੇ ਚਿਤਾਵਨੀ, ਕਦੇ ਤਾਂਛੀ ਦਾ ਡਰ ਤੇ ਕਦੇ ਤਰੱਕੀ ਬੰਦ ਆਦਿ ਸ਼ਜਾਵਾਂ ਨਾਲ ਉਸ ਨੂੰ ਨਿਵਾਜਿਆ ਗਿਆ| ਜਿੰਨੀ ਵਾਰ ਵੀ ਉਸ ਨੇ ਉਪਰ ਲਿਖਾ-ਪੜ੍ਹੀ ਕੀਤੀ ਤਾਂ ਸਬੰਧਤ ਅਰਜ਼ੀ ਉਸ ਦੇ ਸਬੰਧਤ ਅਫਸਰ ਕੋਲ ਪਹੁੰਚ ਜਾਂਦੀ, ਜਿਸ ਦੇ ਬਦਲੇ ਉਸ ਦਾ ਉਚਿਤ ਪ੍ਰਣਾਲੀ ਦੀ ਵਰਤੋਂ ਨਾ ਕਰਨ ਕਰਕੇ ਹੋਰ ਜਵਾਬ-ਤਲਬੀ ਹੋ ਜਾਂਦੀ|
‘ਐਸ.ਡੀ.ਓ. ਨਾਲ ਕੀ ਹੋ ਗਿਆ ਸੀ?’ ਮੇਰਾ ਧਿਆਨ ਉਖੜ ਗਿਆ, ਜਿਸ ਕਰਕੇ ਮੈਨੂੰ ਪੂਰੀ ਗੱਲ ਦੀ ਸਮਝ ਨਾ ਆਈ ਕਿ ਉਸ ਨਾਲ ਉਹ ਕਿਵੇਂ ਉਲਝ ਪਿਆ ਸੀ| ਅਫਸਰ ਨੇ ਉਸ ਨੂੰ ‘ਸਾਲਾ ਚੂੜ੍ਹਾ’ ਕਹਿ ਦਿੱਤਾ ਸੀ| ਇਸੇ ਕਰਕੇ ਮੈਂ ਉਸ ਨੂੰ ਦੁਬਾਰਾ ਦੱਸਣ ਲਈ ਕਿਹਾ|
‘ਮੇਰੇ ਤਾਂ ਭੈਣ ਨਹੀਂ, ਸਾਹਿਬ…ਮੈਨੂੰ ਸਾਲਾ ਨਾ ਕਹੋ…ਮੈਂ ਸਾਲਾ ਬਣਨਾ ਨਹੀਂ, ਬਣਾਉਣਾ ਜਾਣਦਾ ਹਾਂ|’ ਉਸ ਦੀ ਇਸ ਮਜ਼ਾਲ ’ਤੇ ਐਸ.ਡੀ.ਓ. ਬਰਾੜ ਨੇ ਉਸ ਦੇ ਉਪਰੋ-ਥਲੀ ਦੋ ਤਿੰਨ ਥੱਪੜ ਮਾਰ ਦਿੱਤੇ ਸਨ| ਅਗੋਂ ਉਸ ਨੇ ਕਿਹਾੜਾ ਵੰਗਾ ਪਾਈਆਂ ਹੋਈਆਂ ਸਨ- ‘ਇਕੋ ਤਕੜੇ ਘਸੁੰਨ ਨਾਲ ਖੱਬੀ ਖਾਨ ਦੇ ਦੰਦਾਂ ’ਚੋਂ ਖੂਨ ਕੱਢ ਦਿੱਤਾ| ਸਾਲਾ ਕੋਈ ਵੀ ਹਮਾਇਤੀ ਨਾ ਬਣਿਆ| ਕੋਈ ਸੀਟਾਂ ’ਚੋਂ ਵੀ ਨਾ ਉਠਿਆ, ਖੁੰਬ ਠੱਪ ’ਤੀ ਵੱਡੇ ਅਫਸਰ ਦੀ|’ ਸ਼ਾਮੂ ਨੇ ਹਾਲੇ ਵੀ ਮੁੱਠੀ ਘੁੱਟੀ ਹੋਈ ਸੀ| ‘ਮਾਰ ਮਾਰ ਕੇ ਚਾਂਦੀ ਬਣਾ ’ਤੀ ਸਾਲੇ ਬਹਿਨ ਚੋ…|’
ਦੂਜੇ ਦਿਨ ਡਿਊਟੀ ਆਫ ਹੋਣ ਤੋਂ ਮਗਰੋਂ ਐਸ.ਡੀ.ਓ. ਨੇ ਮੁੰਡਿਆਂ ਨੂੰ ਸ਼ਰਾਬ ਪਿਆ ਕੇ ਉਸ ’ਤੇ ਹਮਲਾ ਕਰਵਾ ਦਿੱਤਾ| ਉਸੇ ਝੜਪ ਵਿਚ ਉਸ ਦੇ ਦੋ ਦੰਦ ਉਖੜੇ ਸਨ, ‘ਇਹ ਕੋਈ ਸੂਰਮਗਤੀ ਤਾਂ ਨਾ ਹੋਈ, ਸਾਹਿਬ’ ਸ਼ਾਮ ਲਾਲ ਨਾਲੋ-ਨਾਲ ਆਪਣੀ ਪ੍ਰੋੜਤਾ ਆਪ ਹੀ ਕਰੀ ਜਾਂਦਾ ਸੀ|
‘ਤੂੰ ਮੈਨੂੰ ਯਾਦ ਕਿਉਂ ਨਾ ਕੀਤਾ?’ ਮੈਂ ਸਾਮ੍ਹਣੇ ਬੈਠਾ ਮਾਣ ਅਤੇ ਆਪਣੇ ਆਪ ਨੂੰ ਕਿਸੇ ਦੇਵੀ ਸ਼ਕਤੀ ਦਾ ਮਾਲਕ ਅਨੁਭਵ ਕਰ ਰਿਹਾ ਸਾਂ…‘ਮੈਂ ਵੇਖਦਾ ਉਸ ਉਲੂ ਦੇ ਪੱਠੇ ਨੂੰ|’
‘ਉਸ ਨਾਲ ਕੀ ਹੋਣਾ ਸੀ, ਸਾਹਿਬ? ਵੇਖ ਤਾਂ ਮੈਂ ਹੀ ਲਿਆ ਸੀ ਉਹਨੂੰ| ਬੇਸ਼ੱਕ ਇਸ ਦਾ ਮੁੱਲ ਮੈਨੂੰ ਬਹੁਤ ਉਤਾਰਨਾ ਪਿਆ…ਇਹ ਤਾਂ ਉਤਾਰਨਾ ਹੀ ਪੈਂਦੈ… ਨਹੀਂ?’ ਸ਼ਾਮ ਨੇ ਇੱਕ ਪੈਰ ਬੈਂਚ ’ਤੇ ਰੱਖ ਲਿਆ| ਇਸ ਨਾਲ ਮੈਨੂੰ ਉਸ ਕੋਲ ਬੈਠਣ ਵਿਚ ਕੁਝ ਹੱਤਕ ਜੇਹੀ ਵੀ ਮਹਿਸੂਸ ਹੋਈ ਕਿ ਵੇਖਣ ਵਾਲੇ ਪਤਾ ਨਹੀਂ ਕੀ ਸੋਚਣਗੇ ਕਿ ਅਸਿਸਟੈਂਟ ਸੁਪਰਿਨਟੈਂਡੈਂਟ ਬਾਬੂ ਪਰਸ਼ੋਤਮ ਲਾਲ ਦੇ ਕਿਹੋ ਜਿਹੇ ਚਗਲ ਬੰਦਿਆਂ ਨਾਲ ਸਬੰਧ ਹਨ| ਸ਼ਾਮੂ ਨੇ ਅੱਗੇ ਦੱਸਿਆ ਕਿ ਉਸੇ ਰਾਤ ਉਹ ਆਪ ਸ਼ਰਾਬ ਪੀ ਕੇ ਐਸ.ਡੀ.ਓ. ਦੀ ਕੋਠੀ ਮੂਹਰੇ ਜਾ ਬੁੱਕਿਆ: ‘ਨਿੱਕਲ ਵੱਡਾ ਸੂਰਮਾ…ਤੇਰਾ ਭਣੌਈਆ ਖੜੈ ਬਾਹਰ…ਆਹ ਰੱਖ ਛੁਹਾਰਾ ਇਹਦੇ ਹੱਥ ’ਤੇ| ਵੱਡਾ ਸਾਹਿਬ, ਬਣਿਆ ਫਿਰਦਾ ਸੀ, ਬਾਹਰ ਵੀ ਨਾ ਨਿਕਲਿਆ?’
