ਅੰਮ੍ਰਿਤਸਰ:ਡੇਰਾ ਸਿਰਸਾ ਮੁਖੀ ਨੂੰ ਮਾਫ਼ੀ ਦੇਣ ਦੇ ਮਾਮਲੇ ‘ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ, ਗੁਰਬਚਨ ਸਿੰਘ ਨੂੰ ਪੰਜ ਸਿੰਘ ਸਾਹਿਬਾਨ ਨੇ ਸੋਮਵਾਰ ਨੂੰ ਤਨਖਾਹੀਆ ਕਰਾਰ ਦਿੰਦੇ ਹੋਏ ਧਾਰਮਿਕ ਸਜ਼ਾ ਸੁਣਾਈ ਗਈ।
ਸੋਮਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਰੰਜ ਦੀ ਅਗਵਾਈ ‘ਚ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਹੋਈ। ਇਸ ‘ਚ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜੁਗਿੰਦਰ ਸਿੰਘ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰੇ ਗਿਆਨੀ ਮੰਗਲ ਸਿੰਘ ਸ਼ਾਮਲ ਸਨ। ਮੀਟਿੰਗ ‘ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ, ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਕਰਮਜੀਤ ਸਿੰਘ, ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਸਿੰਘ ਜਫ਼ਰ, ਨਿਰਵੈਰ ਖ਼ਾਲਸਾ ਜਥਾ ਯੂਕੇ ਦੇ ਪ੍ਰਚਾਰਕ ਭਾਈ ਹਰਿੰਦਰ ਸਿੰਘ ਸਮੇਤ ਕਈ ਮਾਮਲਿਆ ‘ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਉਪਰੋਕਤ ਸਾਰੇ ਵਿਅਕਤੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਪੇਸ਼ ਹੋ ਕੇ ਗ਼ਲਤੀਆਂ ਮੰਨੀਆ ਤੇ ਮਾਫ਼ੀ ਮੰਗੀ। ਇਸ ਤੋਂ ਬਾਅਦ ਪੰਜ ਸਿੰਘ ਸਾਹਿਬਾਨ ਵੱਲੋਂ ਤਨਖਾਹਾਂ ਲਗਾਈਆਂ ਗਈਆਂ। ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਾਫ਼ੀ ਦੇਣ ਦੇ ਮਾਮਲੇ ‘ਚ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਮਣੇ ਪੇਸ਼ ਹੋ ਕੇ ਗ਼ਲਤੀ ਮੰਨਦਿਆਂ ਖਿਮਾਂ ਜਾਚਨਾ ਕੀਤੀ, ਜਿਹੜੀ ਪੰਜ ਸਿੰਘ ਸਾਹਿਬਾਨ ਨੇ ਪ੍ਰਵਾਨ ਕਰ ਲਈ। ਇਸ ਤੋਂ ਬਾਅਦ ਗਿਆਨੀ ਗੁਰਬਚਨ ਸਿੰਘ ਨੂੰ ਧਾਰਮਿਕ ਸਜ਼ਾ ਸੁਣਾਈ ਗਈ। ਉਨ੍ਹਾਂ ਨੂੰ ਦੋ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ‘ਚ ਇਕ ਘੰਟਾ ਭਾਂਡੇ ਮਾਂਜਣ, ਇੱਕ ਘੰਟਾ ਜੋੜਾ ਘਰ ਚ ਸੰਗਤ ਦੇ ਜੋੜੇ ਝਾੜਣ, ਨਿਤਨੇਮ ਤੋਂ ਇਲਾਵਾ ਦੋ ਦਿਨ ਸ੍ਰੀ ਜਪੁਜੀ ਸਾਹਿਬ, ਆਸਾ ਦੀ ਵਾਰ, ਜਾਪੁ ਸਾਹਿਬ ਦੇ ਇਕ-ਇਕ ਪਾਠ ਕਰਨ ਦੀ ਧਾਰਮਿਕ ਸੇਵਾ ਲਗਾਈ ਗਈ। ਇਸ ਉਪਰੰਤ ਉਹ 1100 ਰੁਪਏ ਦੀ ਕੜਾਹ ਪ੍ਰਸ਼ਾਦ ਦੀ ਦੇਗ ਤੇ 1100 ਰੁਪਏ ਗੋਲਕ ‘ਚ ਪਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਵਾਉਣਗੇ।
ਵੀਸੀ ਡਾ. ਕਰਮਜੀਤ ਸਿੰਘ ਨੂੰ ਸਜ਼ਾ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਕਰਮਜੀਤ ਸਿੰਘ ‘ਤੇ ਦੱਖਣ ਭਾਰਤ ‘ਚ ਹੋਏ ਸਮਾਗਮ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ਚੇਅਰ ਦੇ ਸੋਧ ਕਾਰਜਾਂ ਰਾਹੀਂ ਸਿੱਖਾਂ ਦੀ ਵਿਲੱਖਣ ਹੋਂਦ ਖ਼ਿਲਾਫ਼ ਪ੍ਰਗਟਾਵਾ ਕਰਨ ਦਾ ਦੋਸ਼ ਲੱਗਾ ਸੀ। ਵੀਸੀ ਨੇ ਆਪਣੀ ਗ਼ਲਤੀ ਮੰਨੀ ਤੇ ਖਿਮਾ ਜਾਚਨਾ ਕੀਤੀ। ਇਸ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਡਾ. ਕਰਮਜੀਤ ਸਿੰਘ ਨੂੰ ਦੋ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਹਾਲ ‘ਚ ਇਕ-ਇਕ ਘੰਟਾ ਜੂਠੇ ਭਾਂਡੇ ਮਾਂਜਣ, ਜੋੜਾ ਘਰ ‘ਚ ਸੰਗਤ ਦੇ ਜੋੜੇ ਸਾਫ਼ ਕਰਨ, ਪੰਜ ਦਿਨ ਨਿਤਨੇਮ ਤੋਂ ਇਲਾਵਾ ਸ੍ਰੀ ਜਪੁਜੀ ਸਾਹਿਬ ਦਾ ਇਕ ਪਾਠ, ਆਸਾ ਦੀ ਵਾਰ, ਤੂ ਪ੍ਰਸਾਦਿ ਸਵੱਯੇ ਦਾ ਪਾਠ ਕਰਨ ਦੀ ਸੇਵਾ ਲਗਾਈ ਗਈ। ਇਸ ਦੇ ਨਾਲ ਹੀ ਡਾ. ਕਰਮਜੀਤ ਸਿੰਘ ਭਾਈ ਕਾਨ੍ਹ ਸਿੰਘ ਨਾਭਾ ਦੀ ਲਿਖੀ ਪੁਸਤਕ ‘ਹਮ ਹਿੰਦੂ ਨਹੀਂ ਪੜ੍ਹਣਗੇ ਤੇ ਇਸ ਪੁਸਤਕ ਦੀਆਂ 500 ਕਾਪੀਆਂ ਸੰਗਤ ‘ਚ ਵੀ ਵੰਡਣਗੇ। ਤਨਖ਼ਾਹ ਪੂਰੀ ਹੋਣ ‘ਤੇ 1100 ਰੁਪਏ ਦੀ ਕੜਾਹ ਪ੍ਰਸ਼ਾਦ ਦੀ ਦੇਗ਼ ਤੇ 1100 ਰੁਪਏ ਗੋਲਕ ‘ਚ ਜਮ੍ਹਾਂ ਕਰਵਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਵਾਉਗੇ।
ਭਾਈ ਹਰਿੰਦਰ ਸਿੰਘ ਨੂੰ ਸਜ਼ਾ
