-ਬੂਟਾ ਸਿੰਘ ਮਹਿਮੂਦਪੁਰ
ਪੰਜਾਬ ਹੜ੍ਹਾਂ ਨਾਲ ਹੋਈ ਭਿਆਨਕ ਤਬਾਹੀ ਉੱਪਰ ਕਾਬੂ ਪਾਉਣ ਲਈ ਜੂਝ ਰਿਹਾ ਹੈ। ਪੂਰੀ ਤਰ੍ਹਾਂ ਨਾਕਾਮ ਗਵਰਨੈਂਸ ਲਈ ਸਰਕਾਰਾਂ ਦੀ ਜਵਾਬਦੇਹੀ ਤੇ ਹੜ੍ਹ-ਪੀੜਤਾਂ ਲਈ ਨਿਆਂ ਲਈ ਸੰਘਰਸ਼ ਇਸ ਸਮੇਂ ਸਭ ਤੋਂ ਮਹੱਤਵਪੂਰਨ ਹੈ। ਇਸ ਦਰਮਿਆਨ ਇਕ ਬੱਚੇ ਨਾਲ ਦਰਿੰਦਗੀ ਵਿਰੁੱਧ ਲੋਕਾਈ ਦੇ ਗੁੱਸੇ ਅਤੇ ਤਾਕਤ ਨੂੰ ‘ਭਈਏ ਭਜਾਓ’ ਵੱਲ ਲਾਇਆ ਜਾ ਰਿਹਾ ਹੈ। ਪਰਵਾਸ ਦੇ ਸਵਾਲ ਨੂੰ ਕਿਵੇਂ ਲਿਆ ਜਾਵੇ, ਇਸ ਦੇ ਹਵਾਲੇ ਨਾਲ ਕੁਝ ਮਹੱਤਵਪੂਰਨ ਨੁਕਤਿਆਂ ਦੀ ਚਰਚਾ ਸਾਡੇ ਕਾਲਮ-ਨਵੀਸ ਬੂਟਾ ਸਿੰਘ ਮਹਿਮੂਦਪੁਰ ਵੱਲੋਂ ਇਸ ਲੇਖ ਵਿਚ ਕੀਤੀ ਗਈ ਹੈ।-ਸੰਪਾਦਕ॥
ਹੁਸ਼ਿਆਰਪੁਰ ਵਿਚ ਮੁਜਰਮ ਬਿਰਤੀ ਵਾਲੇ ਇਕ ਪਰਵਾਸੀ ਵੱਲੋਂ ਪੰਜ ਸਾਲ ਦੇ ਬੱਚੇ ਨਾਲ ਬਦਫੈਲੀ ਕਰਨ ਉਪਰੰਤ ਬੱਚੇ ਦੇ ਘਿਣਾਉਣੇ ਕਤਲ ਵਿਰੁੱਧ ਰੋਹ ਪੈਦਾ ਹੋਣਾ ਸੁਭਾਵਿਕ ਹੈ। ਹਰ ਇਨਸਾਨ ਨੇ ਉਸ ਬੱਚੇ ਅਤੇ ਉਸਦੇ ਪਰਿਵਾਰ ਦਾ ਦੁੱਖ ਮਹਿਸੂਸ ਕੀਤਾ ਹੈ। ਇਨਸਾਨੀਅਤ ਦਾ ਹਰੇਕ ਦਰਦਮੰਦ (ਜਿਨ੍ਹਾਂ ਵਿਚ ਪਰਵਾਸੀ ਵੀ ਸ਼ਾਮਲ ਹਨ) ਚਾਹੁੰਦਾ ਹੈ ਕਿ ਮ੍ਰਿਤਕ ਬੱਚੇ ਦੇ ਮਾਮਲੇ ‘ਚ ਨਿਆਂ ਲਾਜ਼ਮੀ ਹੋਵੇ ਅਤੇ ਮੁਜਰਮਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਜੋ ਅਜਿਹੇ ਘਿਣਾਉਣੇ ਜੁਰਮਾਂ ਨੂੰ ਠੱਲ ਪਵੇ। ਪਰ ਚਿੰਤਾਜਨਕ ਗੱਲ ਇਹ ਹੈ ਕਿ ਭਾਈਚਾਰਕ ਸਾਂਝ ਦੀਆਂ ਦੋਖੀ ਤਾਕਤਾਂ ਇਸ ਨੂੰ ਪਰਵਾਸੀ ਬਨਾਮ ਪੰਜਾਬੀ ਮੁੱਦਾ ਬਣਾਉਣ ‘ਤੇ ਤੁਲੀਆਂ ਹੋਈਆਂ ਹਨ। ਇਹ ਅਨਸਰ ਹਮੇਸ਼ਾ ਐਸੀ ਕਿਸੇ ਮਾੜੀ ਘਟਨਾ ਦੀ ਤਾਕ ‘ਚ ਬੈਠੇ ਰਹਿੰਦੇ ਹਨ ਕਿ ਪਰਵਾਸੀ ਬੰਦਾ ਕੋਈ ਅਜਿਹੀ ਘਟੀਆ, ਸਮਾਜ ਵਿਰੋਧੀ ਹਰਕਤ ਕਰੇ ਜਿਸ ਨਾਲ ਉਨ੍ਹਾਂ ਨੂੰ ਸਮੁੱਚੇ ਪਰਵਾਸੀਆਂ ਨੂੰ ਨਿਸ਼ਾਨਾ ਬਣਾਉਣ ਦਾ ਮੌਕਾ ਮਿਲੇ। ਜਦੋਂ ਬਾਹਰਲੇ ਰਾਜਾਂ ਤੋਂ ਗ਼ੈਰ-ਪੰਜਾਬੀ ਲੋਕ ਭਾਈਚਾਰਕ ਭਾਵਨਾ ਦੇ ਤਹਿਤ ਹੜ੍ਹਾਂ ਮਾਰੇ ਪੰਜਾਬੀਆਂ ਦੀ ਮੱਦਦ ਕਰਨ ਲਈ ਆ ਰਹੇ ਸਨ ਤਾਂ ਅਜਿਹੀਆਂ ਤਾਕਤਾਂ ਵੱਲੋਂ ਇਸ ਘਿਣਾਉਣੇ ਕਾਂਡ ਦੇ ਬਹਾਨੇ ਸਮੁੱਚੇ ਪਰਵਾਸੀ ਭਾਈਚਾਰੇ ਵਿਰੁੱਧ ਨਫ਼ਰਤ ਭੜਕਾਉਣੀ ਸ਼ੁਰੂ ਕਰ ਦਿੱਤੀ ਗਈ। ਇੱਥੇ ਮਸਲਾ ਤਾਂ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਾਉਣ ਦਾ ਬਣਦਾ ਹੈ ਪਰ ਇਨ੍ਹਾਂ ਪੰਜਾਬ ‘ਹਿਤੈਸ਼ੀਆਂ’ ਨੇ ਮੁੱਖ ਮੁੱਦਾ ਸਮੁੱਚੇ ਪਰਵਾਸੀਆਂ ਦੇ ਨਾਗਰਿਕ ਹੱਕ ਛਾਂਗਣ ਨੂੰ ਬਣਾਇਆ ਹੋਇਆ ਹੈ।
ਇੱਧਰ ਪੰਜਾਬ ਵਿਚ ਦੂਜੇ ਰਾਜਾਂ ਦੇ ਪਰਵਾਸੀਆਂ ਵਿਰੁੱਧ ਨਫ਼ਰਤ ਫੈਲਾਈ ਜਾ ਰਹੀ ਹੈ ਅਤੇ ਉੱਧਰ ਯੂ.ਕੇ.-ਆਸਟ੍ਰੇਲੀਆ-ਨਿਊਜ਼ੀਲੈਂਡ-ਕੈਨੇਡਾ ਵਗੈਰਾ ‘ਚ ਨਸਲਵਾਦੀ ਤਾਕਤਾਂ ਪਰਵਾਸੀਆਂ ਵਿਰੁੱਧ ਦਹਿ-ਹਜ਼ਾਰਾਂ ਦੀ ਗਿਣਤੀ ‘ਚ ਇਕੱਠੇ ਹੋ ਕੇ ਮੁਜ਼ਾਹਰੇ ਕਰ ਰਹੀਆਂ ਹਨ। ਲੰਦਨ ਵਿਚ ਅਜੋਕੇ ਸਮਿਆਂ ਦੇ ਅਜਿਹੇ ਸਭ ਤੋਂ ਵੱਡੇ ‘ਯੂਨਾਈਟ ਦ ਕਿੰਗਡਮ’ ਮੁਜ਼ਾਹਰੇ ਵਿਚ ਇਕ ਲੱਖ ਤੋਂ ਵੱਧ ਲੋਕ ਸ਼ਾਮਲ ਹੋਏ। ਉਸ ਮੁਜ਼ਾਹਰੇ ਵਿਚ ਟੈੱਕ ਖ਼ਰਬਪਤੀ ਐਲਨ ਮਸਕ ਦੀ ਦਿਲਚਸਪੀ ਅਤੇ ਉਚੇਚੀ ਸ਼ਮੂਲੀਅਤ ਦਰਸਾਉਂਦੀ ਹੈ ਕਿ ਸਰਮਾਏਦਾਰੀ ਅਤੇ ਨਸਲਵਾਦ ਦਾ ਕਿੰਨਾ ਗੂੜ੍ਹਾ ਰਿਸ਼ਤਾ ਹੈ। ਇਸੇ ਤਰ੍ਹਾਂ, 13 ਸਤੰਬਰ ਨੂੰ ਟੋਰਾਂਟੋ ’ਚ ਨਸਲਵਾਦੀਆਂ ਨੇ ‘ਕੈਨੇਡਾ ਫਸਟ ਪੈਟਰੀਆਟ ਰੈਲੀ’ ਕਰਕੇ ਇੰਮੀਗਰੇਸ਼ਨ ਬੰਦ ਕਰਨ ਅਤੇ ਕੈਨੇਡਾ ਉੱਪਰ ‘ਬੋਝ’ ਬਣੇ ਬਾਹਰਲੇ ਲੋਕਾਂ ਨੂੰ ਕੱਢਣ ਦੀ ਮੰਗ ਕੀਤੀ ਅਤੇ ਕੈਨੇਡੀਅਨ ਪਛਾਣ ਨੂੰ ਬਚਾਉਣ ਦੀ ਹਾਲ-ਦੁਹਾਈ ਮਚਾਈ। ਬੇਸ਼ੱਕ ਨਸਲਵਾਦ ਵਿਰੋਧੀ ਲੋਕਾਂ ਦਾ ਨਸਲਵਾਦੀਆਂ ਨਾਲੋਂ ਵੱਡਾ ਇਕੱਠ ਫ਼ਿਲਹਾਲ ਨਸਲਵਾਦ ਉੱਪਰ ਭਾਰੂ ਰਿਹਾ ਪਰ ਸਰਮਾਏਦਾਰੀ ਪ੍ਰਬੰਧ ਦੇ ਵਧ ਰਹੇ ਸੰਕਟ ’ਚੋਂ ਮਾਨਵਤਾ ਲਈ ਨਸਲਵਾਦ ਦੇ ਗੰਭੀਰ ਖ਼ਤਰੇ ਦੇ ਮੁੜ ਉੱਭਰਨ ਦੇ ਸੰਕੇਤ ਸਪਸ਼ਟ ਹਨ।
ਚਾਹੇ ਯੂ.ਕੇ.-ਆਸਟ੍ਰੇਲੀਆ ਵਗੈਰਾ ਦੇ ਮੁਜ਼ਾਹਰੇ ਹਨ ਜਾਂ ਪੰਜਾਬ ਦੀ ‘ਭਈਏ ਭਜਾਓ’ ਮੁਹਿੰਮ, ਇਨ੍ਹਾਂ ‘ਚ ਸਾਂਝੀ ਤੰਦ ਇਹ ਹੈ ਕਿ ਇਹ ਜੁਰਮਾਂ, ਅਤੇ ਬੇਰੁਜ਼ਗਾਰੀ ਸਮੇਤ ਸਮਾਜ ਦੇ ਬੁਨਿਆਦੀ ਮਸਲਿਆਂ ਲਈ ਪਰਵਾਸੀਆਂ ਨੂੰ ਜ਼ਿੰਮੇਵਾਰ ਠਹਿਰਾ ਕੇ ਉੱਥੋਂ ਦੀਆਂ ਸਰਕਾਰਾਂ ਦੀਆਂ ਨੀਤੀਆਂ ਤੇ ਰਾਜ ਪ੍ਰਬੰਧ ਦੀ ਲੋਕ ਵਿਰੋਧੀ ਖ਼ਸਲਤ ਤੋਂ ਧਿਆਨ ਹਟਾਉਂਦੇ ਹਨ। ਬਾਹਰਲੇ ਮੁਲਕਾਂ ਵਿਚ ਵੀ ਉੱਥੋਂ ਦੇ ਨਸਲਵਾਦੀ ਗੈਂਗ ਪ੍ਰਵਾਸੀ ਭਾਰਤੀਆਂ ਤੇ ਹੋਰ ਪ੍ਰਵਾਸੀਆਂ ਵਿਰੁੱਧ ਇਸੇ ਤਰਜ਼ ਦੀ ਜ਼ਹਿਰ ਫੈਲਾਉਂਦੇ ਦੇਖੇ ਜਾ ਸਕਦੇ ਹਨ। ਪਰਵਾਸੀ ਭਾਰਤੀਆਂ, ਖ਼ਾਸ ਕਰਕੇ ਪੰਜਾਬੀਆਂ ਨੇ ਇਨ੍ਹਾਂ ਮੁਲਕਾਂ ’ਚ ਨਸਲਵਾਦ ਵਿਰੁੱਧ ਲੜਾਈ ਲੜ ਕੇ ਮਾਣ-ਸਨਮਾਨ ਅਤੇ ਨਾਗਰਿਕਤਾ ਹੱਕ ਹਾਸਲ ਕੀਤੇ ਸਨ। ਹੁਣ ਜਦੋਂ ਆਲਮੀ ਪੱਧਰ ’ਤੇ ਘੋਰ ਪਿਛਾਖੜੀ ਤਾਕਤਾਂ ਦੇ ਮੁੜ-ਉਭਾਰ ਨਾਲ ਨਸਲਵਾਦੀ ਤਾਕਤਾਂ ਵਧੇਰੇ ਹਮਲਾਵਰ ਹੋ ਰਹੀਆਂ ਹਨ, ਤਾਂ ਉੱਥੇ ਵਸਦੇ ਪਰਵਾਸੀ ਭਾਰਤੀਆਂ ਅਤੇ ਹੋਰ ਪਰਵਾਸੀਆਂ ਨੂੰ ਆਪਣੇ ਹਿਤਾਂ ਤੇ ਹੱਕਾਂ ਦੀ ਰਾਖੀ ਲਈ ਨਸਲਵਾਦ ਵਿਰੁੱਧ ਮੁੜ ਡੱਟਣਾ ਪੈਣਾ ਹੈ। ਲੰਦਨ ਦੇ ਉਪਰੋਕਤ ਮੁਜ਼ਾਹਰੇ ਦੇ ਵਿਰੋਧ ’ਚ ਉਸੇ ਪ੍ਰਸ਼ਾਸਨਿਕ ਕੇਂਦਰ ਵਿਚ ਬਿਲਕੁਲ ਦੂਜੇ ਪਾਸੇ ‘ਸਟੈਂਡ ਅੱਪ ਟੂ ਰੇਸਿਜ਼ਮ’ ਮੁਜ਼ਾਹਰਾ ਕੀਤਾ ਗਿਆ ਜਿਸ ਵਿਚ ਪੰਜ ਹਜ਼ਾਰ ਲੋਕਾਂ ਦਾ ਸ਼ਾਮਲ ਹੋ ਕੇ ਨਸਲਵਾਦ ਵਿਰੁੱਧ ਆਵਾਜ਼ ਉਠਾਉਣਾ ਇਸ ਦਿਸ਼ਾ ’ਚ ਬਹੁਤ ਸਾਰਥਕ ਹੰਭਲਾ ਹੈ।