ਅੱਜਕਲ ਉਹ ਜ਼ਮਾਨਤ ’ਤੇ ਆਇਆ ਹੋਇਆ ਸੀ। ‘ਮੈਂ ਆਪਣਾ ਰਾਹ ਬਦਲਣ ਲਈ ਕਦੀ ਵੀ ਤਿਆਰ ਨਹੀਂ, ਸਾਹਿਬ! ਆਪ ਦੇ ਸਾਮ੍ਹਣੇ ਤਾਂ ਮੈਂ ਇੱਕ ਅਦਨਾ ਇਨਸਾਨ ਹਾਂ…ਇੱਕ ਮਾਮੂਲੀ ਆਦਮੀ|’
‘ਤੇਰੇ ਬੀਵੀ-ਬੱਚੇ?’ ਮੈਂ ਪੁੱਛਿਆ| ਉਸ ਨੇ ਦੱਸਿਆ ਕਿ ਉਹ ਬਹੁਤ ਭੈੜੀ ਹਾਲਤ ਵਿਚ ਰਹਿ ਰਹੇ ਸਨ| ਪਤਨੀ ਗੋਬਿੰਦਗੜ੍ਹ ਆਪਣੇ ਹੀ ਘਰ ਰਹਿੰਦੀ ਸੀ ਅਤੇ ਉਸ ਕੋਲ ਕਈ ਵੱਡੇ ਘਰਾਂ ਦਾ ਕੰਮ ਸੀ| ਮੈਂ ਕਲਪਣਾ ਕੀਤੀ ਕਿ ਸਾਇਕਲ ਦੇ ਮਡਗਾਰਡ ਦਾ ਕੜਛਾ ਜੇਹਾ ਬਣਾ ਕੇ ਮੋਢੇ ’ਤੇ ਗੰਦਗੀ ਵਾਲਾ ਮੱਖੀਆਂ ਦਾ ਭਰਿਆ ਪੀਪਾ ਚੁੱਕੀ, ਉਹ ਘਰ-ਘਰ ਫਿਰਦੀ ਹੋਵੇਗੀ, ਤੇ ਫਿਰ ਕਮੇਟੀ ਵਾਲਿਆਂ ਵਲੋਂ ਦਿੱਤੀ ਗਈ ਦੋ ਪਹੀਆਂ ਵਾਲੀ ਰੇੜ੍ਹੀ, ਜਿਸ ਉਪਰ ‘ਮ.ਕ.ਗੋਬਿੰਦਗੜ੍ਹ’ ਲਿਖਿਆ ਹੋਵੇਗਾ, ਦੁਹਾਂ ਹੱਥਾਂ ਨਾਲ ਧੱਕਦੀ ਸੜਕ ਦੇ ਉਤੇ ਹੀ ਲੱਗੇ ਗੰਦਗੀ ਦੇ ਢੇਰ ਉਤੇ ਉਲਟਾ ਆਉਂਦੀ ਹੋਵੇਗੀ, ਅਤੇ ਦੁਪਹਿਰ ਵੇਲੇ ਸਾਰਾ ਮੂੰਹ ਘੁੰਡ ਵਿਚ ਕੱਜੀ, ਸਿਰ ’ਤੇ ਛਾਬਾ ਰੱਖੀ ਰੋਟੀਆਂ ਮੰਗਦੀ ਫਿਰਦੀ ਹੋਵੇਗੀ| ਗਰਮ ਸਮੋਸੇ ਦੀ ਬੁਰਕੀ ਚਮਚੇ ਨਾਲ ਮੂੰਹ ਵਿਚ ਪਾਉਂਦਿਆਂ ਮੈਨੂੰ ਕੁਝ ਕਚਿਆਣ ਜੇਹੀ ਆਈ: ‘ਸਾਲੀ ਕਿਆ ਜ਼ਿੰਦਗੀ ਹੈ…ਇਨਸਾਨ ਦੀ, ਇਸ ਸਮਾਜ ਵਿਚ…ਇਹ ਵੀ ਤਾਂ ਇਨਸਾਨ ਹੀ ਨੇ…|’ ਮੈਂ ਚਿੱਤ ਵਿਚ ਕਿਹਾ|
‘ਦੇਖ ਬਈ ਸ਼ਾਮ ਲਾ’, ਮੈਂ ਬਾਬੂਆਂ ਵਾਲੀ ਭਾਸ਼ਾ ਵਿਚ ਕਿਹਾ, ‘ਆਖਰ ਤੂੰ ਇੱਕ ਗਰੀਬ ਆਦਮੀ ਸੈਂ, ਤੈਨੂੰ ਆਪਣੇ ਬੀਵੀ-ਬੱਚਿਆਂ ਦਾ ਤਾਂ ਖਿਆਲ ਰੱਖਣਾ ਚਾਹੀਦਾ ਸੀ|’ ਮੈਨੂੰ ਤਾ ਇਹ ਖਿਆਲ ਹੀ ਨਹੀਂ ਸੀ ਰਿਹਾ ਕਿ ਮੇਰੀ ਸੱਚੇ ਦਿਲੋਂ ਕੀਤੀ ਹਮਦਰਦੀ ਦੇ ਅਰਥ ਸ਼ਾਮੂ ਲਈ ਉਸ ਗਾਲ੍ਹ ਨਾਲੋਂ ਵੀ ਚੰਦਰੇ ਸਨ ਜਿਨ੍ਹਾਂ ਨੂੰ ਉਹ ਗੁਲਾਮੀ ਦਾ ਪ੍ਰਤੀਕ ਕਿਹਾ ਕਰਦਾ ਸੀ| ਉਹ ਇਕਦਮ ਹੀ ਮੇਰੇ ਵੱਲ ਕੋੜ-ਕੌੜ ਕੇ ਵੇਖਣ ਲੱਗ ਪਿਆ|
‘ਸਾਹਿਬ! ਆਪ ਵੀ ਐਸਾ ਸੋਚਦੇ ਓਂ?’ ਉਹ ਇਕਦਮ ਜ਼ਜਬਾਤੀ ਹੋ ਗਿਆ| ਸ਼ਾਇਦ ਉਹ ਨਹੀਂ ਸੀ ਜਾਣਦਾ ਕਿ ਮੈਂ ਅੱਜ ਕੱਲ੍ਹ ਬਹੁਤ ਸਮਝਦਾਰੀ ਤੋਂ ਕੰਮ ਲੈਣ ਲੱਗ ਪਿਆ ਸਾਂ| ਸ਼ਾਮੂ ਨੂੰ ਮੇਰੀ ਇਹ ਸਚਾਈ ਵੀ ਚੰਗੀ ਨਹੀਂ ਸੀ ਲੱਗਣੀ ਕਿ ਮੇਰੇ ਵਾਲੇ ਅੱਜ ਕੱਲ੍ਹ ਸਾਡੇ ਅਚਾਰ-ਵਿਵਹਾਰ ਦਾ ਅੰਗ ਹਨ| ਅਫਸਰ ਲੋਕ ਮੇਰੇ ’ਤੇ ਬਾਗੋ-ਬਾਗ ਸਨ| ਉਹ ਮੈਨੂੰ ਸਿਆਣਾ, ਇਮਾਨਦਾਰ, ਸਮਝਦਾਰ ਅਤੇ ਨੇਕ ਆਚਰਣ ਵਾਲਾ ਸਮਝਦੇ ਸਨ| ਸ਼ਾਮੂ ਇਸ ਮਾਮਲੇ ਵਿਚ ਬਹੁਤ ਪਛੜ ਗਿਆ ਸੀ| ਇਹ ਮੇਰੀ ਹੀ ਨਹੀਂ ਸਾਡੇ ਸਮੁੱਚੇ ਬਾਬੂ ਵਰਗ ਦੀ ਸੋਚ ਸੀ|
ਮੈਂ ਉਸ ਦੀ ਤੱਕਣੀ ਦਾ ਮੁਕਾਬਲਾ ਨਾ ਕਰ ਸਕਿਆ- ‘ਠੀਕ ਐ, ਸੰਘਰਸ਼ ਵੀ ਇਨਸਾਨੀ ਜੀਵਨ ਦਾ ਕਰਤੱਵ ਹੈ,’ ਸ਼ਾਮੂ ਵਿਅੰਗ ਭਰੇ ਅੰਦਾਜ਼ ਵਿਚ ਮੁਸਕ੍ਰਾਇਆ| ਸ਼ਾਇਦ ਉਹ ਮੈਨੂੰ ਦੋਗਲੀ ਨਸਲ ਦਾ ਘੋੜਾ ਸਮਝਦਾ ਹੋਵੇ- ‘ਠੀਕ ਐ ਸੰਘਰਸ਼ ਵੀ ਜੀਵਨ ਹੁੰਦਾ ਹੈ|’ ਮੈਂ ਔਕੜ ਵਿਚ ਪਏ ਵਿਅਕਤੀ ਵਾਂਗ ਦੁਹਰਾ ਗਿਆ|
‘ਨਹੀਂ ਸੰਘਰਸ਼ ਹੀ ਜੀਵਨ ਹੁੰਦਾ ਹੈ|’ ਉਸ ਨੇ ਜ਼ੋਰ ਦੇ ਕੇ ਕਿਹਾ- ‘ਮੈਨੂੰ ਸਮਝਾਉਣ ਵਾਲੇ ਬਹੁਤ ਸੀਗੇ…ਕੋਈ ਕਹਿੰਦਾ ਕਿ ਸਾਹਿਬ ਕੋਲੋਂ ਮੁਆਫੀ ਮੰਗ ਲਵਾਂ, ਪਰ ‘ਮੁਆਫੀ’ ਨਾਂ ਦਾ ਸ਼ਬਦ ਤਾਂ ਮੈਂ ਜ਼ਿੰਦਗੀ ’ਚ ਸਿੱਖਿਆ ਹੀ ਨਹੀਂ| ਮੁਆਫੀ ਮੰਗਣ ਨਾਲ ਤਾਂ ਅੱਧੀ ਮੌਤ ਹੋ ਜਾਂਦੀ ਐ, ਆਦਮੀ ਦੀ|’ ਬੋਲਦਿਆਂ ਬੋਲਦਿਆਂ ਉਸ ਨੂੰ ਜ਼ੋਰ ਦਾ ਅੱਥੂ ਆ ਗਿਆ| ਉਸ ਦੀਆਂ ਅੱਖਾਂ ਅਤੇ ਗਰਦਨ ਦੀਆਂ ਨਾੜਾਂ ਉਭਰ ਆਈਆਂ- ‘ਬਾਪ ਰੇ’- ਆਖ ਕੇ ਉਹ ਖੰਘਦਾ-ਖੰਘਦਾ ਬਾਹਰ ਚਲਾ ਗਿਆ| ਮੇਰਾ ਜੀਅ ਮਤਲਾ ਗਿਆ, ਕਿਉਂਕਿ ਉਸ ਦੇ ਬਾਹਰ ਜਾਣ ਮਗਰੋਂ ਵੀ ਉਸ ਦੀ ਖੰਘਦੇ ਦੀ ਤਸਵੀਰ ਅਤੇ ਨਿੱਕੇ ਨਿੱਕੇ ਕਾਲੇ-ਪੀਲੇ ਦੰਦ ਮੇਰੀਆਂ ਅੱਖਾਂ ਅੱਗੋਂ ਹਟ ਨਹੀਂ ਸਨ ਰਹੇ| ਉਸ ਦਾ ਕਰੂਪ ਚਿਹਰਾ ਉਵੇਂ ਜਿਵੇਂ ਦਿਸ ਰਿਹਾ ਸੀ|
ਠੀਕ ਹੋ ਕੇ ਉਹ ਆਪਣੀ ਕੁਰਸੀ ’ਤੇ ਆ ਬੈਠਾ| ਮੈਂ ਸੋਚਿਆ- ‘ਆਦਮੀ ਸੱਚ-ਮੁੱਚੀ ਆਦਮੀ ਹੈ…ਖਾ ਕੇ ਰੂੜੀਆਂ ਗੰਦੀਆਂ ਕਰਨ ਵਾਲੇ ਤਾਂ ਬਥੇਰੇ ਐ ਪਰ ਜ਼ਮਾਨੇ ਵਿਚ ਆਦਮੀ ਘੱਟ ਨੇ|’ ਉਸ ਨੇ ਬੀੜੀਆਂ ਦਾ ਬੰਡਲ ਕੱਢਿਆ ਤੇ ਬੀੜੀ ਸੁਲਘਾ ਲਈ- ‘ਬਾਊ ਜੀ!’ ਉਹ ‘ਸਾਹਿਬ’ ਤੋਂ ‘ਬਾਊ ਜੀ’ ’ਤੇ ਆ ਗਿਆ, ‘ਮੈਂ ਤਾਂ ਇੱਕ ਅਦਨਾ ਇਨਸਾਨ ਹਾਂ…ਆਪ ਜੇਹੇ ਲੋਕਾਂ ਦੀ ਤਾਂ ਮੈਂ ਪੈਰਾਂ ਦੀ ਖਾਕ ਵੀ ਨਹੀਂ|’ ਮੈਨੂੰ ਕੁਝ ਹੀਣਤ ਜੇਹੀ ਆਈ ਤੇ ਮੈਨੂੰ ਆਪਣਾ ਆਪਾ ਉਸ ਦੇ ਸਾਮ੍ਹਣੇ ਸੁੰਗੜਦਾ ਮਹਿਸੂਸ ਹੋਇਆ|- ‘ਨਹੀਂ ਐਸੀ ਤਾਂ ਕੀ ਗੱਲ ਹੈ?’ ਮੇਰੀ ਇਹ ਗੱਲ ਉਸ ਦੇ ਅਗਲੇ ਸ਼ਬਦਾਂ ਵਿਚ ਦਬ ਕੇ ਰਹਿ ਗਈ ਸੀ|
‘ਆਖਰ ਮੇਰੀ ਵੀ ਤਾਂ ਕੋਈ ਇੱਜ਼ਤ ਹੈ।’
ਉਸ ਤੋਂ ਬਾਅਦ ਤਾਂ ਉਸ ਨੇ ਬੀੜੀ ਬੁੱਝਣ ਹੀ ਨਹੀਂ ਦਿੱਤੀ| ਇੱਕ ਤੋਂ ਬਾਅਦ ਇੱਕ ਸੁਲਘਾ ਲੈਂਦਾ ਰਿਹਾ| ਮੇਰੇ ਆਸ-ਪਾਸ ਤੰਬਾਕੂ ਦੀ ਕੌੜੀ ਬੂ ਫੈਲੀ ਹੋਈ ਸੀ|