ਨਿਰਵੈਰ ਖ਼ਾਲਸਾ ਜਥਾ ਯੂਕੇ ਤੋਂ ਭਾਈ ਹਰਿੰਦਰ ਸਿੰਘ ਨੇ ਗੁਰਮਤਿ ਪ੍ਰਤੀ ਕੀਤੀਆਂ ਗ਼ਲਤ ਬਿਆਨੀਆਂ ਲਈ ਖਿਮਾ ਜਾਚਨਾ ਕੀਤੀ। ਪੱਖ ਸੁਣਨ ਤੋਂ ਬਾਅਦ ਪੰਜ ਸਿੰਘ ਸਾਹਿਬਾਨ ਨੇ ਉਨ੍ਹਾਂ ਦੀ ਮੁਆਫ਼ੀ ਪ੍ਰਵਾਨ ਕਰਦਿਆਂ ਪ੍ਰਚਾਰ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲਗਾਈ ਰੋਕ ਹਟਾ ਦਿੱਤੀ। ਸ੍ਰੀ ਅਕਾਲ ਤਖ਼ਤ ਸਾਹਿਬ ਨੇ ਆਦੇਸ਼ ਕੀਤਾ ਕਿ ਭਾਈ ਹਰਿੰਦਰ ਸਿੰਘ ਅਗਾਂਹ ਲਈ ਪ੍ਰਚਾਰ ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ, ਸਿੱਖ ਰਹਿਤ ਮਰਯਾਦਾ ਤੇ ਪੰਥਕ ਰਵਾਇਤਾਂ ਅਨੁਸਾਰ ਕਰਨਗੇ ਤੇ ਕਿਸੇ ਵੀ ਜਥੇਬੰਦੀ ਬਾਰੇ ਨਿੱਜੀ ਟਿੱਪਣੀ ਕਰਨ ‘ਤੇ ਪਾਬੰਦੀ ਰਹੇਗੀ। ਉਨ੍ਹਾਂ ਨੂੰ ਸਿੱਖ ਸਾਖੀਆਂ ਤੇ ਗੁਰੂ ਇਤਿਹਾਸ ਰਾਹੀਂ ਸੰਗਤਾਂ ‘ਚ ਸ਼ਰਧਾ ਪੈਦਾ ਕਰਨ ਦੇ ਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਇੱਕ ਨਿਰਦੇਸ਼ ਦਿੱਤੇ ਗਏ। ਭਾਈ ਹਰਿੰਦਰ ਸਿੰਘ ਦੋ ਦਿਨ ਸੱਚਖੰਡ ਘੰਟਾ ਜੂਠੇ ਭਾਂਡੇ ਮਾਂਜਣਗੇ ਤੇ ਇੱਕ ਘੰਟਾ ਸੰਗਤ ਦੇ ਜੋੜੇ ਝਾੜਣਗੇ। ਨਿਤਨੇਮ ਤੋਂ ਇਲਾਵਾ ਦੋ ਦਿਨ ਸ੍ਰੀ ਜਪੁਜੀ ਸਾਹਿਬ, ਸ੍ਰੀ ਅਨੰਦ ਸਾਹਿਬ 40 ਪਉੜੀਆਂ ਤੇ ਜ਼ਫ਼ਰਨਾਮਾ ਦਾ ਪਾਠ ਕਰਨਗੇ।
ਜ਼ਫ਼ਰ ਨੂੰ ‘ਇਤਿ ਜਿਨਿ ਕਰੀ-ਜੀਵਨ ਸ੍ਰੀ ਗੁਰੂ ਤੇਗ਼ ਬਹਾਦਰ ਜੀ’ ਪੜ੍ਹਣ ਦਾ ਨਿਰਦੇਸ਼
ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਸ੍ਰੀਨਗਰ ‘ਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਸਬੰਧੀ ਕਰਵਾਏ ਗਏ ਪ੍ਰੋਗਰਾਮ ‘ਚ ਨਾਚ-ਗਾਣੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਖਿਮਾ ਜਾਚਨਾ ਕੀਤੀ। ਜ਼ਫ਼ਰ ਨੂੰ ਆਪਣੀਆਂ ਲਿਖਤਾਂ ‘ਚ ਗੁਰੂ ਸਾਹਿਬਾਨ, ਸਤਿਕਾਰਤ ਸਿੱਖ ਸ਼ਖਸ਼ੀਅਤਾਂ ਬਾਰੇ ਲਿਖਣ/ਬੋਲਣ ਲੱਗਿਆਂ ਅਦਬ ਤੇ ਸਤਿਕਾਰ ਦਾ ਪੂਰਨ ਖਿਆਲ ਰੱਖਣ ਦੇ ਆਦੇਸ਼ ਦਿੱਤੇ ਗਏ। ਇਸ ਤੋਂ ਇਲਾਵਾ ਉਨ੍ਹਾਂ ਨੂੰ ਦੋ ਦਿਨ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਪਟਿਆਲਾ ਦੇ ਲੰਗਰ ਹਾਲ ਵਿਖੇ ਇੱਕ ਘੰਟਾ ਜੂਠੇ ਭਾਂਡੇ ਮਾਂਜਣ, ਇੱਕ ਘੰਟਾ ਸੰਗਤ ਦੇ ਜੋੜੇ ਝਾੜਣ, ਚਾਰ ਦਿਨ ਨਿਤਨੇਮ ਤੋਂ ਇਲਾਵਾ ਸ੍ਰੀ ਜਪੁਜੀ ਸਾਹਿਬ, ਸੁਖਮਨੀ ਸਾਹਿਬ, ਜਫਰਨਾਮਾ ਦਾ ਇੱਕ-ਇੱਕ ਪਾਠ ਕਰਨ ਦੀ ਧਾਰਮਿਕ ਸਜ਼ਾ ਸੁਣਾਈ ਗਈ। ਇਸ ਦੇ ਨਾਲ ਹੀ ਉਹ ਪ੍ਰਿੰ. ਸਤਬੀਰ ਸਿੰਘ ਦੀ ਲਿਖੀ ਪੁਸਤਕ ‘ਇਤਿ ਜਿਨਿ ਕਰੀ- ਜੀਵਨ ਸ੍ਰੀਗੁਰੂ ਤੇਗ਼ ਬਹਾਦਰ ਜੀ ਪੜ੍ਹਣ ਤੇ ਇਸ ਦੀਆਂ 100 ਕਾਪੀਆਂ ਸੰਗਤ ‘ਚ ਵੰਡਣ ਦਾ ਵੀ ਆਦੇਸ਼ ਕੀਤਾ ਗਿਆ ਹੈ। ਸੇਵਾ ਪੂਰੀ ਹੋਣ ਉਪਰੰਤ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 1100 ਰੁਪਏ ਦੀ ਕੜਾਹ ਪ੍ਰਸ਼ਾਦ ਦੀ ਦੇਗਤੇ ਗੋਲਕ’ਚ 1100 ਰੁਪਏ ਸੇਵਾ ਪਾ ਕੇ ਅਰਦਾਸ ਕਰਵਾਉਣਗੇ।
ਵਿਰਸਾ ਸਿੰਘ ਵਲਟੋਹਾ ‘ਤੇ ਅਕਾਲੀ ਦਲ ‘ਚ ਲਗਾਈ 10 ਸਾਲ ਦੀ ਪਾਬੰਦੀ ਖ਼ਤਮ
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ ‘ਤੇ ਸਿੰਘ ਸਾਹਿਬਾਨ ਖ਼ਿਲਾਫ਼ ਬੇਬੁਨਿਆਦ ਗੱਲਾਂ ਕਰਨ ਦਾ ਦੋਸ਼ ਸੀ। ਇਸ ਸਬੰਧੀ ਵਲਟੋਹਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਪੇਸ਼ ਹੋ ਕੇ ਖਿਮਾ ਜਾਚਨਾ ਕੀਤੀ। ਸਿੰਘ ਸਾਹਿਬਾਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਤਾ ਨੰਬਰ ਅ:ਤ/202 ਮਿਤੀ 15 ਅਕਤੂਬਰ 2024 ਅਨੁਸਾਰ ਵਲਟੋਹਾ ‘ਤੇ ਸ਼੍ਰੋਮਣੀ ਅਕਾਲੀ ਦਲ ‘ਚ ਦਸ ਸਾਲ ਦੀ ਲਗਾਈ ਗਈ ਰੋਕ ਹਟਾ ਦਿੱਤੀ ਹੈ। ਵਲਟੋਹਾ ਨੂੰ ਆਦੇਸ਼ ਕੀਤਾ ਗਿਆ ਹੈ ਕਿ ਉਹ ਭਵਿੱਖ ‘ਚ ਕਿਸੇ ਵੀ ਧਾਰਮਿਕ ਸ਼ਖ਼ਸੀਅਤ ਵਿਰੁੱਧ ਬਿਆਨਬਾਜ਼ੀ ਨਹੀਂ ਕਰਨਗੇ। ਵਲਟੋਹਾ ਤਿੰਨ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਦੋ ਦਿਨ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਤੇ ਇਕ-ਇਕ ਦਿਨ ਤਖ਼ਤ ਸ੍ਰੀ ਦਮਦਮਾ ਸਾਹਿਬ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਇੱਕ-ਇੱਕ ਘੰਟਾ ਭਾਂਡੇ ਮਾਂਜਣਗੇ ਤੇ ਜੋੜੇ ਝਾੜਣਗੇ। ਨਿਤਨੇਮ ਤੋਂ ਇਲਾਵਾ 11 ਦਿਨ ਸ੍ਰੀ ਜਪੁਜੀ ਸਾਹਿਬ, ਕਬਿਯੋਬਾਚ ਬੇਨਤੀ ਚੌਪਈ ਤੇ ਰਾਮਕਲੀ ਕੀ ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀਂ ਦਾ ਇਕ ਪਾਠ ਕਰਨਗੇ। ਉਪਰੰਤ 1100 ਦੀ ਕੜਾਹ ਪ੍ਰਸ਼ਾਦ ਦੀ ਦੇਗ ਤੇ 1100 ਰੁਪਏ ਗੋਲਕ ‘ਚ ਜਮ੍ਹਾਂ ਕਰਵਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਵਾਉਣਗੇ।
‘ਪਾਵਨ ਸਰੂਪਾਂ ਦੇ ਮਾਮਲੇ ‘ਚ ਕਾਰਵਾਈ ਸਿਆਸਤ ਤੋਂ ਪ੍ਰੇਰਿਤ: ਜਥੇਦਾਰ
ਅੰਮ੍ਰਿਤਸਰ:ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਕੀਤੀ ਪਾਬੰਦੀਸ਼ੁਦਾ ਹਿੰਦੀ ਪੁਸਤਕ ਦੇ ਮਾਮਲੇ ‘ਚ ਕਾਨੂੰਨੀ ਕਾਰਵਾਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿਆਸਤ ਤੋਂ ਪ੍ਰੇਰਿਤ ਤੇ ਸਿੱਖ ਸੰਸਥਾਵਾਂ ‘ਚ ਸਿੱਧੀ ਦਖ਼ਲਅੰਦਾਜ਼ੀ ਕਰਾਰ ਦਿੱਤਾ ਹੈ। ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਜਥੇਦਾਰ ਗੜਗੱਜ ਨੇ ਕਿਹਾ ਕਿ 328 ਪਾਵਨ ਸਰੂਪਾਂ ਦੇ ਮਾਮਲੇ ‘ਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਗਈ ਈਸ਼ਰ ਸਿੰਘ ਅਧਾਰਿਤ ਕਮਿਸ਼ਨ ਦੀ ਰਿਪੋਰਟ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੋਸ਼ੀ ਅਧਿਕਾਰੀਆਂ ਤੇ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਕਰ ਦਿੱਤੀ ਹੈ। ਪਰ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਤੇ ਮੰਤਰੀ ਹਰਜੋਤ ਸਿੰਘ ਬੈਂਸ ਦੀ ਇਸ ਮਾਮਲੇ ‘ਚ ਦਖ਼ਲਅੰਦਾਜ਼ੀ ਸਪੱਸ਼ਟ ਕਰਦੀ ਹੈ ਕਿ ਇਹ ਸਿਆਸਤ ਤੋਂ ਪ੍ਰੇਰਿਤ ਕਾਰਵਾਈ ਹੈ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਮਜ਼ੋਰ ਕਰਨ ਦੀ ਇੱਕ ਸਾਜ਼ਸ਼ ਹੈ, ਜਿਸ ਨੂੰ ਸਿੱਖ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ।
