ਬਲਕਾਰ ਸਿੰਘ ਪ੍ਰੋਫੈਸਰ
ਗੁਰੂ ਜੀ ਦੀ ਦੇਹੀ, ਜੋਤਿ ਅਤੇ ਬਾਣੀ, ਸਿੱਖਾਂ ਨੂੰ ਖਾਸ ਕਰਕੇ ਅਤੇ ਆਮ ਆਦਮੀ ਨੂੰ ਆਮ ਕਰਕੇ ਨਾਲ ਲੈ ਕੇ ਤੁਰਨ ਦੇ ਵੇਰਵੇ ਇਤਿਹਾਸ ਅਖਵਾਉਣਗੇ ਅਤੇ ਗੁਰੂ ਜੀ ਨੂੰ ਅੰਗ-ਸੰਗ ਰੱਖ ਕੇ ਗੁਰਸਿੱਖਾਂ ਨੇ ਕਿਵੇਂ ਤੁਰਨਾ ਹੈ,
ਦੀਆਂ ਸਥਾਪਨਾਵਾਂ ਦਰਸ਼ਨ ਅਖਵਾਉਣਗੀਆਂ। ਇਤਿਹਾਸ ਅਤੇ ਦਰਸ਼ਨ ਨੂੰ ਸਮਝਣ ਅਤੇ ਸਮਝਾਉਣਯੋਗ ਬਣਾਉਣ ਦੀ ਜੁੰਮੇਵਾਰੀ ਅਕਾਦਮੀਸ਼ਨਾਂ ਦੀ ਹੈ। ਇਸ ਪੱਖੋਂ ਅਸੀਂ ਏਨੇ ਕਮਜ਼ੋਰ ਹਾਂ ਕਿ ਸਿੱਖ ਪੁਰਖਿਆਂ ਦਾ ਵਿਰਾਸਤੀ ਪ੍ਰਸੰਗ ਵੀ ਅਕਾਦਮਿਕ ਸੁਰ ਵਿਚ ਸਾਹਮਣੇ ਨਹੀਂ ਲਿਆ ਸਕੇ। ਬਹੁਤ ਸਾਰੇ ਕਾਰਨਾਂ ਕਰਕੇ ਸਿੱਖ ਚੇਤਨਾ ਨੇ ਆਪਣੇ ਬਾਰੇ ਓਨਾ ਕੁਝ ਨਹੀਂ ਲਿਖਿਆ ਤੇ ਸਾਂਭਿਆ, ਜਿੰਨਾ ਗੈਰਸਿੱਖ ਚੇਤਨਾ ਨੇ ਲਿਖਣ ਅਤੇ ਸਾਂਭਣ ਦਾ ਯਤਨ ਕੀਤਾ ਹੈ। ਇਸ ਦਾ ਮੁੱਖ ਕਾਰਨ ਸਿੱਖ ਅਕਾਦਮਿਕਤਾ ਵਾਸਤੇ ਕਿਸੇ ਵੀ ਸਮਕਾਲ ਵਿਚ ਅਕਾਦਮਿਕ ਸਪੇਸ ਦੀ ਅਣਹੋਂਦ ਹੈ। ਇਸ ਦੇ ਬਾਵਜੂਦ ਸਿੱਖਾਂ ਦੀਆਂ ਵਿਅਕਤੀਗਤ ਕੋਸ਼ਿਸ਼ਾਂ ਨਾਲ ਕੀਤੀਆਂ ਗਈਆਂ ਪ੍ਰਾਪਤੀਆਂ ਦੀ ਪ੍ਰਸੰਗਕਤਾ ਨੂੰ ਨਿਰੰਤਰਤਾ ਵਿਚ ਤੋਰੀ ਰੱਖਣ ਦੀਆਂ ਜੁੰਮੇਵਾਰੀਆਂ ਵੀ ਨਹੀਂ ਨਿਭ ਸਕੀਆਂ। ਇਸ ਪਾਸੇ ਜਿਸ ਤਰ੍ਹਾਂ ਦੀ ਭੂਮਿਕਾ ਸੋਹਣ ਸਿੰਘ ਸੀਤਲ ਨੇ ਲੇਖਕ ਅਤੇ ਢਾਡੀ ਵਜੋਂ ਨਿਭਾਈ ਸੀ, ਉਸ ਦਾ ਅਕਾਦਮਿਕ ਉਸਾਰ ਪੰਜਾਬ ਦੀਆਂ ਵਿਦਿਅਕ ਸੰਸਥਾਵਾਂ ਨਹੀਂ ਨਿਭਾ ਸਕੀਆਂ। ਇਸ ਨਾਲ ਸਿੱਖ ਭਾਈਚਾਰਾ ਸੰਬਾਦੀ ਸਰੋਕਾਰਾਂ ਨਾਲੋਂ ਵਿੱਛੜ ਕੇ ਪ੍ਰਬੰਧਕੀ ਸੰਤੁਸ਼ਟੀ ਵਾਲੇ ਰਾਹ ਪੈ ਗਿਆ। ਇਸ ਨਾਲ ਇਹ ਵਰਤਾਰਾ ਪੈਦਾ ਹੋ ਗਿਆ ਕਿ ਜੋ ਨਹੀਂ ਸਮਝ ਆਉਂਦਾ, ਉਹ ਹੈ ਹੀ ਨਹੀਂ। ਇਸ ਦਾ ਨਤੀਜਾ ਇਹ ਨਿਕਲਦਾ ਰਿਹਾ ਹੈ ਕਿ ਜੋ ਸਿੱਖ ਹੈ, ਓਸੇ ਨੂੰ ਸਿੱਖ ਬਣਾਈ ਜਾਣ ਦੀ ਪ੍ਰਬੰਧਕੀ ਸੰਤੁਸ਼ਟੀ। ਇਸ ਨੂੰ ਸਿਆਸਤ ਦੇ ਗੋਲਾਕਾਰ ਵਜੋਂ ਵੀ ਵੇਖਿਆ ਜਾ ਸਕਦਾ ਹੈ। ਪ੍ਰਭਾਤ ਫੇਰੀਆਂ ਅਤੇ ਨਗਰ ਕੀਰਤਨਾਂ ਦੀ ਨਿਰੰਤਰਤਾ ਵਿਚ ਜਿੰਨਾ ਕੁਝ ਹੋਈ ਜਾ ਰਿਹਾ ਹੈ, ਉਸ ਦਾ ਲਾਭ ਧਰਮ ਅਤੇ ਸਿਆਸਤ ਵਿਚੋਂ ਕਿਸ ਨੂੰ ਹੋ ਰਿਹਾ ਹੈ, ਇਸ ਬਾਰੇ ਪੈਰ ਰੋਕ ਕੇ ਸਮਝਣ-ਸਮਝਾਉਣ ਵਾਸਤੇ ਅਕਾਦਮਿਕ ਯਤਨ ਕਿਉਂ ਨਹੀਂ ਹੋ ਰਹੇ, ਇਸ ਬਾਰੇ ਕੌਣ ਸੋਚੇਗਾ?
ਗੁਰੂ ਤੇਗ਼ ਬਹਾਦਰ ਸਾਹਿਬ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਜਿਸ ਤਰ੍ਹਾਂ ਇਤਿਹਾਸ ਪ੍ਰਸੰਗ ਸਾਹਮਣੇ ਆ ਰਿਹਾ ਹੈ, ਉਸ ਤਰ੍ਹਾਂ ਦਰਸ਼ਨ ਕਿਉਂ ਸਾਹਮਣੇ ਨਹੀਂ ਆ ਰਿਹਾ, ਇਸ ਬਾਰੇ ਸੋਚਾਂਗੇ ਤਾਂ ਸਵਾਲ ਇਹ ਪੈਦਾ ਹੋ ਹੋਵੇਗਾ ਕਿ ਕੋਈ ਵੀ ਚਿੰਤਨ ਪੱਖ, ਓਸੇ ਮਾਤਰਾ ਵਿਚ ਸਾਹਮਣੇ ਆ ਸਕੇਗਾ, ਜਿਸ ਮਾਤਰਾ ਵਿਚ ਵਿਰਾਸਤੀ ਪ੍ਰਸੰਗ, ਵਾਰਸਾਂ ਵੱਲੋਂ ਸਥਾਪਤ ਹੋ ਸਕੇਗਾ। ਸਿੱਖ ਦਰਸ਼ਨ ਵੱਲ ਵਾਰਸੀ ਚਿੰਤਨ ਦਾ ਰੁਝਾਣ ਨਾ ਹੋਣ ਕਰਕੇ, ਗੁਰੂ ਚਿੰਤਨ ਦੀ ਚੂਲ ਸਿੱਖ ਦਰਸ਼ਨ, ਬਾਰੇ ਐਂਟਰੀ ਭਾਈ ਕਾਹਨ ਸਿੰਘ ਨਾਭਾ ਦੇ ਮਹਾਨ ਕੋਸ਼ ਵਿਚ ਨਹੀਂ ਹੈ। ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਦਰਸ਼ਨ ਬਾਰੇ ਛਾਪੀ ਡਾ. ਸ਼ੇਰ ਸਿੰਘ ਦੀ ਪੁਸਤਕ ਵਿਚ ਸਿੱਖ ਦਰਸ਼ਨ ਨੂੰ ਵਿਆਖਿਅਤ ਨਹੀਂ ਕੀਤਾ ਗਿਆ। ਸਿੱਖ ਦਰਸ਼ਨ ਬਾਰੇ ਜਿਹੜੀਆਂ ਟਿਪਣੀਆਂ ਗੈਰ ਸਿੱਖ ਵਿਦਵਾਨਾਂ ਦੀਆਂ ਮਿਲਦੀਆਂ ਹਨ, ਉਹ ਬਾਣੀ ‘ਤੇ ਆਧਾਰਤ ਨਹੀਂ ਹਨ। ਦਰਸ਼ਨ ਜਾਂ ਸਿਧਾਂਤ ਨੂੰ ਜੇ ਇਤਿਹਾਸ ਰਾਹੀਂ ਸਮਝਣ ਦਾ ਯਤਨ ਕਰਾਂਗੇ ਤਾਂ ਸਿੱਖ ਰਾਹੀਂ ਸਿੱਖੀ ਨੂੰ ਸਮਝਣ ਦੀਆਂ ਵਧੀਕੀਆਂ ਨੂੰ ਰੋਕ ਨਹੀਂ ਸਕਾਂਗੇ। ਮਿਸਾਲ ਦੇ ਤੌਰ ‘ਤੇ ਸਿੱਖ ਦੀ ਅਸਫਲਤਾ ਸਿੱਖੀ ਦੀ ਅਸਫਲਤਾ ਨਹੀਂ ਹੋ ਸਕਦੀ। ਅਜਿਹਾ ਮੰਨਣ ਨਾਲ ਧਰਮ ਅਤੇ ਸਭਿਆਚਾਰ ਇਕ ਦੂਜੇ ਨੂੰ ਫੇਲ੍ਹ ਕਰਨ ਵਾਲੇ ਰਾਹ ਪੈ ਜਾਣਗੇ। ਪੰਜਾਬੀ ਸਭਿਆਚਾਰ ਅਤੇ ਸਿੱਖ ਧਰਮ ਦੇ ਵਿਚਕਾਰ ਸਿੱਖ ਸਭਿਆਚਾਰ ਦੀ ਨਿਸਾਨਦੇਹੀ ਕਰਨ ਦੀ ਅਕਾਦਮਿਕਤਾ ਵੀ ਨਹੀਂ ਹੋ ਰਹੀ। ਇਸ ਨਾਲ ਸਿੱਖ ਧਰਮ ਦੇ ਵਿਸ਼ਵਾਸੀ, ਵਿਦਿਆਰਥੀ ਅਤੇ ਚਿੰਤਕ ਇਕ ਦੂਜੇ ਨੂੰ ਨਾਲ ਲੈ ਕੇ ਤੁਰਨ ਦੀ ਕੋਸ਼ਿਸ਼ ਤੋਂ ਮਹਿਰੂਮ ਲੱਗਣ ਲੱਗ ਪਏ ਹਨ। ਇਸ ਦਾ ਸਿਆਸੀ ਲਾਹਾ ਲੈਣ ਦੀ ਸਿਆਸਤ ਨੇ ਸਾਂਭਣਯੋਗ ਅਤੇ ਛੱਡਣਯੋਗ ਦੇ ਬਿਬੇਕ ਦਾ ਰਾਹ ਰੋਕਣ ਵਰਗੀ ਭੂਮਿਕਾ ਨਿਭਾਉਣੀ ਸ਼ੁਰੂ ਕਰ ਦਿੱਤੀ ਹੈ। ਇਹੋ ਜਿਹੀ ਸਥਿਤੀ ਵਿਚ ਸੰਸਥਾਵਾਂ ਦੇ ਅਪਹਰਣ ਦੀ ਸਿਆਸਤ ਨੇ ਜਿਹੋ ਜਿਹੇ ਹਾਲਾਤ ਪੈਦਾ ਕਰ ਦਿੱਤੇ ਹਨ, ਉਸ ਨਾਲ ਗੁਰੂੂ ਦੇ ਅੰਗ-ਸੰਗ ਰਹਿ ਕੇ ਤੁਰਨਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਪਹਿਲਾਂ ਸਜਿਧਾਰੀ ਸਿੱਖ ਬਣਦੇ ਸਨ ਅਤੇ ਹੁਣ ਸਿੱਖ ਸਹਿਜਧਾਰੀ ਬਣ ਜਾਣ ਵਾਲੇ ਰਾਹ ਪਏ ਹੋਏ ਹਨ।
ਇਹ ਇਸ਼ਾਰਾ ਇਸ ਲਈ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਗੁਰੂ ਦੀਆਂ ਸੰਕਲਪੀ ਸੰਭਾਨਾਵਾਂ ਨੂੰ ਅਵਤਾਰੀ ਅਤੇ ਪੈਗੰਬਰੀ ਸਥਾਪਨਾਵਾਂ ਨਾਲੋਂ ਨਿਖੇੜ ਕੇ ਗੁਰੂ-ਚਿੰਤਨ ਦੀ ਸਦਾ ਤਾਜ਼ਗੀ ਦੀ ਅਕਾਦਮਿਕ ਸਥਾਪਤੀ ਵੱਲ ਗੁਰੂਕਿਆਂ ਦਾ ਧਿਆਨ ਨਾਂਹ ਵਰਗਾ ਹੀ ਹੈ? ਇਸ ਪਾਸੇ ਸੋਚਣ ਦੀ ਕੋਸ਼ਿਸ਼ ਕਰਦੇ ਤਾਂ ਕਵੀ ਸਰ ਮੁਹੰਮਦ ਇਕਬਾਲ ਦੀ ਗੁਰੂ ਨਾਨਕ ਦੇਵ ਜੀ ਬਾਰੇ ਲਿਖੀ ਆਮ ਵਰਤੀ ਜਾਂਦੀ ਕਵਿਤਾ ਗੁਰੂ ਚਿੰਤਨ ਦੇ ਸੱਜਰੇਪਨ ਨੂੰ ਸਥਾਪਤ ਕਰਨ ਵਾਸਤੇ ਸਹਾਇਕ ਸਾਬਤ ਹੋ ਸਕਦੀ ਸੀ। ਅਵਤਾਰੀ ਚਿੰਤਨ ਬਾਰੇ ਪੈਗੰਬਰੀ ਚਿੰਤਨ ਦੇ ਪੈਰੋਕਾਰ ਦੀ ਟਿਪਣੀ ਇਹ ਸੀ-ਹੈ: 1. ‘ਹਿੰਦ ਕੋ ਖਿਆਲ਼ੀ ਫਲਸਫੇ ਪਰ ਨਾਜ਼ ਥਾ 2. ‘ਸ਼ੁਦਰ ਕੇ ਲੀਏ ਹਿੰਦੁਸਤਾਨ ਗ਼ਮਖਾਨਾ ਥਾ’। ਇਹ ਦੋਵੇਂ ਗੱਲਾਂ ਅਵਤਾਰੀ ਪਰੰਪਰਾ ਦੇ ਪੈਰੋਂ ਅਵਤਾਰੀ ਪਰੰਪਰਾ ਦੇ ਪ੍ਰਤੀਨਿਧੀਆਂ ਰਾਹੀਂ ਸਾਹਮਣੇ ਆ ਰਹੀਆਂ ਸਨ। ਗੁਰੂ ਪਰੰਪਰਾ ਨੇ ਬਿਨਸਣਹਾਰੀ ਦਖਲ ਦਾ ਬਦਲ ਅਬਿਨਸਣਹਾਰ ਸ਼ਬਦ-ਗੁਰੂ ਦੇ ਸਿਧਾਂਤ ਰਾਹੀਂ ਸਾਹਮਣੇ ਲਿਆ ਕੇ ਮਾਨਸਿਕ ਪਰਿਵਰਤਣ ਵਾਸਤੇ ਗੁਰਮਤਿ ਦਾ ਗਾਡੀ ਰਾਹ ਸਥਾਪਤ ਕਰ ਦਿੱਤਾ ਸੀ-ਹੈ। ਇਸ ਦੀ ਨਿਰੰਤਰਤਾ ਵਿਚ ਗੁਰੂ ਹਰਿਗੋਬਿੰਦ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਦੇ ਵਿਚਕਾਰ ਗੁਰੂ ਤੇਗ਼ ਬਹਾਦਰ ਸਾਹਿਬ ਜੀ ਵੱਲੋਂ ਨਿਭਾਈ ਗਈ ਭੂਮਿਕਾ ਦੀ ਨਿਸ਼ਾਨਦੇਹੀ ਕਰਕੇ ਲੋਕਾਂ ਤੱਕ ਲੈ ਕੇ ਜਾਣ ਵਾਸਤੇ ਸੋਚ ਸਮਝ ਕੇ ਯਤਨ ਕਰਣ ਦੀ ਥਾਂ, ਨਗਰ ਕੀਰਤਨਾਂ ਦੇ ਸ਼ੋਰੀਲੇ ਮਾਹੌਲ ਅੰਦਰ ਨਿਊਟਰਲ ਗੇਅਰ ਵਿਚ ਭੱਜੇ ਜਾ ਰਹੇ ਹਾਂ। ਇਸ ਨਾਲ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦੇ ਸ਼ੁਰੂਆਤੀ ਦੌਰ ਅਤੇ ਗੁਰੂ ਤੇਗ਼ ਬਹਾਦਰ ਸਾਹਿਬ ਦੇ ਪਰਚਾਰ ਦੌਰਿਆਂ ਨੂੰ ਸਮਝਣ-ਸਮਝਾਉਣ ਵਾਲੇ ਰਾਹ ਤੁਰਦਾ ਕੋਈ ਨਜ਼ਰ ਕਿਉਂ ਨਹੀਂ ਆ ਰਿਹਾ? ਇਸ ਦੀ ਸ਼ੁਰੂਆਤ ਕਿਸੇ ਵੀ ਸ਼ਤਾਬਦੀ ਸਮੇਂ ਕਿਉਂ ਨਹੀਂ ਹੋ ਸਕੀ, ਸੋਚਿਆ ਵੀ ਜਾਣਾ ਚਾਹੀਦਾ ਹੈ ਅਤੇ ਸਮਝਿਆ ਵੀ ਜਾਣਾ ਚਾਹੀਦਾ ਹੈ।
ਉਮਰ ਦੇ ਇਸ ਪੜਾਅ ‘ਤੇ ਮੈਨੂੰ ਮਹਸੂਸ ਹੋ ਰਿਹਾ ਹੈ ਕਿ ‘ਭੈਅ ਕਾਹੂੰ ਕੋ ਦੇਤ ਨਹਿ ਨਹਿ ਭੈਅ ਮਾਨਤ ਆਨਿ’ ਨੂੰ ਫਲਸਫੇ ਵਾਂਗ ਨਹੀਂ ਨਾਹਰੇ ਵਾਂਗ ਵਰਤਿਆ ਜਾ ਰਿਹਾ ਹੈ ਕਿਉਂਕਿ ਇਸ ਨੂੰ ਵਿਆਖਿਅਤ ਕਰਨ ਦੀ ਥਾਂ ਦਲੀਲ ਵਾਂਗ ਵਰਤਿਆ ਜਾ ਰਿਹਾ ਹੈ। ਸੋਹਿਲਾ ਸਾਹਿਬ ਵਿਚ ਹਰ ਰੋਜ਼ ਪਾਠ ਕਰਦੇ ਹਾਂ:
ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ॥
ਹਉ ਵਾਰੀ ਜਿਤੁ ਸੋਹਿਲੈ ਸਦਾ ਸੁਖੁ ਹੋਇ॥ਰਹਾਉ॥੧੨
ਏਸੇ ਦੀ ਵਿਆਖਿਆ ਹੈ ‘ਭੈ ਕਾਹੂੰ ਕੋ ਦੇਤ ਨਹਿ ਭੈ ਮਾਨਤ ਆਨਿ॥’ ਦੋਹਾਂ ਨੂੰ ਰਲਾ ਕੇ ਵੇਖਾਂਗੇ ਤਾਂ ਸਿਧਾਂਤ ਦਾ ਅਮਲ ਅਤੇ ਅਮਲ ਦਾ ਸਿਧਾਂਤ ਸਾਹਮਣੇ ਆ ਜਾਣਗੇ। ਸਿੱਖੀ ਦੀ ਅਕਾਦਮਿਕਤਾ ਦੀ ਸ਼ੁਰੂਆਤ ਭਾਈ ਗੁਰਦਾਸ ਜੀ ਨਾਲ ਗੁਰੁੂ ਕਾਲ ਵਿਚ ਹੋ ਗਈ ਸੀ। ਇਸ ਤੇ ਆਧਾਰਤ ਸਿੱਖ ਸਿਧਾਂਤਕੀ ਦੀ ਅਕਾਦਮਿਕ ਵਿਆਖਿਆ ਲਗਾਤਾਰ ਕਿਸੇ ਨ ਕਿਸੇ ਰੂਪ ਵਿਚ ਗੁਰੂਕਿਆਂ ਵੱਲੋਂ ਹੁੰਦੀ ਰਹੀ ਸੀ। ਨਿਰਮਲਿਆਂ ਅਤੇ ਉਦਾਸੀਆਂ ਨੂੰ ਮੁੱਖਧਾਰਾ ਵਿਚੋਂ ਬਾਹਰ ਕਰਕੇ ਉਨ੍ਹਾਂ ਦੇ ਯੋਗਦਾਨ ਨੂੰ ਅਪ੍ਰਸੰਗਿਕ ਹੋਣ ਵਾਲੇ ਰਾਹ ਪਾ ਦਿੱਤਾ ਗਿਆ ਹੈ। ਦਸਮ ਪਾਤਸ਼ਾਹ ਜੀ ਦੇ ਜੋਤੀ ਜੋਤਿ ਸਮਾ ਜਾਣ ਨਾਲ 1708 ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੱਕ ਅਕਾਦਮਿਕ ਗਤੀਵਿਧੀਆਂ ਨ ਹੋਣ ਵਰਗੀਆਂ ਹੀ ਸਨ। ਨਿਰਮਲਾ ਯੋਗਦਾਨੀ ਇਤਿਹਾਸ ਸੰਭਾਲਣ ਵਾਲੇ ਰਾਹ ਪਏ ਰਹੇ ਅਤੇ ਸਿਧਾਂਤ ਨੂੰ ਅਵਤਾਰੀ ਦਖਲ ਤੋਂ ਨਹੀਂ ਬਚਾ ਪਾਏ। ਪਰ ਭਾਈ ਸੰਤੋਖ ਸਿੰਘ ਨੇ ਅਵਤਾਰੀ ਪੈਰੋਕਾਰਾਂ ਅਰਥਾਤ ਭਾਰਤੀਆਂ ਨੂੰ ਦੱਸਣ ਦੀ ਸਫਲ ਕੋਸ਼ਿਸ਼ ਕੀਤੀ ਕਿ ਬਾਣੀ ਅਰਥਾਤ ਗੁਰ-ਚਿੰਤਨ ਦਾ ਸੱਜਰਾਪਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਸੁਰੱਖਿਅਤ ਵੀ ਹੈ ਅਤੇ ਸਥਾਪਤ ਵੀ ਹੈ:
ਸੁਧਾ ਕੀ ਤਰੰਗਨੀ ਸੀ, ਰੋਗ ਭ੍ਰਮ ਭੰਗਨੀ ਹੈ, ਮਹਾਂ ਸਵੇਤ ਰੰਗਨੀ ਮਹਾਨ ਮਨ ਮਾਨੀ ਹੈ।
ਕਿਧੌ ਯਹਿ ਹੰਸਨੀ ਸੀ, ਮੋਹ ਘਾਮ ਮੰਦਨੀ ਹੈ, ਰਿਦੇ ਕੀ ਅਨੰਦਨੀ ਸਦੀਵ ਸੁਖਦਾਨੀ ਹੈ।
ਪ੍ਰੇਮ ਪਟਰਨੀ ਸਯਾਨੀ, ਗਯਾਨ ਕੀ ਜਨਨ ਜਾਨੀ, ਗੁਣੀ ਭਨੀ ਬਾਣੀ ਤਾਕੀ ਗੁਰੁ ਗੁਰਬਾਨੀ ਹੈ। ਨਾਨਕ ਪ੍ਰਕਾਸ਼ ਪੂਰਬਾਰਧ, ਧਿ. ੨੪
ਭਾਈ ਸੰਤੋਖ ਸਿੰਘ ਨੇ ਸਿੱਖੀ ਨੂੰ ਪੂਰਬੀ ਚਿੰਤਨ ਦੇ ਸਹੀ ਵਾਰਸ ਵਜੋਂ ਸਾਹਮਣੇ ਲਿਆਉਣ ਦੀ ਕੋਸ਼ਿਸ਼ ਇਹ ਕਹਿ ਕੇ ਕੀਤੀ ਸੀ ਕਿ ਪੂਰਬੀ ਚਿੰਤਨ ਦੇ ਨਾਨਤਵ ਨੂੰ ਤਹਿਸ਼ ਨਹਿਸ਼ ਕਰਨ ਦੀ ਪੈਗੰਬਰੀ ਧਾਰਮਿਕ ਕੱਟੜਤਾ ਦੀ ਸਿਆਸਤ ਨੂੰ ਜਿਸ ਤਰ੍ਹਾਂ ਗੁਰੂ ਸਾਹਿਬਾਨ ਨੇ ਸੀਸ ਦੇ ਕੇ ਠਲ੍ਹਣ ਦੀ ਮੁਹਿੰਮ ਚਲਾਈ ਸੀ, ਉਸ ਨਾਲ ਪੂਰਬੀ ਚਿੰਤਨ ਦੀ ਵਿਰਾਸਤੀ ਪਹਿਰੇਦਾਰੀ ਦੀ ਭੂਮਿਕਾ ਗੁਰੂਕਿਆਂ ਨੇ ਹੀ ਨਿਭਾਈ ਸੀ:
