ਭਾਰੀ ਹੜ੍ਹਾਂ ਦੀ ਲਪੇਟ ਵਿਚ ਪੰਜਾਬ-ਫ਼ੌਜ ਬੁਲਾਉਣੀ ਪਈ

ਚੰਡੀਗੜ੍ਹ/ਅੰਮ੍ਰਿਤਸਰ:ਪੰਜਾਬ ਵਿਚ ਭਾਰੀ ਮੀਂਹ ਪੈਣ, ਪਹਾੜਾਂ ‘ਚ ਲਗਾਤਾਰ ਬੱਦਲ ਫਟਣ ਅਤੇ ਸਾਰੇ ਡੈਮਾਂ ਦੇ ਨੱਕੋ-ਨੱਕ ਭਰਨ ਉਪਰੰਤ ਇਨ੍ਹਾਂ ‘ਚੋਂ ਪਾਣੀ ਛੱਡੇ ਜਾਣ ਨਾਲ ਪੰਜਾਬ ਭਾਰੀ ਹੜ੍ਹਾਂ ਦੀ ਮਾਰ ਹੇਠ ਆ ਗਿਆ ਹੈ।

ਲਗਾਤਾਰ ਇਕ ਹਫ਼ਤੇ ਤੋਂ ਪੰਜਾਬ ਦੇ ਘੱਟੋ-ਘੱਟ ਅੱਠ ਜ਼ਿਲ੍ਹੇ ਭਾਰੀ ਹੜ੍ਹਾਂ ਦੀ ਲਪੇਟ ‘ਚ ਹਨ, ਵੱਖ-ਵੱਖ ਕੇਂਦਰੀ ਏਜੰਸੀਆਂ ਰਾਜ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਪਾਣੀ ਵਿੱਚ ਡੁੱਬੇ ਇਲਾਕਿਆਂ ‘ਚੋਂ ਫਸੇ ਲੋਕਾਂ ਨੂੰ ਕੱਢਣ ਲਈ ਅਣਥੱਕ ਮਿਹਨਤ ਕਰ ਰਹੀਆਂ ਹਨ। ਹੜ੍ਹ ਦੇ ਪਾਣੀ ਦੀ ਮਾਰ ਪੈਣ ਕਾਰਨ ਲੋਕਾਂ ਦੇ ਘਰ ਨੁਕਸਾਨੇ ਗਏ ਹਨ ਅਤੇ ਕਿਸਾਨਾਂ ਦੀ ਇਕ ਲੱਖ ਏਕੜ ਤੋਂ ਵੱਧ ਫ਼ਸਲ ਬਰਬਾਦ ਹੋ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਬੇਨਤੀਆਂ ਤੋਂ ਬਾਅਦ, ਫ਼ੌਜ, ਸੀਮਾ ਸੁਰੱਖਿਆ ਬਲ, ਭਾਰਤੀ ਹਵਾਈ ਸੈਨਾ ਅਤੇ ਰਾਸ਼ਟਰੀ ਆਫ਼ਤ ਬਲ ਨੇ ਸੰਕਟ ਦੀ ਸਥਿਤੀ ‘ਚ ਤੇਜ਼ੀ ਨਾਲ ਕਾਰਵਾਈ ਕੀਤੀ ਹੈ ਅਤੇ ਵੱਡੇ ਪੱਧਰ ‘ਤੇ ਬਚਾਅ ਕਾਰਜ ਚਲਾ ਰਹੇ ਹਨ।
ਉਹ ਰਾਜ ਆਫ਼ਤ ਪ੍ਰਤੀਕਿਰਿਆ ਬਲ, ਪੰਜਾਬ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਸਹਿਯੋਗ ਨਾਲ ਇਹ ਕਾਰਜ ਕਰ ਰਹੇ ਹਨ। ਅਧਿਕਾਰੀਆਂ ਨੇ ਕਿਹਾ ਕਿ ਹੁਣ ਤੱਕ ਬਚਾਏ ਗਏ ਲੋਕਾਂ ‘ਚ ਬਜ਼ੁਰਗ, ਬੱਚੇ ਤੇ ਗਰਭਵਤੀ ਔਰਤਾਂ ਸ਼ਾਮਿਲ ਹਨ। ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਨੇ ਫ਼ੌਜੀ ਜਵਾਨਾਂ ਦੀ ਮਦਦ ਨਾਲ ਰਮਦਾਸ ਖੇਤਰ ਦੇ ਡੁੱਬੇ ਹੋਏ ਪਿੰਡਾਂ ‘ਚ ਫਸੇ ਕਈ ਲੋਕਾਂ, ਜਿਨ੍ਹਾਂ ‘ਚ ਔਰਤਾਂ, ਬੱਚੇ ਅਤੇ ਬਜ਼ੁਰਗ ਸ਼ਾਮਿਲ ਸਨ, ਨੂੰ ਸੁਰੱਖਿਅਤ ਬਚਾਇਆ। ਰਾਵੀ ਦਰਿਆ ਦੇ ਵਧਦੇ ਪਾਣੀ ਨਾਲ ਘਿਰੇ ਖੇਤਰ ‘ਚ ਫਸੇ ਲੋਕਾਂ ਨੂੰ ਬਚਾਉਣ ਲਈ ਐਂਫੀਬੀਅਸ ਆਲ-ਟੇਰੇਨ ਵਾਹਨ (ਏ.