ਹਿੰਸਕ ਪ੍ਰਦਰਸ਼ਨ ਅਤੇ ਅੱਗਜ਼ਨੀ ਤੋਂ ਬਾਅਦ ਨੇਪਾਲ ਵਿਚ ‘ਰਾਜਪਲਟਾ’

ਕਠਮੰਡੂ:ਦੋ ਦਿਨ ਲਗਾਤਾਰ ਚੱਲੀਆਂ ਹਿੰਸਕ ਘਟਨਾਵਾਂ, ਪ੍ਰਦਰਸ਼ਨਾਂ ਅਤੇ ਅੱਗਜ਼ਨੀ ਦੀਆਂ ਵਾਰਦਾਤਾਂ ਤੋਂ ਬਾਅਦ ਨੇਪਾਲ ਦੇ ਪ੍ਰਧਾਨ ਮੰਤਰੀ ਓਪੀ ਸ਼ਰਮਾ ਓਲੀ ਅਤੇ ਰਾਸ਼ਟਰਪਤੀ ਰਾਮ ਚੰਦਰ ਪਾਂਡੇਲ ਸਮੇਤ ਸਮੁੱਚੀ ਕੈਬਨਿਟ ਵੱਲੋਂ ਦਿੱਤੇ ਗਏ ਅਸਤੀਫਿਆਂ ਨਾਲ ਨੇਪਾਲ ਵਿੱਚ “ਰਾਜਪਲਟਾ“ ਹੋ ਗਿਆ ਹੈ।

ਇਸ ਤੋਂ ਪਹਿਲਾਂ ਲਗਾਤਾਰ ਹਿੰਸਕ ਵਾਰਦਾਤਾਂ ਵਿੱਚ ਉਥੋਂ ਦੇ ਨੌਜਵਾਨਾਂ ਨੇ ਸੁਪਰੀਮ ਕੋਰਟ, ਰਾਸ਼ਟਰਪਤੀ ਭਵਨ, ਪਾਰਲੀਮੈਂਟ ਹਾਊਸ, ਅਤੇ ਰਾਸ਼ਟਰਪਤੀ,ਪ੍ਰਧਾਨ ਮੰਤਰੀ,ਸਾਬਕ ਪ੍ਰਧਾਨ ਮੰਤਰੀ,ਅਤੇ ਮੰਤਰੀ ਮੰਡਲ ਦੇ ਹੋਰ ਮੈਂਬਰਾਂ ਦੇ ਘਰਾਂ ਸਮੇਤ ਬਹੁਤ ਸਾਰੀਆਂ ਇਮਾਰਤਾਂ ਅਤੇ ਵਾਹਨਾਂ ਨੂੰ ਅੱਗ ਦੇ ਭੇਟ ਕਰ ਦਿੱਤਾ। ਦਿਨ ਚੜਦਿਆਂ ਹੀ ਪਹਿਲਾਂ ਇਕ ਇਕ ਕਰਕੇ ਸਾਰੇ ਮੰਤਰੀਆਂ ਨੇ ਅਸਤੀਫੇ ਦਿੱਤੇ ਫਿਰ ਪ੍ਰਧਾਨ ਮੰਤਰੀ ਓਲੀ ਨੂੰ ਅਤੇ ਉਸ ਤੋਂ ਤੁਰੰਤ ਬਾਅਦ ਰਾਸ਼ਟਰਪਤੀ ਨੂੰ ਵੀ ਅਸਤੀਫਾ ਦੇਣਾ ਪਿਆ।
ਤਾਜ਼ਾ ਖਬਰਾਂ ਅਨੁਸਾਰ ਸੈਨਾ ਵੱਲੋਂ ਅਪੀਲ ਕੀਤੀ ਗਈ ਹੈ ਕਿ ਨੌਜਵਾਨ ਸ਼ਾਂਤੀ ਸਥਾਪਿਤ ਕਰਨ। ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਕਾਠਮੰਡੂ ਦੇ ਮੇਅਰ ਬਾਲੇਨ ਸ਼ਾਹ ਜੋ ਬਲੈਂਦਰ ਦੇ ਨਾਮ ਨਾਲ ਵੀ ਮਸ਼ਹੂਰ ਹਨ ਨੂੰ ਅੰਤਰਿਮ ਪ੍ਰਧਾਨ ਮੰਤਰੀ ਬਣਾਇਆ ਜਾਵੇ। ਬਲੇਨ ਸ਼ਾਹ ਇੱਕ ਰੈਪਰ ਹੈ ਅਤੇ ਉਸਨੂੰ ਸ਼ਾਹੀ ਘਰਾਣੇ ਦੀ ਮਸ਼ਹੂਰ ਫਿਲਮ ਅਦਾਕਾਰਾ ਮਨੀਸ਼ਾ ਕੋਇਰਾਲਾ ਦਾ ਸਮਰਥਨ ਵੀ ਪ੍ਰਾਪਤ ਹੈ। ਇਹਨਾਂ ਦੋ ਦਿਨਾਂ ਵਿੱਚ ਹੀ ਲਗਾਤਾਰ ਹਿੰਸਕ ਪ੍ਰਦਰਸ਼ਨ ਹੋਏ। ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੂੰ ਫੌਜ ਦੇ ਮੁਖੀ ਜਨਰਲ ਅਸ਼ੋਕ ਰਾਜ ਸਿਗਡੇਲ ਨੇ ਕੁਰਸੀ ਛੱਡਣ ਦੀ ਸਲਾਹ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ ਅਸਤੀਫੇ ਤੋਂ ਬਾਅਦ ਹੀ ਸਥਿਤੀ ਵਿੱਚ ਸੁਧਾਰ ਹੋਵੇਗਾ। ਨੇਪਾਲ ਵਿੱਚ ਸੋਸ਼ਲ ਮੀਡੀਆ ਐਪਸ ‘ਤੇ ਪਾਬੰਦੀ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ ਸਵੇਰੇ ਰਾਸ਼ਟਰਪਤੀ ਦੇ ਨਿੱਜੀ ਘਰ ਨੂੰ ਅੱਗ ਲਗਾ ਦਿੱਤੀ ਸੀ। ਦੇਸ਼ ਵਿੱਚ ਵਿਗੜਦੇ ਹਾਲਾਤ ਦੇ ਵਿਚਕਾਰ ਰਾਸ਼ਟਰਪਤੀ ਰਾਮਚੰਦਰ ਪੌਡੇਲ ਨੇ ਪ੍ਰਧਾਨ ਮੰਤਰੀ ਓਲੀ ਦਾ ਅਸਤੀਫਾ ਸਵੀਕਾਰ ਕਰ ਲਿਆ ਹੈ। ਪਰ ਬਾਅਦ ਵਿੱਚ ਖੁਦ ਵੀ ਅਸਤੀਫਾ ਦੇ ਦਿੱਤਾ। ਓਲੀ ਇਸ ਸਮੇਂ ਸੁਰੱਖਿਆ ਲਈ ਨੇਪਾਲੀ ਫੌਜ ਦੇ ਨਾਲ ਦੱਸੇ ਜਾਂਦੇ ਹਨ ਪਰ ਖਬਰਾਂ ਇਹ ਵੀ ਹਨ ਕਿ ਉਹ ਦੇਸ਼ ਛਡ ਕੇ ਡੁਬਈ ਚਲੇ ਗਏ ਹਨ ਜਿਥੋਂ ਉਹ ਚੀਨ ਜਾਣਗੇ।
ਇੰਟਰਨੈੱਟ ਮੀਡੀਆ ਪਲੇਟਫਾਰਮਾਂ ਦੇ ਵਿਰੁੱਧ ਨਹੀਂ: ਓਲੀ
ਇਸ ਤੋਂ ਪਹਿਲਾਂ ਕੇਪੀ ਸ਼ਰਮਾ ਓਲੀ ਨੇ ਕਿਹਾ ਕਿ ਮੈਨੂੰ ਜੈੱਨ-ਜ਼ੀ ਦੀ ਬਗ਼ਾਵਤ ਦੀ ਯੋਜਨਾ ਦੇ ਸੰਬੰਧ ‘ਚ ਪਤਾ ਲੱਗਾ ਹੈ। ਅਸੀਂ ਪਲੇਟਫਾਰਮਾਂ ਜਾਂ ਇੰਟਰਨੈੱਟ ਮੀਡੀਆ ਦੇ ਵਿਰੁੱਧ ਨਹੀਂ ਹਾਂ, ਬਲਕਿ ਅਸੀਂ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣਾ ਚਾਹੁੰਦੇ ਹਾਂ।
ਪ੍ਰਦਰਸ਼ਨ ਹਿੰਸਾ ਵਿਚ
ਕਿਵੇਂ ਬਦਲਿਆ?
ਓਲੀ ਸਰਕਾਰ ‘ਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਆਪਣੇ ਵਾਅਦੇ ਨੂੰ ਪੂਰਾ ਨਾ ਕਰਨ ਦਾ ਦੋਸ਼ ਲਗਾਇਆ ਗਿਆ। ਨੌਜਵਾਨ ਬੇਰੁਜ਼ਗਾਰੀ, ਆਰਥਿਕ ਮੰਦੀ ਅਤੇ ਭ੍ਰਿਸ਼ਟਾਚਾਰ ਦੇ ਮੁੱਦਿਆਂ ‘ਤੇ ਸਰਕਾਰ ਨੂੰ ਘੇਰਨਾ ਚਾਹੁੰਦੇ ਸਨ। ਸੋਮਵਾਰ ਨੂੰ ਹਜ਼ਾਰਾਂ ਨੌਜਵਾਨਾਂ ਨੇ ਕਾਠਮੰਡੂ ਵਿੱਚ ਸੰਸਦ ਭਵਨ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਕੀਤਾ। ਉਹ ਸਰਕਾਰ ਤੋਂ ਸੋਸ਼ਲ ਮੀਡੀਆ ‘ਤੇ ਲੱਗੈ ਬੈਨ ਨੂੰ ਹਟਾਉਣ ਦੀ ਮੰਗ ਕਰ ਰਹੇ ਸਨ। ਇਨ੍ਹਾਂ ਵਿੱਚੋਂ ਕੁਝ ਲੋਕ ਸੰਸਦ ਕੰਪਲੈਕਸ ਵਿੱਚ ਦਾਖਲ ਹੋ ਗਏ, ਜਿਸ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਹਿੰਸਕ ਹੋ ਗਿਆ। ਪੁਲਿਸ ਨੇ ਭੀੜ ਨੂੰ ਖਿੰਡਾਉਣ ਲਈ ਵਾਟਰ ਕੈਨਨ, ਅੱਥਰੂ ਗੈਸ ਦੇ ਗੋਲੇ ਅਤੇ ਗੋਲੀਬਾਰੀ ਕੀਤੀ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਨੇਤਾਵਾਂ ਦੇ ਬੱਚੇ ਭ੍ਰਿਸ਼ਟਾਚਾਰ ਰਾਹੀਂ ਕਮਾਏ ਪੈਸੇ ਦਾ ਆਨੰਦ ਮਾਣ ਰਹੇ ਹਨ। ਨੇਪਾਲ ਸਰਕਾਰ ਵੱਲੋਂ ਦੇਸ਼ ‘ਚ ਇੰਟਰਨੈੱਟ ਮੀਡੀਆ ‘ਤੇ ਪਾਬੰਦੀ ਲਗਾਉਣ ਤੇ ਭ੍ਰਿਸ਼ਟਾਚਾਰ ਦੇ ਵਿਰੋਧ ‘ਚ ਹਜ਼ਾਰਾਂ ਨੌਜਵਾਨਾਂ ਨੇ ਕਾਠਮਾਂਡੂ ਤੇ ਹੋਰਨਾਂ ਸ਼ਹਿਰਾਂ ‘ਚ ਸੜਕਾਂ ‘ਤੇ ਉਤਰ ਕੇ ਹਿੰਸਕ ਵਿਰੋਧ ਪ੍ਰਦਰਸ਼ਨ ਕੀਤੇ। ਜੈੱਨ-ਜ਼ੀ ਦੇ ਬੈਨਰ ਹੇਠ ਪ੍ਰਦਰਸ਼ਨਕਾਰੀਆਂ ‘ਚ ਯੂਨੀਫਾਰਮ ‘ਚ ਸਕੂਲੀ ਤੇ ਕਾਲਜ ਦੇ ਵਿਦਿਆਰਥੀ ਸ਼ਾਮਲ ਹਨ। ਸੁਰੱਖਿਆ ਮੁਲਾਜ਼ਮਾਂ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਸੰਘਰਸ਼ ‘ਚ ਘੱਟ ਤੋਂ ਘੱਟ 22 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 250 ਤੋਂ ਵੱਧ ਜ਼ਖ਼ਮੀ ਹੈ।