ਛਾਏ ਜਾਤੀ ਏਕਤਾ, ਅਨੇਕਤਾ ਬਿਲਾਏ ਜਾਤੀ, ਹੋਵਤੀ ਕੁਚੀਲਤਾ ਕਤੇਬਨ ਕੁਰਾਨ ਕੀ।
ਪਾਪ ਹੀ ਪਰਪੱਕ ਜਾਤੇ, ਧਰਮ ਧਸਕ ਜਾਤੇ, ਸਹਿਤ ਵਿਧਾਨ ਕੀ।
ਦੇਵੀ ਦੇਵ ਦੇਵਤੇ, ਸੰਤੋਖ ਸਿੰਘ ਦੂਰ ਹੋਤੇ, ਰੀਤ ਮਿਟ ਜਾਤੀ ਕਥਾ ਵੇਦਨ ਪੁਰਾਨ ਕੀ।
ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ, ਮੂਰਤ ਹੋਤੀ ਜੌ ਪੈ ਨ ਕਰੁਣਾ ਨਿਧਾਨ ਕੀ।
ਇਨ੍ਹਾਂ ਹਵਾਲਿਆਂ ਨੂੰ ਧਿਆਨ ਵਿਚ ਰੱਖ ਕੇ ਗੁਰੂ ਤੇਗ਼ ਬਹਾਦਰ ਸਾਹਿਬ ਬਾਰੇ ਗੱਲ ਕਰਾਂਗੇ ਤਾਂ ਪ੍ਰਾਪਤ ਧਰਮਾਂ ਦੇ ਧਾਰਮਿਕ ਅਤੇ ਅਧਿਆਤਮਿਕ ਰੂਪ ਵਿਚ ਪ੍ਰਾਪਤ ਸਦਾ ਸੱਚੀਆਂ (Highest common factors) ਅਤੇ ਪੈਰੋਕਾਰਾਂ ਦੀ ਰਹਿਤ (lowest common factors ਦੀਆਂ ਪਰਤ ਵੰਡਾਂ ਵਾਂਗ ਸਥਾਪਤ ਨਜ਼ਰ ਆ ਜਾਣਗੇ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਰਹਿਤ ਰੂਪ ਵੀ ਸਦਾ ਸੱਚੀਆਂ ਵਰਗਾ ਇਸ ਕਰਕੇ ਹੈ ਕਿਉਂਕਿ ਇਸ ਵਿਚ ਪੰਜ ਸਦੀਆਂ ਦੇ ਅਧਿਆਤਮਿਕ ਚਿੰਤਨ ਦੀਆਂ ਪਰਤਾਂ ਦਾ ਗੁਰਮਤੀ ਪ੍ਰਕਾਸ਼ ਸਥਾਪਤ ਹੈ। ਇਸ ਦੀ ਅੰਦਰਲੀ ਗਵਾਹੀ ਭੱਟ ਬਾਣੀ ਵਿਚ ਕਾਇਮ ਹੈ ਅਤੇ ਇਸ ਨੂੰ ਗੁਰੂ-ਚਿੰਤਨ ਨੂੰ ਸਮਝਣ ਦੀ ਵਿਧੀ ਵਾਂਗ ਵੇਖਿਆ ਅਤੇ ਵਰਤਿਆ ਜਾ ਸਕਦਾ ਹੈ। ਅਧਿਆਤਮਿਕ ਖੋਰੇ ਸਮਝਣ ਲਈ ਭਾਈ ਗੁਰਦਾਸ ਦਾ ਇਹ ਹਵਾਲਾ ਕੰਮ ਆ ਸਕਦਾ ਹੈ:
ਪੁਛਨਿ ਫੋਲਿ ਕਿਤਾਬ ਨੂੰ ਹਿੰਦੂ ਵਡਾ ਕਿ ਮੁਸਲਮਾਨੋਈ?
