ਲਹਿੰਦੇ ਪੰਜਾਬ `ਚ ਹੜ੍ਹਾਂ ਨਾਲ 4300 ਪਿੰਡਾਂ ਦੇ 42 ਲੱਖ ਲੋਕ ਪ੍ਰਭਾਵਿਤ

ਅੰਮ੍ਰਿਤਸਰ:ਲਹਿੰਦੇ ਪੰਜਾਬ ‘ਚ ਹੜ੍ਹਾਂ ਨਾਲ ਹੁਣ ਤੱਕ 4,300 ਤੋਂ ਵੱਧ ਪਿੰਡ ਤੇ ਲਗਭਗ 42 ਲੱਖ ਲੋਕ ਪ੍ਰਭਾਵਿਤ ਹੋਏ ਹਨ। ਹੜ੍ਹਾਂ ਦੌਰਾਨ ਡੁੱਬਣ ਦੀਆਂ ਘਟਨਾਵਾਂ ‘ਚ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਵੀ ਜਾ ਚੁੱਕੀਆਂ ਹਨ। ਪਾਕਿਸਤਾਨ ਦੀ ਨੈਸ਼ਨਲ ਆਫ਼ਤ ਪ੍ਰਬੰਧਨ ਅਥਾਰਿਟੀ (ਐੱਨ. ਡੀ. ਐੱਮ. ਏ.) ਵਲੋਂ ਜਾਰੀ ਬਿਆਨ ਅਨੁਸਾਰ ਸਿੰਧੂ ਜਲ ਸੰਧੀ ਰੱਦ ਕੀਤੇ ਜਾਣ ਦੇ ਬਾਵਜੂਦ ਭਾਰਤ ਵਲੋਂ ਲਗਭਗ ਰੋਜ਼ਾਨਾ ਇਸਲਾਮਾਬਾਦ ਸਥਿਤ ਭਾਰਤੀ ਸਫ਼ਾਰਤਖ਼ਾਨੇ ਰਾਹੀਂ ਪਾਕਿ ਨੂੰ ਹੜ੍ਹ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।

ਐੱਨ. ਡੀ. ਐੱਮ. ਏ. ਨੇ ਪੁਸ਼ਟੀ ਕੀਤੀ ਕਿ ਭਾਰਤ ਵਲੋਂ ਅੱਜ ਇਕ ਵਾਰ ਫਿਰ ਦਿੱਤੀ ਗਈ ਚਿਤਾਵਨੀ ਮੁਤਾਬਕ ਸਤਲੁਜ ਦਰਿਆ ‘ਚ ਪਾਣੀ ਦਾ ਵਹਾਅ ਹੋਰ ਵਧੇਗਾ। ਲਹਿੰਦੇ ਪੰਜਾਬ ਦੇ ਰਾਹਤ ਕਮਿਸ਼ਨਰ ਨਬੀਲ ਜਾਵੇਦ ਨੇ ਕਿਹਾ ਕਿ ਸੂਬੇ ਦੇ ਲਗਭਗ 21 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ। ਪਾਣੀ ਭੰਡਾਰਨ ਦੀ ਸਥਿਤੀ ਬਾਰੇ ਉਨ੍ਹਾਂ ਨੇ ਕਿਹਾ ਕਿ ਮੰਗਲਾ ਡੈਮ ਆਪਣੀ ਸਮਰਥਾ ਦੇ 88 ਫ਼ੀਸਦੀ ਤੱਕ ਭਰ ਗਿਆ ਹੈ, ਜਦੋਂ ਕਿ ਤਰਬੇਲਾ ਡੈਮ 100 ਫ਼ੀਸਦੀ ਸਮਰੱਥਾ ਤੱਕ ਪਹੁੰਚ ਗਿਆ ਹੈ। ਚਨਾਬ ਨਦੀ ‘ਚ ਹੈੱਡ ਮਰਾਲਾ ਵਿਖੇ ਪਾਣੀ ਦਾ ਵਹਾਅ 84,000 ਕਿਊਸਿਕ ਤੱਕ ਪਹੁੰਚ ਗਿਆ ਹੈ, ਜਦੋਂ ਕਿ ਹੈੱਡ ਖਾਂਕੀ ਤੇ ਕਾਦਿਰਾਬਾਦ ਵਿਖੇ ਵਹਾਅ 145,000 ਕਿਊਸਿਕ ਹੈ। ਚਿਨਿਓਟ ਵਿਖੇ ਲਗਭਗ 95,000 ਕਿਊਸਿਕ ਪਾਣੀ ਲੰਘ ਰਿਹਾ ਹੈ, ਜਦੋਂ ਕਿ ਹੈੱਡ ਤ੍ਰਿਮੂ ਵਿਖੇ ਵਹਾਅ 543,000 ਕਿਊਸਿਕ ਤੱਕ ਸਤਲੁਜ ਦਰਿਆ ਦਾ ਇਕ ਪਿੰਡ।ਵਧ ਗਿਆ ਹੈ, ਜੋ ਕਿ ਬਹੁਤ ਜ਼ਿਆਦਾ ਹੜ੍ਹ ਦਾ ਪੱਧਰ ਹੈ। ਦਰਿਆ ਰਾਵੀ ‘ਚ ਜੱਸਰ ਵਿਖੇ ਪਾਣੀ ਦਾ ਵਹਾਅ 45,000 ਕਿਊਸਿਕ ਹੈ, ਜਦੋਂ ਕਿ ਸ਼ਾਹਦਰਾ ਵਿਖੇ ਇਹ ਵਧ ਕੇ 90,000 ਕਿਊਸਿਕ ਹੋ ਗਿਆ ਹੈ। ਹੈੱਡ ਬੱਲੋਕੀ ਵਿਖੇ ਵਹਾਅ 139,000 ਕਿਊਸਿਕ ਦੱਸਿਆ ਗਿਆ ਹੈ ਅਤੇ ਹੈੱਡ ਸਿਧਨਈ ਵਿਖੇ ਇਹ 123,000 ਕਿਊਸਿਕ ਹੈ। ਸ਼ਾਹਦਰਾ ਇਸ ਸਮੇਂ ਉੱਚ ਹੜ੍ਹ ਦੀ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ, ਜਦੋਂ ਕਿ ਬੱਲੋਕੀ ਅਤੇ ਸਿਧਨਈ ਬਹੁਤ ਉੱਚ ਹੜ੍ਹ ਦੇ ਪੱਧਰ ਦਾ ਸਾਹਮਣਾ ਕਰ ਰਹੇ ਹਨ। ਹੜ੍ਹ ਪੂਰਵ ਅਨੁਮਾਨ ਵਿਭਾਗ ਦੇ ਅਨੁਸਾਰ ਹੈੱਡ ਪੰਜਨਦ ਵਿਖੇ ਸਥਿਤੀ ਸਭ ਤੋਂ ਵੱਧ ਨਾਜ਼ੁਕ ਬਣੀ ਹੋਈ ਹੈ, ਜਿੱਥੇ ਪਾਣੀ ਦਾ ਵਹਾਅ 564,000 ਕਿਊਸਿਕ ਤੱਕ ਵੱਧ ਗਿਆ ਹੈ।