ਕੁਝ ਦਿਨ ਪਹਿਲਾਂ ਰੋਪੜ-ਨਵਾਸ਼ਹਿਰ ਪੱਟੀ ਦੇ ਪਿੰਡ ਰੈਲਮਾਜਰੇ ਵਿਚ ਇਸੇ ਤਰ੍ਹਾਂ ਪਰਵਾਸੀ ਵਿਰੋਧੀ ਮੁੱਦਾ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਹੁਣ ਹੁਸ਼ਿਆਰਪੁਰ ਦਾ ਉਪਰੋਕਤ ਦਿਲ-ਕੰਬਾਊ ਕਾਂਡ ‘ਭਈਏ ਭਜਾਓ, ਪੰਜਾਬ ਬਚਾਓ’ ਏਜੰਡੇ ਵਾਲਿਆਂ ਲਈ ਵਰਦਾਨ ਬਣ ਕੇ ਬਹੁੜਿਆ ਹੈ, ਅਤੇ ਉਨ੍ਹਾਂ ਨੂੰ ਪਰਵਾਸੀਆਂ ਵਿਰੁੱਧ ਮਾਹੌਲ ਭੜਕਾਉਣ ਦਾ ਮੌਕਾ ਮਿਲ ਗਿਆ ਹੈ। ਪੰਜਾਬ ਵਿਚ ਦਹਾਕਿਆਂ ਤੋਂ ਪਰਵਾਸੀਆਂ ਵਿਰੁੱਧ ਜ਼ਹਿਰੀਲਾ ਬਿਰਤਾਂਤ ਸਿਰਜਿਆ ਜਾ ਰਿਹਾ ਹੈ। ਹੁਣ ਸੋਸ਼ਲ ਮੀਡੀਆ ਉੱਪਰ ਧੜਾ-ਧੜ ਅਜਿਹੀਆਂ ਪੋਸਟਾਂ ਵਾਇਰਲ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਨਾਲ ਪਰਵਾਸੀ ਕਿਰਤੀਆਂ ਪ੍ਰਤੀ ਪੰਜਾਬ ਦੇ ਲੋਕਾਂ ‘ਚ ਬੇਵਿਸ਼ਵਾਸੀ ਵਧੇ ਅਤੇ ਫਿਰਕੂ ਜ਼ਹਿਰੀਲਾ ਪ੍ਰਭਾਵ ਕਬੂਲ ਕੇ ਉਹ ਇਹ ਸੋਚਣ ਲੱਗ ਜਾਣ ਕਿ ਸਾਰੇ ਪਰਵਾਸੀ ਜਰਾਇਮਪੇਸ਼ਾ ਹਨ ਤੇ ਉਨ੍ਹਾਂ ਦਾ ਇੱਥੇ ਰਹਿਣਾ ਪੰਜਾਬ ਦੀ ਹੋਂਦ ਤੇ ਅਮਨ-ਅਮਾਨ ਲਈ ਖ਼ਤਰਾ ਹੈ। ਉਪਰੋਕਤ ਘਿਣਾਉਣੇ ਜੁਰਮ ਦੇ ਬਹਾਨੇ ਝੂਠੇ ਬਿਰਤਾਂਤ ਦਾ ਸਹਾਰਾ ਲੈ ਕੇ ਆਮ ਲੋਕਾਂ ਨੂੰ ਭੜਕਾ ਕੇ ਪਰਵਾਸੀਆਂ ਦੇ ਗਲ਼ ਪਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਜਦੋਂ ਪੰਜਾਬ ਵਿਚ ਸਮਾਜਿਕ-ਆਰਥਕ ਤੇ ਰਾਜਸੀ ਹਾਲਾਤ ਪੂਰੀ ਤਰ੍ਹਾਂ ਅਸੁਰੱਖਿਅਤ ਹਨ ਤਾਂ ਚੌਤਰਫ਼ੇ ਸੰਕਟ ਦੇ ਮੂਲ ਕਾਰਨਾਂ ਦੀ ਸਮਝ ਨਾ ਹੋਣ ਕਾਰਨ ਆਮ ਲੋਕਾਈ ਦਾ ਫਿਰਕੂ ਬਿਰਤਾਂਤ ਦਾ ਅਸਰ ਕਬੂਲ ਲੈਣਾ ਅਤੇ ‘ਪੰਜਾਬ ਬਚਾਓ’ ਦੀਆਂ ਭਾਵਨਾਵਾਂ ਦੇ ਵਹਿਣ ’ਚ ਵਹਿ ਤੁਰਨਾ ਸੁਭਾਵਿਕ ਹੈ। ਬਠਿੰਡਾ, ਨਵਾਂ ਸ਼ਹਿਰ, ਹੁਸ਼ਿਆਰਪੁਰ, ਮੋਹਾਲੀ ਆਦਿ ਜ਼ਿਲਿੑਆਂ ਵਿਚ ਕੁਝ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਪਰਵਾਸੀਆਂ ਨੂੰ ਪਿੰਡਾਂ ਵਿਚੋਂ ਕੱਢਣ ਅਤੇ ਪਿਛੋਕੜ ਦੀ ਪੜਤਾਲ ਨੂੰ ਲਾਜ਼ਮੀ ਸ਼ਰਤ ਬਣਾਉਣ ਦੇ ਮਤੇ ਪਾਏ ਗਏ ਹਨ। ਕੁਝ ਥਾਵਾਂ ’ਤੇ ਰੇੜ੍ਹੀ-ਫੜ੍ਹੀ ਲਗਾਉਣ ਵਾਲੇ ਪਰਵਾਸੀਆਂ ਨੂੰ ਧਮਕਾਇਆ ਗਿਆ ਹੈ। ਕੁਝ ਥਾਈਂ ਪਰਵਾਸੀਆਂ ਨੂੰ ਡਰਾ ਕੇ ਭਜਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ। ਰੋਪੜ ਵਿਚ ਸਿੱਖ ਧਾਰਮਿਕ ਸਥਾਨ ਦੇ ਦਰਸ਼ਨਾਂ ਲਈ ਆਏ ਪਰਵਾਸੀ ਸ਼ਰਧਾਲੂਆਂ ਨੂੰ ਧਮਕਾ ਕੇ ਟਰੇਨ ਚੜ੍ਹਾਉਣ ਦੀ ਕੋਸ਼ਿਸ਼ ਵੀ ਕੀਤੀ ਗਈ। ਇਸ ਮਾਹੌਲ ਤੋਂ ਸਹਿਮੇ ਕੁਝ ਪਰਵਾਸੀ ਵਾਪਸ ਵੀ ਜਾ ਰਹੇ ਹਨ।
ਬਾਹਰੋਂ ਦੇਖਿਆਂ ਲੱਗ ਸਕਦਾ ਹੈ ਕਿ ਪਰਵਾਸੀਆਂ ਨੂੰ ਮਕਾਨ ਕਿਰਾਏ ’ਤੇ ਦੇਣ ਜਾਂ ਕੰਮ ’ਤੇ ਰੱਖਣ ਸਮੇਂ ਉਨ੍ਹਾਂ ਦੇ ਪਿਛੋਕੜ ਦੀ ਪੜਤਾਲ ਕਰਨ ’ਚ ਗ਼ਲਤ ਕੀ ਹੈ। ਅਸਲ ਮਨਸ਼ਾ ਵਿਅਕਤੀਗਤ ਪੜਤਾਲ ਦਾ ਨਹੀਂ, ਸਮੁੱਚੇ ਪਰਵਾਸੀ ਭਾਈਚਾਰੇ ਨੂੰ ਜਰਾਇਮਪੇਸ਼ਾ ਬਣਾ ਕੇ ਪੇਸ਼ ਕਰਨ ਦਾ ਹੈ। ਵਿਅਕਤੀਗਤ ਪੜਤਾਲ ਤਾਂ ਮਕਾਨ ਜਾਂ ਕੰਮ ਦੇਣ ਵਾਲੇ ਕਰ ਹੀ ਸਕਦੇ ਹਨ। ਪਰਵਾਸੀਆਂ ਨੂੰ ਪੰਜਾਬ ’ਚੋਂ ਕੱਢਣ ਅਤੇ ਉਨ੍ਹਾਂ ਵਿਰੁੱਧ ਮਤੇ ਪਾਉਣ ਲਈ ਉਕਸਾਉਣ ਵਾਲਿਆਂ ਦੀ ਮਨਸ਼ਾ ਹੋਰ ਹੈ। ਪਰਵਾਸੀਆਂ ਕਿਰਤੀਆਂ ਨੂੰ ਡਰਾ-ਧਮਕਾ ਕੇ ਪੰਜਾਬ ਵਿਚੋਂ ਭਜਾਉਣ ਪਿੱਛੇ ਭਾਈਚਾਰਕ ਟਕਰਾਅ ਖੜ੍ਹਾ ਕਰਨ ਦੀ ਬਦਨੀਅਤ ਸਾਫ਼ ਨਜ਼ਰ ਆ ਰਹੀ ਹੈ। ਅਜਿਹੇ ਅਨਸਰ ਚਾਹੁੰਦੇ ਹਨ ਕਿ ਇਨ੍ਹਾਂ ਭੜਕਾਊ ਘਟਨਾਵਾਂ ਦੇ ਪ੍ਰਤੀਕਰਮ ‘ਚ ਹੋਰ ਰਾਜਾਂ ਵਿਚ ਪੰਜਾਬੀਆਂ ਵਿਰੁੱਧ ਮਾਹੌਲ ਭੜਕੇ, ਫਿਰਕੂ ਝਗੜਾ ਪੈਦਾ ਹੋਵੇ ਅਤੇ ਉਨ੍ਹਾਂ ਨੂੰ ਆਪਣੇ ਫਿਰਕੂ, ਪਾਟਕ-ਪਾਊ ਏਜੰਡੇ ਨੂੰ ਜਾਇਜ਼ ਠਹਿਰਾਉਣ ਲਈ ਹੋਰ ਮਸਾਲਾ ਮਿਲੇ।