ਬਾਬਾ ਆਖੈ ਹਾਜੀਆਂ ਸੁਭਿ ਅਮਲਾਂ ਬਾਝਹੁ ਦੋਨੋ ਰੋਈ।
ਏਸੇ ਪਹੁੰਚ ਨੂੰ ਪੂਰਬੀ ਚਿੰਤਨ ਦੀ ਗੁਰਮਤੀ ਵਾਰਸੀਅਤ ਵਜੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਤਾਂ ‘ਹਿੰਦ ਦੀ ਚਾਦਰ’, ‘ਸੰਸਾਰ ਦੀ ਚਾਦਰ’ ਅਤੇ ‘ਇਨਸਾਨੀਅਤ ਦੀ ਚਾਦਰ’ ਵਰਗੀਆਂ ਪਰਤਾਂ ਖੁਲ੍ਹਣੀਆਂ ਸ਼ੁਰੂ ਹੋ ਜਾਣਗੀਆਂ। ਇਨ੍ਹਾਂ ਪਰਤਾਂ ਦਾ ਆਧਾਰ ਭਾਈ ਗੁਰਦਾਸ ਦੀ ਇਸ ਟੂਕ ਨੂੰ ਲਿਆ ਜਾਣਾ ਚਾਹੁੰਦਾ ਹਾਂ:
ਕਲਿਜੁਗੁ ਬਾਬੇ ਤਾਰਿਆ ਸਤਿ ਨਾਮੁ ਪੜ੍ਹਿ ਮੰਤ੍ਰੁ ਸੁਣਾਇਆ।
ਕਲਿ ਤਾਰਨ ਗੁਰੂ ਨਾਨਕ ਆਇਆ।
ਗੁਰੂ ਤੇਗ਼ ਬਹਾਦਰ ਸਾਹਿਬ ਕਿਸੇ ਤਰ੍ਹਾਂ ਵੀ ਭਾਰਤ ਲਈ ਓਪਰੇ ਨਹੀਂ ਸਨ। ਉਹ ਤਾਂ ਭਾਰਤ ਵਿਚ ਹੀ ਜਨਮੇ ਸਮਕਾਲੀ ਸੰਸਕ੍ਰਿਤੀ ਦੇ ਸ਼ਾਨਦਾਰ ਵਿਰਸੇ ਦੇ ਉਹ ਸੁਆਮੀ ਹਨ, ਜਿਨ੍ਹਾਂ ਰਾਹੀਂ ਸਿੱਖ ਚਿੰਤਨ ਨੂੰ ਪੂਰਬੀ ਵਾਰਸੀਅਤ ਦੀ ਸਥਾਪਤੀ ਵਜੋਂ ਸਮਝਿਆ ਅਤੇ ਸਝਾਇਆ ਜਾ ਸਕਦਾ ਹੈ। ਸਿੱਖ ਤਾਂ ਗੁਰੂ ਅਤੇ ਵਾਹਿਗੁਰੂ ਦੀ ਖਾਤਰ ਲੜਨ ਲਈ ਬਨਿਆ ਪਰਵਾਨ ਹੋ ਚੁੱਕਾ ਹੈ। ਇਸ ਨਾਲ ਜੁੜੇ ਹੋਏ ਇਹ ਨੁਕਤੇ ਸਾਂਝੇ ਕਰਨਾ ਚਾਹੁੰਦਾ ਹਾਂ:
1.ਪੂਜਣਯੋਗ ਦੀ ਮਾਇਆ ਵਿਧੀ ਵਿਚੋਂ ਕੱਢ ਕੇ ਸਮਝਣਯੋਗ ਦੀ ਨਾਮ ਵਿਧੀ ਵਿਚ ਸਥਾਪਤ ਗੁਰਮਤਿ ਨੂੰ ਵਾਰਸ ਬਨਾਮ ਮਾਲਕ ਦੀ ਸਿਆਸਤ ਤੋਂ ਬਚਾ ਕੇ ਸਮਝਣ ਦੀ ਕੋਸ਼ਿਸ਼ ਕਰਾਂਗੇ ਤਾਂ ਪ੍ਰੋ. ਪੂਰਨ ਸਿੰਘ ਦੇ ਸ਼ਬਦਾਂ ਵਿਚ ਸਿੱਖ, ਗੁਰੂ ਦੇ ਵਿਸ਼ਵ-ਵਿਆਪੀ ਪਿਆਰ ਵਿਚੋਂ ਜਨਮਿਆ ਗੁਰਸਿੱਖ ਸਾਹਮਣੇ ਆ ਜਾਏਗਾ। ਪਰਮ-ਆਤਮਾ ਅਕਾਲ ਦੀ ਅੰਸ਼ ਹੋਣ ਕਾਰਣ ਗੁਰੂਕੇ ਇਸ ਵੇਲੇ ਸਾਰੇ ਸੰਸਾਰ ਦੇ ਸ਼ਹਿਰੀ ਹੋ ਗਏ ਹਨ। ਗੁਰਸਿੱਖੀ ਦਾ ਸਿੱਖਣਾ, 192
2. In the eyes of a non Sikh scholar Sikhism starts afresh from somewhere. By locating this Sikhism becomes religion for present, religion for common man & religion for spiritual concerns.
3. We cannot solve problems with the same thinking we used when we created them. Albert Einstein
4. ਸਿੱਖ ਵਰਤਾਰੇ ਦੀ ਨੈਤਿਕਤਾ ਇਹ ਹੈ ਕਿ accept, respect & protect
Give me the sight to see you Guru
ਹੇ ਸਾਈਂ ਦਿਲਾਂ ਦੇ ਦੀਦੇ ਦਿਉ…
ਵਾਹ ਵਾਹ! ਗੁਰੁ ਦਿਤੇ ਦੀਦੇ ਤੇ ਫਿਰ ਦਿਤੇ ਦੀਦਾਰ। ਪੂਰਨ ਸਿੰਘ
