ਮੌਜੂਦਾ ਸਿੱਖ ਉਭਾਰ ਦੀ ਵਿਲੱਖਣ ਹਸਤੀ

ਪ੍ਰਭਸ਼ਰਨਬੀਰ ਸਿੰਘ
ਅੱਜ ਪੰਜਾਬ ਦੀ ਸਿੱਖ ਨੌਜਵਾਨੀ ਕੋਲ ਇਤਿਹਾਸ ਸਿਰਜਣ ਦਾ ਸੁਨਹਿਰੀ ਮੌਕਾ ਹੈ। ਅਜਿਹੇ ਮੌਕੇ ਵਾਰ-ਵਾਰ ਨਹੀਂ ਆਉਂਦੇ। ਜੇ ਇਹ ਮੌਕਾ ਵੀ ਖੁੰਝ ਗਿਆ ਤਾਂ ਸਦੀਆਂ ਦੀ ਖੁਆਰੀ ਪੱਲੇ ਪੈ ਜਾਵੇਗੀ।
ਹੌਂਸਲੇ ਵਾਲ਼ੀ ਗੱਲ ਇਹ ਹੈ ਕਿ ਸਿੱਖ ਨੌਜਵਾਨਾਂ ਨੇ ਵੀ ਆਪਣੇ ਅਮਲ ਰਾਹੀਂ ਇਹ ਸਾਬਤ ਕੀਤਾ ਹੈ ਕਿ ਉਨ੍ਹਾਂ ਅੰਦਰ ਇਸ ਇਤਿਹਾਸਕ ਮੌਕੇ ਦੇ ਹਾਣ ਦਾ ਜਜ਼ਬਾ, ਸਬਰ ਅਤੇ ਸਮਝ ਪੈਦਾ ਹੋ ਰਹੇ ਹਨ। ਇਸ ਸੰਭਾਵੀ ਮੌਕੇ ਨੂੰ ਰਾਜਨੀਤਕ ਅਸਲੀਅਤ ਵਿਚ ਕਿਵੇਂ ਬਦਲਿਆ ਜਾਵੇ, ਇਸ ਬਾਰੇ ਕੁਝ ਵਿਚਾਰਾਂ ਪੇਸ਼ ਹਨ।

ਪਹਿਲੀ ਗੱਲ, ਸਿੱਖ ਰਾਜਨੀਤਕ ਅਮਲ ਦੀਆਂ ਗਤੀਵਿਧੀਆਂ ਸਹਿਜ ਵਿਚ ਚੱਲਣੀਆਂ ਜਰੂਰੀ ਹਨ। ਸਿੱਖ ਆਤਮਿਕ ਜੀਵਨ ਦਾ ਸਫਰ ਕਾਹਲੀ ‘ਤੋਂ ਸਹਿਜ ਵੱਲ ਹੈ। ਆਧੁਨਿਕਤਾ ਦੀ ਤੋਰ ਸਹਿਜ ‘ਤੋਂ ਕਾਹਲੀ ਵੱਲ ਹੈ। ਆਧੁਨਿਕ ਤਕਨਾਲੋਜੀ ਹਰ ਕਿਰਿਆ ਦੀ ਗਤੀ ਨੂੰ ਵਧਾਉਂਦੀ ਹੈ। ਪਰ ਗੁਰਬਾਣੀ ਸਾਨੂੰ ਜੀਵਨ ਦੀ ਭੱਜ-ਦੌੜ ਤੋਂ ਸਹਿਜ ਵੱਲ ਆਉਣ ਲਈ ਪ੍ਰੇਰਦੀ ਹੈ। ਸਾਡਾ ਰਾਜਨੀਤਕ ਅਮਲ ਵੀ ਗੁਰਬਾਣੀ ਦਾ ਅਨੁਸਾਰੀ ਹੀ ਹੋਣਾ ਚਾਹੀਦਾ ਹੈ, ਆਧੁਨਿਕਤਾ ਦਾ ਨਹੀਂ। ਮੌਜੂਦਾ ਦੌਰ ਵਿਚ ਉੱਭਰ ਰਹੇ ਸਿੱਖ ਅਮਲ ਲਈ ਸਭ ਤੋਂ ਲੋੜੀਂਦੀ ਗੱਲ ਸਹਿਜ ਵਿਚ ਚੱਲਣਾ ਹੈ।
