ਭਾਰਤੀ ਧੀਆਂ ਨੇ ਵੀ ਪਾਕਿਸਤਾਨ ਨੂੰ ਕੀਤਾ ਚਿੱਤ

ਨਵੀਂ ਦਿੱਲੀ: ਲਗਾਤਾਰ ਚੌਥੇ ਐਤਵਾਰ ਨੂੰ ਕ੍ਰਿਕਟ ਦੇ ਮੈਦਾਨ ‘ਚ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਆਹਮੋ-ਸਾਹਮਣੇ ਸਨ। ਮਰਦ ਏਸ਼ੀਆ ਕੱਪ ਟੀ-20 ‘ਚ ਸੂਰਿਆ ਕੁਮਾਰ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਪਾਕਿਸਤਾਨ ਨੂੰ ਤਿੰਨ ਵਾਰ ਹਰਾਇਆ ਤੇ ਹੁਣ ਵਾਰੀ ਸੀ ਭਾਰਤੀ ਧੀਆਂ ਦੀ।

ਮਹਿਲਾ ਵਨਡੇ ਵਿਸ਼ਪ ਕੱਪ ‘ਚ ਐਤਵਾਰ ਨੂੰ ਖੇਡੇ ਗਏ ਮੁਕਾਬਲੇ ‘ਚ ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਪਾਕਿਸਤਾਨ ਨੂੰ ਚਾਰੋ ਖਾਨੇ ਚਿੱਤ ਕਰਦਿਆਂ 88 ਦੌੜਾਂ ਨਾਲ ਜਿੱਤ ਦਰਜ ਕੀਤੀ। ਇਸ ਦੇ ਨਾਲ ਹੀ ਵਨਡੇ ‘ਚ ਭਾਰਤੀ ਟੀਮ ਨੇ ਪਾਕਿਸਤਾਨ ਖ਼ਿਲਾਫ਼ ਜਿੱਤ ਦਾ ਰਿਕਾਰਡ 12-0 ਕਰ ਲਿਆ।
ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ‘ਚ ਖੇਡੇ ਗਏ ਮੁਕਾਬਲੇ ‘ਚ ਮੈਚ ਰੈਫਰੀ ਦੀ ਗ਼ਲਤੀ ਨਾਲ ਟਾਸ ਪਾਕਿਸਤਾਨ ਦੇ ਪੱਖ ‘ਚ ਗਿਆ ਤੇ ਉਸ ਨੇ ਪਹਿਲਾਂ ਗੇਂਦਬਾਜ਼ੀ ਚੁਣੀ। ਭਾਰਤ ਨੇ ਹਰਲੀਨ ਦਿਓਲ (46) ਤੇ ਰਿਚਾ ਘੋਸ਼ (35) ਦੀਆਂ ਪਾਰੀਆਂ ਨਾਲ 247 ਦੌੜਾਂ ਦਾ ਸਕੋਰ ਖੜ੍ਹਾਂ ਕੀਤਾ। ਇਸ ਤੋਂ ਬਾਅਦ ਕ੍ਰਾਂਤੀ ਗੌੜ (3/20) ਦੇ ਦੀਪਤੀ ਸ਼ਰਮਾ (3/ 45) ਦੀ ਗੇਂਦਬਾਜ਼ੀ ਅੱਗੇ ਪਾਕਿਸਤਾਨੀ ਟੀਮ 159 ਦੌੜਾਂ ‘ਤੇ ਢੇਰ ਹੋ ਗਈ। ਸ਼ਾਨਦਾਰ ਗੇਂਦਬਾਜ਼ੀ ਲਈ ਕ੍ਰਾਂਤੀ ਗੌੜ ਨੂੰ ਪਲੇਅਰ ਆਫ ਦਿ ਮੈਚ ਚੁਣਿਆ ਗਿਆ। ਏਸ਼ੀਆ ਕੱਪ ਵਾਂਗ ਹੀ ਮਹਿਲਾ ਵਿਸ਼ਵ ਕੱਪ ‘ਚ ਵੀ ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੇ ਟਾਸ ਦੌਰਾਨ ਪਾਕਿਸਤਾਨੀ ਕਪਤਾਨ ਫਾਤਿਮਾ ਸਨਾ ਨਾਲ ਹੱਥ ਨਹੀਂ ਮਿਲਾਇਆ।