ਪਾਕਿਸਤਾਨ ਅਤੇ ਚੀਨ ਕਰ ਰਹੇ ਹਨ ਪ੍ਰਮਾਣੂ ਪ੍ਰੀਖਣ: ਟਰੰਪ

ਵਾਸ਼ਿੰਗਟਨ:ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤਿੰਨ ਦਹਾਕਿਆਂ ਤੋਂ ਜ਼ਿਆਦਾ ਸਮੇਂ ਦੇ ਵਕਫ਼ੇ ਤੋਂ ਬਾਅਦ ਅਮਰੀਕਾ ਦੇ ਆਪਣੇ ਪ੍ਰਮਾਣੂ ਹਥਿਆਰਾਂ ਦਾ ਪ੍ਰੀਖਣ ਫਿਰ ਤੋਂ ਸ਼ੁਰੂ ਕਰਨ ਦੇ ਆਪਣੇ ਪ੍ਰਸ਼ਾਸਨ ਦੀ ਯੋਜਨਾ ਨੂੰ ਸਹੀ ਦੱਸਦਿਆਂ ਕਿਹਾ ਕਿ ਪਾਕਿਸਤਾਨ ਤੇ ਚੀਨ ਉਨ੍ਹਾਂ ਦੇਸ਼ਾਂ ‘ਚ ਸ਼ਾਮਿਲ ਹਨ, ਜੋ ਪ੍ਰਮਾਣੂ ਹਥਿਆਰਾਂ ਦਾ ਪ੍ਰੀਖਣ ਕਰ ਰਹੇ ਹਨ।

ਸੀ. ਬੀ. ਐੱਸ. ਨਿਊਜ਼ ਨੂੰ ਦਿੱਤੇ ਇਕ ਇੰਟਰਵਿਊ ‘ਚ ਉਨ੍ਹਾਂ ਨੇ ਦਾਅਵਾ ਕੀਤਾ ਕਿ ਅਮਰੀਕਾ ਕੋਲ ਏਨੇ ਪ੍ਰਮਾਣੂ ਹਥਿਆਰ ਹਨ ਕਿ ਦੁਨੀਆ ਨੂੰ 150 ਵਾਰ ਤਬਾਹ ਕੀਤਾ ਜਾ ਸਕਦਾ ਹੈ, ਪਰ ਰੂਸ ਤੇ ਚੀਨ ਦੀਆਂ ਸਰਗਰਮੀਆਂ ਦੇ ਚਲਦਿਆਂ ਪ੍ਰੀਖਣ ਕਰਨਾ ਜ਼ਰੂਰੀ ਹੈ। ਜਦੋਂ ਟਰੰਪ ਕੋਲੋਂ
ਇਹ ਪੁੱਛਿਆ ਗਿਆ ਕਿ ਉੱਤਰੀ ਕੋਰੀਆ ਤੋਂ ਇਲਾਵਾ ਕੋਈ ਵੀ ਪ੍ਰਮਾਣੂ ਪ੍ਰੀਖਣ ਨਹੀਂ ਕਰ ਰਿਹਾ ਤਾਂ ਤੁਸੀਂ ਕਿਉਂ ਕਰ ਰਹੇ ਹੋ? ਇਸ ‘ਤੇ ਟਰੰਪ ਨੇ ਕਿਹਾ ਕਿ ਰੂਸ, ਪਾਕਿਸਤਾਨ ਅਤੇ ਚੀਨ ਵੀ ਗੁਪਤ ਪ੍ਰੀਖਣ ਕਰ ਰਹੇ ਹਨ, ਬਸ ਦੁਨੀਆ ਨੂੰ ਪਤਾ ਨਹੀਂ ਲੱਗਦਾ। ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਅਮਰੀਕਾ ਆਪਣੇ ਪ੍ਰਮਾਣੂ ਪ੍ਰੀਖਣ ਕਦੋਂ ਅਤੇ ਕਿਥੇ ਕਰੇਗਾ, ਬਸ ਏਨਾ ਹੀ ਕਿਹਾ,“ ਸਾਡੇ ਕੋਲ ਪ੍ਰੀਖਣ ਸਥਾਨ ਹਨ, ਇਨ੍ਹਾਂ ਦਾ ਜਲਦੀ ਐਲਾਨ ਕਰ ਦਿੱਤਾ ਜਾਵੇਗਾ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਇਸ ਨਾਲ ਦੁਨੀਆ ਇਕ ਹੋਰ ਖਤਰਨਾਕ ਪ੍ਰਮਾਣੂ ਮਾਹੌਲ ‘ਚ ਜਾ ਸਕਦੀ ਹੈ, ਤਾਂ ਟਰੰਪ ਨੇ ਜਵਾਬ ਦਿੱਤਾ, ‘‘ਮੈਨੂੰ ਲੱਗਦਾ ਹੈ ਅਸੀਂ ਇਸ ਨੂੰ ਕਾਫੀ ਹੱਦ ਤੱਕ ਕੰਟਰੋਲ ‘ਚ ਰੱਖਿਆ ਹੈ।“ ਟਰੰਪ ਨੇ ਅੱਗੇ ਕਿਹਾ, “ਮੈਂ ਪ੍ਰਮਾਣੂ ਨਿਰਸਤਰੀਕਰਨ ਦੇਖਣਾ ਚਾਹੁੰਦਾ ਹਾਂ।
ਅਸੀਂ ਇਸ ਬਾਰੇ ਰੂਸ ਨਾਲ ਗੱਲਬਾਤ ਕਰ ਰਹੇ ਹਾਂ, ਜੇਕਰ ਕੁਝ ਹੁੰਦਾ ਹੈ ਤਾਂ ਚੀਨ ਨੂੰ ਵੀ ਇਸ ‘ਚ ਸ਼ਾਮਿਲ ਕੀਤਾ ਜਾਵੇਗਾ।“ ਜ਼ਿਕਰਯੋਗ ਹੈ ਕਿ ਅਮਰੀਕੀ ਕਾਂਗਰਸ ਦੀ ਖੋਜ ਸੇਵਾ ਦੀ ਇਕ ਅਗਸਤ ਦੀ ਰਿਪੋਰਟ ਦੇ ਮੁਤਾਬਿਕ, ਰਾਸ਼ਟਰਪਤੀ ਦੇ ਆਦੇਸ਼ ਦੇਣ ਤੋਂ ਬਾਅਦ ਅਮਰੀਕਾ ਨੂੰ ਪ੍ਰਮਾਣੂ ਹਥਿਆਰ ਪ੍ਰੀਖਣ ਕਰਨ ‘ਚ ਲਗਭਗ 24 ਤੋਂ 36 ਮਹੀਨੇ ਲੱਗਣਗੇ।