ਰਾਜਨੀਤਕ ਲਹਿਰਾਂ ਪੈਦਾ ਕਰਨੀਆਂ ਸੌਖੀਆਂ ਹੁੰਦੀਆਂ ਹਨ ਪਰ ਉਨ੍ਹਾਂ ਨੂੰ ਸਹਿਜ ਵਿਚ ਰੱਖ ਕੇ ਲੰਮੇ ਸਮੇਂ ਲਈ ਚਲਾਉਣਾ ਬਹੁਤ ਔਖਾ ਹੁੰਦਾ ਹੈ। ਸਿੱਖਾਂ ਦੀ ਰਾਜਨੀਤਕ ਲਹਿਰ ਉਦੋਂ ਹੀ ਸਫਲ ਹੋਵੇਗੀ ਜਦੋਂ ਇਸ ਵਿਚ ਸਹਿਜ ਦਾ ਰੰਗ ਭਰਪੂਰ ਹੋਵੇਗਾ।
ਬਹੁਤੀਆਂ ਰਾਜਨੀਤਕ ਲਹਿਰਾਂ ਦਾ ਪਤਨ ਲੋੜੋਂ ਵੱਧ ਤੇਜੀ ਕਰਕੇ ਹੁੰਦਾ ਹੈ। 1857 ਦਾ ਗ਼ਦਰ, 1910ਵਿਆਂ ਦੀ ਗ਼ਦਰ ਲਹਿਰ, 1789 ਦੀ ਫਰਾਂਸੀਸੀ ਕਰਾਂਤੀ ਆਦਿ ਲਹਿਰਾਂ ਲੋੜੋਂ ਵੱਧ ਤੇਜੀ ਦਾ ਸ਼ਿਕਾਰ ਹੋਈਆਂ। ਉਹਦੇ ਮੁਕਾਬਲੇ ਸਿੱਖਾਂ ਦਾ ਅਠਾਰ੍ਹਵੀਂ ਸਦੀ ਦਾ ਇਤਿਹਾਸ, ਚੀਨ ਦਾ ਥੱਕੇ-ਹਾਰੇ ਮੁਲਕ ‘ਤੋਂ ਸੁਪਰਪਾਵਰ ਬਣਨਾ, ਅਤੇ ਕਨੇਡਾ ਦੇ ਮੂਲ-ਨਿਵਾਸੀਆਂ ਦੀ ਪੁਨਰ-ਸੁਰਜੀਤੀ ਸਹਿਜ ਵਿਚ ਚੱਲੀਆਂ ਲਹਿਰਾਂ ਦੀਆਂ ਮਿਸਾਲਾਂ ਹਨ।
ਅੱਜ ਪੰਜਾਬ ਵਿਚ ਉੱਭਰ ਰਹੀ ਸਿੱਖ ਲਹਿਰ ਨੂੰ ਕੁਚਲਣ ਵਾਸਤੇ ਸਰਕਾਰ ਇਸ ਲਹਿਰ ਵਿਚ ਭੜਕਾਹਟ ਪੈਦਾ ਕਰਨ ਦਾ ਹਰ ਸੰਭਵ ਯਤਨ ਕਰੇਗੀ। ਇਸ ਲਹਿਰ ਦੀ ਸਫਲਤਾ ਇਸ ਗੱਲ ‘ਤੇ ਨਿਰਭਰ ਕਰਦੀ ਹੈ ਕਿ ਭੜਕਾਹਟ ਪੈਦਾ ਕਰਨ ਦੀਆਂ ਸਾਜ਼ਿਸ਼ਾਂ ਨਾਲ ਕਿਵੇਂ ਨਜਿੱਠਿਆ ਜਾਂਦਾ ਹੈ। 2007 ਦੀ ਸੌਦਾ ਸਾਧ ਵਿਰੁੱਧ ਲਹਿਰ ‘ਤੋਂ ਲੈ ਕੇ, ਭਾਈ ਰਾਜੋਆਣਾ ਦੀ ਫਾਂਸੀ, ਬੇਅਦਬੀ ਦੇ ਖਿਲਾਫ ਲੜਿਆ ਗਿਆ ਲੰਮਾ ਸੰਘਰਸ਼ ਅਤੇ ਕਿਸਾਨ ਮੋਰਚੇ ‘ਤੋਂ ਲੈ ਕੇ ਅੱਜ ਤੱਕ ਨੌਜਵਾਨਾਂ ਵੱਲੋਂ ਵਿਖਾਇਆ ਗਿਆ ਸਹਿਜ ਵਾਕਿਆ ਹੀ ਕਾਬਲੇ-ਤਾਰੀਫ ਹੈ। ਆਸ ਹੈ ਕਿ ਇਹ ਸਹਿਜ ਆਉਣ ਵਾਲ਼ੇ ਸਮੇਂ ਵਿਚ ਹੋਰ ਪਰਪੱਕ ਹੋਵੇਗਾ।
ਦੂਜੀ ਗੱਲ, ਅੱਜ ਉੱਭਰ ਰਹੀ ਲਹਿਰ ਵਿਅਕਤੀਵਾਦ ਦਾ ਸ਼ਿਕਾਰ ਨਾ ਹੋ ਕੇ ਸਮੂਹਿਕ ਅਗਵਾਈ ਵੱਲ ਵਧ ਰਹੀ ਹੈ। ਵਿਅਕਤੀ ਕੇਂਦਰਿਤ ਲਹਿਰਾਂ ਖਤਮ ਕਰਨੀਆਂ ਸਰਕਾਰਾਂ ਲਈ ਬਹੁਤ ਸੌਖੀਆਂ ਹੁੰਦੀਆਂ ਹਨ। ਸਮੂਹਿਕ ਅਗਵਾਈ ਵਾਲ਼ੀ ਲਹਿਰ ਨੂੰ ਮੁਕਾਉਣਾ ਲਗਪਗ ਅਸੰਭਵ ਹੁੰਦਾ ਹੈ।
ਪੰਜਾਬ ਯੂਨੀਵਰਸਿਟੀ ਵਾਲ਼ੇ ਮਸਲੇ ’ਤੇ ਜਿਵੇਂ ਸਾਰੀਆਂ ਧਿਰਾਂ ਇਕੱਤਰ ਹੋਈਆਂ ਹਨ, ਉਹਦੇ ਤੋਂ ਸਮੂਹਿਕ ਅਗਵਾਈ ਉੱਭਰਨ ਦੇ ਸੰਕੇਤ ਮਿਲਦੇ ਹਨ। ਨੌਜਵਾਨਾਂ ਨੂੰ ਬੇਨਤੀ ਹੈ ਕਿ ਨਿੱਜੀ ਵਖਰੇਵੇਂ ਪਾਸੇ ਰੱਖ ਕੇ ਇੱਕ ਦੂਜੇ ਨਾਲ ਤਾਲ-ਮੇਲ ਬਣਾਓ। ਸਿਲਸਿਲੇਵਾਰ ਬੈਠਕਾਂ ਦਾ ਅਮਲ ਸ਼ੁਰੂ ਕਰੋ। ਗੁਰੂ ਸਾਹਿਬ ਜ਼ਰੂਰ ਬਰਕਤ ਪਾਉਣਗੇ।
ਤੀਜੀ ਗੱਲ, ਕਿਸੇ ਵੀ ਰਾਜਨੀਤਕ ਲਹਿਰ ਦੇ ਕਾਮਯਾਬ ਹੋਣ ਲਈ ਉਸ ਅੰਦਰ ਬੌਧਿਕ ਪਰਪੱਕਤਾ ਹੋਣੀ ਜ਼ਰੂਰੀ ਹੈ। ਅੱਜ ਦੇ ਸਮੇਂ ਦੀ ਸਾਰੀ ਰਾਜਨੀਤੀ ਮਨੋ-ਰਾਜਨੀਤੀ ਹੈ। ਉਹੀ ਧਿਰ ਸਫਲ ਹੁੰਦੀ ਹੈ ਜਿਹੜੀ ਲੋਕਾਈ ਦੇ ਸੋਚਣ ਦੇ ਢੰਗ ਨੂੰ ਆਪਣੇ ਪੱਖ ਵਿਚ ਢਾਲ ਲੈਂਦੀ ਹੈ। ਇਸ ਨੁਕਤੇ ਨੂੰ ਕਦੇ ਵੀ ਅਣਗੌਲ਼ਾ ਨਹੀਂ ਕਰਨਾ ਚਾਹੀਦਾ। ਇਸ ਵਿਚ ਅੰਤਾਂ ਦਾ ਜੋLਰ ਹੈ।
