ਭਾਰਤ-ਪਾਕਿ ਮੈਚ: ਆਓ ਖੇਡਾਂ ਨੂੰ ਖੇਡ ਭਾਵਨਾ ਨਾਲ ਹੀ ਖੇਡੀਏ

ਪ੍ਰਿੰ. ਸਰਵਣ ਸਿੰਘ
ਭਾਰਤ ਤੇ ਪਾਕਿਸਤਾਨ 1947 ਤੋਂ ਪਹਿਲਾਂ ਇਕੋ ਮੁਲਕ ‘ਇੰਡੀਆ’ ਸੀ। ਉਹਦੀਆਂ ਹਾਕੀ ਟੀਮਾਂ ਓਲੰਪਿਕ ਖੇਡਾਂ ਦੇ ਗੋਲਡ ਮੈਡਲ ਜਿੱਤਣ ਲੱਗ ਪਈਆਂ ਸਨ। ਇੰਡੀਆ ਦੇ ਇਕ ਤੋਂ ਦੋ ਤੇ ਫਿਰ ਦੋ ਤੋਂ ਤਿੰਨ ਮੁਲਕ ਬਣਨ ਪਿੱਛੋਂ ਉਨ੍ਹਾਂ ਦੀਆਂ ਟੀਮਾਂ ਇਕ ਦੂਜੇ ਨਾਲ ਖੇਡਦੀਆਂ ਆ ਰਹੀਆਂ ਹਨ। ਕਦੇ ਕੋਈ ਟੀਮ ਜਿੱਤ ਜਾਂਦੀ ਹੈ, ਕਦੇ ਕੋਈ। ਖਿਡਾਰੀਆਂ ਦੇ ਹੱਥ ਹਮੇਸ਼ਾਂ ਮਿਲਦੇ ਆ ਰਹੇ ਸਨ। ਇਹੋ ਖੇਡਾਂ ਦੀ ਸ਼ੁਭ ਭਾਵਨਾ ਹੈ ਤੇ ਇਹੋ ਖੇਡਾਂ ਦਾ ਧਰਮ। ਪਰ ਹੁਣ ਮੈਚ ਤੋਂ ਪਹਿਲਾਂ ਤੇ ਮੈਚ ਤੋਂ ਪਿੱਛੋਂ ਖਿਡਾਰੀਆਂ ਵੱਲੋਂ ਹੱਥ ਨਾ ਮਿਲਾਉਣ ਦੀ ਜਿਹੜੀ ਸੌੜੀ ਸਿਆਸਤ ਖੇਡੀ ਜਾ ਰਹੀ ਹੈ ਉਹ ਖੇਡ ਭਾਵਨਾ ਦੇ ਅਨੁਕੂਲ ਨਹੀਂ। ਖੇਡਾਂ ਸਦਭਾਵਨਾ ਵਧਾਉਣ ਲਈ ਹੁੰਦੀਆਂ ਹਨ ਨਾ ਕਿ ਦੁਰਭਾਵਨਾ। ਖੇਡ ਮੁਕਾਬਲਿਆਂ ਨੂੰ ਲੜਾਈਆਂ ਭਿੜਾਈਆ ਦਾ ਬਦਲ ਮੰਨਿਆ ਜਾਂਦਾ ਹੈ।

ਪੁਰਾਤਨ ਓਲੰਪਿਕ ਖੇਡਾਂ ਸਮੇਂ ਓਨਾ ਚਿਰ ਲੜਾਈਆਂ ਰੋਕ ਦਿੱਤੀਆਂ ਜਾਂਦੀਆਂ ਸਨ ਜਿੰਨਾ ਚਿਰ ਖੇਡ ਮੁਕਾਬਲੇ ਚਲਦੇ ਸਨ। ਖੇਡਾਂ ਦਾ ਮਾਟੋ ਹੀ ਹੈ ਖਿਡਾਰੀਆਂ ਤੇ ਦਰਸ਼ਕਾਂ ਨੂੰ ਇਕ ਦੂਜੇ ਦੇ ਨੇੜੇ ਲਿਆਉਣਾ ਤੇ ਆਪਸੀ ਮਿਲਵਰਤਣ ਵਧਾਉਣਾ। ਪਰ ਸੌੜੀ ਸੋਚ ਵਾਲੇ ਸਿਆਸਤਦਾਨ ਹੁਣ ਆਪਣੇ ਸਿਆਸੀ ਲਾਭਾਂ ਲਈ ਸਿਹਤਮੰਦ ਖੇਡਾਂ ਦੀ ਵੀ ਦੁਰਵਰਤੋਂ ਕਰਨ ਲੱਗ ਪਏ ਹਨ। ਭਾਰਤ-ਪਾਕਿ ਸੰਬੰਧ ਕਦੇ ਚੰਗੇ ਤੇ ਕਦੇ ਮਾੜੇ ਬਣਾ ਕੇ ਕੁਝ ਸਿਆਸਤਦਾਨ ਆਪਣਾ ਵੋਟ ਬੈਂਕ ਵਧਾਉਣ ਦੀਆਂ ਚਾਲਾਂ ਚੱਲ ਰਹੇ ਹਨ। ਆਮ ਲੋਕ ਇਹ ਪੜ੍ਹਦੇ-ਸੁਣਦੇ ਅੱਕੇ ਪਏ ਹਨ ਕਿ ਭਾਰਤੀ ਖਿਡਾਰੀ ਪਾਕਿਸਤਾਨੀ ਖਿਡਾਰੀਆਂ ਨਾਲ ਖੇਡ ਤਾਂ ਲੈਣਗੇ ਪਰ ਉਨ੍ਹਾਂ ਨਾਲ ਹੱਥ ਨਹੀਂ ਮਿਲਾਉਣਗੇ। ਜੇ ਜਿੱਤ ਜਾਣ ਤਾਂ ਉਨ੍ਹਾਂ ਦੇ ਮੁੱਖ ਮਹਿਮਾਨ ਤੋਂ ਟਰਾਫੀ ਵੀ ਨਹੀਂ ਲੈਣਗੇ। ਪਿੱਛੋਂ ਭਾਵੇਂ ਲੇਲੜੀਆਂ ਕੱਢਦੇ ਫਿਰਨ ਕਿ ਜਿੱਤੀ ਟਰਾਫੀ ਉਨ੍ਹਾਂ ਨੂੰ ਕਿਉਂ ਨਹੀਂ ਮਿਲੀ? ਕੈਸੀ ਬਚਗਾਨਾ ਸਿਆਸਤ ਹੈ? ਇਹ ਦੋਗਲਾ ਰੋਲ ਨਹੀਂ ਤਾਂ ਹੋਰ ਕੀ ਹੈ?
ਖੇਡਾਂ `ਚ ਰੋਂਦ ਮਾਰਨ ਵਾਲਿਆਂ ਬਾਰੇ ਅਖਾਣ ਹੈ ਅਖੇ ਨਾ ਖੇਡਣਾ, ਨਾ ਖੇਡਣ ਦੇਣਾ, ਬੱਸ ਖੁੱਤੀ `ਚ…। ਇਨ੍ਹਾਂ ਭੱਦਰ ਪੁਰਸ਼ਾਂ ਦੀ ਕੂਟਨੀਤੀ ਵੇਖ ਲਓ ਕਿ ਖੇਡੀ ਵੀ ਜਾਣਾ ਪਰ ਖੁੱਤੀ `ਚ ਜ਼ਰੂਰ…। ਕੀ ਕਹੀਏ ਅਜਿਹੇ ਚੱਕਵੇਂ ਚੁੱਲਿ੍ਹਆਂ ਨੂੰ? ਖਿਡਾਰੀ ਤਾਂ ਵਿਚਾਰੇ ਜ਼ਾਬਤੇ ਦੇ ਬੰਨ੍ਹੇ ਹੁੰਦੇ ਹਨ। ਜਿਵੇਂ ਹੁਕਮ ਆਵੇ ਉਵੇਂ ਵਜਾਉਣਾ ਹੀ ਪੈਂਦਾ। ਓਲੰਪਿਕ ਚਾਰਟਰ ਵਿਚ ਵੀ ਖੇਡ ਭਾਵਨਾ ਬਾਰੇ ਸਾਫ ਲਿਖਿਆ ਹੋਇਐ ਕਿ ਖੇਡਾਂ ਦਾ ਮਾਟੋ ਦੋਸਤੀ ਹੈ ਨਾ ਕਿ ਦੁਸ਼ਮਣੀ।
