ਅਫ਼ਗਾਨਿਸਤਾਨ ਤੇ ਪਾਕਿਸਤਾਨ ਜੰਗਬੰਦੀ ਲਈ ਸਹਿਮਤ

ਅੰਮ੍ਰਿਤਸਰ:ਕਤਰ ਦੀ ਰਾਜਧਾਨੀ ਦੋਹਾ ‘ਚ 13 ਘੰਟੇ ਤੱਕ ਚੱਲੀ ਗੱਲਬਾਤ ਤੋੰ ਬਾਅਦ ਪਾਕਿਸਤਾਨ ਅਤੇ ਇਸਲਾਮਿਕ ਅਮੀਰਾਤ ਆਫ਼ ਅਫ਼ਗਾਨਿਸਤਾਨ ਜੰਗਬੰਦੀ ਲਈ ਸਹਿਮਤ ਹੋ ਗਏ ਹਨ। ਇਸ ਸਮਝੌਤਾ ਗੱਲਬਾਤ ਦੀ ਮੇਜ਼ਬਾਨੀ ਕਤਰ ਦੇ ਖ਼ੁਫ਼ੀਆ ਮੁਖੀ ਅਬਦੁੱਲਾ ਬਿਨ ਮੁਹੰਮਦ ਅਲ ਖ਼ਲੀਫ਼ਾ ਨੇ ਕੀਤੀ।

ਪਾਕਿਸਤਾਨੀ ਵਫ਼ਦ ਦੀ ਅਗਵਾਈ ਪਾਕਿਸਤਾਨ ਦੇ ਰੱਖਿਆ ਆਸਿਫ਼ ਨੇ ਕੀਤੀ, ਸਮਝੌਤੇ ‘ਤੇ ਦਸਤਖ਼ਤ ਜਦੋਂ ਕਿ ਅਫ਼ਗਾਨ ਵਫ਼ਦ ਦੀ ਅਗਵਾਈ ਰੱਖਿਆ ਮੰਤਰੀ ਮੁੱਲਾ ਮੁਹੰਮਦ ਯਾਕੂਬ ਨੇ ਕੀਤੀ। ਤੁਰਕੀ ਦੇ ਵਿਦੇਸ਼ ਮੰਤਰਾਲੇ ਅਨੁਸਾਰ ਪਾਕਿ ਅਤੇ ਅਫ਼ਗਾਨਿਸਤਾਨ ਵਿਚਕਾਰ ਦੋਹਾ ‘ਚ ਗੱਲਬਾਤ ਦੇ ਪਹਿਲੇ ਦੌਰ ਦੀ ਵਿਚੋਲਗੀ ਕਤਰ ਰਾਜ ਅਤੇ ਤੁਰਕੀ ਗਣਰਾਜ ਦੁਆਰਾ ਕੀਤੀ ਗਈ। ਦੋਵਾਂ ਧਿਰਾਂ ਵਲੋਂ ਇਕ ਸਮਝੌਤੇ ‘ਤੇ ਦਸਤਖ਼ਤ ਕੀਤੇ ਗਏ ਹਨ, ਜਿਸ ਦੇ ਅਨੁਸਾਰਜੰਗਬੰਦੀ ਨੂੰ ‘ਤੁਰੰਤ’ ਅਤੇ ‘ਸਥਾਈ’ ਦੋਵਾਂ ਵਜੋਂ ਦਰਸਾਇਆ ਗਿਆ ਹੈ। ਹਾਲਾਂਕਿ, ਦੋਵਾਂ ਮੁਲਕਾਂ ਵਿਚਾਲੇ ਇਸ ‘ਸਥਾਈ’ ਜੰਗਬੰਦੀ ‘ਦਾ ਜ਼ਿਆਦਾ ਦੇਰ ਤੱਕ ਟਿਕੇ ਰਹਿਣਾ ਸੰਭਵ ਨਹੀਂ ਵਿਖਾਈ ਦੇ ਰਿਹਾ। ਦੱਸਿਆ ਜਾ ਰਿਹਾ ਹੈ ਕਿ ਦੋਹਾ ‘ਚ ਦੋਵਾਂ ਮੁਲਕਾਂ ਵਲੋਂ ਜੰਗਬੰਦੀ ਸਮਝੌਤੇ ‘ਤੇ ਦਸਤਖ਼ਤ ਕੀਤੇ ਜਾਣ ਦੇ ਕੁਝ ਘੰਟਿਆਂ ਬਾਅਦ ਹੀ ਅੱਜ ਸਵੇਰੇ ਪਾਕਿ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਨਵੇਂ ਚੁਣੇ ਗਏ ਮੁੱਖ ਮੰਤਰੀ ਅਫ਼ਰੀਦੀ ਸੋਹੇਲ ਪਿਸ਼ਾਵਰ ‘ਚ ਪੱਤਰਕਾਰਾਂ ਨਾਲ ਗ਼ੈਰ-ਰਸਮੀ ਤੌਰ ‘ਤੇ ਗੱਲਬਾਤ ਦੌਰਾਨ ਪਾਕਿਸਤਾਨੀ 5 ਹਥਿਆਰਬੰਦ ਫ਼ੌਜਾਂ ਲਈ ਆਪਣੇ ਪੂਰੇ ਸਮਰਥਨ ਦੀ ਪੁਸ਼ਟੀ ਕਰਦੇ ਹੋਏ ਸਹੁੰ ਖਾਧੀ ਕਿ ਅਫ਼ਗਾਨਿਸਤਾਨ ਵਲੋਂ ਕੀਤੇ ਜਾਣ ਵਾਲੇ ਕਿਸੇ ਵੀ ਹਮਲੇ ਦਾ ਸਖ਼ਤ ਅਤੇ ਢੁਕਵਾਂ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਲਗਭਗ 8 ਲੱਖ ਅਫ਼ਗਾਨ ਸ਼ਰਨਾਰਥੀ ਪਹਿਲਾਂ ਹੀ ਖ਼ੈਬਰ ਪਖਤੂਨਖਵਾ ਤੋਂ ਵਾਪਸ ਭੇਜੇ ਜਾ ਚੁੱਕੇ ਹਨ, ਜਦੋਂ ਕਿ ਸੂਬੇ ‘ਚ ਰਹਿੰਦੇ ਹੋਰ 12 ਲੱਖ ਅਫ਼ਗਾਨ ਸ਼ਰਨਾਰਥੀਆਂ ਨੂੰ ਵੀ ਜਲਦੀ ਸੂਬੇ ‘ਚੋਂ ਬਾਹਰ ਕੱਢਿਆ ਜਾਵੇਗਾ। ਉਨ੍ਹਾਂ ਅਫ਼ਗਾਨ ਸ਼ਰਨਾਰਥੀਆਂ ਦੀ ਵਾਪਸੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਵਿੰਡੋ ਆਪ੍ਰੇਸ਼ਨ ਸ਼ੁਰੂ ਕੀਤੇ ਜਾਣ ਦਾ ਵੀ ਐਲਾਨ ਕੀਤਾ। ਕਤਰ ਦੇ ਵਿਦੇਸ਼ ਮੰਤਰਾਲੇ ਵਲੋਂ ਜਾਰੀ ਬਿਆਨ ਅਨੁਸਾਰ ਪਾਕਿ ਅਤੇ ਅਫ਼ਗਾਨਿਸਤਾਨ ਆਪਸੀ ਸ਼ਾਂਤੀ ਅਤੇ ਸਥਿਰਤਾ ਲਈ ਇਕ ਸਥਾਈ ਵਿਧੀ ਸਥਾਪਤ ਕਰਨ ‘ਤੇ ਵੀ ਸਹਿਮਤ ਹੋਏ। ਜੰਗਬੰਦੀ ਨੂੰ ਲਾਗੂ ਕਰਨ ਅਤੇ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਆਉਣ ਵਾਲੇ ਦਿਨਾਂ ‘ਚ ਇਕ ਫਾਲੋ-ਅੱਪ ਬੈਠਕ ਵੀ ਕੀਤੀ ਜਾਵੇਗੀ। ਇਸ ਦੌਰਾਨ ਪਾਕਿ ਦੇ ਰੱਖਿਆ ਮੰਤਰੀ ਖ਼ਵਾਜਾ ਮੁਹੰਮਦ ਆਸਿਫ਼ ਨੇ ‘ਐਕਸ’ (ਪਹਿਲਾਂ ਟਵਿੱਟਰ) ‘ਤੇ ਸਮਝੌਤੇ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਜੰਗਬੰਦੀ ਸਮਝੌਤਾ ਅਫ਼ਗਾਨ ਧਰਤੀ ਤੋਂ ਪਾਕਿ ‘ਚ ਅੱਤਵਾਦੀ ਗਤੀਵਿਧੀਆਂ ਦਾ ਅੰਤ ਕਰੇਗਾ। ਉਨ੍ਹਾਂ ਅੱਗੇ ਕਿਹਾ ਕਿ ਦੋਵੇਂ ਗੁਆਂਢੀ ਦੇਸ਼ ਇਕ ਦੂਜੇ ਦੀ ਖੇਤਰੀ ਪ੍ਰਭੂਸੱਤਾ ਦਾ ਸਨਮਾਨ ਕਰਨ ਲਈ ਸਹਿਮਤ ਹੋਏ ਹਨ ਅਤੇ ਖ਼ੁਲਾਸਾ ਕੀਤਾ ਹੈ ਕਿ ਫਾਲੋ-ਅੱਪ ਚਰਚਾ ਲਈ ਦੋਵੇਂ ਧਿਰਾਂ 25 ਅਕਤੂਬਰ ਨੂੰ ਇਸਤਾਂਬੁਲ ‘ਚ ਦੁਬਾਰਾ ਮਿਲਣਗੀਆਂ। ਇਸਲਾਮਿਕ ਅਮੀਰਾਤ ਦੇ ਬੁਲਾਰੇ ਜ਼ਬੀਹੁੱਲਾ ਮੁਜਾਹਿਦ ਨੇ ਕਿਹਾ ਕਿ ਦੋਵੇਂ ਧਿਰਾਂ ਕਿਸੇ ਵੀ ਦੁਸ਼ਮਣੀ ਭਰੀ ਕਾਰਵਾਈ ‘ਚ ਸ਼ਾਮਿਲ ਨਾ ਹੋਣ ‘ਤੇ ਸਹਿਮਤ ਹੋਈਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਇਹ ਸਹਿਮਤੀ ਬਣੀ ਹੈ। ਕਿ ਕੋਈ ਵੀ ਦੇਸ਼ ਦੂਜੇ ਵਿਰੁੱਧ ਕੋਈ ਦੁਸ਼ਮਣੀ ਵਾਲੀ ਕਾਰਵਾਈ ਨਹੀਂ ਕਰੇਗਾ ਅਤੇ ਨਾ ਹੀ ਉਹ ਪਾਕਿਸਤਾਨੀ ਸਰਕਾਰ ਵਿਰੁੱਧ ਹਮਲੇ ਕਰਨ ਵਾਲੇ ਸਮੂਹਾਂ ਦਾ ਸਮਰਥਨ ਕਰਨਗੇ।
ਦੋਵੇਂ ਧਿਰਾਂ ਇਕ ਦੂਜੇ ਦੇ ਸੁਰੱਖਿਆ ਬਲਾਂ, ਨਾਗਰਿਕਾਂ ਜਾਂ ਸਹੂਲਤਾਂ ‘ਤੇ ਹਮਲਾ ਕਰਨ ਤੋਂ ਗੁਰੇਜ਼ ਕਰਨਗੀਆਂ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਫ਼ੌਜੀ ਸ਼ਾਸਨ ਦੁਆਰਾ 9 ਅਕਤੂਬਰ ਨੂੰ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਅੱਤਵਾਦੀ ਸਮੂਹ ਦੇ ਚੀਫ਼ ਨੂਰ ਵਲੀ ਮਹਿਸੂਦ ਨੂੰ ਆਧਾਰ ਬਣਾ ਕੇ ਅਫ਼ਗਾਨਿਸਤਾਨ ਦੇ ਹਵਾਈ ਖੇਤਰ ਦੀ ਉਲੰਘਣਾ ਕਰਦਿਆਂ ਆਪਣੇ ਗੁਆਂਢੀ ਮੁਲਕ ‘ਚ ਹਵਾਈ ਹਮਲੇ ਕੀਤੇ ਗਏ। ਪਾਕਿਸਤਾਨੀ ਫ਼ੌਜ ਨੇ ਇਨ੍ਹਾਂ ਹਮਲਿਆਂ ਤੋਂ ਬਾਅਦ ਦਾਅਵਾ ਕੀਤਾ ਕਿ ਉਨ੍ਹਾਂ ਨੇ ਨੂਰ ਵਲੀ ਮਹਿਸੂਦ ਨੂੰ ਨਿਸ਼ਾਨਾ ਬਣਾਇਆ। ਹਾਲਾਂਕਿ, ਮਹਿਸੂਦ ਨੈ ਪਾਕਿ ਦੇ ਖ਼ੈਬਰ ਜ਼ਿਲ੍ਹੇ ਤੋਂ ਇਕ ਵੀਡੀਓ ਸੰਦੇਸ਼ ‘ਚ ਇਸ ਦਾਅਵੇ ਤੋਂ ਇਨਕਾਰ ਕੀਤਾ ਅਤੇ ਪਾਕਿ ਦੇ ਬਿਆਨ ਨੂੰ ਬੇਬੁਨਿਆਦ ਦੱਸਿਆ।