ਦੱਖਣੀ ਕੋਰੀਆ ਨੂੰ 4-1 ਨਾਲ ਹਰਾ ਕੇ ਭਾਰਤ ਬਣਿਆ ਏਸ਼ੀਆ ਦਾ ਸਰਤਾਜ

ਰਾਜਗੀਰ:ਭਾਰਤੀ ਟੀਮ ਨੇ ਐਤਵਾਰ ਨੂੰ ਏਸ਼ੀਆ ਕੱਪ ਹਾਕੀ ਦੇ ਫਾਈਨਲ ਵਿਚ ਪੰਜ ਵਾਰ ਦੀ ਚੈਂਪੀਅਨ ਦੱਖਣੀ ਕੋਰੀਆ ਨੂੰ 4-1 ਨਾਲ ਹਰਾ ਕੇ ਖ਼ਿਤਾਬ ‘ਤੇ ਕਬਜ਼ਾ ਕਰ ਲਿਆ। ਭਾਰਤੀ ਟੀਮ ਨੇ ਕੁੱਲ ਚੌਥੀ ਵਾਰੀ ਇਹ ਟਰਾਫੀ ਆਪਣੇ ਨਾਂ ਕੀਤੀ ਅਤੇ ਨਾਲ ਹੀ ਅਗਲੇ ਸਾਲ ਅਗਸਤ ਵਿਚ ਬੈਲਜੀਅਮ ਤੇ ਨੀਦਰਲੈਂਡਸ ਵਿਚ ਹੋਣ ਵਾਲੇ ਵਿਸ਼ਵ ਕੱਪ ਲਈ ਵੀ ਕੁਆਲੀਫਾਈ ਕਰ ਲਿਆ।

ਆਖ਼ਰੀ ਵਾਰੀ ਭਾਰਤ ਨੇ 2017 ਵਿਚ ਮਲੇਸ਼ੀਆ ਨੂੰ ਹਰਾ ਕੇ ਖ਼ਿਤਾਬ ਜਿੱਤਿਆ ਸੀ। ਬਿਹਾਰ ਦੇ ਰਾਜਗੀਰ ਖੇਲ ਕੰਪਲੈਕਸ ਵਿਚ ਖੇਡੇ ਗਏ ਫਾਈਨਲ ਵਿਚ ਹਰਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਭਾਰਤੀ ਟੀਮ ਚੈਂਪੀਅਨ ਵਾਂਗ ਖੇਡੀ ਅਤੇ ਮੁਕਾਬਲੇ ‘ਚ ਦਿਲਪ੍ਰੀਤ ਸਿੰਘ (28ਵੇਂ ਤੇ 45ਵੇਂ ਮਿੰਟ) ਨੇ ਦੋ ਗੋਲ ਕੀਤੇ, ਜਦਕਿ ਸੁਖਜੀਤ ਸਿੰਘ (ਪਹਿਲੇ ਮਿੰਟ) ਅਤੇ ਅਮਿਤ ਰੋਹਿਦਾਸ (50ਵੇਂ ਮਿੰਟ) ਨੇ ਵੀ ਭਾਰਤ ਲਈ ਗੋਲ ਕੀਤੇ।
ਦੱਖਣੀ ਕੋਰੀਆ ਲਈ ਇੱਕੋ-ਇਕ ਗੋਲ ਡੈਨ ਸੋਨ (51ਵੇਂ ਮਿੰਟ) ਨੇ ਕੀਤਾ। 15-0 ਨਾਲ ਕਜ਼ਾਕਿਸਤਾਨ ਨੂੰ ਹਰਾ ਕੇ ਭਾਰਤ ਨੇ ਟੂਰਨਾਮੈਂਟ ‘ਚ ਸਭ ਤੋਂ ਵੱਡੀ ਜਿੱਤ ਦਰਜ ਕੀਤੀ ਸੀ।
ਮੁੱਖ ਕੋਚ ਕ੍ਰੇਗ ਫੁਲਟੋਨ ਨੇ ਐਤਵਾਰ ਨੂੰ ਏਸ਼ੀਆ ਕੱਪ ਜਿੱਤਣ ਤੋਂ ਬਾਅਦ ਭਾਰਤੀ ਹਾਕੀ ਟੀਮ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੁੰਡਿਆਂ ਨੇ ਏਸ਼ੀਆ ‘ਚ ਚੈਂਪੀਅਨ ਬਣ ਕੇ ਉਨ੍ਹਾਂ ਦੀ ਇੱਛਾ ਪੂਰੀ ਕੀਤੀ ਹੈ। ਟੀਮ ਦਾ ਪ੍ਰਦਰਸ਼ਨ ਚੰਗਾ ਰਿਹਾ। ਜੇਕਰ ਤੁਸੀਂ 10 ‘ਚੋਂ ਸੱਤ ਮੈਚ ਖੇਡਦੇ ਹੋ ਤਾਂ ਇਸ ਤਰ੍ਹਾਂ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ। ਮੈਨੂੰ ਲੱਗਦਾ ਹੈ ਕਿ ਅਸੀਂ ਇੱਥੇ ਮੌਜੂਦ ਸਾਰੀਆਂ ਟੀਮਾਂ ਨਾਲੋਂ ਸਰੀਰਕ ਤੌਰ ‘ਤੇ ਵੱਧ ਮਜ਼ ਬੂਤ ਸੀ। ਅਸੀਂ ਚੰਗੀ ਤਿਆਰੀ ਕੀਤੀ, ਚੰਗਾ ਪ੍ਰਦਰਸ਼ਨ ਕੀਤਾ। ਹੁਣ ਅਸੀਂ ਸੁਲਤਾਨ ਅਜਲਾਨ ਸ਼ਾਹ ਕੱਪ, ਦੱਖਣੀ ਅਫ਼ਰੀਕਾ ਦਾ ਦੌਰਾ, ਹਾਕੀ ਇੰਡੀਆ ਲੀਗ ਅਤੇ ਪਰੋ ਲੀਗ ਖੇਡਣੀ ਹੈ। ਅਗਲੇ 12-14 ਮਹੀਨਿਆਂ ਦੌਰਾਨ ਸਾਨੂੰ ਦੇਖਣਾ ਪਵੇਗਾ ਅਸੀਂ ਕਿੱਥੇ ਖੜ੍ਹੇ ਹਾਂ।