ਗੁਲਜ਼ਾਰ ਸਿੰਘ ਸੰਧੂ
ਫਿਲਮੀ ਦੁਨੀਆਂ ਦੇ ਉਘੇ ਹਸਤਾਖਰ ਧਰਮਿੰਦਰ ਨੂੰ ਤੁਰਿਆਂ ਹਾਲੀ ਇਕ ਮਹੀਨਾ ਵੀ ਨਹੀਂ ਸੀ ਹੋਇਆ ਕਿ ਜਗਰਾਓਂ ਦੇ ਜੰਮਪਲ ਤੇ ਸਵਿਟਜ਼ਰਲੈਂਡ ਨਿਵਾਸੀ ਚਿਤਰਕਾਰ ਦੇਵ ਵੀ ਅਕਾਲ ਚਲਾਣਾ ਕਰ ਗਿਆ ਹੈ|
ਉਹ ਈਸ਼ਵਰ ਚਿਤਰਕਾਰ ਵਾਂਗ ਚਿਤਰਕਾਰੀ ਤੋਂ ਬਿਨਾ ਸਾਹਿਤ ਰਚਨਾ ਵੀ ਕਰਦਾ ਸੀ| ਉਸਨੇ 1969 ਵਿੱਚ ਲੈਨਿਨ ਬਾਰੇ ਲੰਬੀ ਨਜ਼ਮ ‘ਮੇਰੇ ਦਿਨ ਦਾ ਸੂਰਜ’ ਲਿਖੀ ਤੇ ਅਗਲੇ ਸਾਲ ‘ਵਿਦਰੋਹ’ ਨਾਮੀ ਕਾਵਿ ਸੰਗ੍ਰਹਿ ਨਾਲ ਪੰਜਾਬੀ ਸਾਹਿਤ ਸੰਸਾਰ ਵਿਚ ਆਪਣੀ ਗੌਲਣਯੋਗ ਥਾਂ ਬਣਾ ਲਈ| ‘ਦੂਸਰੇ ਕਿਨਾਰੇ ਦੀ ਤਲਾਸ਼’ (78), ‘ਮਤਾਬੀ ਮਿੱਟੀ’ (83), ‘ਪ੍ਰਸ਼ਨ ਤੇ ਪਰਵਾਜ਼’ (92) ਅਤੇ ‘ਸ਼ਬਦਾਂਤ’ (99) ਉਸਦੇ ਹੋਰ ਕਾਵਿ ਸੰਗ੍ਰਹਿ ਵੀ ਏਨੇ ਮਕਬੂਲ ਹੋਏ ਕਿ ਇਨ੍ਹਾਂ ਵਿਚੋਂ ‘ਸ਼ਬਦਾਂਤ’ ਨੂੰ ਭਾਰਤੀ ਸਾਹਿਤ ਅਕਾਡਮੀ, ਨਵੀਂ ਦਿੱਲੀ ਨੇ 2001 ਵਿਚ ਪੁਰਸਕਾਰ ਦੇ ਕੇ ਨਿਵਾਜਿਆ| ਉਂਝ ਭਾਸ਼ਾ ਵਿਭਾਗ ਪੰਜਾਬ ਉਸਨੂੰ 1992 ਸ਼੍ਰੋਮਣੀ ਵਿਦੇਸ਼ੀ ਪੰਜਾਬੀ ਸਾਹਿਤਕਾਰ ਦੀ ਉਪਾਧੀ ਦੇ ਚੁੱਕਿਆ ਸੀ| ਇਨ੍ਹਾਂ ਦਿਨਾ ਵਿਚ ਹੀ ਪੰਜਾਬੀ ਸਾਹਿਤ ਦੇ ਪ੍ਰਸਿਧ ਆਲੋਚਕਾਂ ਸੁਤਿੰਦਰ ਸਿੰਘ ਨੂਰ ਤੇ ਰਘਬੀਰ ਸਿੰਘ ਨੇ ਉਹਦੇ ਬਾਰੇ ‘ਦੇਵ ਕਲਾ ਤੇ ਕਾਵਿ’ ਨਾਂ ਦੀ ਰਚਨਾ ਲਿਖ ਕੇ ਉਸਦੀ ਚਿਤਰਕਾਰੀ ਤੇ ਸ਼ਾਇਰੀ ਨੂੰ ਅਜਿਹੇ ਅੰਦਾਜ਼ ਵਿਚ ਪੇਸ਼ ਕੀਤਾ ਸੀ ਕਿ ਉਹ ਪੂਰੀ ਦੁਨੀਆਂ ਦੇ ਪੰਜਾਬੀ ਪਿਆਰਿਆਂ ਦਾ ਚਹੇਤਾ ਪਾਤਰ ਬਣ ਗਿਆ| 1999 ਵਿਚ ਸਤੀ ਕੁਮਾਰ ਤੇ ਹਰਿਨਾਮ ਦੀ ਤਿਆਰ ਕੀਤੀ ‘ਸੰਦੇਹ’ ਵੀ ਇਸ ਕਥਨ ਦੀ ਪੁਸ਼ਟੀ ਕਰਦੀ ਹੈ| ਇਹ ਵੀ ਨੋਟ ਕਰਨ ਵਾਲੀ ਗੱਲ ਹੈ ਕਿ ਉਸਦੀਆਂ ਚੋਣਵੀਆਂ ਪੰਜਾਬੀ ਕਵਿਤਾਵਾਂ ਦਾ ਡੇਨੀਏਲਾ ਤੇ ਹਰਜੀਤ ਗਿੱਲ ਜੋੜੀ ਵਲੋਂ ਕੀਤਾ ਫਰਾਂਸੀਸੀ ਅਨੁਵਾਦ ਫਰਾਂਸ ਦੇ ਸਾਹਿਤਕ ਰਸਾਲਿਆਂ ਵਿਚ ਛਪਿਆ ਤੇ ਸਲਾਹਿਆ ਗਿਆ|
ਆਪਣੀਆਂ ਸੂਖਮ ਕਵਿਤਾਵਾਂ ਸਦਕਾ ਪੰਜਾਬੀ ਸਾਹਿਤ ਸੰਸਾਰ ਵਿਚ ਨਾਮਣਾ ਖੱਟਣ ਵਾਲਾ ਦੇਵ ਆਪਣੀ ਨਿਵੇਕਲੀ ਚਿੱਤਰਕਾਰੀ ਸਦਕਾ ਵਧੇਰੇ ਜਾਣਿਆ ਜਾਂਦਾ ਹੈ| ਉਸਦੀ ਕਲਾ ਸ਼ੈਲੀ ਸੂਖਮ ਵੀ ਹੈ ਤੇ ਉੱਤਮ ਵੀ| ਉਸਦੇ ਇਸ ਹੁਨਰ ਨੇ ਉਸਨੂੰ ਭਾਰਤ ਤੋਂ ਦੂਰ ਦੁਰਾਡੇ ਦੇਸ਼ਾਂ ਵਿਚ ਏਨਾ ਘੁਮਾਇਆ ਕਿ ਉਹ ਅੰਤਕਾਰ ਸਵਿਟਜ਼ਰਲੈਂਡ ਦਾ ਪੱਕਾ ਬਾਸ਼ਿੰਦਾ ਬਣ ਗਿਆ ਤੇ ਉਸਨੇ ਰੂਬਨ ਵਿਚ ਇੱਕ ਵੱਡਾ ਘਰ ਆਪਣਾ ਟਿਕਾਣਾ ਬਣਾ ਲਿਆ| ਇਸ ਘਰ ਵਿਚ ਰਿਹਾਇਸ਼ੀ ਕਮਰੇ ਹੀ ਨਹੀਂ ਇਸ ਦੀਆਂ ਕੰਧਾਂ ਉੱਤੇ ਲਗੇ ਚਿਤਰਾਂ ਸਮੇਤ ਆਰਟ ਗੈਲਰੀ ਲਈ ਵੀ ਖੁੱਲ੍ਹੀ ਥਾਂ ਹੈ|
