ਈ.ਡੀ. ਵਲੋਂ ਅਨਿਲ ਅੰਬਾਨੀ ਦੀ 7500 ਕਰੋੜ ਤੋਂ ਵੱਧ ਦੀ ਜਾਇਦਾਦ ਜ਼ਬਤ

ਨਵੀਂ ਦਿੱਲੀ:ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਅਨਿਲ ਅੰਬਾਨੀ ਦੇ ਰਿਲਾਇੰਸ ਗਰੁੱਪ ‘ਤੇ ਵੱਡੀ ਕਾਰਵਾਈ ਕਰਦਿਆਂ ਗਰੁੱਪ ਦੀਆਂ ਸਾਰੀਆਂ ਸੰਸਥਾਵਾਂ ਨਾਲ ਜੁੜੀਆਂ ਤਕਰੀਬਨ 7500 ਕਰੋੜ ਰੁਪਏ ਦੀਆਂ ਸੰਪਤੀਆਂ ਕੁਰਕ ਕਰ ਦਿੱਤੀਆਂ ਹਨ। ਕੁਰਕੀ ਦਾ ਇਹ ਆਦੇਸ਼ 31 ਅਕਤੂਬਰ ਨੂੰ ਦਿੱਤਾ ਗਿਆ ਸੀ ।

ਰਿਲਾਇੰਸ ਗਰੁੱਪ ਨਾਲ ਸੰਬੰਧਿਤ ਜਿਨ੍ਹਾਂ ਸੰਪਤੀਆਂ ਨੂੰ ਜ਼ਬਤ ਕੀਤਾ ਗਿਆ ਹੈ, ਉਨ੍ਹਾਂ ‘ਚ ਮੁੰਬਈ ਦੇ ਪਾਲੀ ਹਿਲ ਸਥਿਤ ਘਰ, ਨਵੀਂ ਦਿੱਲੀ ਸਥਿਤ ਰਿਲਾਇੰਸ ਸੈਂਟਰ ਦੀ ਸੰਪਤੀ ਅਤੇ ਦਿੱਲੀ, ਨੋਇਡਾ, ਗਾਜ਼ੀਆਬਾਦ, ਮੁੰਬਈ, ਪੁਣੇ, ਠਾਣੇ, ਹੈਦਰਾਬਾਦ, ਚੇਨਈ ਅਤੇ ਪੂਰਬੀ ਗੋਦਾਵਰੀ ਸਥਿਤ ਇਨ੍ਹਾਂ ਕੰਪਨੀਆਂ ਦੇ ਦਫ਼ਤਰ, ਘਰ ਅਤੇ ਪਲਾਟ ਸ਼ਾਮਿਲ ਹਨ। ਈ.ਡੀ. ਵਲੋਂ ਰਿਲਾਇੰਸ ਹੋਮ ਫਾਈਨਾਂਸ ਲਿਮਟਿਡ ਅਤੇ ਰਿਲਾਇੰਸ ਕਮਰਸ਼ੀਅਲ ਫਾਈਨਾਂਸ ਲਿਮਟਿਡ ਵਲੋਂ ਇਕੱਠੀ ਕੀਤੀ ਜਨਤਕ ਰਕਮ ਦੀ ਕਥਿਤ ਦੁਰਵਰਤੋਂ ਨਾਲ ਜੁੜੀ ਮਨੀ ਲਾਂਡਰਿੰਗ ਜਾਂਚ ਦੇ ਸਿਲਸਿਲੇ ‘ਚ 42 ਤੋਂ ਵੱਧ ਸੰਪਤੀਆਂ ਆਰਜ਼ੀ ਤੌਰ ‘ਤੇ ਜ਼ਬਤ ਕੀਤੀਆਂ ਗਈਆਂ ਹਨ।