ਦੇਸ਼ ਭਰ `ਚ ਵੋਟਰ ਸੂਚੀ `ਚੋਂ ਹਟ ਸਕਦੇ ਹਨ 15 ਕਰੋੜ ਤੋਂ ਵੱਧ ਨਾਂ

ਨਵੀਂ ਦਿੱਲੀ:ਬਿਹਾਰ ਵਿਚ ਚੱਲ ਰਹੀ ਵੋਟਰ ਸੂਚੀ ਦੀ ਵਿਸ਼ੇਸ਼ ਡੂੰਘੀ ਸੁਧਾਈ (ਐੱਸ.ਆਈ.ਆਰ.) ਦੌਰਾਨ ਜਿਵੇਂ 65 ਲੱਖ ਵੋਟਰਾਂ ਦੇ ਨਾਂ ਹਟੇ, ਉਸ ਤੋਂ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਜੇਕਰ ਪੂਰੇ ਦੇਸ਼ ਵਿਚ ਐੱਸ.ਆਈ.ਆਰ. ਕੀਤਾ ਜਾਂਦਾ ਹੈ ਤਾਂ ਲਗਪਗ 15 ਕਰੋੜ ਵੋਟਰਾਂ ਦੇ ਨਾਂ ਹਟ ਸਕਦੇ ਹਨ।

ਇਹ ਵੋਟਰ ਜਾਂ ਮਰ ਚੁੱਕੇ ਹਨ ਜਾਂ ਫਿਰ ਉਨ੍ਹਾਂ ਕੋਲ ਦੋਹਰੇ ਇਪਿਕ ਹਨ ਜਾਂ ਫਿਰ ਉਹ ਟਰਾਂਸਫਰ ਹੋ ਚੁੱਕੇ ਹਨ। ਇਹ ਅਨੁਮਾਨ ਇਸ ਲਈ ਵੀ ਲਗਾਇਆ ਜਾ ਰਿਹਾ ਹੈ ਕਿਉਂਕਿ ਬਿਹਾਰ ਵਿਚ ਐੱਸਆਈਆਰ ਦੌਰਾਨ ਦਸ ਫ਼ੀਸਦੀ ਵੋਟਰਾਂ ਦੇ ਨਾਂ ਵੋਟਰ ਸੂਚੀ ਤੋਂ ਹਟ ਗਏ ਹਨ। ਇਨ੍ਹਾਂ ਵਿਚ ਵੱਡੀ ਗਿਣਤੀ ਵਿਚ ਮ੍ਰਿਤਕ, ਟਰਾਂਸਫਰ ਅਤੇ ਦੋ ਥਾਵਾਂ ‘ਤੇ ਨਾਂ ਦਰਜ ਕਰਵਾਉਣ ਵਾਲੇ ਵੋਟਰਾਂ ਤੋਂ ਇਲਾਵਾ ਬੰਗਲਾਦੇਸ਼ ਤੇ ਨੇਪਾਲ ਵਰਗੇ ਦੇਸ਼ਾਂ ਤੋਂ ਆਏ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ।
ਵੋਟਰ ਸੂਚੀ ‘ਚੋਂ ਇੰਨੀ ਵੱਡੀ ਗਿਣਤੀ ਵਿਚ ਵੋਟਰਾਂ ਦੇ ਨਾਂ ਹਟਣ ਦਾ ਅਨੁਮਾਨ ਇਸ ਲਈ ਵੀ ਲਗਾਇਆ ਜਾ ਰਿਹਾ ਹੈ ਕਿਉਂਕਿ ਦੇਸ਼ ਦੇ ਜ਼ਿਆਦਾਤਰ ਸੂਬਿਆਂ ਵਿਚ ਇਸ ਤੋਂ ਪਹਿਲਾਂ ਐੱਸ.ਆਈ.ਆਰ. ਬਿਹਾਰ ਦੇ ਨਾਲ 20 ਸਾਲ ਪਹਿਲਾਂ ਯਾਨੀ ਸਾਲ 2003 ਤੋਂ 2005 ਵਿਚਾਲੇ ਹੋਇਆ ਸੀ। ਚੋਣ ਕਮਿਸ਼ਨ ਨਾਲ ਜੁੜੇ ਉੱਚ ਪੱਧਰੀ ਸੂਤਰਾਂ ਦੇ ਮੁਤਾਬਕ ਅਜਿਹੇ ਵਿਚ ਬਿਹਾਰ ਵਰਗੀ ਸਥਿਤੀ ਦੇਸ਼ ਦੇ ਦੂਜੇ ਸੂਬਿਆਂ ਵਿਚ ਵੀ ਦੇਖਣ ਨੂੰ ਮਿਲੇਗੀ। ਵੋਟਰ ਸੂਚੀ ਵਿਚ ਵੱਡੀ ਗਿਣਤੀ ਵਿਚ ਮ੍ਰਿਤਕ, ਟਰਾਂਫਸਰ ਤੇ ਦੋ ਥਾਵਾਂ ‘ਤੇ ਨਾਂ ਦਰਜ ਕਰਵਾਉਣ ਵਾਲੇ ਵੋਟਰ ਮਿਲਣਗੇ।
ਇਨ੍ਹਾਂ ਵਿਚ ਵੀ ਬੰਗਾਲ, ਤਾਮਿਲਨਾਡੂ, ਕੇਰਲ, ਓਡੀਸ਼ਾ ਅਤੇ ਉੱਤਰ ਪ੍ਰਦੇਸ਼ ਵਿਚ ਅਜਿਹੇ ਵੋਟਰਾਂ ਦੀ ਗਿਣਤੀ ਬਿਹਾਰ ਤੋਂ ਵੀ ਵੱਧ ਦੇਖਣ ਨੂੰ ਮਿਲ ਸਕਦੀ ਹੈ। ਇਸ ਦੀ ਵਜ੍ਹਾ ਟਰਾਂਸਫਰ ਅਤੇ ਘੁਸਪੈਠ ਦੋਵੇਂ ਹਨ।ਕਮਿਸ਼ਨ ਦੇ ਮੁਤਾਬਕ, ਬਿਹਾਰ ਵਿਚ ਐੱਸਆਈਆਰ ਦੇ ਪਹਿਲੇ ਦੌਰ ਵਿਚ ਹੀ 65 ਲੱਖ ਵੋਟਰ ਬਾਹਰ ਹੋ ਗਏ। ਸ਼ੱਕੀ ਨਾਗਰਿਕਤਾ ਦੇ ਆਧਾਰ ‘ਤੇ ਤਿੰਨ ਲੱਖ ਲੋਕਾਂ ਨੂੰ ਨੋਟਿਸ ਵੀ ਦਿੱਤਾ ਗਿਆ ਹੈ।