ਸਵਿਟਜ਼ਰਲੈਂਡ ਵਿਚ ਰਹਿੰਦਿਆਂ ਦੇਵ ਨੇ ਸੰਸਾਰ ਦੀਆਂ ਜਿਨ੍ਹਾਂ ਆਰਟ ਗੈਲਰੀਆਂ ਵਿਚ ਆਪਣੀਆਂ ਚਿਤਰ ਪ੍ਰਦਰਸ਼ਨੀਆਂ ਲਾਈਆਂ ਉਨ੍ਹਾਂ ਦਾ ਪੂਰਾ ਵੇਰਵਾ ਤਾਂ ਮੇਰੇ ਕੋਲ ਨਹੀਂ ਪਰ 1990 ਤੱਕ ਜਿੱਥੇ ਜਿੱਥੇ ਵੀ ਉਹ ਆਪਣੀਆਂ ਕਲਾ ਕ੍ਰਿਤੀਆਂ ਲੈ ਕੇ ਗਿਆ ਉਨ੍ਹਾਂ ਵਿਚੋਂ ਕੁਝ ਇੱਕ ਦੇ ਨਾਂ ਅਫਰੀਕਨ ਆਰਟਸ ਹੈਰੀਟੇਜ (ਨਾਇਰੋਬੀ), ਗੈਲਰੀ ਮਾਰਬਕ (ਬਰਨ), ਗੈਲਰੀ ਹਫਸ਼ਪਿਡ (ਜੀਊਰਿਕ), ਗੈਲਰੀ ਹੌਫੀਮਨ (ਕੋਲਨ), ਗੈਲਰੀ ਐਚ, (ਬਰਸੋਡਰਫ), ਗੈਲਰੀ ਲੋਇਯਾ (ਬਰਨ), ਗੈਲਰੀ ਜੋਹਾਨਾ ਰਿਕਾਡ (ਨਿਊਮਬਰਗ), ਗੈਲਰੀ ਸਵੇਟਲਾਨਾ (ਮੰਚਨ), ਗੈਲਰੀ ਐਟਰੀਅਮ (ਬੇਸਲ), ਆਰਟ ਗੈਲਰੀ (ਫਰੈਂਕਫਰਟ), ਗੈਲਰੀ ਅਗਰਾਸ (ਨਿਊ ਯਾਰਕ), ਤੇ ਗੈਲਰੀ ਐਕਸਪੋ ਆਰਟ (ਬਾਰਮੀਲੋਨਾ) ਹਨ|
ਇਨ੍ਹਾਂ ਵਿਚੋਂ ਜੀਊਰਿਕ, ਕੋਲਨ ਤੇ ਬੇਸਲ ਦੀਆਂ ਆਰਟ ਗੈਲਰੀਆਂ ਵਿਚ ਤਾਂ ਉਹ ਪੰਜ-ਸੱਤ ਵਾਰੀ ਆਪਣੇ ਚਿਤਰ ਲੈ ਕੇ ਗਿਆ| ਉਨ੍ਹਾਂ ਦੀ ਮੰਗ ਹੀ ਏਨੀ ਜ਼ਿਆਦਾ ਸੀ|
ਚੇਤੇ ਰਹੇ ਕਿ ਜੇ ਧਰਮਿੰਦਰ ਦੀਆਂ ਜੜ੍ਹਾਂ ਜ਼ਿਲ੍ਹਾ ਲੁਦਿਹਾਣਾ ਦੇ ਪਿੰਡ ਡਾਂਗੋਂ ਵਿਚ ਸਨ ਤਾਂ ਦੇਵ ਵੀ ਏਸ ਜ਼ਿਲ੍ਹੇ ਦੇ ਕਸਬਾ ਜਗਰਾਓਂ ਦੇ ਵਸਨੀਕ ਅਰਜਨ ਸਿੰਘ ਦੀ ਔਲਾਦ ਸੀ| ਜਿੱਥੇ ਧਰਮਿੰਦਰ ਨੇ ਦੋ ਵਿਆਹ ਕੀਤੇ ਅਤੇ ਚਾਰ ਧੀਆਂ ਤੇ ਦੋ ਪੁਤਰਾਂ ਦਾ ਬਾਪ ਬਣਿਆ ਦੇਵ ਨੇ ਇੱਕ ਹੀ ਸ਼ਾਦੀ ਕੀਤੀ ਤੇ ਉਹਦੇ ਨਾਲ ਵੀ ਤੋੜ ਵਿਛੋੜਾ ਹੋ ਗਿਆ। ਉਂਝ ਇਸ ਸ਼ਾਦੀ ਤੋਂ ਉਸਨੂੰ ਸਿਧਾਰਥ ਸਿੰਘ ਪ੍ਰਾਪਤ ਹੋਇਆ ਜਿਹੜਾ ਇਸ ਵੇਲੇ 55 ਸਾਲ ਦਾ ਹੈ ਤੇ ਨਵੀਂ ਦਿੱਲੀ ਰਹਿੰਦਾ ਹੈ|
ਮੈਂ ਦੇਵ ਦਾ ਸਵਿਟਜ਼ਰਲੈਂਡ ਵਾਲਾ ਵੱਡਾ ਘਰ ਖ਼ੁਦ ਵੀ ਦੇਖਿਆ ਹੈ| 1983 ਵਿਚ ਨਵੀਂ ਦਿੱਲੀ ਸਰਕਾਰ ਨੇ ਭਾਰਤ ਦੇ ਦੋ ਲੇਖਕਾਂ ਨੂੰ 15 ਦਿਨਾਂ ਲਈ ਫਰਾਂਸ ਦੇ ਟੂਰ ਉੱਤੇ ਭੇਜਿਆ ਸੀ| ਮੇਰੇ ਨਾਲ ਤਾਮਿਲ ਲੇਖਿਕਾ ਵਾਸੰਤੀ (ਪੰਕਜਮ ਸੁੰਦਰਮ) ਸੀ|
ਮੈਂ ਅਤੇ ਵਾਸੰਤੀ ਨੇ ਆਪਣੇ ਫਰਾਂਸ ਵਾਲੇ ਦੌਰੇ ਵਿਚ ਇਟਲੀ, ਆਸਟਰੀਆ ਤੇ ਸਵਿਟਜ਼ਰਲੈਂਡ ਵੀ ਸ਼ਾਮਲ ਕਰ ਲਿਆ ਸੀ ਅਤੇ ਅਸੀਂ ਦੋਨਾਂ ਦੇ ਇੱਕ ਦਿਨ ਦੇਵ ਦੇ ਘਰ ਰਹਿ ਕੇ ਉਸਦੀ ਮਹਿਮਾਨ ਨਿਵਾਜ਼ੀ ਮਾਣੀ ਸੀ| ਜੇ ਸਵਿਟਰਜ਼ਲੈਂਡ ਵਿੱਚ ਮੇਰਾ ਜਾਣੂ ਦੇਵ ਸੀ ਤਾਂ ਆਸਟਰੀਆ ਵਿਚ ਮੇਰਾ ਕੈਂਪ ਕਾਲਜ ਦਿੱਲੀ ਦਾ ਹਮਜਮਾਤੀ ਦਲੀਪ ਸਿੰਘ ਸੀ ਜਿਸਨੂੰ ਸਾਰੇ ਦਲੀਪਾ ਯਾਰ ਕਹਿੰਦੇ ਸਨ| ਉਸਨੇ ਵਾਸੰਤੀ ਨੂੰ ਕਿਵੇਂ ਜੱਫੀ ਵਿਚ ਲਿਆ ਸੀ ਇਸਦੀ ਗੱਲ ਕਦੀ ਫੇਰ ਕਰਾਂਗੇ|
ਅਸੀਂ ਇਟਲੀ ਕਿਉਂ ਗਏ ਉਸਦਾ ਅੰਦਾਜ਼ਾ ਲਾਉਣਾ ਕਠਿਨ ਨਹੀਂ| ਏਥੇ ਅਸੀਂ ਮਾਈਕੇ ਲੈਂਜਲੋ ਦੇ ਕੰਧ ਚਿਤਰ ਵੇਖਣਾ ਚਾਹੁੰਦੇ ਸਾਂ| ਵੱਡੇ ਚਰਚ ਦੀ ਛੱਤ ਉਤੇ ਉਸਦੇ ਬਣਾਏ ਇਹ ਚਿਤਰ ਏਨੇ ਆਕ੍ਰਸ਼ਕ ਹਨ ਕਿ ਵੇਖਣ ਵਾਲੇ ਨੂੰ ਇੰਝ ਲਗਦਾ ਹੈ ਜਿਵੇਂ ਉਹ ਖ਼ੁਦ ਵੀ ਛੱਤ ਵਲ ਉਡਾਰੀ ਭਰ ਰਿਹਾ ਹੁੰਦਾ ਹੈ| ਚਰਚ ਦੀਆਂ ਕੰਧਾਂ ਤੇ ਛੱਤਾਂ ਉੱਤੇ ਮਾਈਕੇ ਲੈਂਜਲੋ ਦੀ ਕਲਾ ਦੇਖਣ ਵਾਲਿਆਂ ਦੀਆਂ ਧੌਣਾਂ ਤਾਂ ਦੁਖਣ ਲਗ ਜਾਂਦੀਆਂ ਹਨ ਪਰ ਇਸਦਾ ਅਹਿਸਾਸ ਉਨ੍ਹਾਂ ਨੂੰ ਆਪਣੇ ਟਿਕਾਣੇ ਉੱਤੇ ਪਹੁੰਚਣ ਪਿਛੋਂ ਬਿਸਤਰ ਉੱਤੇ ਲੇਟਣ ਪਿੱਛੋਂ ਹੁੰਦਾ ਹੈ| ਇਨ੍ਹਾਂ ਨੂੰ ਘੜਨ-ਚਿਤਰਨ ਸਮੇਂ ਕਲਾਕਾਰ ਨਾਲ ਕੀ ਬੀਤੀ ਹੋਵੇਗੀ ਹੈਰਾਨੀ ਦਾ ਵਿਸ਼ਾ ਹੈ| ਈਸ਼ਾ ਤੇ ਮੇਰੀ ਦੇ ਅੰਗਾਂ ਦੀ ਗੋਲਾਈ, ਨੈਣ ਨਕਸ਼ਾਂ ਦੀ ਸਫਾਈ ਨੂੰ ਚਰਚ ਦੇ ਸ਼ਾਂਤ ਵਾਯੂ-ਮੰਡਲ ਨਾਲ ਮੇਲੀਏ ਤਾਂ ਆਤਮਾ ਮਹਿਕ ਉਠਦੀ ਹੈ| ਸਾਡੇ ਵੇਖਣ ਵਿਚ ਇਹ ਵੀ ਆਇਆ ਕਿ ਏਥੇ ਸ਼ਰਧਾ ਤੇ ਕਲਾ ਦੇ ਸੁਮੇਲ ਨੇ ਦੇਸ਼ਾਂ ਵਿਦੇਸ਼ਾਂ ਤੋਂ ਆਏ ਯਾਤਰੀਆਂ ਨੂੰ ਮੰਤਰ-ਮੁਗਧ ਕਰ ਰਖਿਆ ਸੀ| ਇਹ ਵੀ ਦਸਣਾ ਬਣਦਾ ਹੈ ਕਿ ਇਹ ਚਿੱਤਰ ਸੂਈ ਦੇ ਨੱਕੇ ਜਿੰਨੇ ਉਸ ਦੇਸ਼ ਵਿਚ ਹਨ ਜਿਸਦਾ ਕੁੱਲ ਰਕਬਾ ਚੱਪਾ ਮੀਲ ਤੋਂ ਘੱਟ ਹੈ| ਖਾਣਾ-ਪੀਣਾ ਤੇ ਬਿਜਲੀ ਤੱਕ ਆਯਾਤ (ਇੰਪੋਰਟ) ਕਰਨ ਵਾਲੇ ਇਸ ਨਿਕਚੂ ਜਿਹੇ ਦੇਸ਼ ਦੀ ਡਾਕ ਤਾਰ ਪ੍ਰਣਾਲੀ, ਰੇਡੀਓ ਸਟੇਸ਼ਨ, ਬੈਂਕਿੰਗ ਸਿਸਟਮ, ਟਕਸਾਲ, ਸਿੱਕਾ ਤੇ ਅਖ਼ਬਾਰ ਸਭ ਆਪਣੇ ਹਨ| ਵੈਟੀਕਨ ਨਾਂ ਦਾ ਇਹ ਦੇਸ਼ ਈਸਾਈ ਮੱਤ ਦੇ ਪ੍ਰਮੁੱਖ ਫਿਰਕੇ ਰੋਮਨ ਕੈਥੋਲਿਕ ਦਾ ਹੈੱਡ ਕੁਆਰਟਰ ਹੈ ਤੇ ਏਥੋਂ ਦੇ ਪੋਪ ਦੇ ਹੁਕਮ ਬਿਨਾ ਇਸ ਫਿਰਕੇ ਦੀ ਸਮੁੱਚੀ ਸੰਪਰਦਾਇ ਦਾ ਪੱਤਾ ਵੀ ਨਹੀਂ ਹਿਲਦਾ, ਭਾਵੇਂ ਉਹ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਹੋਵੇ| ਹੈਰਾਨੀ ਦੀ ਗੱਲ ਇਹ ਕਿ ਏਥੋਂ ਦੇ ਗਿਰਜਾ ਘਰਾਂ ਦੀ ਚਿੱਤਰਕਾਰੀ ਲਈ ਮਾਈਕੇ ਲੈਂਜਲੋੋ ਤੇ ਰਫੀਲ ਵਰਗੇ ਜਗਤ ਪ੍ਰਸਿੱਧ ਚਿਤਰਕਾਰਾਂ ਦੀਆਂ ਸੇਵਾਵਾਂ ਲਈਆਂ ਗਈਆਂ ਸਨ| ਥਾਂ ਪਰ ਥਾਂ ਠੋਕਰਾਂ ਖਾਣ ਵਾਲਾ ਮਾਈਕੇ ਲੈਂਜਲੋ ਸੱਠ ਸਾਲ ਦਾ ਸੀ ਜਦੋਂ ਉਸਨੂੰ ਪੋਪ ਪਾਲ ਤੀਜੇ ਨੇ ਆਪਣਾ ਸਰਕਾਰੀ ਬੁੱਤਘਾੜਾ ਬਣਾਇਆ ਤੇ ਜਿਸਨੇ ਵੈਟੀਕਨ ਵਿੱਚ ਆਪਣੀ ਚਿਤਰਕਾਰੀ ਤੇ ਬੁੱਤ-ਤਰਾਸ਼ੀ ਦੇ ਅਜਿਹੇ ਜੌਹਰ ਵਿਖਾਏ ਜਿਹੜੇ ਰਹਿੰਦੀ ਦੁਨੀਆਂ ਤੱਕ ਖਿੱਚ ਦਾ ਕੇਂਦਰ ਬਣੇ ਰਹਿਣਗੇ| ਇਹ ਕ੍ਰਿਸ਼ਮਾ ਭਾਰਤ ਉੱਤੇ ਬਾਬਰ ਦੇ 1526 ਵਾਲੇ ਧਾਵੇ ਤੋਂ ਇਕ ਦਹਾਕਾ ਪਿਛੋਂ ਦਾ ਹੈ| ਬਹੁਤ ਪੁਰਾਣਾ|
ਮੈਂ ਤੇ ਵਾਸੰਤੀ ਵੈਟੀਕਨ ਤੋਂ ਪਿਛੋਂ ਹੀ ਦੇਵ ਦੇ ਸਵਿਟਜ਼ਰਲੈਂਡ ਵਾਲੇ ਟਿਕਾਣੇ `ਤੇ ਪਹੁੰਚੇ ਸਾਂ| ਐਨ ਕੁਦਰਤੀ ਸੀ ਕਿ ਅਸੀਂ ਦੇਵ ਦੇ ਚਿਤਰਾਂ ਵਿਚੋਂ ਵੀ ਵੈਟੀਕਨ ਵਾਲਾ ਪ੍ਰਭਾਵ ਲਭ ਰਹੇ ਸਾਂ ਜਿੱਥੇ ਦੇਵ ਨਾਲ ਮੇਰੀ ਅਪਣਤ ਸੋਨੇ ਉੱਤੇ ਸੁਹਾਗੇ ਦਾ ਕੰਮ ਕਰ ਰਹੀ ਸੀ|
ਪੰਜ ਸਤੰਬਰ 1947 ਨੂੰ ਜਨਮੇ ਦੇਵ ਦਾ ਅਚਾਨਕ ਤੁਰ ਜਾਣਾ ਹੈਰਾਨ ਤਾਂ ਕਰਦਾ ਹੈ ਪਰ ਭਾਣਾ ਮੰਨਣ ਤੋਂ ਬਿਨਾ ਹੋਰ ਕੋਈ ਚਾਰਾ ਵੀ ਨਹੀਂ|
ਇਹ ਵੀ ਪਤਾ ਲਗਿਆ ਹੈ ਕਿ ਅੰਤਮ ਸਾਹ ਲੈਣ ਸਮੇਂ ਉਹ ਸਦਾ ਵਾਂਗ ਏਨੇ ਵਿਸ਼ਾਲ ਘਰ ਵਿਚ ਇਕੱਲਾ ਹੀ ਸੀ ਜਦੋਂ ਉਸਨੂੰ ਦਿਲ ਦਾ ਦੌਰਾ ਪਿਆ ਤੇ ਉਹ ਫਰਸ਼ ਉੱਤੇ ਗਿਰ ਪਿਆ ਅਤੇ ਉਥੇ ਹੀ ਪਿਆ ਰਹਿ ਗਿਆ| ਵੇਖਣ ਵਾਲੇ ਉਸਦਾ ਦਰਵਾਜ਼ਾ ਤੋੜ ਕੇ ਅੰਦਰ ਗਏ ਤਾਂ ਉਨ੍ਹਾਂ ਨੇ ਵੇਖਿਆ ਕਿ ਉਸਦੀ ਮ੍ਰਿਤਕ ਦੇਹ ਉੱਤੇ ਪੁਸਤਕਾਂ ਦਾ ਵੱਡਾ ਰੈਕ ਪਿਆ ਸੀ| ਹੋ ਸਕਦਾ ਹੈ ਉਸਨੇ ਰੈਕ ਨੂੰ ਹੱਥ ਪਾਇਆ ਹੋਵੇ ਪਰ ਰੈਕ ਨੇ ਸਾਥ ਨਹੀਂ ਦਿੱਤਾ| ਹੁਣ ਅਸੀਂ ਵੀ ਉਸਦੀ ਆਤਮਾ ਦੀ ਸ਼ਾਂਤੀ ਮੰਗਣ ਤੋਂ ਸਿਵਾ ਹੋਰ ਕੁਝ ਨਹੀਂ ਕਰ ਸਕਦੇ|
ਅੰਤਿਕਾ
ਈਸ਼ਵਰ ਚਿਤਰਕਾਰ॥
ਦੁਸ਼ਮਨ ਬਣੀ ਹੈ ਹੁਣ ਤਾਂ ਅਪਣੀ ਇਕੱਲਤਾ ਹੀ
ਮੰਜ਼ਿਲ `ਤੇ ਆ ਗਿਆ ਤਾਂ ਹੋਰਾਂ ਤੋਂ ਮੈਂ ਅਗੇਰੇ|