ਭਾਰਤ, ਏਸ਼ਿਆਈ ਖੇਡਾਂ ਕਰਾਉਣ ਵਾਲਾ ਮੋਢੀ ਮੁਲਕ ਹੈ। 1951 ਵਿਚ ਪਹਿਲੀਆਂ ਏਸ਼ਿਆਈ ਖੇਡਾਂ ਨਵੀਂ ਦਿੱਲੀ ਤੋਂ ਸ਼ਰੂ ਹੋਈਆਂ ਸਨ। ਉਨ੍ਹਾਂ ਖੇਡਾਂ ਦੇ ਉਦਘਾਟਨ ਸਮੇਂ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਨੇ ਨਾਅਰਾ ਦਿੱਤਾ ਸੀ: ਖੇਡਾਂ ਨੂੰ ਖੇਡ ਭਾਵਨਾ ਨਾਲ ਖੇਡੋ। ਉਹ ਨਾਅਰਾ ਉਦੋਂ ਤੋਂ ਹੀ ਏਸ਼ਿਆਈ ਖੇਡਾਂ ਦਾ ਅੰਗ ਬਣਿਆ ਆ ਰਿਹੈ।
ਮੈਂ ਖੇਡਾਂ ਖਿਡਾਰੀਆਂ ਬਾਰੇ 1965 ਤੋਂ ਲਿਖਦਾ ਆ ਰਿਹਾਂ। ਦੇਸ ਪ੍ਰਦੇਸ `ਚ ਕਬੱਡੀ ਮੈਚਾਂ ਦੀ ਕੁਮੈਂਟਰੀ ਵੀ ਕਰਦਾ ਰਿਹਾਂ। ਅਕਸਰ ਆਖਦਾ ਰਿਹਾਂ ਕਿ ਖਿਡਾਰੀ ਇਕੋ ਬਾਲਟੀ `ਚੋਂ ਇਕੋ ਗਲਾਸ ਨਾਲ ਪਾਣੀ ਪੀ ਲੈਂਦੇ ਹਨ ਤੇ ਕੋਈ ਭੇਦ ਭਾਵ ਨਹੀਂ ਰੱਖਦੇ। ਜਿਹੜਾ ਉਨ੍ਹਾਂ ਵਿਚਕਾਰ ਭੇਦ ਭਾਵ ਪੈਦਾ ਕਰਦਾ ਹੈ ਉਸ ਨੂੰ ਖਿਡਾਰੀਆਂ ਦਾ ਸ਼ੁਭਚਿੰਤਕ ਨਹੀਂ ਕਿਹਾ ਜਾ ਸਕਦਾ। ਇਨ੍ਹੀਂ ਦਿਨੀਂ ਹੋਏ ਭਾਰਤ-ਪਾਕਿ ਕ੍ਰਿਕਟ ਮੈਚਾਂ ਦੇ ਅੱਗੋਂ ਪਿੱਛੋਂ ਭਾਰਤੀ ਖਿਡਾਰੀਆਂ ਨੂੰ ਪਾਕਿਸਤਾਨੀ ਖਿਡਾਰੀਆਂ ਨਾਲ ਹੱਥ ਨਾ ਮਿਲਾਉਣ ਦੇਣਾ ਖੇਡ ਭਾਵਨਾ ਨਾਲ ਖੇਡਣ ਵਾਲਾ ਵਿਹਾਰ ਨਹੀਂ। ਖਿਡਾਰੀਆਂ ਤੇ ਕਲਾਕਾਰਾਂ ਨੂੰ ਅਮਨ ਦੇ ਦੂਤ ਬਣਾਉਣਾ ਚਾਹੀਦਾ ਹੈ ਨਾ ਕਿ ਭਾਰਤ-ਪਾਕਿ ਸੰਬੰਧਾਂ ਦੇ ਦੋਖੀ।
ਪੁਰਾਤਨ ਓਲੰਪਿਕ ਖੇਡਾਂ 776 ਪੂ: ਈ: ਤੋਂ 392 ਈ: ਤਕ ਹਰ ਚਾਰ ਸਾਲਾਂ ਬਾਅਦ ਹੁੰਦੀਆਂ ਰਹੀਆਂ। ਖੇਡਾਂ ਦੌਰਾਨ ਲੜਾਈਆਂ ਬੰਦ ਹੋ ਜਾਂਦੀਆਂ। ਰੋਮ ਦੇ ਸ਼ਹਿਨਸ਼ਾਹ ਥਿਓਡਾਸੀਅਸ ਪਹਿਲੇ ਨੇ 393 ਈ: ਵਿਚ ਓਲਿੰਪੀਆ ਦੇ ਮੰਦਰਾਂ `ਚ ਆਉਣ ਜਾਣ `ਤੇ ਪਾਬੰਦੀ ਲਗਾ ਦਿੱਤੀ ਸੀ ਤੇ ਥਿਓਡਾਸੀਅਸ ਦੂਜੇ ਨੇ 426 ਈ: ਵਿਚ ਮੰਦਰਾਂ ਨੂੰ ਅੱਗ ਲੁਆ ਦਿੱਤੀ। ਇਸ ਉਪੱਧਰ ਉਤੇ ਕੁਦਰਤ ਵੀ ਕਹਿਰਵਾਨ ਹੋ ਗਈ। ਦੋ ਸਦੀਆਂ ਪਿੱਛੋਂ ਓਲਿੰਪੀਆ ਦੀ ਵਾਦੀ ਵਿਚ ਭੂਚਾਲ ਆਇਆ ਜਿਸ ਨਾਲ ਖੇਡਦੀ-ਮੱਲ੍ਹਦੀ ਨਗਰੀ ਥੇਹ ਬਣ ਗਈ। ਮੰਦ-ਮੰਦ ਵਹਿੰਦੀ ਕਲਾਦੀਅਸ ਨਦੀ ਐਲਥੀਅਸ ਨਦੀ ਵਿਚ ਜਾ ਮਿਲੀ ਤੇ ਓਲਿੰਪੀਆ ਦਾ ਸਾਰਾ ਰੌਣਕ-ਮੇਲਾ ਉਹਦੀ ਕੁੱਖ ਵਿਚ ਸਮਾ ਗਿਆ।
ਫਿਰ ਪੰਦਰਾਂ ਸੌ ਸਾਲ ਕਿਸੇ ਨੇ ਵੀ ਓਲਿੰਪੀਆ ਦੀ ਸਾਰ ਨਾ ਲਈ। 1875 ਤੋਂ 1881 ਤਕ ਕੀਤੀ ਖੁਦਾਈ ਨੇ ਓਲਿੰਪੀਆ ਦੇ ਖੰਡਰ ਲੱਭ ਲਏ। 25 ਨਵੰਬਰ 1892 ਨੂੰ ਫਰਾਂਸ ਦੇ ਸ਼ਹਿਰ ਸੋਰਬੋਨ ਵਿਖੇ ਪੀਅਰੇ ਦਿ ਕੂਬਰਤਿਨ ਨੇ ਓਲੰਪਿਕ ਖੇਡਾਂ ਦੀ ਪੁਨਰ ਸੁਰਜੀਤੀ ਦੇ ਵਿਸ਼ੇ `ਤੇ ਵਿਸ਼ੇਸ਼ ਭਾਸ਼ਨ ਦਿੱਤਾ। ਜੂਨ 1994 ਵਿਚ ਪੈਰਿਸ ਵਿਖੇ ਖੇਡ ਪ੍ਰੇਮੀਆਂ ਦੀ ਕੌਮਾਂਤਰੀ ਮੀਟਿੰਗ ਸੱਦੀ ਗਈ ਜਿਸ ਵਿਚ 12 ਦੇਸ਼ਾਂ ਦੇ 79 ਡੈਲੀਗੇਟ ਤੇ 49 ਖੇਡ ਸਭਾਵਾਂ ਦੇ ਨੁਮਾਇੰਦੇ ਸ਼ਾਮਲ ਹੋਏ। ਉਥੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਬਣਾ ਕੇ ਪਹਿਲੀਆਂ ਆਧੁਨਿਕ ਓਲੰਪਿਕ ਖੇਡਾਂ 1900 ਈ: ਵਿਚ ਪੈਰਿਸ ਵਿਖੇ ਕਰਾਉਣ ਦਾ ਪ੍ਰੋਗਰਾਮ ਬਣਿਆ।
