ਪ੍ਰਿੰ. ਸਰਵਣ ਸਿੰਘ
ਕਰੋਨਾ ਕਾਲ ਦੇ ਦਿਨ ਸਨ। 2020 ਦਾ ਸਾਲ। ਉਤੋਂ ਭਾਦੋਂ ਦਾ ਵੱਟ ਜਿਹੜਾ ਮੱਕੀ ਗੁਡਦੇ ਕਾਮਿਆਂ ਨੂੰ ਸਾਧ ਬਣਨ ਲਈ ਮਜਬੂਰ ਕਰ ਦਿੰਦੈ। ਬਾਬਾ ਫੌਜਾ ਸਿੰਘ ਉਦੋਂ ਬਿਆਸ ਪਿੰਡ ਆਇਆ ਹੋਇਆ ਸੀ ਤੇ ਮੈਂ ਵੀ ਮੁਕੰਦਪੁਰ ਆਇਆ ਬੈਠਾ ਸਾਂ। ਮੇਰਾ ਵਕਤ ਪੜ੍ਹਦਿਆਂ ਲਿਖਦਿਆਂ ਲੰਘੀ ਜਾਂਦਾ ਪਰ ਬਾਬਾ ਭਾਦੋਂ ਦੇ ਵੱਟ `ਚ ਨਿਢਾਲ ਹੋਇਆ ਮੱਖੀਆਂ ਉਡਾਉਂਦਾ ਰਹਿੰਦਾ।
ਰਾਤ ਨੂੰ ਮੱਛਰ ਨਾ ਸੌਣ ਦਿੰਦੇ। ਉਹਦੀ ਵਾਪਸ ਵਲਾਇਤ ਜਾਣ ਦੀ ਕੋਈ ਬਿਧ ਨਹੀਂ ਸੀ ਬਣ ਰਹੀ। ਲੰਡਨ ਨੂੰ ਹਵਾਈ ਉਡਾਣਾਂ ਬੰਦ ਸਨ। ਸਬੱਬੀਂ ‘ਬੁਲਿਟਨ’ ਚੈਨਲ ਵਾਲੇ ਨੌਜਵਾਨ ਜਗਦੀਪ ਸਿੰਘ ਨੇ ਬਿਆਸ ਪਿੰਡ ਜਾ ਕੇ ਬਾਬਾ ਫੌਜਾ ਸਿੰਘ ਦੀ ਵੀਡੀਓ ਰਿਕਾਰਡਿੰਗ ਕੀਤੀ। ਉਸ ਰਾਹੀਂ ਬਾਬੇ ਨੇ ਵਾਰ-ਵਾਰ ਬੇਨਤੀ ਦੁਹਰਾਈ ਤੇ ਦੁਹਾਈ ਪਾਈ ਕਿ ਕੋਈ ਸ਼ੁਭਚਿੰਤਕ ਉਹਦੀ ਮਦਦ ਕਰੇ। ਉਸ ਨੂੰ ਕਿਵੇਂ ਨਾ ਕਿਵੇ ਜਹਾਜ਼ ਚੜ੍ਹਾ ਦੇਵੇ। ਉਹ ਰੋਟੀ ਖਾਣੀ ਛੱਡ ਚੁੱਕਾ ਸੀ ਤੇ ਭਾਰ ਘਟ ਕੇ 44-45 ਕਿਲੋ ਹੀ ਰਹਿ ਗਿਆ ਸੀ। ਸਥਾਨਕ ਪੱਤਰਕਾਰ ਗੁਰਪ੍ਰੀਤ ਡੈਨੀ ਨੇ ਫੋਨ ’ਤੇ ਮੈਨੂੰ ਬਾਬੇ ਦਾ ਮੰਦਾ ਹਾਲ ਦੱਸਿਆ ਤੇ ਉਹਦਾ ਸੁਨੇਹਾ ਮੇਰੇ ਤਕ ਪੁਚਾ ਦਿੱਤਾ।
ਬਾਬੇ ਨੇ ਬਿਆਸ ਪਿੰਡ ਦਾ ਫੋਨ ਨੰਬਰ ਮੈਨੂੰ ਲਿਖਾਇਆ ਹੋਇਆ ਸੀ ਜੋ ਉਹਦੇ ਪੁੱਤਰ ਹਰਵਿੰਦਰ ਸਿੰਘ ਦਾ ਸੀ। ਬਾਬਾ ਆਪਣੇ ਕੋਲ ਕੋਈ ਫੋਨ ਨਹੀਂ ਸੀ ਰੱਖਦਾ ਹੁੰਦਾ। ਉਂਜ ਵੀ ਉਸ ਨੂੰ ਉੱਚਾ ਸੁਣਨ ਲੱਗ ਪਿਆ ਸੀ। ਮੈਂ ਉਹਦੇ ਪੁੱਤਰ ਨਾਲ ਫੋਨ ਮਿਲਾਇਆ। ਬਾਬੇ ਦਾ ਹਾਲ-ਚਾਲ ਪੁੱਛਿਆ ਤੇ ਬਾਬੇ ਨਾਲ ਗੱਲ ਕਰਾਉਣ ਲਈ ਆਖਿਆ। ਬਾਬੇ ਨੇ ਫੋਨ ਫੜਿਆ ਤੇ ਪੈਂਦੀ ਸੱਟੇ ਕਿਹਾ ਕਿ ਮੈਨੂੰ ਤੁਰਤ ਜਹਾਜ਼ ਚੜ੍ਹਾਉਣ ਦਾ ਕੋਈ ਗੇੜ ਕਰੋ। ਨਹੀਂ ਤਾਂ ਮੈਂ ਏਥੇ ਪੰਦਰਾਂ ਦਿਨ ਨੀ ਕੱਟ ਸਕਦਾ। ਮੇਰਾ ਖਾਣਾ-ਪੀਣਾ ਛੁੱਟ ਗਿਆ। ਕੋਈ ਤੋਰਾ ਫੇਰਾ ਨੀ। ਬੁਰਾ ਹਾਲ ਆ ਮੇਰਾ। ਮਰ ਚੱਲਿਆਂ ਮੈਂ। ਕਰੋ ਕੋਈ ਹੀਲਾ, ਚੜ੍ਹਾਓ ਮੈਨੂੰ ਜਹਾਜ਼। ਵਲੈਤ ਜਾ ਕੇ ਬਚ-ਜੂੰ। ਓਥੇ ਪੰਜਾਬੀਆਂ ਦੇ ਭਲੇ ਦੀ ਕੋਈ ਗੱਲ ਕਰੂੰ। ਏਥੇ ਮਰ ਗਿਆ ਤਾਂ ਕਿਸੇ ਨੂੰ ਕੀ ਫਾਇਦਾ? ਮਾਰ ਲਿਆ ਮੈਨੂੰ ਗਰਮੀ ਨੇ, ਮੱਖੀਆਂ ਤੇ ਮੱਛਰਾਂ ਨੇ। ਬੈਠਾ ਉਡਾਉਂਦਾ ਰਹਿਨਾਂ। ਕਲੋਨੇ (ਕੋਵਿਡ) ਕਰਕੇ ਬੁਰਾ ਹਾਲ ਆ ਮੇਰਾ। ਬਾਹਰ ਕਿਤੇ ਜਾ ਨੀ ਸਕਦਾ। ਕਿਸੇ ਨੂੰ ਮਿਲ ਨੀ ਸਕਦਾ। ਆਹੀ ਹੱਲ ਆ ਹੁਣ, ਕੋਈ ਜਹਾਜ਼ ਚੜ੍ਹਾਅ ਦੇਵੇ। ਅਗਾਂਹ ਆਪੇ ਜਹਾਜ਼ ਵਾਲੇ ਸੰਭਾਲ ਲੈਣਗੇ। ਸਭ ਜਾਣਦੇ ਆ ਮੈਨੂੰ। ਪਛਾਣ ਲੈਣਗੇ ਬਈ ਓਹੀ ਆ ਮੈਰਾਥਨ ਦੌੜਾਂ ਵਾਲਾ ਬਾਬਾ ਫੌਜਾ ਸਿੰਘ। ਬਾਬਾ ਦਬਾਦਬ ਬੋਲੀ ਜਾ ਰਿਹਾ ਸੀ, ਕਿਤੇ ਫੋਨ ਵਿਚਾਲਿਓਂ ਈ ਨਾ ਕੱਟਿਆ ਜਾਵੇ। ਮੈਂ ਬਾਬੇ ਨੂੰ 2000 ਤੋਂ ਜਾਣਦਾ ਸਾਂ ਜਦੋਂ ਉਸ ਨੇ ਪਹਿਲੀ ਵਾਰ ਲੰਡਨ ਦੀ ਮੈਰਾਥਨ ਦੌੜ ਲਾਈ ਸੀ। 2003 ਵਿਚ ਟੋਰਾਂਟੋ ਦੀ ਵਾਟਰਫਰੰਟ ਮੈਰਾਥਨ ਦੌੜ ਸਮੇਂ ਮੈਂ ਉਹਦੇ ਨਾਲ ਖੁੱਲ੍ਹੀਆਂ ਗੱਲਾਂ ਕੀਤੀਆਂ ਸਨ ਜੋ ਅਖ਼ਬਾਰਾਂ ਵਿਚ ਛਪੀਆਂ ਸਨ। ਉਦੋਂ ਤੋਂ ਹੀ ਮੈਂ ਬਾਬੇ ਨੂੰ ਮਿਲਦਾ-ਗਿਲਦਾ ਤੇ ਉਹਦੇ ਬਾਰੇ ਲਿਖਦਾ ਆ ਰਿਹਾ ਸਾਂ। ਉਹਦਾ ਦੁਹਾਈਆਂ ਪਾਉਂਦਾ ਸੁਨੇਹਾ ਫਿਕਰਾਂ `ਚ ਪਾਉਣ ਵਾਲਾ ਸੀ। ਲੌਕਡਾਊਨ ਕਾਰਨ ਹਵਾਈ ਜਹਾਜ਼ਾਂ ਦੀਆਂ ਉਡਾਣਾਂ ਬੰਦ ਹੋਣ ਵਰਗੀਆਂ ਸਨ ਜਿਸ ਕਰਕੇ ਪੰਜਾਬ `ਚ ਮਿਲਣ ਆਏ ਤੇ ਮਿਲ ਕੇ ਮੁੜਨ ਵਾਲੇ ਮੁਸਾਫਿਰ ਖੱਜਲ-ਖੁਆਰ ਹੋ ਰਹੇ ਸਨ। ਅੰਮ੍ਰਿਤਸਰ ਤੋਂ ਇੰਗਲੈਂਡ ਜਾਣ ਵਾਲੀਆਂ ਉਡਾਣਾਂ ਤਾਂ ਅਸਲੋਂ ਬੰਦ ਸਨ। ਬਾਬਾ ਵਲੈਤ ਜਾਂਦਾ ਤਾਂ ਕਿਧਰ ਦੀ ਜਾਂਦਾ?
ਮੈਂ ਵੀ ਬਾਬੇ ਵਾਂਗ 2019-20 ਦਾ ਸਿਆਲ ਕੱਟਣ ਕੈਨੇਡਾ ਤੋਂ ਪੰਜਾਬ ਆਇਆ ਹੋਇਆ ਸਾਂ। ਬਾਬਾ ਫੌਜਾ ਸਿੰਘ ਦਾ ਮੈਨੂੰ ਪਹਿਲਾਂ ਹੀ ਪਤਾ ਸੀ ਕਿ ਉਹ ਵੀ ਬਿਆਸ ਪਿੰਡ ਆਇਆ ਹੋਇਆ ਸੀ। ਮੇਰੇ ਮਨ ਵਿਚ ਆਪਣੇ ਪਿੰਡ ਦੀਆਂ ਖੇਡਾਂ ਦੇ ਸਮਾਗਮ `ਤੇ ਬਾਬੇ ਨੂੰ ਦੁਬਾਰਾ ਸੱਦਣ ਦਾ ਵਿਚਾਰ ਸੀ। ਉਹ 2014 `ਚ ਸਪੋਰਟਸ ਅਕੈਡਮੀ ਚਕਰ ਦੇ ਖਿਡਾਰੀਆਂ ਨੂੰ ਹੱਲਾਸ਼ੇਰੀ ਦੇ ਗਿਆ ਸੀ ਅਤੇ ਪਿੰਡ ਦੀਆਂ ਮਾਡਰਨ ਸੱਥਾਂ `ਚ ਬਜ਼ੁਰਗਾਂ ਨਾਲ ਬਚਨ ਬਿਲਾਸ ਕਰ ਗਿਆ ਸੀ। ਵਿਦਾ ਹੁੰਦਿਆਂ ਵਾਇਦਾ ਵੀ ਕਰ ਗਿਆ ਸੀ ਕਿ ਮੈਂ ਮੁੜ ਕੇ ਫੇਰ ਚਕਰ ਦੀ ਖੇਡ ਅਕੈਡਮੀ ਵੇਖਣ ਆਵਾਂਗਾ।
2019 ਵਿਚ ‘ਹਾਕੀ ਦਾ ਗੋਲ ਕਿੰਗ’ ਬਲਬੀਰ ਸਿੰਘ ਸੀਨੀਅਰ ਅਜੇ ਜਿਉਂਦਾ ਸੀ ਜਿਸ ਦੀ ਮੈਂ ਜੀਵਨੀ ਲਿਖੀ ਸੀ ‘ਗੋਲਡਨ ਗੋਲ’। ਉਹ ਜੀਵਨੀ 2015 ਵਿਚ ਸ਼ਿਕਾਗੋ ਦੇ ਕਬੱਡੀ ਮੇਲੇ `ਚ ਰਿਲੀਜ਼ ਕੀਤੀ ਗਈ ਸੀ। ਬਲਬੀਰ ਸਿੰਘ ਦੀ ਅਮਰੀਕਾ ਤੇ ਕੈਨੇਡਾ ਦੀ ਉਹ ਆਖ਼ਰੀ ਫੇਰੀ ਸੀ। ਉਦੋਂ ਮਿਲਖਾ ਸਿੰਘ ਵੀ ਜਿਉਂਦਾ ਸੀ ਜਿਸ ਬਾਰੇ ਮੈਂ ‘ਫਲਾਈਂਗ ਸਿੱਖ ਮਿਲਖਾ ਸਿੰਘ’ ਪੁਸਤਕ ਲਿਖ ਰਿਹਾ ਸਾਂ। ਮਿਲਖਾ ਸਿੰਘ ਉਦੋਂ 90 ਤੇ ਬਲਬੀਰ ਸਿੰਘ 95 ਸਾਲਾਂ ਤੋਂ ਟੱਪ ਚੁੱਕੇ ਸਨ। ਬਾਬਾ ਫੌਜਾ ਸਿੰਘ 110 ਸਾਲਾਂ ਦਾ ਹੋਣ ਵਾਲਾ ਸੀ। ਮੈਨੂੰ ਭਰੋਸਾ ਸੀ ਕਿ ਪੰਜਾਬ ਦਾ ‘ਚਾਨਣ ਮੁਨਾਰਾ’ ਕਹੇ ਜਾਂਦੇ ਖੇਡ ਪਿੰਡ ਚਕਰ ਨੂੰ ਰੰਗ ਭਾਗ ਲਾਉਣ ਲਈ ਉਨ੍ਹਾਂ `ਚੋਂ ਇਕ ਦੋ ਮਾਣਯੋਗ ਸ਼ਖਸੀਅਤਾਂ ਜ਼ਰੂਰ ਸਮਾਂ ਕੱਢ ਲੈਣਗੀਆਂ।
ਉਦੋਂ ਸਾਡੇ ਪਿੰਡ ਦੀ ਇਕ ਲੜਕੀ ਨੇ ਟੋਕੀਓ ਦੀਆਂ ਓਲੰਪਿਕ ਖੇਡਾਂ-2020 ਵਿਚ ਭਾਗ ਲੈਣ ਜਾਣਾ ਸੀ। ਮੇਰੇ ਦੋਸਤ ਮਹਿੰਦਰ ਸਿੰਘ ਸੈਕਟਰੀ ਦੀ ਪੋਤੀ ਸਿਮਰਨਜੀਤ ਕੌਰ ਬਾਠ ਉਰਫ਼ ‘ਸਿਮਰ ਚਕਰ’ ਪਿੰਡ ਦੀ ਸਪੋਰਟਸ ਅਕੈਡਮੀ `ਚੋਂ ਟ੍ਰੇਨਿੰਗ ਲੈ ਕੇ ਪੰਜਾਬ ਦੀ ਪਹਿਲੀ ਓਲੰਪੀਅਨ ਮੁੱਕੇਬਾਜ਼ ਬਣੀ ਸੀ। ਉਹ ਮੁੱਕੇਬਾਜ਼ੀ ਦੀ ਵਿਸ਼ਵ ਚੈਂਪੀਅਨਸ਼ਿਪ `ਚੋਂ ਬ੍ਰੌਂਜ ਮੈਡਲ ਜਿੱਤ ਚੁੱਕੀ ਸੀ। ਚਕਰੀਆਂ ਨੂੰ ਆਸ ਸੀ ਕਿ ਉਹ ਓਲੰਪਿਕ ਮੈਡਲ ਵੀ ਜਿੱਤ ਜਾਵੇਗੀ। ਉਪ੍ਰੋਕਤ ਬਜ਼ੁਰਗ ਖਿਡਾਰੀਆਂ ਦੇ ਅਸ਼ੀਰਵਾਦ ਨਾਲ ਸਿਮਰ ਚਕਰ ਨੂੰ ਤੇ ਹੋਰਨਾਂ ਖਿਡਾਰੀਆਂ ਨੂੰ ਹੋਰ ਉਤਸ਼ਾਹ ਮਿਲਣਾ ਸੀ। ਪਰ ਫਰਵਰੀ 2020 ਤੋਂ ਪਸਰੇ ਕਰੋਨਾ ਕਾਲ ਨੇ ਮੇਰੇ ਮਨ ਦੀ ਰੀਝ ਨੂੰ ਸਾਕਾਰ ਨਾ ਹੋਣ ਦਿੱਤਾ।
ਬਾਬਾ ਫੌਜਾ ਸਿੰਘ ਹਰੇਕ ਸਿਆਲ ਵਲਾਇਤ ਤੋਂ ਆਪਣੇ ਪਿੰਡ ਆਉਂਦਾ ਜਾਂਦਾ ਸੀ। ਮੈਂ ਵੀ ਅਮਰਦੀਪ ਕਾਲਜ ਮੁਕੰਦਪੁਰ ਤੋਂ ਰਿਟਾਇਰ ਹੋ ਕੇ ਕੈਨੇਡਾ ਜਾਣ ਪਿੱਛੋਂ 2001 ਤੋਂ ਗਰਮੀਆਂ ਕੈਨੇਡਾ ਤੇ ਸਰਦੀਆਂ ਪੰਜਾਬ ਵਿਚ ਕੱਟਦਾ ਆ ਰਿਹਾ ਸਾਂ। ਜਿਵੇਂ ਬਾਬੇ ਦਾ ਵੱਡਾ ਪੁੱਤਰ ਇੰਗਲੈਂਡ ਵਿਚ ਹੈ ਉਵੇਂ ਮੇਰਾ ਛੋਟਾ ਪੁੱਤਰ ਕੈਨੇਡਾ `ਚ ਹੈ। ਜਿਵੇਂ ਉਹਦਾ ਛੋਟਾ ਪੁੱਤਰ ਬਿਆਸ ਪਿੰਡ `ਚ ਖੇਤੀਬਾੜੀ ਕਰਦਾ ਹੈ ਉਵੇਂ ਮੇਰਾ ਵੱਡਾ ਪੁੱਤ ਅਮਰਦੀਪ ਕਾਲਜ ਮੁਕੰਦਪੁਰ ’ਚ ਪੜ੍ਹਾਉਂਦਾ ਹੈ। ਦੋਹਾਂ ਦਾ ਪਰਿਵਾਰ ਦੋਹੀਂ ਪਾਸੀਂ ਹੋਣ ਕਰਕੇ ਅਸੀਂ ਕੈਨੇਡਾ ਤੇ ਇੰਗਲੈਂਡ ਦੀ ਠੰਢ ਤੋਂ ਤੇ ਪੰਜਾਬ ਦੀ ਗਰਮੀ ਤੋਂ ਬਚਦੇ ਆ ਰਹੇ ਸਾਂ। ਪਰ ਕਰੋਨੇ ਕਾਰਨ 2020 ਦੀਆਂ ਗਰਮੀਆਂ ਪੰਜਾਬ `ਚ ਹੀ ਕੱਟਣ ਲਈ ਮਜਬੂਰ ਹੋ ਗਏ ਸਾਂ।
ਅਜੀਬ ਚੱਕਰ ਸੀ। ਆਉਣ ਵੇਲੇ ਸਭ ਕੁਝ ਚੰਗਾ ਭਲਾ ਸੀ ਪਰ ਜਾਣ ਵੇਲੇ ਲੌਕਡਾਊਨ ਦੀ ਸਜ਼ਾ ਮਿਲ ਗਈ ਸੀ। ਸਾਡੇ ਵਰਗੇ ਜਿੰਨੇ ਵੀ ਮੁਸਾਫਿæਰ ਵਿਦੇਸ਼ੋਂ ਦੇਸ਼ ਆਏ ਸਨ ਅਚਾਨਕ ਕਰੋਨੇ ਦੀਆਂ ਬੰਧਸ਼ਾਂ ਵਿਚ ਫਸ ਗਏ ਸਾਂ। ਇਹ ਸਮਝ ਲਓ ਕਿ ਇਕ ਤਰ੍ਹਾਂ ਕੈਦੀ ਹੀ ਹੋ ਗਏ ਸਾਂ। ਇਕੋ ਆਸ ਸੀ ਕਿ ਪਰਵਾਸੀ ਆਪਣੇ ਦੂਤ ਘਰਾਂ ਰਾਹੀਂ ਵਾਪਸੀ ਦਾ ਉਪਾਅ ਕਰ ਸਕਦੇ ਸਨ। ਰਿਟਰਨ ਟਿਕਟਾਂ ਵਾਲਿਆਂ ਦੀਆਂ ਤਰੀਕਾਂ ਪਿੱਛੇ ਪਾਈਆਂ ਜਾ ਰਹੀਆਂ ਸਨ। ਬਾਬਾ ਫੌਜਾ ਸਿੰਘ ਤੇ ਮੇਰੇ ਵਰਗਿਆਂ ਨੂੰ ਮੁੜਨ ਦੀ ਬਹੁਤੀ ਕਾਹਲ ਵੀ ਨਹੀਂ ਸੀ ਕਿ ਤੁਰਤ ਨਵੀਂਆਂ ਟਿਕਟਾਂ ਖਰੀਦ ਕੇ ਵਾਪਸੀ ਕਰੀਏ। ਏਸੇ ਕਰਕੇ ਨਾ ਬਾਬੇ ਨੇ ਨਵੀਂ ਟਿਕਟ ਲਈ ਸੀ ਤੇ ਨਾ ਮੈਂ।
ਪਰ ਬਾਬਾ ਤਾਂ ਸਾਉਣ ਭਾਦੋਂ ਦੇ ਹੁੰਮਸ ਦਾ ਸਤਾਇਆ ਮੀਡੀਏ `ਚ ਦੁਹਾਈਆਂ ਪਾਉਣ ਲੱਗ ਪਿਆ ਸੀ ਕਿ ਕੋਈ ਮੈਨੂੰ ਹੁਣੇ ਜਹਾਜ਼ ਚੜ੍ਹਾਅ ਦੇਵੇ। ਕਹਿ ਰਿਹਾ ਸੀ ਕਿ ਜਹਾਜ਼ ਵਾਲੇ ਮੈਨੂੰ ਆਪੇ ਸੰਭਾਲ ਲੈਣਗੇ। ਸਭ ਜਾਣਦੇ ਆ ਮੈਨੂੰ। ਨਹੀਂ ਤਾਂ ਅਖ਼ਬਾਰਾਂ `ਚ ਛਪੀਆਂ ਫੋਟੂਆਂ ਦਿਖਾ-ਦੂੰ। ਜੇ ਏਥੇ ਈ ਬੱਧਾ ਰਿਹਾ ਤਾਂ ਅਗਲੇ ਜਹਾਨ ਪਹੁੰਚਿਆ ਈ ਸਮਝੋ। ਉਹਦੇ ਪੁੱਤਰ ਹਰਵਿੰਦਰ ਸਿੰਘ ਦੀ ਦਲੀਲ ਸੀ ਕਿ ਬਾਪੂ ਐਵੇਂ ਕਾਹਲੀ ਕਰੀ ਜਾਂਦਾ। ਰਹਿਣਾ ਇਹਨੇ ਵਲੈਤ `ਚ ਵੀ ਨਹੀਂ ਕਿਉਂਕਿ ਓਥੇ ਕੋਵਿਡ ਦੀਆਂ ਬੰਧਸ਼ਾਂ ਏਥੇ ਨਾਲੋਂ ਵੀ ਵੱਧ ਹਨ। ਪਰ ਬਾਬਾ ਇਹੋ ਕਹੀ ਜਾਂਦਾ ਸੀ ਕਿ ਮੇਰੀ ਸੇਵਾ ਤਾਂ ਏਥੇ ਵੀ ਬਹੁਤ ਹੁੰਦੀ ਐ ਪਰ ਏਥੇ ਮੈਂ ਬਚਣਾ ਨੀ। ਜਿੰਨੀ ਛੇਤੀ ਕਿਸੇ ਜਹਾਜ਼ `ਚ ਸੀਟ ਮਿਲਦੀ ਆ ਮੈਨੂੰ ਚੜ੍ਹਾਉਣ ਦੀ ਕਰੋ। ਬਾਬੇ ਨੇ ਮੈਨੂੰ ਮਦਦ ਕਰਨ ਲਈ ਕਿਹਾ। ਅਖੇ ਖੱਟ ਲਓ ਪੁੰਨ, ਨਹੀਂ ਤਾਂ ਚੱਲਿਆ ਮੈਂ।
ਮੈਂ ਆਪਣੇ ਮੁਕੰਦਪੁਰੀਏ ਗੁਆਂਢੀ ‘ਫਲਾਈਂਗ ਵਿੰਗਜ਼’ ਵਾਲੇ ਅਜੀਤ ਅਬਰੋਲ ਨੂੰ ਫੋਨ ਕੀਤਾ। ਉਸ ਨੂੰ ਬਾਬੇ ਦੀ ਬਿਪਤਾ ਦੱਸੀ ਤੇ ਕਿਹਾ ਕਿ ਤੁਰਤ ਇੰਗਲੈਂਡ ਦੀ ਸੀਟ ਲੱਭੇ। ਉਸ ਨੇ ਦਿੱਲੀ ਤੋਂ ਲੰਡਨ ਦੀ ਸੀਟ ਲੱਭ ਕੇ ਅਗਲੇ ਦਿਨ ਹੀ ਫੋਨ ਕੀਤਾ ਕਿ ਸੀਟ ਮਿਲ ਗਈ। ਬਾਬਾ ਜੀ ਦਿੱਲੀਓਂ ਲੰਡਨ ਜਾਣ ਦੀ ਤਿਆਰੀ ਕਰ ਲੈਣ। ਮੈਂ ਬਾਬੇ ਨੂੰ ਉਹਦੇ ਪੁੱਤਰ ਰਾਹੀਂ ਫੋਨ ਕੀਤਾ ਤਾਂ ਜਵਾਬ ਮਿਲਿਆ ਕਿ ਅੰਬਰਸਰੋਂ ਲੰਡਨ ਦੀ ਸੀਟ ਮਿਲ ਜਾਂਦੀ ਤਾਂ ਠੀਕ ਸੀ ਕਿਉਂਕਿ ਬਾਬੇ ਦੀ ਰਿਟਰਨ ਟਿਕਟ ਅੰਮ੍ਰਿਤਸਰ ਤੋਂ ਲੰਡਨ ਦੀ ਸੀ। ਨਾਲ ਦੀ ਨਾਲ ਬਾਬਾ ਦਲੀਲ ਦੇਈ ਜਾਵੇ ਅਖੇ ਦਿੱਲੀ ਤਾਂ ‘ਕਲੋਨੇ’ ਦਾ ਜ਼ੋਰ ਈ ਬਹੁਤਾ। ਕਿਤੇ ਮੈਂ ਓਥੇ ਈ ਨਾ ਰਹਿਜਾਂ? ਫੇਰ ਜੇਹੇ ਜਹਾਜ਼ ਚੜ੍ਹੇ ਜੇਹੇ ਨਾ ਚੜ੍ਹੇ!
ਮੈਂ ਅਜੀਤ ਨੂੰ ਫਿਰ ਫੋਨ ਕੀਤਾ, “ਕਰ ਬਈ ਪਤਾ, ਕਦੋਂ ਚੱਲੂ ਅੰਬਰਸਰੋਂ ਲੰਡਨ ਦੀ ਉਡਾਣ? ਜਾਂ ਕੋਈ ਹੋਰ ਸੌਖਾ ਰਾਹ। ਬਾਬੇ ਨੂੰ ਆਪਾਂ ਵਲਾਇਤ ਜ਼ਰੂਰ ਪੁਚਾਉਣਾ। ਓਧਰ ਉਹਦਾ ਪੁੱਤਰ ਹਰਵਿੰਦਰ ਸਿੰਘ ਆਖੀ ਜਾਵੇ, ਰਹਿਣਾ ਬਾਪੂ ਨੇ ਓਥੇ ਵੀ ਨਹੀਂ। ਬੱਸ ਜਾਣ ਸਾਰ ਈ ਮੁੜਿਆ ਲਿਓ। ਮੇਰੀ ਦਲੀਲ ਸੀ ਜੇ ਦਿੱਲੀ ਵੱਲ ਦੀ ਜਾਵੇ ਤਾਂ ਉਥੇ ਕਿਸਾਨ ਮੋਰਚੇ ਵਿਚ ਵੀ ਹਾਜ਼ਰੀ ਲੱਗ ਸਕਦੀ ਹੈ। ਹਰਵਿੰਦਰ ਸਿੰਘ ਨੇ ਆਪਣੀ ਟਰਾਲੀ ਸਾਲ ਭਰ ਤੋਂ ਮੋਰਚੇ `ਚ ਭੇਜੀ ਹੋਈ ਸੀ ਤੇ ਬਾਬਾ ਫੌਜਾ ਸਿੰਘ ਨੇ ਵੀ ਆਪਣੀ ਬੁਢਾਪਾ ਪੈਨਸ਼ਨ `ਚੋਂ 50 ਹਜ਼ਾਰ ਰੁਪਏ ਮੋਰਚੇ ਦੇ ਫੰਡ `ਚ ਪਾਏ ਸਨ। ਪਰ ਬਾਬਾ ਦਿੱਲੀ ਦੇ ਲੰਮੇ ਸਫ਼ਰ ਤੇ ਦਿੱਲੀ ਦੀ ਗਰਮੀ ਤੋਂ ਤਹਿਕਦਾ ਅੰਬਰਸਰੋਂ ਜਹਾਜ਼ ਚੜ੍ਹਨ ਨੂੰ ਹੀ ਪਹਿਲ ਦੇ ਰਿਹਾ ਸੀ। ਕਹਿ ਰਿਹਾ ਸੀ, “ਨਾਲੇ ਦਰਬਾਰ ਸਾਹਿਬ ਮੱਥਾ ਟੇਕਿਆ ਜਾਊ। ਫੇਰ ਕੀ ਪਤਾ ਦਰਬਾਰ ਸਾਹਿਬ ਦੇ ਦਰਸ਼ਨ ਹੋਣ ਜਾਂ ਨਾ ਹੋਣ”?