ਸੋਸ਼ਲ ਮੀਡੀਆ ਨੂੰ ਚਲਾ ਰਹੀਆਂ ਐਲਗੋਰਿਦਮਾਂ ਅਸਲ ਵਿਚ ਕੌਮਾਂ ਦੇ ਸਮੂਹਿਕ ਮਨਾਂ ਅੰਦਰ ਡਰ, ਬੇਵਿਸ਼ਵਾਸੀ, ਬੇਚੈਨੀ ਅਤੇ ਘਬਰਾਹਟ ਪੈਦਾ ਕਰਨ ਦਾ ਕੰਮ ਹੀ ਕਰ ਰਹੀਆਂ ਹਨ। ਇਸ ਮਾਹੌਲ ਵਿਚ ਵੱਡੀ ਚੁਣੌਤੀ ਇਹ ਹੈ ਕਿ ਨਵੇਂ ਜ਼ਮਾਨੇ ਦੇ ਤਕਨੀਕੀ ਸੰਦ ਵਰਤਦੇ ਹੋਏ ਵੀ ਆਪਣੀ ਅੰਦਰਲੇ ਸਿਦਕ ਨੂੰ ਕਿਵੇਂ ਬਰਕਰਾਰ ਰੱਖਿਆ ਜਾਵੇ। ਇਸ ਚੁਣੌਤੀ ਨਾਲ ਨਜਿੱਠਣ ਲਈ ਪੰਜਾਬ ਦੀ ਹਰ ਯੂਨੀਵਰਸਿਟੀ ਅੰਦਰ ਵਰਕਸ਼ਾਪਾਂ ਲਾਉਣ ਦੀ ਫੌਰੀ ਲੋੜ ਹੈ।
ਚੌਥੀ ਗੱਲ, ਕੋਈ ਵੀ ਕੌਮੀ ਲਹਿਰ ਓਨਾ ਚਿਰ ਸਫਲ ਨਹੀਂ ਹੋ ਸਕਦੀ, ਜਿੰਨਾ ਚਿਰ ਉਸ ਕੌਮ ਦੀਆਂ ਬੀਬੀਆਂ ਉਸ ਲਹਿਰ ਵਿਚ ਭਰਵੀਂ ਸ਼ਮੂਲੀਅਤ ਨਹੀਂ ਕਰਦੀਆਂ। ਅਠਾਰ੍ਹਵੀਂ ਸਦੀ ਦੇ ਇਤਿਹਾਸ ਦੀ ਮਿਸਾਲ ਹੀ ਲੈ ਲਵੋ। ਸਿੱਖ ਬੀਬੀਆਂ ਦੀ ਸਰਗਰਮ ਸ਼ਮੂਲੀਅਤ ਤੋਂ ਬਗ਼ੈਰ ਸਿੰਘਾਂ ਦਾ ਜਿੱਤਣਾ ਨਾਮੁਮਕਿਨ ਸੀ। ਇਤਿਹਾਸਕਾਰਾਂ ਨੇ ਭਾਵੇਂ ਇਸ ਪੱਖ ਨੂੰ ਬਣਦਾ ਥਾਂ ਨਹੀਂ ਦਿੱਤਾ, ਪਰ ਉਸ ਦੌਰ ਦੀ ਬਾਰੀਕ ਪੜਤਾਲ ਕਰਨ ਨਾਲ ਇਹ ਸੱਚ ਸਾਡੇ ਸਾਹਮਣੇ ਆ ਜਾਂਦਾ ਹੈ।
ਭਾਵੇਂ ਕਿ ਸਿੱਖ ਮਰਦਾਂ ਵਾਂਗ ਸਿੱਖ ਬੀਬੀਆਂ ਵੀ ਕਾਫੀ ਹੱਦ ਤੱਕ ਆਧੁਨਿਕਤਾ ਦੀ ਮੈਲੀ ਸੱਭਿਆਚਾਰਕ ਰਾਜਨੀਤੀ ਦਾ ਸ਼ਿਕਾਰ ਹੋਈਆਂ ਹਨ, ਪਰ ਪਿਛਲੇ ਕੁਝ ਸਾਲਾਂ ਤੋਂ ਸਿੱਖ ਬੀਬੀਆਂ ਅੰਦਰ ਸਿੱਖ ਆਤਮਿਕ ਜੀਵਨ ਦੇ ਜਲੌਅ ਦੀ ਪੁਨਰ-ਸੁਰਜੀਤੀ ਦਾ ਅਮਲ ਚੁੱਪ-ਚੁਪੀਤੇ ਜ਼ੋਰ ਫੜ ਰਿਹਾ ਹੈ। ਜਿਵੇਂ-ਜਿਵੇਂ ਇਹ ਜਲੌਅ ਉਨ੍ਹਾਂ ਦੇ ਤਖਲੀਕੀ ਅਮਲ ਦਾ ਹਿੱਸਾ ਬਣਦਾ ਜਾਵੇਗਾ, ਉਵੇਂ-ਉਵੇਂ ਹੀ ਉਨ੍ਹਾਂ ਦਾ ਸਿੱਖ ਰਾਜਨੀਤਕ ਸਰਗਰਮੀ ਉੱਤੇ ਪ੍ਰਭਾਵ ਵੀ ਵਧਦਾ ਜਾਵੇਗਾ। ਇਸ ਸ਼ੁਭ ਅਮਲ ਦੇ ਪਰਗਟ ਹੋਣ ਨੂੰ ਹੁਣ ਬਹੁਤਾ ਸਮਾਂ ਨਹੀਂ ਲੱਗਣਾ।
ਸਿੱਖ ਜਥੇਬੰਦੀਆਂ ਨੂੰ ਇਸ ਪੱਖ ਵੱਲ ਉਚੇਚਾ ਧਿਆਨ ਦੇਣ ਦੀ ਲੋੜ ਹੈ। ਬੀਬੀਆਂ ਦੀ ਭਰਵੀਂ ਸ਼ਮੂਲੀਅਤ ਇਸ ਲਹਿਰ ਨੂੰ ਦਹਾਕਿਆਂ ਦਾ ਸਫਰ ਮਹੀਨਿਆਂ ਵਿਚ ਕਰਵਾ ਸਕਦੀ ਹੈ। ਸਿੱਖ ਬੀਬੀਆਂ ਸਿੱਖੀ ਦੇ ਉੱਚੇ ਇਖਲਾਕ ਦੀਆਂ ਜ਼ਾਮਨ ਹਨ। ਉਨ੍ਹਾਂ ਨਾਲ ਅਤਿ-ਸਤਿਕਾਰ ਨਾਲ ਪੇਸ਼ ਆਉਣਾ ਹਰ ਕਿਸੇ ਦਾ ਫਰਜ਼ ਹੈ। ਜੇ ਸਿੱਖ ਜਥੇਬੰਦੀਆਂ ਬੀਬੀਆਂ ਲਈ ਇਸ ਸਤਿਕਾਰ ਵਾਲਾ ਮਾਹੌਲ ਸਿਰਜ ਲੈਂਦੀਆਂ ਹਨ ਤਾਂ ਉਨ੍ਹਾਂ ਨੂੰ ਇਤਿਹਾਸ ਸਿਰਜਣ ਤੋਂ ਦੁਨੀਆਂ ਦੀ ਕੋਈ ਤਾਕਤ ਨਹੀਂ ਰੋਕ ਸਕਦੀ। ਇਸ ਨੁਕਤੇ ਬਾਰੇ ਕਦੇ ਫੇਰ ਵਿਸਥਾਰ ਵਿਚ ਗੱਲ ਕਰਾਂਗੇ।
ਪੰਜਵੀਂ ਅਤੇ ਆਖਰੀ ਗੱਲ, ਕੋਈ ਵੀ ਰਾਜਨੀਤਕ ਲਹਿਰ ਕਦੇ ਵੀ ਇੱਕੋ ਗਤੀ ਵਿਚ ਜਾਂ ਇੱਕੋ ਰੰਗ ਵਿਚ ਨਹੀਂ ਚਲਦੀ। ਇਸ ਲਹਿਰ ਨੇ ਵੀ ਇਕ ਦਿਨ ਰਵਾਨੀ ਫੜਨੀ ਹੈ। ਇਸ ਨੇ ਨਵੇਂ ਰੰਗ ਵੀ ਅਖਤਿਆਰ ਕਰਨੇ ਹਨ। ਪਰ ਉਨ੍ਹਾਂ ਦਾ ਸਮਾਂ ਅਜੇ ਨਹੀਂ ਆਇਆ। ਜਦੋਂ ਸਮਾਂ ਆ ਗਿਆ, ਇਹ ਦੋਵੇਂ ਕੰਮ ਸਹਿਜ-ਸੁਭਾ ਹੀ ਹੋ ਜਾਣੇ ਹਨ।
ਓਨਾ ਚਿਰ ਕਲਗੀਆਂ ਵਾਲ਼ੇ ਚੋਜੀ ਪ੍ਰੀਤਮ ਉੱਤੇ ਨਿਸਚਾ ਰੱਖ ਕੇ ਆਪਣੇ ਸਿਦਕ ਨੂੰ ਨਾ ਡੋਲਣ ਦੇਈਏ। ਗੁਰੂ ਭਲੀ ਕਰੇਗਾ।