ਜਦੋਂ ਕੂਬਰਤਿਨ ਪੁਰਾਤਨ ਓਲੰਪਿਕ ਖੇਡਾਂ ਦੇ ਦੇਸ਼ ਯੂਨਾਨ ਦੇ ਦੌਰੇ `ਤੇ ਗਿਆ ਤਾਂ ਏਥਨਜ਼ ਵਾਸੀਆਂ ਨੇ ਕਿਹਾ ਕਿ ਓਲੰਪਿਕ ਖੇਡਾਂ ਏਥਨਜ਼ ਤੋਂ ਹੀ ਪੁਨਰ ਸੁਰਜੀਤ ਹੋਣੀਆਂ ਚਾਹੀਦੀਆਂ ਹਨ। ਫਿਰ ਫੈਸਲਾ ਹੋਇਆ ਕਿ ਨਵੀਆਂ ਓਲੰਪਿਕ ਖੇਡਾਂ 1896 ਵਿਚ ਏਥਨਜ਼ ਵਿਖੇ ਹੋਣਗੀਆਂ। ਇੰਜ ਪਹਿਲੀਆਂ ਮਾਡਰਨ ਓਲੰਪਿਕ ਖੇਡਾਂ ਜੋ ਇਤਿਹਾਸਕ ਤੌਰ `ਤੇ ਖੋਜੀਆਂ 294ਵੀਆਂ ਖੇਡਾਂ ਸਨ, 1500 ਸਾਲਾਂ ਦੇ ਅਰਸੇ ਬਾਅਦ ਮੁੜ ਜੀਵਤ ਹੋਈਆਂ। ਪਹਿਲੀਆਂ ਆਧੁਨਿਕ ਓਲੰਪਿਕ ਖੇਡਾਂ ਯੂਨਾਨ ਦੀ ਰਾਜਧਾਨੀ ਏਥਨਜ਼ ਵਿਖੇ 1896 ਵਿਚ 6 ਤੋਂ 15 ਅਪ੍ਰੈਲ ਤਕ ਚੱਲੀਆਂ। ਉਥੇ 9 ਖੇਡਾਂ ਦੇ 43 ਈਵੈਂਟਾਂ ਵਿਚ 14 ਮੁਲਕਾਂ ਦੇ 200 ਖਿਡਾਰੀਆਂ ਨੇ ਭਾਗ ਲਿਆ ਜਿਨ੍ਹਾਂ ਵਿਚ ਔਰਤ ਕੋਈ ਨਹੀਂ ਸੀ। ਹੁਣ ਤਾਂ ਦੋ ਸੌ ਤੋਂ ਵੀ ਵੱਧ ਮੁਲਕ ਓਲੰਪਿਕ ਖੇਡਾਂ `ਚ ਭਾਗ ਲੈਂਦੇ ਹਨ।
ਭਾਰਤ ਦੀ ਬਦਬਖ਼ਤੀ ਹੈ ਕਿ ਖੇਡਾਂ ਦੀ ਚੌਧਰ ਵੀ ਵਧੇਰੇ ਕਰ ਕੇ ਸਿਆਸਤਦਾਨਾਂ ਦੇ ਹੀ ਹੱਥ ਹੈ ਜਾਂ ਉਨ੍ਹਾਂ ਦੇ ਪਲੋਸੇ ਅਫਸਰਾਂ ਦੇ ਹੱਥ। ਸਭ ਜਾਣਦੇ ਹਨ ਕਿ ਸਿਆਸੀ ਆਗੂਆਂ ਤੇ ਬਿਊਰੋਕਰੇਸੀ ਕੋਲ ਖੇਡਾਂ ਬਾਰੇ ਨੇੜਲਾ ਗਿਆਨ ਤੇ ਹੱਡੀਂ ਹੰਢਾਇਆ ਅਨੁਭਵ ਨਹੀਂ ਹੁੰਦਾ। ਖੇਡ ਭਾਵਨਾ ਦੀ ਥਾਂ ਉਨ੍ਹਾਂ ਕੋਲ ਸਿਆਸੀ ਸ਼ਕਤੀ ਹੁੰਦੀ ਹੈ ਜਿਸ ਦੀ ਉਹ ਖੇਡਾਂ ਦੇ ਖੇਤਰ ਵਿਚ ਵੀ ਦੁਰਵਰਤੋਂ ਕਰਨੋ ਨਹੀਂ ਟਲਦੇ। ਉਨ੍ਹਾਂ ਨੂੰ ਖੇਡਾਂ ਤੇ ਖਿਡਾਰੀਆਂ ਦਾ ਫ਼ਿਕਰ ਨਹੀਂ ਹੁੰਦਾ। ਖੇਡਾਂ ਰਾਹੀਂ ਬੱਸ ਆਪਣੀ ਸਿਆਸਤ ਚਮਕਾਉਣ ਦਾ ਹੀ ਫ਼ਿਕਰ ਹੁੰਦੈ!