‘ਬੱਸ ਇਨਸਾਫ ਮਿਲਦੇ ਪੈਸੇ ਵਾਲਿਆਂ ਨੂੰ…ਮੇਰੇ ਵਰਗੇ ਅਦਨੇ ਆਦਮੀ ਨੂੰ ਕੌਣ ਪੁੱਛਦੈ| ਪੁਲਸ ਵਾਲਿਆਂ ਨੇ ਵੀ ਅਫਸਰ ਦੀ ਸੁਣੀ| ਐਫ.ਆਈ.ਆਰ. ਠੋਕ ਕੇ ਲਿਖੀ ਗਈ ਹੈ| ਉਹ ਅਫਸਰ ਸੀ- ਉਹਦੀ ਸੁਣੀ ਗਈ| ਮੈਨੂੰ ਕਿਸੇ ਨੇ ਸ਼ਰੀਫ ਆਦਮੀ ਹੀ ਨਹੀਂ ਗਿਣਿਆ…ਬਲਕਿ ਆਦਮੀ ਹੀ ਨਹੀਂ ਗਿਣਿਆ…ਇਹ ਸਭ ਮੇਰੀ ਨੀਵੀ ਜ਼ਾਤ ਕਰਕੇ ਈ ਹੋਇਆ| ਜੇ ਮੇਰੇ ਕੋਲ ਪੈਸਾ ਹੁੰਦਾ…ਫੇਰ ਗੱਲ ਏਦੂੰ ਉਲਟ ਨਾ ਕਰ ਵਿਖਾਉਂਦਾ!’- ਹੁਣ ਉਸ ਉਪਰ ਗੁੰਡਾ-ਗਰਦੀ ਦਾ ਕੇਸ ਚੱਲ ਰਿਹਾ ਸੀ|
ਮੈਂ ਸੋਚ ਰਿਹਾ ਸਾਂ ਕਿ ਜੇ ਉਹ ਕੇਸ ਹਾਰ ਗਿਆ ਤਾਂ ਉਹ ਜ਼ਰੂਰ ਹੀ ਨੌਕਰੀ ਤੋਂ ਹੱਥ ਧੋ ਬੈਠੇਗਾ| ਫਿਰ ਉਸ ਦਾ ਜੀਵਨ-ਪੰਧ ਕਿਵੇਂ ਤੁਰੇਗਾ; ਜਦੋਂ ਕਿ ਮਨੁੱਖੀ ਜੀਵਨ ਤਾਂ ਦਿਨ-ਬਦਿਨ ਤੰਗ ਤੇ ਸਾਹ-ਘੋਟੂ ਹੁੰਦਾ ਜਾ ਰਿਹਾ ਹੈ|
‘ਤੂੰ ਇਹ ਸਭ ਕੁਝ ਕਾਹਦੇ ਲਈ ਕਰ ਰਿਹੈ, ਮੇਰੇ ਮਿੱਤਰ?’ ਮੈਨੂੰ ਉਸ ਉਤੇ ਤਰਸ ਆ ਰਿਹਾ ਸੀ- ‘ਤੂੰ ਜ਼ਮਾਨੇ ਦੀ ’ਵਾ ਵੱਲ ਵੀ ਵੇਖ…ਸਿਆਣੇ ਕਹਿੰਦੇ ਐ ਜਿਹੋ ਜਿਹੀ ਹਵਾ ਵਗਦੀ ਹੋਵੇ, ਉਹੋ ਜਿਹਾ ਓਹਲਾ ਕਰ ਲਈਦੈ…ਤੂੰ ਵੀ ਢਾਲ ਆਪਣੇ ਆਪ ਨੂੰ…ਇੱਕ ਵਾਰ ਦਾ ਵੇਲਾ ਖੁੰਝਿਆ ਮੁੜ ਕੇ ਹੱਥ ਨਹੀਂ ਆਉਂਦਾ|’ ਜ਼ਿੰਦਗੀ ਦੇ ਕੌੜੇ ਤਜਰਬੇ ਨੇ ਮੈਨੂੰ ਇਹੀ ਸਿੱਖਿਆ ਦਿੱਤੀ ਸੀ ਜੋ ਹੁਣ ਮੈਂ ਆਪਣੇ ਸਨੇਹੀ ਨੂੰ ਦੇ ਸਕਦਾ ਸਾਂ|
ਪਰ ਸ਼ਾਮ ਲਾਲ ਨੂੰ ਤਾਂ ਮੇਰੀ ਗੱਲ ਦੀ ਔਖ ਹੋ ਗਈ ਸੀ- ‘ਬਾਊ ਜੀ!’ ਉਹ ਟੁਣਕ ਪਿਆ ਸੀ- ‘ਇਹ ਸ਼ਾਮ ਲਾਲ ਚੂੜ੍ਹੇ ਦਾ ਪੁੱਤ ਐ, ਚੂੜ੍ਹੇ ਦਾ| ਹਾਂ ਇਹ ਵਿਚਕਾਰੋਂ ਟੁੱਟ ਜਾਏਗਾ ਪਰ ਕਿਸੇ ਦਾ ਲਿਫਾਇਆ ਲਿਫੇਗਾ ਨਹੀਂ|’ ਉਸ ਨੇ ਇੰਨੇ ਨਿੱਗਰ ਬੋਲ ਸੁਣ ਕੇ ਮੈਂ ਝੇਪ ਮੰਨ ਗਿਆ ਸਾਂ| ਕੁੱਝ ਚਿਰ ਉਹ ਵੀ ਚੁੱਪ ਰਿਹਾ| ਉਸ ਦੇ ਚਿਹਰੇ ‘ਤੋਂ ਪਤਾ ਲੱਗਦਾ ਸੀ ਕਿ ਉਹ ਮੈਨੂੰ ਪਸੰਦ ਕਰਨੋਂ ਹਟ ਗਿਆ ਸੀ ਤੇ ਉਠ ਕੇ ਜਾਣਾ ਚਾਹੁੰਦਾ ਸੀ|