ਆਮ ਲੋਕ ਇਹ ਪਛਾਣ ਕਰਨ ਤੇ ਸਮਝਣ ਤੋਂ ਅਸਮਰੱਥ ਹਨ ਕਿ ਪੰਜਾਬ ਨੂੰ ਬਰਬਾਦ ਕਰਨ ਲਈ ਅਸਲ ਵਿਚ ਕਿਹੜੀਆਂ ਤਾਕਤਾਂ ਜ਼ਿੰਮੇਵਾਰ ਹਨ। ਇਸ ਵਕਤ ਕੁਝ ਆਮ ਲੋਕ ਵੀ ਪਰਵਾਸੀਆਂ ਦੀ ਘੇਰਾਬੰਦੀ ਕਰਨ ’ਚ ਲੱਗੇ ਦੇਖੇ ਜਾ ਸਕਦੇ ਹਨ। ਬੇਸ਼ੱਕ ਉਹ ਬਹੁਤ ਨਿੱਕੀ ਜਿਹੀ ਗਿਣਤੀ ਹਨ, ਪਰ ਸੋਸ਼ਲ ਮੀਡੀਆ ਜ਼ਰੀਏ ਫੈਲ ਰਿਹਾ ਝੂਠਾ ਬਿਰਤਾਂਤ ਅਤੇ ਪਰਵਾਸੀਆਂ ਵਿਰੋਧੀ ਕਾਰਵਾਈਆਂ ਪੂਰੇ ਪੰਜਾਬ ਵਿਚ ਲੋਕਾਂ ਦੇ ਮਨਾਂ ਉੱਪਰ ਖ਼ਤਰਨਾਕ ਅਸਰ ਪਾ ਰਹੀਆਂ ਹਨ। ਇਸਨੂੰ ਜੇਕਰ ਬੇਅਸਰ ਨਹੀਂ ਬਣਾਇਆ ਜਾਂਦਾ ਤਾਂ ਸਮਾਂ ਪਾ ਕੇ ਇਹ ਰੁਝਾਨ ਡੂੰਘੀ ਫਿਰਕੂ ਨਫ਼ਰਤ ਦਾ ਰੂਪ ਧਾਰ ਸਕਦਾ ਹੈ।
ਉਪਰੋਕਤ ਬਿਰਤਾਂਤ ਇਸ ਹਕੀਕਤ ਨੂੰ ਲੁਕੋਂਦਾ ਹੈ ਕਿ ਬਿਹਾਰ-ਯੂ.ਪੀ. ਤੋਂ ਕਿਰਤੀਆਂ ਦਾ ਆਉਣਾ ਸਾਜ਼ਿਸ਼ ਤਹਿਤ ਨਹੀਂ ਹੈ। ਪਰਵਾਸ ਸਦੀਆਂ ਪੁਰਾਣਾ ਵਰਤਾਰਾ ਹੈ ਅਤੇ ਹਰ ਮੁਲਕ, ਹਰ ਖਿੱਤੇ, ਹਰ ਭਾਈਚਾਰੇ ਦੇ ਲੋਕ ਬਿਹਤਰ ਰੋਜ਼ਗਾਰ ਅਤੇ ਸੁਰੱਖਿਅਤ ਭਵਿੱਖ ਦੀ ਤਲਾਸ਼ ‘ਚ ਮੁਕਾਬਲਤਨ ਖ਼ੁਸ਼ਹਾਲ ਖਿੱਤਿਆਂ, ਬਿਹਤਰ ਰੁਜ਼ਗਾਰ ਮੌਕਿਆਂ ਵਾਲੇ ਰਾਜਾਂ ਤੇ ਮੁਲਕਾਂ ਵੱਲ ਪਰਵਾਸ ਕਰਦੇ ਹਨ। ਇਸੇ ਲੋੜ ’ਚੋਂ ਬਿਹਾਰ, ਯੂ.ਪੀ. ਤੇ ਹੋਰ ਪਿਛੜੀ ਆਰਥਿਕਤਾ ਵਾਲੇ ਰਾਜਾਂ ਦੇ ਲੋਕ ਰੋਜ਼ੀ-ਰੋਟੀ ਲਈ ਪੰਜਾਬ ਦੇ ਪਿੰਡਾਂ-ਸ਼ਹਿਰਾਂ ਵਿਚ ਆਉਂਦੇ ਹਨ। ਪੰਜਾਬ ਦੇ ਲੋਕ ਭਾਰਤ ਦੇ ਹੋਰ ਰਾਜਾਂ ਵਿਚ ਜਾ ਕੇ ਖੇਤੀਬਾੜੀ ਤੇ ਹੋਰ ਕਾਰੋਬਾਰ ਕਰ ਰਹੇ ਹਨ, ਉਨ੍ਹਾਂ ਕੁਝ ਕੁ ਖ਼ਾਸ ਜੰਗਲੀ-ਪਹਾੜੀ ਖਿੱਤਿਆਂ ਨੂੰ ਛੱਡ ਕੇ, ਜਿੱਥੇ ਜ਼ਮੀਨਾਂ ਖ਼ਰੀਦਣ ਉੱਪਰ ਰੋਕ ਹੈ। ਇਸੇ ਤਰ੍ਹਾਂ ਭਾਰਤ ਦੇ ਲੋਕਾਂ ਵਿਚ ਹੋਰ ਮੁਲਕਾਂ ਵਿਚ ਜਾ ਕੇ ਪੱਕੇ ਤੌਰ ‘ਤੇ ਵਸਣ ਦੀ ਦੌੜ ਵੱਡੇ ਪੈਮਾਨੇ ‘ਤੇ ਦੇਖੀ ਜਾ ਸਕਦੀ ਹੈ। ਇਸ ਸਚਾਈ ਨੂੰ ਨਕਾਰਨ ਲਈ ‘ਭਈਏ ਭਜਾਓ’ ਮੁਹਿੰਮ ਦੇ ਹਮਾਇਤੀ ‘ਬੁੱਧੀਜੀਵੀ’ ਇਹ ਦਲੀਲ ਦਿੰਦੇ ਹਨ ਕਿ ਓਦੋਂ ਨੇਸ਼ਨ-ਸਟੇਟ ਹੋਂਦ ’ਚ ਨਹੀਂ ਸੀ ਆਏ। ਹੁਣ ਕੌਮੀ ਹੱਦਾਂ ਨਾਲ ਪਛਾਣਾਂ ਪੱਕੀਆਂ ਹੋ ਗਈਆਂ ਹਨ, ਅਤੇ ਇੰਝ ਪਛਾਣਾਂ ਦੀ ਰਾਖੀ ਰੋਜ਼ੀ-ਰੋਟੀ ਦੇ ਸਵਾਲ ਨਾਲੋਂ ਵੱਧ ਮਹੱਤਵਪੂਰਨ ਹੈ। ਪਰ ਪੰਜਾਬ ਦੇ ਲੋਕਾਂ ਦਾ ਆਪਣਾ ਵਤਨ ਛੱਡ ਕੇ, ਸਭ ਕੁਝ ਵੇਚ-ਵੱਟ ਕੇ ਪਰਵਾਸ ਦੀ ਦੌੜ ਵਿਚ ਸ਼ਾਮਲ ਹੋਣਾ ਦੱਸਦਾ ਹੈ ਕਿ ਰੋਜ਼ੀ-ਰੋਟੀ ਅਤੇ ਸੁਰੱਖਿਅਤ ਭਵਿੱਖ ਦੇ ਸਵਾਲ ਮਨੁੱਖ ਲਈ ਅੱਜ ਵੀ ਬੁਨਿਆਦੀ ਹਨ। ਹਰ ਹੀਲੇ ਬਾਹਰਲੇ ਮੁਲਕਾਂ ’ਚ ਜਾ ਕੇ ਵਸਣ ਲਈ ਅਪਣਾਏ ਜਾਂਦੇ ਜਾਇਜ਼-ਨਜਾਇਜ਼ ਤਰੀਕੇ ਇਸਦਾ ਸਬੂਤ ਹਨ।
