ਬੁਡਾਪੈਸਟ:ਇਸ ਸਾਲ ਲਈ ਸਾਹਿਤ ਵਿੱਚ ਨੋਬਲ ਪੁਰਸਕਾਰ ਹੰਗਰੀ ਦੇ ਲੇਖਕ ਲਾਸਜ਼ਲੋ ਕਰਾਸਜ਼ਨਾਹੋਰਕਾਈ ਨੂੰ ਦਿੱਤਾ ਗਿਆ ਹੈ। ਉਸ ਦਾ ਜਨਮ ਪੰਜ ਜਨਵਰੀ ਉਨੀ ਸੌ ਚੁਰੰਜਾ ਵਿੱਚ ਹੋਇਆ ਸੀ। ਉਹ ਨਾਵਲ, ਕਹਾਣੀ ਅਤੇ ਸਕਰੀਨ ਪਲੇਅ ਲਿਖਣ ਲਈ ਜਾਣਿਆ ਜਾਂਦਾ ਹੈ।
ਨੋਬਲ ਅਕੈਡਮੀ ਨੇ ਲਾਸਜ਼ਲੋ ਦੀਆਂ ਲਿਖਤਾਂ ਨੂੰ ਮਜ਼ਬੂਤ ਅਤੇ ਦੂਰਦਰਸ਼ੀ ਰਚਨਾਵਾਂ ਕਿਹਾ ਹੈ। ਜੋ ਅਤਿਆਚਾਰ ਦੀ ਦਹਿਸ਼ਤ ਦੇ ਵਿਚਕਾਰ ਵੀ ਕਲਾ ਦੀ ਤਾਕਤ ਦੀ ਪੁਸ਼ਟੀ ਕਰਦੀਆਂ ਹਨ।
ਲਾਸਜ਼ਲੋ ਕਰਾਸਜ਼ਨਾਹੋਰਕਾਈ ਨੇ The Last Wolf, War Ú War, The Melancholy of Resistance, Seiobo There Belowਅਤੇ ਹੋਰ ਕਈ ਕਿਤਾਬਾਂ ਦੀ ਰਚਨਾ ਕੀਤੀ।
ਉਹ ਔਖੇ ਨਾਵਲ ਲਿਖਣ ਵਾਲੇ ਲੇਖਕ ਵਜੋਂ ਜਾਣਿਆ ਜਾਂਦਾ ਹੈ, ਜਿਨ੍ਹਾਂ ਨੂੰ ਅਕਸਰ ਪੋਸਟਮਾਡਰਨ ਕਿਹਾ ਜਾਂਦਾ ਹੈ। ਜੋ ਨਿਰਾਸ਼ਮਈ ਅਤੇ ਉਦਾਸ ਵਿਸ਼ਿਆਂ ਉਪਰ ਫੋਕਸ ਕਰਦੇ ਹਨ। ਕਰਾਸਜ਼ਨਾਹੋਰਕਾਈ ਆਪਣੇ ਡਿਸਟੋਪੀਅਨ ਅਤੇ ਉਦਾਸ ਨਾਵਲਾਂ ਲਈ ਵੀ ਜਾਣਿਆ ਜਾਂਦਾ ਹੈ। ਡਿਸਟੋਪੀਅਨ ਦਾ ਸਿੱਧਾ ਅਰਥ ਉਹ ਹਾਲਾਤ ਹੁੰਦੇ ਹਨ ਜਿੱਥੇ ਸਰਕਾਰ ਅਤਿਆਚਾਰੀ ਹੁੰਦੀ ਹੈ। ਵਿਅਕਤੀਗਤ ਅਜ਼ਾਦੀ ਅਤੇ ਵਾਤਾਵਰਣ ਦਾ ਬੁਰਾ ਹਾਲ ਹੁੰਦਾ ਹੈ। ਸਮਾਜ ਦਾ ਪਤਨ ਹੋ ਰਿਹਾ ਹੁੰਦਾ ਹੈ ਅਤੇ ਲੋਕਾਂ ਨੂੰ ਮਨਹੂਸ ਅਤੇ ਅਮਾਨਵੀ ਹਾਲਾਤ ਵਿੱਚ ਜਿਊਣ ਲਈ ਸੰਘਰਸ਼ ਕਰਨਾ ਪੈ ਰਿਹਾ ਹੁੰਦਾ ਹੈ।
ਕਰਾਸਜ਼ਨਾਹੋਰਕਾਈ ਨੇ ਕਈ ਇਨਾਮ ਜਿੱਤੇ ਹਨ, ਜਿਨ੍ਹਾਂ ਵਿੱਚ ਅਨੁਵਾਦਿਤ ਸਾਹਿਤ ਲਈ 2019 ਦਾ ਨੈਸ਼ਨਲ ਬੁੱਕ ਅਵਾਰਡ ਅਤੇ 2015 ਦਾ ਮੈਨ ਬੁੱਕਰ ਇੰਟਰਨੈਸ਼ਨਲ ਇਨਾਮ ਸ਼ਾਮਲ ਹੈ। ਉਸ ਦੀਆਂ ਕਈ ਰਚਨਾਵਾਂ, ਜਿਨ੍ਹਾਂ ਵਿੱਚ ਉਸ ਦੇ ਨਾਵਲ ‘ਸੈਟਨਟੈਂਗੋ’ ਅਤੇ ‘ਦਾ ਮੇਲੈਂਕੋਲੀ ਆਫ਼ ਰੇਜ਼ਿਸਟੈਂਸ’ ਸ਼ਾਮਲ ਹਨ, ਨੂੰ ਫੀਚਰ ਫਿਲਮਾਂ ਦਾ ਰੂਪ ਦਿੱਤਾ ਗਿਆ ਹੈ। ਨਵੇਂ ਪਾਠਕਾਂ ਬਾਰੇ ਉਸ ਦਾ ਕਹਿਣਾ ਹੈ ਕਿ ‘‘ਜਿਨ੍ਹਾਂ ਪਾਠਕਾਂ ਨੇ ਮੇਰੀਆਂ ਕਿਤਾਬਾਂ ਨਹੀਂ ਪੜ੍ਹੀਆਂ ਮੈਂ ਉਨ੍ਹਾਂ ਨੂੰ ਪੜ੍ਹਨ ਲਈ ਕੁਝ ਵੀ ਸਿਫ਼ਾਰਸ਼ ਨਹੀਂ ਕਰ ਸਕਦਾ। ਪਰ ਮੈਂ ਉਨ੍ਹਾਂ ਨੂੰ ਸਲਾਹ ਦੇਵਾਂਗਾ ਕਿ ਉਹ ਬਾਹਰ ਜਾਣ, ਕਿਤੇ ਬੈਠਣ, ਕਿਸੇ ਨਦੀ ਦੇ ਕਿਨਾਰੇ, ਕੁਝ ਕਰਨ ਲਈ ਨਹੀਂ, ਕੁਝ ਸੋਚਣ ਲਈ ਨਹੀਂ, ਬਸ ਪੱਥਰਾਂ ਵਾਂਗ ਚੁੱਪ ਰਹਿਣ ਲਈ। ਆਖਰਕਾਰ ਉਹ ਕਿਸੇ ਅਜਿਹੇ ਵਿਅਕਤੀ ਨੂੰ ਮਿਲਣਗੇ ਜਿਸਨੇ ਮੇਰੀਆਂ ਕਿਤਾਬਾਂ ਪਹਿਲਾਂ ਹੀ ਪੜ੍ਹੀਆਂ ਹੋਈਆਂ ਹਨ।“
ਉਸ ਦਾ ਇੱਕ ਹੋਰ ਕਥਨ ਹੈ ਕਿ ਇਸ ਸਮੇਂ, ਸਾਨੂੰ ਇਸ ਗੱਲ ‘ਤੇ ਹੀ ਆਪਣਾ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਕਿ ਡਰ ਹੀ ਮਨੁੱਖੀ ਹੋਂਦ ਨੂੰ ਪਰਿਭਾਸ਼ਿਤ ਕਰਦਾ ਹੈ। ਤੁਸੀਂ ਦੇਖੋਗੇ ਕਿ ਜੈਵਿਕ ਅਤੇ ਅਜੈਵਿਕ ਸੰਸਾਰ ਵਿੱਚ ਡਰ ਨੂੰ ਹੀ ਸਭ ਤੋਂ ਡੂੰਘਾ ਤੱਤ ਸਮਝਿਆ ਜਾ ਸਕਦਾ ਹੈ ਅਤੇ ਡਰ ਤੋਂ ਇਲਾਵਾ ਇਥੇ ਹੋਰ ਕੁਝ ਨਹੀਂ ਹੈ, ਕਿਉਂਕਿ ਡਰ ਜਿੰਨੀ ਭਿਆਨਕ ਤਾਕਤ ਹੋਰ ਕਿਸੇ ਚੀਜ਼ ਵਿੱਚ ਨਹੀਂ ਹੈ।“
ਉਹ ਆਪਣੇ ਨਾਵਲ ‘ਸਵਰਗ ਹੇਠ ਤਬਾਹੀ ਅਤੇ ਦੁੱਖ’ ਵਿੱਚ ਲਿਖਦਾ ਹੈ ਕਿ ਹਰ ਗੱਲ ਪਿੱਛੇ ਕੋਈ ਕਾਰਣ ਲਭਣਾ ਜ਼ਰੂਰੀ ਨਹੀਂ ਹੁੰਦਾ, ਕਿਉਂ ਕਿ ਕਾਰਣ ਦੀ ਕੋਈ ਬੁਨਿਆਦ ਨਹੀਂ ਹੁੰਦੀ। ਕੋਈ ਵੀ ਕਾਰਣ ਸਿਰਫ਼ ਇੱਕ ਖਾਸ ਦ੍ਰਿਸ਼ਟੀਕੋਣ ਤੋਂ ਹੀ ਇੱਕ ਕਾਰਣ ਵਰਗਾ ਲੱਗਦਾ ਹੈ। ਕਿਤਾਬਾਂ ਬਾਰੇ ਉਸ ਦਾ ਕਹਿਣਾ ਹੈ ਕਿ “ਸਾਹਿਤ ਲਈ ਯੰਤਰ ਖ਼ਤਰਨਾਕ ਨਹੀਂ ਹਨ। ਲੋਕ ਹੀ ਸਾਹਿਤ ਲਈ ਖ਼ਤਰਨਾਕ ਹੋ ਸਕਦੇ ਹਨ। ਮਿਸਾਲ ਵਜੋਂ, ਉਹ ਲੋਕ ਜੋ ਪੜ੍ਹਦੇ ਹੀ ਨਹੀਂ।“