‘ਸਾਹਿਬ ਕੈਸਾ ਬੰਦਾ ਐ?’ ਉਸ ਨੇ ਮੇਰੇ ਵੱਲ ਸਰਸਰੀ ਵੇਖਿਆ| ਉਸ ਦੀ ਤੱਕਣੀ ਵਿਚ ਕੋਈ ਅਪਣੱਤ ਨਹੀਂ ਸੀ, ਤਾਂ ਵੀ ਮੈਂ ਉਸ ਦੇ ਦਵੰਧ ਨੂੰ ਸਮਝਣ ਦਾ ਜਤਨ ਕੀਤਾ ਕਿ ਉਹ ਨਾ ਚਾਹੁੰਦਿਆਂ ਵੀ ਮੇਰੀ ਮੱਦਦ ਚਾਹੁੰਦਾ ਸੀ| ਜੇਕਰ ਮੈਂ ਸਾਹਿਬ ’ਤੇ ਜ਼ੋਰ ਪਾਉਂਦਾ ਤਾਂ ਉਸ ਨੇ ਮੇਰੀ ਉਲਟਾਉਣੀ ਵੀ ਨਹੀਂ ਸੀ, ਪਰ ਜਦੋਂ ਸਾਹਿਬ ਨੂੰ ਜਾਂ ਬਾਕੀ ਬਾਬੂਆਂ ਨੂੰ ਪਤਾ ਲੱਗਣਾ ਸੀ ਕਿ ਮੇਰੇ ਕਿਹੋ ਜਿਹੇ ਵਿਅਕਤੀ ਨਾਲ ਸਬੰਧ ਹਨ ਤਾਂ ਮੇਰਾ ਖਰੇ ਪ੍ਰਭਾਵ ਹੀ ਚੁੱਕਿਆ ਜਾਣਾ ਸੀ| ਮੈਂ ਵਿਚਕਾਰ ਫਸਣਾ ਠੀਕ ਨਾ ਸਮਝਦਿਆਂ ਕਹਿ ਦਿੱਤਾ- ‘ਬੱਸ ਜੀ! ਠੀਕ ਈ ਠੀਕ ਐ| ਚੰਗਾ ਤਾਂ ਇੱਥੇ ਬੱਸ ਭਗਵਾਨ ਦਾ ਨਾਂ ਹੀ ਹੈ|’
‘ਤੁਸੀਂ ਮੇਰੀ ਕੋਈ ਮੱਦਦ ਨਹੀਂ ਕਰ ਸਕਦੇ?’ ਸ਼ਾਮ ਲਾਲ ਦਾ ਚਿਹਰਾ ਬਿਲਕੁਲ ਹੀ ਮੱਦਦ ਮੰਗਣ ਵਾਲਾ ਨਹੀਂ ਸੀ ਜਦੋਂ ਕਿ ਉਸ ਦੇ ਕਾਲੇ ਚਿਹਰੇ ਉਪਰ ਤਾਂ ਪੂਰੀ ਤਸੱਲੀ ਤੇ ਗੰਭੀਰਤਾ ਛਾਈ ਹੋਈ ਸੀ ਤੇ ਉਸ ਦੇ ਕਾਲੇ ਬੁੱਲ੍ਹਾਂ ’ਤੇ ਇੱਕ ਮੰਦ ਮੁਸਕ੍ਰਾਹਟ ਸੀ- ‘ਇਸ ‘ਅਦਨੇ ਇਨਸਾਨ’ ਦੀ ਕੁਝ ਮੱਦਦ ਕਰੋ।’
‘ਉਸ ਤਰ੍ਹਾਂ ਮੈਂ ਹਾਜ਼ਰ ਆਂ ਪਰ ਸਾਹਿਬ ਨਾਲ ਮੇਰੀ ਅੱਖ ਮੈਲੀ ਐ’- ਮੇਰੇ ਇਨ੍ਹਾਂ ਸ਼ਬਦਾਂ ’ਤੇ ਉਸ ਨੇ ਤੇਜ਼ੀ ਨਾਲ ਸਿਰ ਉਠਾਇਆ ਤੇ ਮੇਰੀਆਂ ਅੱਖਾਂ ਵਿਚ ਡੂੰਘਾ ਉਤਰਨਾ ਚਾਹਿਆ, ਪਰ ਮੇਰੀ ਉਸ ਦੇ ਸਾਮ੍ਹਣੇ ਨੀਵੀਂ ਪੈ ਗਈ- ‘ਤੇਰੇ ਵਾਂਗ, ਮਿੱਤਰਾ ਆਪਾਂ ਵੀ ਨਹੁੰ ਜਿੰਨਾ ਨੁਕਸ ਨਹੀਂ ਨਿਕਲਣ ਦਿੰਦੇ, ਤੂੰ ਆਪ ਈ ਸਿਆਣੈ…ਆਪਣੇ ਵਰਗੇ ਬੰਦਿਆਂ ਲਈ ਇਸ ਰਾਜ ਵਿਚ ਕੀ ਪਿਆ ਹੈ?’