ਖੇਡਾਂ ਨਾਲ ਸਿਹਤ ਬਣਾਉਣ ਤੇ ਸਿਹਤਮੰਦ ਮਨੋਰੰਜਨ ਕਰਨ ਦੀ ਥਾਂ ਉਹ ਆਪਣਾ ਵੋਟ ਬੈਂਕ ਵਧਾਉਣ `ਚ ਲੱਗੇ ਰਹਿੰਦੇ ਹਨ। ਨਿਗ੍ਹਾ ਖੇਡਾਂ ਉਤੇ ਨਹੀਂ ਵੋਟ ਬੈਂਕ ਉਤੇ ਹੁੰਦੀ ਹੈ। ਆਪਣਾ ਸਿਆਸੀ ਹਿੱਤ ਪਾਲਦਿਆਂ ਖਿਡਾਰੀ ਤੇ ਖੇਡ ਮਾਹਿਰ ਅਕਸਰ ਖੂੰਜੇ ਲਾਏ ਹੁੰਦੇ ਹਨ। 2010 ਵਿਚ ਕਾਮਨਵੈਲਥ ਖੇਡਾਂ ਦੀ ਮਸ਼ਾਲ ਵਾਹਗਾ ਬਾਰਡਰ `ਤੇ ਪਹੁੰਚਣ ਵੇਲੇ ਪੱਤਰਕਾਰ ਜਤਿੰਦਰ ਪੰਨੂ ਨੇ ਵਿਅੰਗਮਈ ਕਾਵਿ ਬੰਦ ਲਿਖਿਆ ਸੀ:
-ਕਾਮਨਵੈਲਥ ਦੀ ਜਦੋਂ ਮਸ਼ਾਲ ਪਹੁੰਚੀ,
ਵਾਹਗੇ ਬਾਡਰ `ਤੇ ਗੇਟ ਬਣਾਏ ਹੈ ਸੀ।
ਸ਼ੀਲਾ ਦੀਖਸ਼ਤ ਵੀ ਦਿੱਲੀ ਤੋਂ ਚੱਲ ਆਈ,
ਚੰਡੀਗੜ੍ਹ ਤੋਂ ਬਾਦਲ ਜੀ ਆਏ ਹੈ ਸੀ।
ਕਿੱਦਾਂ ਪਿੱਛੇ ਕਲਮਾਦੀ ਵੀ ਰਹਿ ਜਾਂਦਾ,
ਟੀਵੀ ਕੈਮਰੇ ਜੀਹਨੇ ਲਗਵਾਏ ਹੈ ਸੀ
ਵਾਰੀ ਵਾਰੀ ਮਸ਼ਾਲ ਨੂੰ ਹੱਥ ਲਾ ਕੇ,
ਫੋਟੋ ਉਹਨਾਂ ਨੇ ਖ਼ੂਬ ਖਿਚਵਾਏ ਹੈ ਸੀ
ਸੱਦੇ ਹੋਏ ਖਿਡਾਰੀ ਸਨ ਖੜ੍ਹੇ ਪਿੱਛੇ,
ਧਾੜ ਲੀਡਰਾਂ ਦੀ ਅੱਗੇ ਲਾਈ ਹੈ ਸੀ
ਧੌਣ ਉੱਚੀ ਸੀ ਸਿਆਸੀ ਲੀਡਰਾਂ ਦੀ,
ਨੀਵੀਂ ਓਥੇ ਖਿਡਾਰੀਆਂ ਪਾਈ ਹੈ ਸੀ!
ਪਰਨਿਚਪਿਅਲਸਅਰੱਅਨਸਨਿਗਹ@ਗਮਅਲਿ।ਚੋਮ