ਇਸ ਕੌੜੀ ਹਕੀਕਤ ਤੋਂ ਅੱਖਾਂ ਮੀਟ ਕੇ ‘ਭਈਏ ਭਜਾਓ’ ਦੇ ਹਮਾਇਤੀ ਇਹ ਗ਼ਲਤ ਦਲੀਲ ਦਿੰਦੇ ਦੇਖੇ ਜਾ ਸਕਦੇ ਹਨ ਕਿ ਬਦੇਸ਼ਾਂ ’ਚ ਜਾਣ ਲਈ ਕਈ ਤਰ੍ਹਾਂ ਦੇ ਯੋਗਤਾ ਟੈਸਟ ਪਾਸ ਕਰਨੇ ਪੈਂਦੇ ਹਨ ਜਦਕਿ ਪਰਵਾਸੀ ਟਰੇਨ ਚੜ੍ਹ ਕੇ ਪੰਜਾਬ ’ਚ ਆ ਵਸਦੇ ਹਨ। ਪੰਜਾਬੀ ਵੀ ਤਾਂ ਦੂਜੇ ਰਾਜਾਂ ਵਿਚ ਇਸੇ ਤਰ੍ਹਾਂ ਜਾਂਦੇ ਹਨ, ਉਹ ਕਿਹੜਾ ਯੋਗਤਾ ਟੈਸਟ ਪਾਸ ਕਰਕੇ ਜਾਂ ਪੁਲਿਸ ਵੈਰੀਫੀਕੇਸ਼ਨ ਕਰਾ ਕੇ ਜਾਂਦੇ ਹਨ! ਇਹ ਦਲੀਲ ਗ਼ੈਰਪ੍ਰਸੰਗਿਕ ਹੈ, ਕਿਉਂਕਿ ਕੁਝ ਵਿਸ਼ੇਸ਼ ਖਿੱਤਿਆਂ ਨੂੰ ਛੱਡ ਕੇ ਆਪਣੇ ਹੀ ਮੁਲਕ ’ਚ ਨਾਗਰਿਕਾਂ ਉੱਪਰ ਹੋਰ ਰਾਜਾਂ ਵਿਚ ਜਾ ਕੇ ਜ਼ਮੀਨਾਂ ਖ਼ਰੀਦਣ ਅਤੇ ਇਕ ਰਾਜ ਤੋਂ ਦੂਜੇ ਰਾਜ ਵਿਚ ਜਾ ਕੇ ਵਸਣ ਉੱਪਰ ਰੋਕ ਨਹੀਂ ਹੈ ਅਤੇ ਨਾ ਹੀ ਕੋਈ ਰੋਕ ਲਗਾਈ ਜਾਣੀ ਚਾਹੀਦੀ ਹੈ। ਅਮਰੀਕਾ-ਕੈਨੇਡਾ ਜਾਂ ਯੂਰਪੀ ਮੁਲਕਾਂ ’ਚ ਕਿਤੇ ਵੀ ਅਜਿਹੀ ਕੋਈ ਪਾਬੰਦੀ ਨਹੀਂ ਹੈ ਕਿ ਨਾਗਰਿਕ, ਚਾਹੇ ਉਹ ਪਰਵਾਸੀ ਪਿਛੋਕੜ ਵਾਲਾ ਹੀ ਕਿਉਂ ਨਾ ਹੋਵੇ, ਇਕ ਰਾਜ ਤੋਂ ਦੂਜੇ ਰਾਜ ਵਿਚ ਜਾ ਨਹੀਂ ਸਕਦਾ। ਸ਼ੈਨੇਗਨ ਸਮਝੌਤੇ ਦੇ ਮੈਂਬਰ 29 ਯੂਰਪੀ ਮੁਲਕਾਂ ਦੇ ਨਾਗਰਿਕ ਤਾਂ ਇਕ ਦੂਜੇ ਮੁਲਕ ਵਿਚ ਜਾਣ ਲਈ ਵੀ ਆਜ਼ਾਦ ਹਨ।
ਸਾਨੂੰ ਇਹ ਇਤਿਹਾਸ ਵੀ ਚੇਤੇ ਰੱਖਣਾ ਚਾਹੀਦਾ ਹੈ ਕਿ ਇਨ੍ਹਾਂ ਮੁਲਕਾਂ ਵਿਚ ਜਾ ਕੇ ਮਨੁੱਖੀ ਮਾਣ-ਸਨਮਾਨ ਨਾਲ ਕਿਰਤ ਕਰਨ ਅਤੇ ਨਾਗਰਿਕਤਾ ਦੇ ਹੱਕ ਸਾਡੇ ਬਜ਼ੁਰਗ ਪਰਵਾਸੀ ਭਾਰਤੀਆਂ/ਪੰਜਾਬੀਆਂ ਨੇ ‘ਕਾਮਾਗਾਟਾ ਮਾਰੂ’ ਵਰਗੇ ਜਾਨ-ਹੂਲਵੇਂ ਸੰਘਰਸ਼ ਕਰਕੇ ਅਤੇ ਲਗਾਤਾਰ ਸੰਘਰਸ਼ ਲੜਦਿਆਂ ਨਸਲਵਾਦ ਨੂੰ ਪਛਾੜ ਕੇ ਹਾਸਲ ਕੀਤੇ ਸਨ। ਨਸਲਵਾਦੀ ਤਾਕਤਾਂ ਇਸ ਇਤਿਹਾਸਕ ਸ਼ਾਨਾਂਮੱਤੇ ਹਾਸਲ ਨੂੰ ਪੁੱਠਾ ਗੇੜਾ ਦੇਣਾ ਚਾਹੁੰਦੀਆਂ ਹਨ।
ਮੰਦਹਾਲੀ, ਬੇਰੁਜ਼ਗਾਰੀ ਅਤੇ ਆਮ ਲੋਕਾਈ ਦੀਆਂ ਹੋਰ ਸਮੱਸਿਆਵਾਂ ਲਈ ਲੁੱਟ ਅਤੇ ਨਾਬਰਾਬਰੀ ’ਤੇ ਆਧਾਰਤ ਸਰਮਾਏਦਾਰੀ ਪ੍ਰਬੰਧ ਜ਼ਿੰਮੇਵਾਰ ਹੈ। ਸਰਮਾਏਦਾਰ ਕਾਰੋਬਾਰੀ ਵਧੇਰੇ ਸਸਤੀ ਕਿਰਤ ਦੇ ਤੌਰ ’ਤੇ ਪਰਵਾਸੀਆਂ ਕੋਲੋਂ ਕੰਮ ਕਰਵਾਉਣ ਨੂੰ ਤਰਜ਼ੀਹ ਦਿੰਦਾ ਹੈ, ਕਿਉਂਕਿ ਉਨ੍ਹਾਂ ਦੀ ਬੇਕਿਰਕ ਲੁੱਟ-ਖਸੁੱਟ ‘ਚੋਂ ਵਧੇਰੇ ਮੁਨਾਫ਼ਾ ਕਮਾਇਆ ਜਾ ਸਕਦਾ ਹੈ। ਹਰ ਮੁਲਕ ਦੀ ਆਰਥਿਕਤਾ ਵਿਚ ਪਰਵਾਸੀਆਂ ਦਾ ਮਹੱਤਵਪੂਰਨ ਯੋਗਦਾਨ ਹੈ। ਇਸ ਪ੍ਰਬੰਧ ਦਾ ਮੂਲ ਸੁਭਾਅ ਹੀ ਆਪਣੇ ਵਧ ਰਹੇ ਸੰਕਟ ਨੂੰ ਦੂਰ ਕਰਨ ਅਤੇ ਸਰਮਾਏਦਾਰਾ ਮੁਨਾਫ਼ਿਆਂ ’ਚ ਵਾਧਾ ਕਰਨ ਲਈ ਲੋਕਾਈ ਉੱਪਰ ਆਰਥਕ ਬੋਝ ਲੱਦਦੇ ਜਾਣਾ ਅਤੇ ਉਨ੍ਹਾਂ ਦੇ ਜੀਵਨ-ਗੁਜ਼ਾਰੇ ਨੂੰ ਹੋਰ ਮੁਸ਼ਕਲ ਬਣਾਉਂਦੇ ਜਾਣਾ ਹੈ। ਮਸਲਿਆਂ ਦੇ ਅਸਲ ਕਾਰਨ ਤਾਂ ਪ੍ਰਬੰਧ ਦੇ ਵਜੂਦ-ਸਮੋਈ ਕਾਣੀ-ਵੰਡ ਅਤੇ ਸਟੇਟ ਦੀਆਂ ਨੀਤੀਆਂ ’ਚ ਮੌਜੂਦ ਹੁੰਦੇ ਹਨ ਪਰ ਆਮ ਲੋਕਾਂ ਨੂੰ ਲੱਗਦਾ ਹੈ ਕਿ ਬਾਹਰੋਂ ਆ ਰਹੇ ਪਰਵਾਸੀ ਹੀ ਰੁਜ਼ਗਾਰ ਅਤੇ ਸਵੈ-ਰੁਜ਼ਗਾਰ ਦੇ ਮੌਕੇ ਘਟਣ ਦਾ ਮੁੱਖ ਕਾਰਨ ਹਨ। ਮਾਰਕੀਟ ਵਿਚ ਸਥਾਨਕ ਦੁਕਾਨਦਾਰਾਂ ਨੂੰ ਲੱਗਦਾ ਹੈ ਕਿ ਰੇਹੜੀ-ਫੜ੍ਹੀ ਵਾਲੇ ਪਰਵਾਸੀ ਉਨ੍ਹਾਂ ਦੀ ਰੋਜ਼ੀ-ਰੋਟੀ ਖੋਹ ਰਹੇ ਹਨ। ਫੈਕਟਰੀਆਂ, ਖੇਤਾਂ ਵਿਚ ਕੰਮ ਕਰਨ ਵਾਲੇ ਸਥਾਨਕ ਮਜ਼ਦੂਰਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਰੋਜ਼ਗਾਰ ਪਰਵਾਸੀ ਮਜ਼ਦੂਰਾਂ ਨੇ ਖੋਹ ਲਿਆ ਹੈ। ਕਥਿਤ ਉੱਚ ਜਾਤੀ ਲੋਕ ਇਸ ਭਰਮ ’ਚ ਹਨ ਕਿ ਉਨ੍ਹਾਂ ਦੀਆਂ ਨੌਕਰੀਆਂ ਜਾਤ-ਆਧਾਰਤ ਰਾਖਵੇਂਕਰਨ ਲੈਣ ਵਾਲੇ ਹੜੱਪ ਰਹੇ ਹਨ। ਜਦਕਿ ਅਸਲ ਕਾਰਨ ਉੱਥੋਂ ਦੇ ਸਟੇਟ ਤੇ ਸਰਕਾਰਾਂ ਦੀਆਂ ਪੱਕੀਆਂ ਨੌਕਰੀਆਂ ਨੂੰ ਖ਼ਤਮ ਕਰਨ, ਛੋਟੇ ਕਾਰੋਬਾਰੀਆਂ ਨੂੰ ਉਜਾੜ ਕੇ ਹੋਰ ਰੁਜ਼ਗਾਰ ਨੂੰ ਵੀ ਖ਼ਤਮ ਕਰ ਦੇਣ ਅਤੇ ਵੱਡੇ ਕਾਰਪੋਰੇਟ ਕਾਰੋਬਾਰਾਂ ਦਾ ਅਜਾਰੇਦਾਰ ਕੰਟਰੋਲ ਸਥਾਪਤ ਕਰਨ ਦੀਆਂ ਨੀਤੀਆਂ ਹਨ। ਬੇਰੁਜ਼ਗਾਰੀ ਦੇ ਸੰਕਟ ਦਾ ਭਾਂਡਾ ਪਰਵਾਸੀਆਂ ਦੇ ਸਿਰ ਭੱਜਣਾ ਹਾਕਮ ਜਮਾਤ ਦੇ ਹਿਤ ’ਚ ਹੈ। ਸਮਾਜ ਦਾ ਇਕ ਹਿੱਸਾ ਆਪਣੇ ਸੌੜੇ ਨਜ਼ਰੀਏ ਕਾਰਨ ਮਸਲਿਆਂ ਦਾ ਹੱਲ ਵੀ ਪਰਵਾਸ ਉੱਪਰ ਰੋਕਾਂ ਤੇ ਬੰਦਸ਼ਾਂ ਲਾਉਣ ਦੇ ਰੂਪ ’ਚ ਦੇਖਦਾ ਹੈ। ਇਸ ਗ਼ਲਤ ਸੋਚ ਨੂੰ ਹਾਕਮ ਜਮਾਤ ਦਾ ਆਪਸੀ ਖਹਿ-ਭੇੜ ਹੋਰ ਉਕਸਾਉਂਦਾ ਹੈ। ਅੰਤਰ-ਰਾਜੀ ਅਤੇ ਅੰਤਰ-ਰਾਸ਼ਟਰੀ ਪਰਵਾਸ ਦੇ ਹਵਾਲੇ ਨਾਲ ਖਿੱਤਿਆਂ ਅਤੇ ਮੁਲਕਾਂ ਅੰਦਰ ਪਰਵਾਸ ਵਿਰੁੱਧ ਅੰਦੋਲਨ ਇਸ ਦੀਆਂ ਉੱਘੜਵੀਂਆਂ ਮਿਸਾਲਾਂ ਹਨ।
ਪਰਵਾਸੀਆਂ ਨੂੰ ਕੱਢਣ ਦੇ ਹੱਕ ‘ਚ ‘ਬੌਧਿਕ’ ਕਹਾਉਣ ਵਾਲੇ ਲੋਕ ਇਹ ਦਲੀਲ ਦਿੰਦੇ ਹਨ ਕਿ ਪਰਵਾਸੀਆਂ ਨੂੰ ਬਿਨਾਂ ਰੋਕ-ਟੋਕ ਇੱਥੋਂ ਦੇ ਪੱਕੇ ਬਾਸ਼ਿੰਦੇ ਬਣਨ ਦੀ ਇਜਾਜ਼ਤ ਦੇਣ ਨਾਲ ਵਸੋਂ-ਬਣਤਰ ਬਦਲ ਰਹੀ ਹੈ ਅਤੇ ਪੰਜਾਬੀ ਦੀ ਨਿਆਰੀ ਪਛਾਣ ਖ਼ਤਮ ਹੋ ਰਹੀ ਹੈ। ਉਪਰੋਕਤ ਦਲੀਲ ਦੇਣ ਵਾਲੇ ਨਿਆਰੀ ਪਛਾਣ ਨੂੰ ਢਾਹ ਲਾਉਣ ਵਾਲੇ ਅਸਲ ਕਾਰਕਾਂ ਦੀ ਅਤੇ ਸਮੁੱਚਤਾ ’ਚ ਮਸਲੇ ਦੀ ਗੱਲ ਨਹੀਂ ਕਰਦੇ। ਉਹ ਸਿਰਫ਼ ਪਰਵਾਸੀਆਂ ਦੀ ਆਮਦ ਨੂੰ ਮੁੱਖ ਕਾਰਨ ਬਣਾ ਕੇ ਪੇਸ਼ ਕਰਦੇ ਹਨ। ਕੀ ਪਰਵਾਸੀ ਸੱਚਮੁੱਚ ਐਡਾ ਵੱਡਾ ਖ਼ਤਰਾ ਹਨ ਜਿਨ੍ਹਾਂ ਕਾਰਨ ਨਿਆਰੀ ਪਛਾਣ ਖ਼ਤਮ ਹੋ ਰਹੀ ਹੈ? ਜਾਂ ਪਛਾਣ ਨੂੰ ਖ਼ੋਰਾ ਲੱਗਣ ਦੇ ਕਾਰਨ ਹੋਰ ਹਨ? ਪੰਜਾਬ ਦੀ ਲਗਭਗ 3 ਕਰੋੜ 20 ਲੱਖ ਆਬਾਦੀ ਵਿਚ ਪਰਵਾਸੀਆਂ ਦੀ ਗਿਣਤੀ 35 ਤੋਂ 40 ਲੱਖ ਦੱਸੀ ਜਾਂਦੀ ਹੈ। ਜਿਨ੍ਹਾਂ ਵਿਚ ਸੀਜ਼ਨਲ ਲੇਬਰ ਵੀ ਸ਼ਾਮਲ ਹੈ। ਦੁਨੀਆ ਦੇ ਕਿਸੇ ਵੀ ਖਿੱਤੇ ’ਚ ਜਾ ਕੇ ਵਸਣ ਵਾਲੇ ਪਰਵਾਸੀਆਂ ਦੀ ਤਰ੍ਹਾਂ ਉਪਰੋਕਤ ਪਰਵਾਸੀ ਵੀ ਆਪਣੀ ਬੋਲੀ-ਸੱਭਿਆਚਾਰ ਆਪਣੇ ਨਾਲ ਲੈ ਕੇ ਆਉਂਦੇ ਹਨ ਪਰ ਕੰਮ ਦੀ ਵਿਹਾਰਕ ਜ਼ਰੂਰਤ ਅਨੁਸਾਰ ਇੱਥੋਂ ਦੀ ਬੋਲੀ ਤੇ ਸੱਭਿਆਚਾਰ ਵਿਚ ਰਚਣ-ਮਿਚਣ ਲੱਗ ਜਾਂਦੇ ਹਨ। ਪੰਜਾਬ ਦੀ ਮੂਲ਼ ਵਸੋਂ ਦੇ ਬੱਚੇ ਮਹਿੰਗੇ ਅੰਗਰੇਜ਼ੀ ਸਕੂਲਾਂ ’ਚ ਪੜ੍ਹ ਕੇ ਪੰਜਾਬੀ ਤੋਂ ਦੂਰ ਹੋ ਰਹੇ ਹਨ ਕਿਉਂਕਿ ਉਨ੍ਹਾਂ ਦਾ ਮੁੱਢਲੀ ਪੜ੍ਹਾਈ ਦਾ ਮਨੋਰਥ ਆਈਲੈੱਟਸ ਵਰਗੇ ਟੈਸਟ ਪਾਸ ਕਰਨਾ ਹੈ ਅਤੇ ਉਨ੍ਹਾਂ ਦੇ ਪਰਵਾਸ ਦੀ ਮੰਜ਼ਲ ਅੰਗਰੇਜ਼ੀ ਜਾਂ ਹੋਰ ਯੂਰਪੀ ਭਾਸ਼ਾਵਾਂ ਵਾਲੇ ਮੁਲਕ ਹਨ, ਜਦਕਿ ਪਰਵਾਸੀ ਬੱਚੇ ਪੰਜਾਬੀ ਮਾਧਿਅਮ ਸਰਕਾਰੀ ਸਕੂਲਾਂ ’ਚ ਪੜ੍ਹ ਕੇ ਪੰਜਾਬੀ ਸਿੱਖ ਤੇ ਬੋਲ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਰੋਜ਼ੀ-ਰੋਟੀ ਲਈ ਇੱਥੋਂ ਦੀ ਸਥਾਨਕ ਬੋਲੀ ’ਚ ਸੰਚਾਰ ਜ਼ਰੂਰੀ ਹੈ। ਪਰਵਾਸੀ ਪੰਜਾਬੀਆਂ ਦੇ ਪਰਦੇਸਾਂ ਦੇ ਜੰਮਪਲ ਜ਼ਿਆਦਾਤਰ ਬੱਚੇ ਪੰਜਾਬੀ ਬੋਲੀ-ਸੱਭਿਆਚਾਰ ਤੋਂ ਦੂਰ ਹੋ ਕੇ ਉੱਥੋਂ ਦੀ ਬੋਲੀ-ਸੱਭਿਆਚਾਰ ਨੂੰ ਅਪਣਾ ਰਹੇ ਹਨ।
ਪੰਜਾਬ ਨੂੰ ਮੌਜੂਦਾ ਭਿਆਨਕ ਸੰਕਟ ਦੇ ਮੂੰਹ ਧੱਕਣ ਵਾਲੇ, ਖ਼ਰੀਆਂ ਮਾਨਵਤਾਵਾਦੀ ਕਦਰਾਂ-ਕੀਮਤਾਂ ਦੇ ਜੜ੍ਹੀਂ ਤੇਲ ਦੇ ਕੇ ਨਿੱਘਰੇ ਹੋਏ ਕੁਲੀਨਵਰਗੀ ਕਦਰਾਂ-ਕੀਮਤਾਂ ਦਾ ਵਧਾਰਾ-ਪਸਾਰਾ ਕਰਨ ਵਾਲੇ, ਪੰਜਾਬੀ ਜਵਾਨੀ ਨੂੰ ਸੰਕੀਰਣ ਟਕਰਾਵਾਂ ਅਤੇ ਪੁਲਿਸ ਮੁਕਾਬਲਿਆਂ ਵਿਚ ਮਾਰਨ-ਮਰਵਾਉਣ ਵਾਲੇ ਹੁਕਮਰਾਨ- ਕਾਂਗਰਸੀ, ਅਕਾਲੀ ਅਤੇ ਹੋਰ- ਮੁੱਖ ਤੌਰ ’ਤੇ ਪੰਜਾਬੀ ਹਨ। ਆਏ ਦਿਨ ਚੋਰੀਆਂ, ਲੁੱਟਾਂ-ਖੋਹਾਂ, ਛੋਟੇ ਬੱਚੇ-ਬੱਚੀਆਂ ਦੇ ਅਗਵਾ, ਔਰਤਾਂ ਨਾਲ ਬਲਾਤਕਾਰ ਅਤੇ ਜਿਨਸੀ ਛੇੜਛਾੜ, ਜਾਤ-ਪਾਤੀ ਜਬਰ, ਚਿੱਟੇ ਤੇ ਹੋਰ ਨਸ਼ਿਆਂ ਰਾਹੀਂ ਜਵਾਨੀ ਨੂੰ ਤਬਾਹ ਕਰਨ ਦਾ ਵਰਤਾਰਾ ਆਦਿ ਕਿੰਨੇ ਤਰ੍ਹਾਂ ਦੇ ਭਿਆਨਕ ਜੁਰਮ ਕਰਨ ਵਾਲੇ ਮੁੱਖ ਤੌਰ ‘ਤੇ ‘ਪੰਜਾਬੀ’ ਹਨ ਅਤੇ ਕੁਝ ਪਰਵਾਸੀ ਵੀ ਇਨ੍ਹਾਂ ਜੁਰਮਾਂ ਵਿਚ ਸ਼ਾਮਲ ਹੁੰਦੇ ਹਨ। ਜੇਲ੍ਹਾਂ ਦੇ ਅੰਕੜੇ ਇਸਦੀ ਗਵਾਹੀ ਦਿੰਦੇ ਹਨ। ਪੰਜਾਬ ਦੀ ਬਰਬਾਦੀ ਦੇ ਅਸਲ ਮੁਜਰਮ ਹੁਕਮਰਾਨ ਹਨ, ਜਿਨ੍ਹਾਂ ਵਿਰੁੱਧ ‘ਭਈਏ ਭਜਾਓ’ ਦੇ ਹਮਾਇਤੀ ਮੁਹਿੰਮਾਂ ਨਹੀਂ ਚਲਾਉਂਦੇ। ਪਰਵਾਸੀਆਂ ਨੂੰ ਭਜਾਉਣ ਦੇ ਸੱਦੇ ਦੇਣ ਵਾਲੇ ਕਦੇ ਪੰਜਾਬ ਵਿਚੋਂ ਹੋ ਰਹੇ ਪਰਵਾਸ ਦੇ ਕਾਰਨਾਂ ਨੂੰ ਦੂਰ ਕਰਨ ਲਈ ਅਤੇ ਪੰਜਾਬ ਨੂੰ ਬਰਬਾਦ ਕਰਨ ਵਾਲੀਆਂ ਹਾਕਮ ਜਮਾਤੀ ਤਾਕਤਾਂ ਵਿਰੁੱਧ ਅੰਦੋਲਨ ਨਹੀਂ ਕਰਦੇ, ਨਾ ਹੀ ਕਰਨਗੇ, ਜਿਨ੍ਹਾਂ ਦੀਆਂ ਨੀਤੀਆਂ ਕਾਰਨ ਪੰਜਾਬ ਵਿਚ ਘਰਾਂ ਨੂੰ ਜਿੰਦਰੇ ਲੱਗ ਰਹੇ ਹਨ ਅਤੇ ਬਦੇਸ਼ਾਂ ਨੂੰ ਪਰਵਾਸ ਹੋ ਰਿਹਾ ਹੈ। ਜਿਨ੍ਹਾਂ ਨੂੰ ਆਪਣੇ ਹੀ ਮੁਲਕ ਵਿਚ ਬਿਹਾਰ ਯੂਪੀ ਵਗੈਰਾ ਤੋਂ ਪਰਵਾਸੀਆਂ ਦੇ ਪੰਜਾਬ ਆਉਣ ‘ਤੇ ਇਤਰਾਜ਼ ਹੈ, ਉਹ ਡੰਕੀਆਂ ਅਤੇ ਹੋਰ ਨਜਾਇਜ਼ ਤਰੀਕਿਆਂ ਨਾਲ ਵਿਦੇਸ਼ਾਂ ਵਿਚ ਜਾ ਕੇ ਵਸਣ ਅਤੇ ਪੀ ਆਰ ਲੈਣ ਨੂੰ ਸਹੀ ਸਮਝਦੇ ਹਨ। ਜਦੋਂ ਟਰੰਪ ਨੇ ਹੱਥਕੜੀਆਂ-ਬੇੜੀਆਂ ਵਿਚ ਗ਼ੁਲਾਮਾਂ ਵਾਂਗ ਜਕੜ ਕੇ, ਸਾਰੇ ਮਨੁੱਖੀ ਮੁੱਲਾਂ ਨੂੰ ਦਰਕਿਨਾਰ ਕਰਕੇ ਅਤੇ ਬੁਰੀ ਤਰ੍ਹਾਂ ਜ਼ਲੀਲ ਕਰਕੇ ਕਥਿਤ ਗ਼ੈਰਕਾਨੂੰਨੀ ਪਰਵਾਸੀ ਪੰਜਾਬ ਭੇਜੇ, ਉਦੋਂ ਇਹ ਚੁੱਪ ਰਹੇ। ਕਿਉਂਕਿ ਮਾਪਦੰਡ ਦੋਗਲੇ ਹਨ।