ਬਾਬੇ ਦੇ ਚੰਗੇ ਕਰਮਾਂ ਨੂੰ ਅਗਲੇ ਦਿਨ ਹੀ ਅਜੀਤ ਦਾ ਫੋਨ ਆ ਗਿਆ ਕਿ ਅੰਬਰਸਰੋਂ ਫਲਾਈਟਾਂ ਸ਼ੁਰੂ ਹੋ ਰਹੀਆਂ। ਉਸ ਨੇ ਬਾਬੇ ਲਈ ਪਹਿਲੀ ਫਲਾਈਟ ਵਿਚ ਸੀਟ ਰਿਜ਼ਰਵ ਕਰਵਾ ਲਈ। ਬਾਬਾ ਸੁੱਖੀ ਸਾਂਦੀ ਵਲੈਤ ਪਹੁੰਚ ਗਿਆ ਪਰ ਉਥੇ ਕਰੋਨੇ ਦਾ ਪੰਜਾਬ ਨਾਲੋਂ ਵੀ ਸਖ਼ਤ ਕਰਫਿਊ ਲੱਗਾ ਹੋਇਆ ਸੀ। ਉਹ ਨਾ ਇਲਫੋਰਡ ਟਿਕਿਆ ਤੇ ਨਾ ਨੌਟਿੰਘਮ। ਪਾਰਕਾਂ ’ਚ ਉਹ ਤੁਰ ਫਿਰ ਨਹੀਂ ਸੀ ਸਕਦਾ। ‘ਕਲੋਨੇ’ ਦੀਆਂ ਪਾਬੰਦੀਆਂ ਨਾ ਸਹਾਰਦਾ ਡੇਢ ਕੁ ਮਹੀਨਾ ਪਿਛੋਂ ਫਿਰ ਬਿਆਸ ਪਿੰਡ ਆ ਬੈਠਾ। ਉਥੇ ਫਿਰ ਵੀ ਗੱਲਾਂ ਬਾਤਾਂ ਕਰਨ ਵਾਲੇ ਸਨ ਜੋ ਵਲਾਇਤ ਵਿਚ ਨਹੀਂ ਸਨ ਮਿਲਦੇ। ਜੀਵਨ ਦੇ ਆਖ਼ਰੀ ਸਾਲ ਉਸ ਨੇ ਬਿਆਸ ਪਿੰਡ ਵਿਚ ਹੀ ਬਿਤਾਏ। ਵਿਚੋਂ ਇਕ ਗੇੜਾ ਕੈਨੇਡਾ ਵਾਲੀ ਧੀ ਵੱਲ ਮਾਰਿਆ। ਬਿਮਾਰ ਹੋਇਆ ਤਾਂ ਭੈਰਵੀ ਪੱਟੀ ਕਿ ਛੇਤੀ ਪਿੰਡ ਪੁਚਾਓ, ਨਹੀਂ ਤਾਂ ਡੱਬੇ ’ਚ ਪਾ ਕੇ ਭੇਜਣਾ ਪਊ। ਬਿਆਸ ਪਿੰਡ ਪਹੁੰਚਾ ਤਾਂ ਸਾਲ ਕੁ ਬਾਅਦ ਤੋਰਾ ਫੇਰਾ ਕਰਦਾ ਘਰ ਕੋਲ ਦੀ ਲੰਘਦੇ ਹਾਈਵੇ ਨੂੰ ਪਾਰ ਕਰਦਾ ਤੇਜ਼ ਆਉਂਦੀ ਕਾਰ ਦੀ ਫੇਟ ਖਾ ਬੈਠਾ ਤੇ 115ਵੇਂ ਸਾਲ ਦੀ ਉਮਰੇ 14 ਜੁਲਾਈ 2025 ਨੂੰ ਜਾਂਦੀ ਵਾਰ ਦੀ ਫਤਿਹ ਬੁਲਾ ਗਿਆ। (ਛਪ ਰਹੀ ਪੁਸਤਕ ‘ਮੈਰਾਥਨ ਦਾ ਮਹਾਂਰਥੀ ਬਾਬਾ ਫੌਜਾ ਸਿੰਘ’ ਵਿਚੋਂ।
ਫੋਟੋ ਕੈਪਸ਼ਨ: 6 ਮਾਰਚ 2025 ਨੂੰ ਬਾਬਾ ਫੌਜਾ ਸਿੰਘ ਦੇ ਘਰ ਪ੍ਰਿੰਸੀਪਲ ਸਰਵਣ ਸਿੰਘ ਆਪਣੀ ਨਵੀਂ ਪੁਸਤਕ ‘ਸੰਸਾਰ ਦੇ ਪ੍ਰਸਿੱਧ ਖਿਡਾਰੀ’ ਬਾਬਾ ਜੀ ਨੂੰ ਭੇਟ ਕਰਦਿਆਂ। ਉਦੋਂ ਕੀ ਪਤਾ ਸੀ ਕਿ ‘ਮੈਰਾਥਨ ਦੇ ਮਹਾਂਰਥੀ’ ਦਾ ਚਾਰ ਕੁ ਮਹੀਨਿਆਂ ਬਾਅਦ ਹੀ ਕਿਸੇ ਕਾਰ ਹਾਦਸੇ ਵਿਚ ਦੇਹਾਂਤ ਹੋ ਜਾਣਾ ਹੈ!