‘ਇੱਕ ਮੋਟੇ ਜਿਹੇ ਬਾਬੂ ਜੀ ਤਾਂ ਕਹਿੰਦੇ ਸੀ, ‘ਸਾਹਿਬ’ ਤੁਹਾਡੀ ਉਲਟ ਹੀ ਨਹੀਂ ਸਕਦਾ ਜੇ ਸਿਫਾਰਸ਼ ਕਰੋ ਤਾਂ| ਉਹ ਕਹਿੰਦੇ ਸੀ ਬਈ ਸਾਹਿਬ ਨਾਲ ਤੁਹਾਡੇ ਅੱਛੇ ਤੱਲੁਕ ਹਨ|’ ਇਸ ਗੱਲ ਦਾ ਵੀ ਮੈਨੂੰ ਪਤਾ ਲੱਗ ਗਿਆ ਸੀ ਤੇ ਯਾਦ ਆ ਗਿਆ ਸੀ ਕਿ ਇਹ ਪਹਿਲਾਂ ਮੋਟੇ ਕਲਰਕ ਘਣਸ਼ਿਆਮ ਨੂੰ ਹੀ ਮਿਲਿਆ ਸੀ ਤੇ ਇਹ ਉਸੇ ਦੀ ਸ਼ਰਾਰਤ ਸੀ ਜਿਸ ਨੇ ਇਸ ਨੂੰ ਮੇਰੀ ਜਾਣਕਾਰੀ ਦਿੱਤੀ ਸੀ|
‘ਨਾ! ਨਾ!! ਮੈਂ ਅੰਗੂਠੇ ਦੀ ਉਂਗਲ ਹਵਾ ਵਿਚ ਲਹਿਰਾਈ- ‘ਜੇ ਸਾਹਿਬ ਨੂੰ ਇਹ ਵੀ ਪਤਾ ਲੱਗ ਗਿਆ ਕਿ ਤੂੰ ਮੈਨੂੰ ਜਾਣਦਾ ਹੈਂ ਤਾਂ ਉਸ ਨੇ ਬਿਲਕੁਲ ਹੀ ਜੁਆਇਨ ਨਹੀਂ ਕਰਾਉਣਾ| ਇੱਕ ਪਟਾਰੀ ਵਿਚ ਉਹ ਦੋ ਸੱਪ ਕਿਵੇਂ ਪਾਊਗਾ? ਹੈਂ ਤੂੰ ਆਪ ਦੱਸ|’
ਸ਼ਾਮ ਲਾਲ ਬੀੜੀ ਤੇ ਬੀੜੀ ਖਿੱਚੀ ਜਾ ਰਿਹਾ ਸੀ| ਉਸ ਦੀਆਂ ਅੱਖਾਂ ਵਿਚ ਲਾਲ ਰੰਗ ਦੇ ਡੋਰੇ ਹੋਰ ਗੂੜ੍ਹੇ ਹੋ ਗਏ ਸਨ ਤੇ ਮੈਂ ਉਥੋਂ ਉਠਣ ਤੋਂ ਪਹਿਲਾਂ ਤਰਸਯੋਗ ਹਾਲਤ ਵਿਚ ਪੈ ਗਿਆ ਸਾਂ| ‘ਕਾਹਨੂੰ ਟਾਲਣਾ ਸੀ ਵਿਚਾਰੇ ਨੂੰ…ਮੇਰਾ ਕੀ ਭਾਰ ਲੱਗਦਾ ਸੀ|’ ਸ਼ਾਮ ਲਾਲ ਕੰਟੀਨ ਵਾਲੇ ਨੂੰ ਪੈਸੇ ਦੇ ਰਿਹਾ ਸੀ| ਤੇ ਮੈਂ ਸੋਚ ਰਿਹਾ ਸੀ ਕਿ ਸ਼ਾਮ ਲਾਲ ਅਦਨਾ ਇਨਸਾਨ ਨਹੀਂ- ਅਦਨਾ ਇਨਸਾਨ ਤਾਂ ਮੈਂ ਹਾਂ- ਸਾਰੀ ਕਲਰਕ ਬਰਾਦਰੀ ਤੇ ਅਫਸਰਸ਼ਾਹੀ ਹੈ|
‘ਸ਼ਾਮ ਬਾਈ, ਪੈਸੇ ਦੇਣੇ ਮੇਰਾ ਫਰਜ਼ ਹੈ|’ ਮੈਂ ਛੇਤੀ ਦੇਣੇ ਅੱਗੇ ਹੋ ਕੇ ਉਸ ਦਾ ਮੋਢਾ ਫੜ ਲਿਆ|
‘ਨਹੀਂ ਬਾਊ ਜੀ! ਅੱਜ ਮੈਂ ਤੁਹਾਡਾ ਨਮਕ ਨਹੀਂ ਖਾਊਂਗਾ|’ ਸੁਣਦਿਆਂ ਹੀ ਮੈਨੂੰ ਆਪਣੇ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਜਾਪੀ|