ਵੋਟ ਚੋਰੀ…ਸੱਚ…ਅਤੇ ਸ਼ਕਤੀ…

ਦਿੱਲੀ ਦੀ ਜਨਤਾ ਨੇ ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਐਤਵਾਰ ਨੂੰ ਇੱਕ ਅਦਭੁਤ ਨਜ਼ਾਰਾ ਦੇਖਿਆ। ਕਿਸੇ ਨੂੰ ਉਮੀਦ ਨਹੀਂ ਸੀ ਕਿ ਇਹ ਸਭ ਕੁਝ ਦੇਖਣ ਨੂੰ ਮਿਲੇਗਾ। ਹਾਲਾਂਕਿ ਸਭ ਨੂੰ ਪਤਾ ਸੀ ਕਿ ਕਾਂਗਰਸ ਇਸ ਤਾਰੀਖ ਨੂੰ ਰਾਮਲੀਲਾ ਮੈਦਾਨ ਵਿਚ ਰੈਲੀ ਕਰੇਗੀ

ਅਤੇ ਉਸ ਵਿਚ ‘ਵੋਟ ਚੋਰੀ’ ਦਾ ਮਾਮਲਾ ਵੀ ਉੱਠੇਗਾ। ਪਰ ਉੱਥੇ ਨਜ਼ਾਰਾ ਅਜਿਹਾ ਸੀ ਕਿ ਮੰਚ ਦੇ ਸਾਹਮਣੇ ਬਹੁਤ ਵੱਡੇ ਵੱਡੇ ਭਰ ਕੇ ਲਿਆਂਦੇ ਗਏ ਬੋਰਿਆਂ ਬਾਰੇ, ਲੋਕ ਸੋਚ ਰਹੇ ਹਨ ਕਿ ਬੋਰਿਆਂ ਵਿਚ ਕੀ ਹੋ ਸਕਦਾ ਹੈ?ਜਦੋਂ ਲੋਕਾਂ ਨੂੰ ਪਤਾ ਲੱਗਾ ਕਿ ਇਨ੍ਹਾਂ ਬੋਰਿਆਂ ਵਿਚ 5 ਕਰੋੜ ਤੋਂ ਵੱਧ ਹਿੰਦੁਸਤਾਨੀ ਵੋਟਰਾਂ ਦੇ ਦਸਤਖਤ ਹਨ। ਤਾਂ ਰਾਮਲੀਲਾ ਮੈਦਾਨ ਵਿਚ ਹਾਜ਼ਰ ਭੀੜ ਵਿਚ ਨਵਾਂ ਜੋਸ਼ ਭਰ ਗਿਆ। ਰਾਹੁਲ ਗਾਂਧੀ ਨੇ ਦੱਸਿਆ ਕਿ ਇਹ ਸਭ ਦਸਤਖਤ ਕਾਂਗਰਸ ਨੇ ਸਾਰੇ ਦੇਸ਼ ‘ਚੋਂ ਵੋਟ ਚੋਰੀ ਦੇ ਖ਼ਿਲਾਫ ਇਕੱਤਰ ਕੀਤੇ ਹਨ ਅਤੇ ਇਹ ਸਭ ਰਾਸ਼ਟਰਪਤੀ ਨੂੰ ਸੌਂਪੇ ਜਾਣਗੇ। ਇਨ੍ਹਾਂ ਬੋਰਿਆਂ ਦੇ ਜਨਤਕ ਪ੍ਰਦਰਸ਼ਨ ਅਤੇ ਰਾਹੁਲ ਗਾਂਧੀ ਦੇ ਐਲਾਨ ਤੋਂ ਬਾਅਦ ਸਪੱਸ਼ਟ ਹੋ ਗਿਆ ਕਿ ਵਿਰੋਧੀ ਧਿਰ ਕਾਂਗਰਸ ਰਾਹੁਲ ਗਾਂਧੀ ਦੀ ਅਗਵਾਈ ਵਿਚ ਵੱਡਾ ਕਦਮ ਉਠਾਉਣ ਜਾ ਰਹੀ ਹੈ। ਦੇਖਦਿਆਂ ਦੇਖਦਿਆਂ ਇਹ ਰੈਲੀ ਵੋਟ ਚੋਰੀ ਦੇ ਵਿਰੁੱਧ ਰਾਸ਼ਟਰੀ ਮੁਹਿੰਮ ਦੀ ਸ਼ੁਰੂਆਤ ਬਣ ਗਈ। ਪਹਿਲਾਂ ਪ੍ਰਿਅੰਕਾ ਗਾਂਧੀ ਤੇ ਫਿਰ ਰਾਹੁਲ ਗਾਂਧੀ ਨੇ ਆਪਣੇ ਭਾਸ਼ਨਾਂ ‘ਚ ਚੋਣ ਕਮਿਸ਼ਨਰਾਂ- ਗਿਆਨੇਸ਼ ਕੁਮਾਰ, ਸੁਖਬੀਰ ਸਿੰਘ ਸੰਧੂ ਤੇ ਵਿਵੇਕ ਜੋਸ਼ੀ ਦੇ ਨਾਂਅ ਮੰਚ ਤੋਂ ਵਾਰ-ਵਾਰ ਲਏ। ਇਸ ਤਰ੍ਹਾਂ ਵੋਟ ਚੋਰੀ ਦੇ ਵਿਰੁੱਧ ਰਾਸ਼ਟਰੀ ਮੁਹਿੰਮ ਆਪਣੇ ਪਹਿਲੇ ਪੜਾਅ ਵਿਚ ਪਹੁੰਚ ਗਈ ਹੈ।
ਰਾਹੁਲ ਗਾਂਧੀ ਅਤੇ ਪ੍ਰਿਅੰਕਾ ਦੋਵੇਂ ਹੀ ਇਸ ਰੈਲੀ ਦੌਰਾਨ ਪੂਰੇ ਉਤਸ਼ਾਹ ਵਿਚ ਸਨ। ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਸਾਨੂੰ ਵੋਟ ਦੀ ਕੀਮਤ ਸਮਝਣੀ ਪਵੇਗੀ। ਅੱਜ ਅਦਾਲਤ ‘ਤੇ ਦਬਾਅ ਹੈ, ਸਾਰਾ ਮੀਡੀਆ ਅੰਬਾਨੀ-ਅਡਾਨੀ ਦਾ ਹੈ। ਕਾਂਗਰਸੀ ਨੇਤਾਵਾਂ ਨੂੰ ਤਰ੍ਹਾਂ-ਤਰ੍ਹਾਂ ਦੇ ਦੋਸ਼ ਲਗਾ ਕੇ ਜੇਲ੍ਹਾਂ ਵਿਚ ਬੰਦ ਕੀਤਾ ਜਾ ਰਿਹਾ ਹੈ। ਜੋ ਉਨ੍ਹਾਂ ਦੀ ਪਾਰਟੀ (ਭਾਜਪਾ) ਵਿਚ ਸ਼ਾਮਿਲ ਹੋ ਗਏ, ਉਨ੍ਹਾਂ ਨੂੰ ਆਪਣੀ ਵਾਸ਼ਿੰਗ ਮਸ਼ੀਨ ਨਾਲ ਸਾਫ਼ ਕਰ ਦਿੱਤਾ ਗਿਆ। ਰਾਹੁਲ ਨੇ ਆਪਣੀ ਗੱਲ ਦੀ ਸ਼ੁਰੂਆਤ ਦੋ ਬਿੰਦੂਆਂ ਨਾਲ ਕੀਤੀ। ਪਹਿਲਾਂ ਉਨ੍ਹਾਂ ਸੱਚ ਤੇ ਸੱਤਾ ਵਿਚਾਲੇ ਫਰਕ ਦੱਸਦਿਆਂ, ਇਨ੍ਹਾਂ ਦੇ ਜੋ ਮਾਅਨੇ ਦੱਸੇ, ਉਨ੍ਹਾਂ ‘ਚ ਖ਼ਰੇ ਉਤਰਨ ਤੋਂ ਆਮ ਤੌਰ ‘ਤੇ ਨੇਤਾ ਲੋਕ ਬਚਦੇ ਹਨ। ਇਹ ਇਕ ਤਰ੍ਹਾਂ ਨਾਲ ਦੇਸ਼ ਦੇ ਲੋਕਤੰਤਰ ਦੇ ਸਾਹਮਣੇ ਆਏ ਸੰਕਟ ਦੀ ਸਥਿਤੀ ਨੂੰ ਸਮਝਣ ਦੀ ਦਾਅਵਤ ਸੀ। ਰਾਹੁਲ ਨੇ ਦੱਸਿਆ ਕਿ ਜਦੋਂ ਉਹ ਗੱਡੀ ‘ਚ ਆ ਰਿਹਾ ਸੀ ਤਾਂ ਉਸ ਨੂੰ ਦੱਸਿਆ ਗਿਆ ਕਿ ਅੰਡੇਮਾਨ ਨਿਕੋਬਾਰ ‘ਚ ਰਾਸ਼ਟਰੀ ਸੋਇੰਮ-ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਕੋਈ ਬਿਆਨ ਦਿੱਤਾ ਹੈ। ਮੈਂ ਕੋਈ ਹੋਰ ਭਾਸ਼ਨ ਦੇਣਾ ਸੀ, ਪਰ ਜਦੋਂ ਮੈਂ ਉਨ੍ਹਾਂ (ਭਾਗਵਤ) ਦਾ ਬਿਆਨ ਸੁਣਿਆ ਤਾਂ ਮੈਂ ਆਪਣਾ ਪੂਰਾ ਪਲਾਨ ਬਦਲ ਦਿੱਤਾ ਹੈ। ਰਾਹੁਲ ਨੇ ਕਿਹਾ ਕਿ ਸੱਚ ਸਭ ਤੋਂ ਜ਼ਰੂਰੀ ਚੀਜ਼ ਹੈ, ਸਾਡੇ ਲਈ ਧਰਮ ਸੱਚ ਸਭ ਤੋਂ ਉੱਪਰ ਹੈ। ਤੁਸੀਂ ਵੀ ‘ਸੱਤਿਅਮ ਸ਼ਿਵਮ ਸੁੰਦਰਮ’ ਸੁਣਿਆ ਹੋਵੇਗਾ। ਉਨ੍ਹਾਂ ਰੈਲੀ ‘ਚ ਮੌਜੂਦ ਵਰਕਰਾਂ ਨੂੰ ਕਿਹਾ ਕਿ ਹੁਣ ਮੋਹਨ ਭਾਗਵਤ ਦਾ ਬਿਆਨ ਸੁਣੋ। ਕੀ ਬੋਲ ਰਹੇ ਹਨ? ਉਹ ਕਹਿ ਰਹੇ ਹਨ ਕਿ ਵਿਸ਼ਵ ਸੱਚ ਨੂੰ ਨਹੀਂ ਸ਼ਕਤੀ ਨੂੰ ਦੇਖਦਾ ਹੈ। ਜਿਸ ਕੋਲ ਸ਼ਕਤੀ ਹੋਵੇ ਉਸੇ ਨੂੰ ਮੰਨਿਆ ਜਾਂਦਾ ਹੈ। ਇਹ ਹੈ ਮੋਹਨ ਭਾਗਵਤ। ਇਹ ਹੈ ਆਰ.ਐੱਸ.ਐੱਸ. ਦੀ ਵਿਚਾਰਧਾਰਾ। ਸਾਡੀ ਵਿਚਾਰਧਾਰਾ ਹਿੰਦੁਸਤਾਨ ਦੀ ਵਿਚਾਰਧਾਰਾ ਹੈ, ਹਿੰਦੂ ਧਰਮ ਦੀ ਵਿਚਾਰਧਾਰਾ ਹੈ, ਦੁਨੀਆ ਦੇ ਹਰ ਧਰਮ ਦੀ ਵਿਚਾਰਧਾਰਾ ਹੈ ਅਤੇ ਇਹ ਕਹਿੰਦੀ ਹੈ ਕਿ ਸੱਚ ਸਭ ਤੋਂ ਜ਼ਰੂਰੀ ਹੈ ਜਦਕਿ ਭਾਗਵਤ ਕਹਿੰਦੇ ਹਨ ਕਿ ਸੱਚ ਦਾ ਕੋਈ ਮਤਲਬ ਨਹੀਂ ਹੈ, ਸੱਤਾ ਜ਼ਰੂਰੀ ਹੈ। ਹਿੰਦੁਸਤਾਨ ਵਿਚ ਇਸੇ ਗੱਲ ਨੂੰ ਲੈ ਕੇ ਲੜਾਈ ਹੋ ਰਹੀ ਹੈ। ਮੈਂ (ਰਾਹੁਲ ਗਾਂਧੀ) ਤੁਹਾਨੂੰ ਇਸ ਸਟੇਜ ਤੋਂ ਗਰੰਟੀ ਦਿੰਦਾ ਹਾਂ ਕਿ ਤੁਸੀਂ ਦੇਖੋਗੇ ਕਿ ਅਸੀਂ ਸੱਚ ਦੇ ਪਿੱਛੇ ਖੜ੍ਹੇ ਹੋ ਕੇ ਨਰਿੰਦਰ ਮੋਦੀ, ਅਮਿਤ ਸ਼ਾਹ ਅਤੇ ਆਰ.ਐੱਸ.ਐੱਸ. ਦੀ ਸਰਕਾਰ ਨੂੰ ਦੇਸ਼ ਤੋਂ ਹਟਾਵਾਂਗੇ।
ਰਾਹੁਲ ਨੇ ਆਪਣੇ ਭਾਸ਼ਨ ਵਿਚ ਕੇਂਦਰ ਦੀ ਸਰਕਾਰ ਨੂੰ ਸਪੱਸ਼ਟ ਰੂਪ ਵਿਚ ਆਰ.ਐੱਸ.ਐੱਸ. ਦੀ ਸਰਕਾਰ ਕਿਹਾ ਹੈ। ਰਾਹੁਲ ਗਾਂਧੀ ਦੇਸ਼ ਦੇ ਇਕਮਾਤਰ ਨੇਤਾ ਹਨ, ਜੋ ਲਗਾਤਾਰ ਬਿਨਾਂ ਰੁਕਿਆਂ ਸੰਘ ਦੇ ਵਿਰੁੱਧ ਬੋਲਦੇ ਹਨ। ਅੱਜ ਰਾਮਲੀਲ੍ਹਾ ਮੈਦਾਨ ਵਿਚ ਵੀ ਉਨ੍ਹਾਂ ਨੇ ਇਹੀ ਕੀਤਾ। ਰਾਹੁਲ ਗਾਂਧੀ ਨੇ ਭਾਜਪਾ, ਨਰਿੰਦਰ ਮੋਦੀ, ਅਮਿਤ ਸ਼ਾਹ, ਸੰਘ ਅਤੇ ਚੋਣ ਕਮਿਸ਼ਨਰਾਂ ਨੂੰ ਇਕੱਠੇ ਖੜ੍ਹੇ ਕਰ ਦਿੱਤਾ ਹੈ। ਲੋਕਾਂ ਤੋਂ ਵੀ ਇਨ੍ਹਾਂ ਸਭ ਦੇ ਖ਼ਿਲਾਫ਼ ਨਾਅਰੇ ਲਗਵਾਏ। ਉਨ੍ਹਾਂ ਕਿਹਾ ਕਿ ਇਨ੍ਹਾਂ ਕੋਲ ਸੱਤਾ ਹੋਣ ਕਰਕੇ ਇਹ ਵੋਟ ਚੋਰੀ ਕਰਦੇ ਹਨ। ਚੋਣਾਂ ਦੌਰਾਨ ਚੋਣ ਜ਼ਾਬਤਾ ਲੱਗਾ ਹੋਣ ਦੇ ਬਾਵਜੂਦ 10-10 ਹਜ਼ਾਰ ਰੁਪਏ ਵੰਡਦੇ ਹਨ। ਚੋਣ ਕਮਿਸ਼ਨਰਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਸੱਚ ਤੇ ਝੂਠ ਵਿਚਾਲੇ ਲੜਾਈ ਹੋ ਰਹੀ ਹੈ। ਚੋਣ ਕਮਿਸ਼ਨ ਜੋ ਭਾਜਪਾ ਦੀ ਸਰਕਾਰ ਨਾਲ ਮਿਲ ਕੇ ਕਰ ਰਿਹਾ ਹੈ, ਉਹ ਨਹੀਂ ਚੱਲ ਸਕਦਾ। ਨਰਿੰਦਰ ਮੋਦੀ ਵਲੋਂ ਨਵਾਂ ਕਾਨੂੰਨ ਲਿਆਂਦਾ ਗਿਆ ਹੈ ਕਿ ਚੋਣ ਕਮਿਸ਼ਨਰ ਕੁਝ ਵੀ ਕਰੇ ਉਨ੍ਹਾਂ ‘ਤੇ ਕੋਈ ਵੀ ਕਾਰਵਾਈ ਨਹੀਂ ਹੋਵੇਗੀ। ਤੁਸੀਂ ਹਿੰਦੁਸਤਾਨ ਦੇ ਚੋਣ ਕਮਿਸ਼ਨਰ ਹੋ, ਤੁਸੀਂ ਨਰਿੰਦਰ ਮੋਦੀ ਦੇ ਚੋਣ ਕਮਿਸ਼ਨਰ ਨਹੀਂ ਹੋ।
ਇਸ ਤੋਂ ਬਾਅਦ ਰਾਹੁਲ ਨੇ ਕਿਹਾ ਕਿ ਹਰਿਆਣਾ ਤੋਂ ਵੀ ਇੱਥੇ ਲੋਕ ਆਏ ਹਨ? ਇਨ੍ਹਾਂ ਦੇ ਹੱਥੋਂ ਵੋਟ ਚੋਰੀ ਕੀਤੀ ਗਈ ਹੈ। ਬ੍ਰਾਜ਼ੀਲ ਦੀ ਮਹਿਲਾ 22 ਥਾਵਾਂ ‘ਚ ਹਰਿਆਣਾ ਦੀ ਵੋਟਰ ਸੂਚੀ ਵਿਚ ਦਿਖਾਈ ਦਿੰਦੀ ਹੈ। ਇਕ ਪੋਲਿੰਗ ਬੂਥ ਵਿਚ ਇਕ ਔਰਤ 200 ਵਾਰ ਆਉਂਦੀ ਹੈ। ਭਾਜਪਾ ਦੇ ਲੋਕ ਯੂ.ਪੀ. ਤੋਂ ਆ ਕੇ ਹਰਿਆਣਾ ਵਿਚ ਵੋਟ ਪਾਉਂਦੇ ਹਨ। ਉਧਰ ਵੀ ਉਨ੍ਹਾਂ ਦੀਆਂ ਵੋਟਾਂ ਬਣੀਆਂ ਹਨ, ਲੱਖਾਂ ਡੁਪਲੀਕੇਟ ਵੋਟਰ ਹਨ। ਇਨ੍ਹਾਂ 3 ਚੋਣ ਕਮਿਸ਼ਨਰਾਂ ਕੋਲ ਇਸ ਦਾ ਕੋਈ ਜਵਾਬ ਨਹੀਂ ਹੈ। ਜਦੋਂ ਅਸੀਂ ਉਨ੍ਹਾਂ ਤੋਂ ਸਵਾਲ ਪੁੱਛੇ ਕਿ ਬ੍ਰਾਜ਼ੀਲ ਦੀ ਮਹਿਲਾ ਦਾ ਨਾਂਅ ਵੋਟਰ ਸੂਚੀ ਵਿਚ ਕਿਉਂ ਹੈ, ਇਕ ਮਹਿਲਾ 200 ਵਾਰ ਕਿਉਂ ਆਉਂਦੀ ਹੈ? ਇਕ ਘਰ ਵਿਚ 500, 600, 700 ਵੋਟਰ ਕਿਉਂ ਮਿਲਦੇ ਹਨ? ਉੱਤਰ ਪ੍ਰਦੇਸ਼ ਤੋਂ ਆ ਕੇ ਭਾਜਪਾ ਦੇ ਨੇਤਾ ਹਰਿਆਣਾ ਵਿਚ ਕਿਉਂ ਵੋਟ ਪਾਉਂਦੇ ਹਨ? ਪਰ ਕੋਈ ਜਵਾਬ ਨਹੀਂ ਮਿਲਿਆ। ਸੰਸਦ ‘ਚ ਕੁਝ ਦਿਨ ਪਹਿਲਾਂ ਅਮਿਤ ਸ਼ਾਹ ਦੇ ਹੱਥ ਕੰਬ ਰਹੇ ਸਨ। ਉਨ੍ਹਾਂ ਕੰਬਦੇ ਹੱਥਾਂ ਨਾਲ ਚੋਣ ਕਮਿਸ਼ਨ ਬਾਰੇ ਸਫਾਈ ਦਿੱਤੀ। ਤੁਸੀਂ ਮੇਰੀ ਪ੍ਰੈੱਸ ਕਾਨਫ਼ਰੰਸ ਦੀ ਗੱਲ ਕਰਦੇ ਹੋ, ਆਓ ਡਿਬੇਟ ਕਰਦੇ ਹਾਂ, ਦੇਸ਼ ਨੂੰ ਦਿਖਾਉਂਦੇ ਹਾਂ, ਕੌਣ ਸੱਚ ਬੋਲ ਰਿਹਾ ਹੈ। ਭਾਵੇਂ ਤੁਸੀਂ ਸੱਤਾ ਵਿਚ ਹੋ, ਪਰ ਸਾਨੂੰ ਇਸ ਦੀ ਕੋਈ ਪਰਵਾਹ ਨਹੀਂ ਹੈ। ਦੇਸ਼ ਦੀ ਜਨਤਾ ਸੱਚ ਨੂੰ ਸਮਝਦੀ ਹੈ, ਸੱਚ ਲਈ ਲੜਦੀ ਹੈ। ਇਹ ਦੇਸ਼ ਸੱਚ ਲਈ ਜਾਨ ਦਿੰਦਾ ਹੈ।
ਰਾਹੁਲ ਗਾਂਧੀ ਨੇ ਦਾਅਵਾ ਕੀਤਾ ਹੈ ਕਿ ਪੀ.ਐਮ. ਮੋਦੀ ਦਾ ਆਤਮ ਵਿਸ਼ਵਾਸ ਖਤਮ ਹੋ ਗਿਆ ਹੈ। ਅਮਿਤ ਸ਼ਾਹ ਦੇ ਹੱਥ ਕੰਬਦੇ ਹਨ। ਉਨ੍ਹਾਂ ਨੂੰ ਪਤਾ ਹੈ ਕਿ ਉਨ੍ਹਾਂ ਦੀ ਚੋਰੀ ਫੜੀ ਗਈ ਹੈ। ਵੋਟ ਚੋਰੀ ਖ਼ਿਲਾਫ਼ ਮਹਾਂਰੈਲੀ ਤੋਂ ਘਬਰਾਈ ਭਾਜਪਾ ਨੇ ਧਿਆਨ ਭਟਕਾਉਣ ਲਈ ਮਹਾਂਰੈਲੀ ਵਿਚ ਆਪਣੇ ਕੁਝ ਲੋਕਾਂ ਨੂੰ ਪੋਸਟਰਾਂ ਨਾਲ ਭੇਜ ਕੇ ‘ਮੋਦੀ ਤੇਰੀ ਕਬਰ ਖੁਦੇਗੀ’ ਦੇ ਨਾਅਰੇ ਲਗਵਾਉਣ ਨੂੰ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ। ਸਪੱਸ਼ਟ ਹੈ ਕਿ ਹੁਣ ਇਸ ਦੇਸ਼ ਵਿਚ ਵੋਟ ਚੋਰੀ ਵਿਰੁੱਧ ਮੁਹਿੰਮ ਜਿਵੇਂ-ਜਿਵੇਂ ਅੱਗੇ ਵਧੇਗੀ, ਉਵੇਂ-ਉਵੇਂ ਸਿਆਸੀ ਮਾਹੌਲ ਹੋਰ ਦਿਲਚਸਪ ਹੁੰਦਾ ਜਾਵੇਗਾ।