ਪੱਛਮੀ ਬੰਗਾਲ ਦੀ ਵੋਟਰ ਸੂਚੀ ਅੱਪਡੇਟ

ਕੋਲਕਾਤਾ:ਪੱਛਮੀ ਬੰਗਾਲ ‘ਚ ਐਸ.ਆਈ.ਆਰ. ਦਾ ਮੁੱਢਲਾ ਕੰਮ ਤਕਰੀਬਨ ਪੂਰਾ ਹੋ ਗਿਆ ਹੈ ਤੇ 2002 ਦੀ ਵੋਟਰ ਲਿਸਟ ਨਾਲ ਮੌਜੂਦਾ ਵੋਟਰ ਲਿਸਟ ਦੇ ਸਿਰਫ਼ 3 ਕਰੋੜ 48 ਲੱਖ ਲੋਕਾਂ ਦੇ ਨਾਂਅ ਇਕੋ ਜਿਹੇ ਮਿਲੇ ਹਨ। ਇਸ ਤਰ੍ਹਾਂ 23 ਸਾਲ ਪਹਿਲਾਂ ਦੀ ਵੋਟਰ ਲਿਸਟ ਚੋਂ ਇਕ ਕਰੋੜ 6 ਲੱਖ ਤੋਂ ਵੱਧ ਨਾਂਅ ਚੋਣ ਕਮਿਸ਼ਨ ਦੇ ਪੋਰਟਲ ‘ਚ ਸ਼ਾਮਿਲ ਨਹੀਂ ਕੀਤੇ ਗਏ। ਚੋਣ ਕਮਿਸ਼ਨ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਪ੍ਰਕਿਰਿਆ ਦਾ ਉਦੇਸ਼ ਵੋਟਰ ਸੂਚੀ ਨੂੰ ਸੁਚਾਰੂ ਬਣਾਉਣਾ ਤੇ ਨਕਲ ਨੂੰ ਖ਼ਤਮ ਕਰਨਾ ਹੈ।

ਜਿਨ੍ਹਾਂ ਵੋਟਰਾਂ ਦੇ ਵੇਰਵੇ ਪਹਿਲਾਂ ਹੀ ਪੁਰਾਣੇ ਰਿਕਾਰਡਾਂ ਨਾਲ ਮੇਲ ਖਾਂਦੇ ਹਨ, ਉਨ੍ਹਾਂ ਨੂੰ ਹੁਣ ਕਿਸੇ ਨਵੇਂ ਦਸਤਾਵੇਜ਼ ਜਾਂ ਮੁੜ ਤਸਦੀਕ ਦੀ ਲੋੜ ਨਹੀਂ ਪਵੇਗੀ। ਉਨ੍ਹਾਂ ਕਿਹਾ ਕਿ ਲਗਭਗ ਸਾਰੇ ਜ਼ਿਲਿ੍ਹਆਂ ‘ਚ ਡਾਟਾ ਮੇਲਣ ਦੀ ਪ੍ਰਕਿਰਿਆ ਆਪਣੇ ਅੰਤਿਮ ਪੜਾਅ ‘ਚ ਹੈ। ਸਿਰਫ਼ ਦਾਰਜੀਲਿੰਗ ਅਤੇ ਜਲਪਾਈਗੁੜੀ ‘ਚ ਹਾਲ ਹੀ ‘ਚ ਆਈਆਂ ਕੁਦਰਤੀ ਆਫ਼ਤਾਂ ਕਾਰਨ ਥੋੜ੍ਹੀ ਦੇਰੀ ਹੋਈ ਹੈ। ਬਾਕੀ ਜ਼ਿਲਿ੍ਹਆਂ ‘ਚ ਇਹ ਪ੍ਰਕਿਰਿਆ ਲਗਭਗ ਪੂਰੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਹ ਪੂਰੀ ਪ੍ਰਕਿਰਿਆ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਵੋਟਰ ਸੂਚੀ ਨੂੰ ਵਧੇਰੇ ਪਾਰਦਰਸ਼ੀ ਤੇ ਗਲਤੀ-ਮੁਕਤ ਬਣਾਉਣ ਲਈ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੰਦੇਸ਼ਾ ਜ਼ਾਹਿਰ ਕੀਤਾ ਹੈ ਕਿ ਇਕ ਕਰੋੜ 50 ਹਜ਼ਾਰ ਲੋਕਾਂ ਦੇ ਨਾਮ ਕੱਟੇ ਜਾਣ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਹੈ ਕਿ ਉਨ੍ਹਾਂ ਦੇ ਭਵਾਨੀਪੁਰ ਵਿਧਾਨਸਭਾ ਹਲਕੇ ‘ਚ ਵੋਟਰਾਂ ਦੇ ਨਾਮ ਕੱਟਣ ਦੇ ਨਾਲ ਹੀ ਵੱਡੀ ਗਿਣਤੀ ‘ਚ ਬਾਹਰੀ ਲੋਕਾਂ ਨੂੰ ਵੋਟਰ ਲਿਸਟ ‘ਚ ਸ਼ਾਮਿਲ ਕੀਤਾ ਜਾ ਰਿਹਾ ਹੈ। ਭਾਜਪਾ ਆਗੂ ਸੁਭੇਦੁ ਅਧਿਕਾਰੀ ਦਾ ਕਹਿਣਾ ਹੈ ਕਿ ਮੈਪਿੰਗ ਤੋਂ ਭੂਆ-ਭਤੀਜੇ (ਮਮਤਾ-ਅਭੀਸ਼ੇਕ) ਦਾ ਸਫ਼ਾਇਆ ਹੋ ਗਿਆ ਹੈ। ਉਹ ਡਰ ਰਹੇ ਹਨ, ਇਸ ਲਈ ਐਸ.ਆਈ.ਆਰ. ਦਾ ਵਿਰੋਧ ਕਰ ਰਹੇ ਹਨ। ਐਪਰ ਸਾਡੀ ਵੀ ਮੰਗ ਹੈ ਕਿ ਐਸ.ਆਈ.ਆਰ. ਨਹੀਂ ਹੋਵੇਗਾ ਤਾਂ ਬੰਗਾਲ ‘ਚ ਮਤਦਾਨ ਵੀ ਨਹੀਂ ਹੋਵੇਗਾ।