‘ਭਈਏ ਭਜਾਓ’ ਮੁਹਿੰਮ ਚਲਾਉਣ ਵਾਲੇ ਕੌਣ ਹਨ? ਇਸ ਕੈਂਪ ਵਿਚ ਮੁੱਖ ਤੌਰ ’ਤੇ ਫਿਰਕੂ ਸੋਚ ਵਾਲੇ ਕੱਟੜਪੰਥੀ ਹਨ, ਜਿਨ੍ਹਾਂ ਦਾ ‘ਸਰਬਤ ਦੇ ਭਲੇ’ ਦੀ ਗੁਰਮਤਿ ਵਿਚਾਰਧਾਰਾ ਦੇ ਸਾਰ-ਤੱਤ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਇਨ੍ਹਾਂ ਨੂੰ ਸਿਰਫ਼ ਪਛਾਣਾਂ ਦੀ ‘ਚਿੰਤਾ’ ਹੈ। ਇਨ੍ਹਾਂ ਦਾ ਮਨੋਰਥ ਸਿਰਫ਼ ਹਿੰਦੂ ਬਨਾਮ ਸਿੱਖ, ਸਿੱਖ ਬਨਾਮ ਕਾਮਰੇਡ, ਭਈਆ ਬਨਾਮ ਪੰਜਾਬੀ ਦੇ ਮੁੱਦੇ ਖੜ੍ਹੇ ਕਰਨਾ ਹੈ। ਇਨ੍ਹਾਂ ਵਿਚ ਲੱਖੇ ਸਿਧਾਣੇ ਵਰਗੇ ਸਾਬਕਾ ਗੈਂਗਸਟਰ ਹਨ, ਜਿਨ੍ਹਾਂ ਨੂੰ ਚਰਚਾ ਵਿਚ ਰਹਿਣ ਲਈ ਮੁੱਦੇ ਚਾਹੀਦੇ ਹਨ; ਇਨ੍ਹਾਂ ਵਿਚ ਯੂਟਿਊਬਰ ਤੇ ਸੋਸ਼ਲ ਮੀਡੀਆ ‘ਵਿਦਵਾਨ’ ਹਨ ਜੋ ਇਸ ਤਲਾਸ਼ ’ਚ ਬੈਠੇ ਰਹਿੰਦੇ ਹਨ, ਕਿ ਕੁਝ ਅਜਿਹਾ ਵਾਪਰੇ ਜਿਸ ਨਾਲ ਉਨ੍ਹਾਂ ਨੂੰ ਖੱਬੇਪੱਖੀ ਮਜ਼ਦੂਰ-ਕਿਸਾਨ ਜਥੇਬੰਦੀਆਂ ਨੂੰ ਪੰਜਾਬ ਦੇ ਗ਼ੱਦਾਰ ਕਹਿ ਕੇ ਭੰਡਣ ਅਤੇ ਆਪਣੇ ਫਿਰਕੂ ਬਿਰਤਾਂਤ ਨੂੰ ਮੁੜ-ਸੁਰਜੀਤ ਕਰਨ ਦਾ ਮੌਕਾ ਮਿਲੇ ਅਤੇ ਉਹ ਆਪਣੀ ‘ਵਿਦਵਤਾ’ ਦਿਖਾ ਕੇ ਖੱਬੇਪੱਖੀਆਂ ਨੂੰ ਬੌਧਿਕ ਕੰਗਾਲੀ ਦੇ ਸਰਟੀਫੀਕੇਟ ਵੰਡ ਸਕਣ।
ਕੀ ਕਦੇ ਇਨ੍ਹਾਂ ਨੂੰ ਪੰਜਾਬ ਦੇ ਲੋਕਾਂ ਦੇ ਹਕੀਕੀ ਮੁੱਦਿਆਂ ਉੱਪਰ ਕੋਈ ਸੰਜੀਦਾ ਸੰਘਰਸ਼ ਕਰਦੇ ਦੇਖਿਆ ਹੈ? ਨਿਆਰੀ ਪਛਾਣ ਸਿਰਫ਼ ਬੋਲੀ, ਪਹਿਰਾਵਾ ਅਤੇ ਧਾਰਮਿਕ ਚਿੰਨ੍ਹਾਂ ਤੱਕ ਮਹਿਦੂਦ ਨਹੀਂ ਹੈ, ਸਗੋਂ ਹਰ ਅਨਿਆਂ ਤੇ ਧੱਕੇ ਵਿਰੁੱਧ ਅੜਨ-ਲੜਨ ਦੀਆਂ ਮਾਨਵਤਾਵਾਦੀ ਕਦਰਾਂ-ਕੀਮਤਾਂ ਵਾਲਾ ਪੰਜਾਬ ਦਾ ਵਿਰਸਾ ਹੈ। ਇਸ ਦੀ ਰਾਖੀ ਲਈ ਸੰਘਰਸ਼ ਉੱਪਰ ਫੋਕਸ ਕਿਉਂ ਨਹੀਂ? ਸਾਡੇ ਲੋਕਾਂ ਨੂੰ ਕੁਝ ਮੁਜਰਿਮ ਬਿਰਤੀ ਵਾਲੇ ਵਿਅਕਤੀਆਂ ਦੇ ਨਾਂ ‘ਤੇ ਸਮੁੱਚੇ ਪਰਵਾਸੀ ਭਾਈਚਾਰੇ ਵਿਰੁੱਧ ਨਫ਼ਰਤ ਫੈਲਾਉਣ ਵਾਲਿਆਂ ਦੀ ਮਨਸ਼ਾ ਨੂੰ ਪਛਾਨਣਾ ਚਾਹੀਦਾ ਹੈ ਅਤੇ ਧੌਂਸਬਾਜ਼ ਕਾਰਵਾਈਆਂ ਦਾ ਡੱਟ ਕੇ ਵਿਰੋਧ ਕਰਨਾ ਚਾਹੀਦਾ ਹੈ।
ਜੇ ‘ਭਈਏ ਭਜਾਓ’ ਦੇ ਸੱਦੇ ਦੇਣ ਵਾਲੇ ਸ਼ਖ਼ਸ, ਅਜਿਹੇ ਮਤੇ ਪਾਉਣ ਵਾਲੀਆਂ ਪੰਚਾਇਤਾਂ ਅਤੇ ਹੋਰ ਘੜੰਮ ਚੌਧਰੀ ਸੱਚਮੁੱਚ ਪੰਜਾਬ ਨੂੰ ਬਚਾਉਣ ਲਈ ਗੰਭੀਰ ਹਨ ਤਾਂ ਉਨ੍ਹਾਂ ਨੂੰ ਪੰਜਾਬ ਦੀ ਬਰਬਾਦੀ ਦੇ ਕਾਰਨਾਂ ਬਾਰੇ ਸਮੁੱਚਤਾ ’ਚ ਸੰਵਾਦ ਰਚਾਉਣਾ ਚਾਹੀਦਾ ਹੈ ਅਤੇ ਪਰਵਾਸ ਦਾ ਕੋਈ ਠੋਸ ਹੱਲ ਪੇਸ਼ ਕਰਨਾ ਚਾਹੀਦਾ ਹੈ। ਪਰਵਾਸੀਆਂ ਨੂੰ ਕੱਢਣ ਦੀ ਮੁਹਿੰਮ ਚਲਾਉਣ ਅਤੇ ਉਨ੍ਹਾਂ ਵਿਰੁੱਧ ਮਤੇ ਪਵਾਉਣ ਦੀ ਬਜਾਏ ਉਨ੍ਹਾਂ ਨੂੰ ਹਕੂਮਤ ਦੀਆਂ ਨੀਤੀਆਂ ਵਿਰੁੱਧ ਅੰਦੋਲਨ ਵਿੱਢਣਾ ਚਾਹੀਦਾ ਹੈ। ਉਨ੍ਹਾਂ ਕਾਰਨਾਂ ਨੂੰ ਦੂਰ ਕਰਨ ਲਈ ਲੜਨਾ ਚਾਹੀਦਾ ਹੈ ਜਿਨ੍ਹਾਂ ਕਾਰਨ ਪੰਜਾਬ ਵਿੱਚੋਂ ਬਦੇਸ਼ਾਂ ਨੂੰ ਪਰਵਾਸ ਹੋ ਰਿਹਾ ਹੈ।
…
…