ਟੀ.ਓ.ਆਰ.) ਅਤੇ ਕਿਸ਼ਤੀਆਂ ਤਾਇਨਾਤ ਕੀਤੀਆਂ ਗਈਆਂ। ਸਭ ਤੋਂ ਵੱਧ ਹੜ੍ਹਾਂ ਨਾਲ ਪ੍ਰਭਾਵਿਤ ਪਿੰਡ ਜ਼ਿਲ੍ਹਾ ਪਠਾਨਕੋਟ, ਜਲੰਧਰ,ਗੁਰਦਾਸਪੁਰ, ਫ਼ਾਜ਼ਿਲਕਾ, ਕਪੂਰਥਲਾ, ਤਰਨਤਾਰਨ, ਫਿਰੋਜ਼ਪੁਰ, ਹੁਸ਼ਿਆਰਪੁਰ ਅਤੇ ਅੰਮ੍ਰਿਤਸਰ ਜ਼ਿਲ੍ਹੇ ਵਿਚ ਹੋਏ ਹਨ। ਸੰਬੰਧਿਤ ਜ਼ਿਲ੍ਹਾ ਪ੍ਰਸ਼ਾਸਨ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਨੂੰ ਕਿਸ਼ਤੀਆਂ ਦੀ ਵਰਤੋਂ ਕਰਕੇ ਸੁਰੱਖਿਅਤ ਥਾਵਾਂ ‘ਤੇ ਪਹੁੰਚਾ ਰਿਹਾ ਹੈ। ਪੰਜਾਬ ਸਰਕਾਰ ਨੇ ਰਾਹਤ ਕਾਰਜਾਂ ਦੀ ਨਿਗਰਾਨੀ ਕਰਨ ਅਤੇ ਵਸਨੀਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਆਪਣੀ ਪੂਰੀ ਕੈਬਨਿਟ ਨੂੰ ਪ੍ਰਭਾਵਿਤ ਜ਼ਿਲਿ੍ਹਆਂ ‘ਚ ਭੇਜਿਆ ਹੈ।
ਮੁੱਖ ਮੰਤਰੀ, ਮੰਤਰੀ ਤੇ ‘ਆਪ’ ਵਿਧਾਇਕ ਦੇਣਗੇ ਇਕ ਮਹੀਨੇ ਦੀ ਤਨਖ਼ਾਹ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੂਰੀ ਕੈਬਨਿਟ ਅਤੇ ਆਮ ਆਦਮੀ ਪਾਰਟੀ (ਆਪ) ਦੇ ਸਾਰੇ ਵਿਧਾਇਕਾਂ ਨਾਲ ਮਿਲ ਕੇ ਸੂਬੇ ‘ਚ ਹੜ੍ਹ ਰਾਹਤ ਕਾਰਜਾਂ ਲਈ ਆਪਣੀ ਇੱਕ ਮਹੀਨੇ ਦੀ ਤਨਖ਼ਾਹ ਦੇਣ ਦਾ ਫ਼ੈਸਲਾ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੁਦਰਤ ਦੇ ਕਹਿਰ ਕਾਰਨ ਪੰਜਾਬ ਨੂੰ ਕਾਫ਼ੀ ਨੁਕਸਾਨ ਹੋਇਆ ਹੈ ਅਤੇ ਇਹ ਅਜਿਹਾ ਸਮਾਂ ਹੈ, ਜਦੋਂ ਸਾਰੇ ਪੰਜਾਬੀਆਂ ਨੂੰ ਇੱਕ ਦੂਜੇ ਦੀ ਬਾਂਹ ਫੜਨ ਲਈ ਅੱਗੇ ਆਉਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਆਪਣੇ ਮੰਤਰੀਆਂ ਅਤੇ ‘ਆਪ’ ਵਿਧਾਇਕਾਂ ਨਾਲ ਮਿਲ ਕੇ ਹੜ੍ਹਾਂ ਤੋਂ ਪੀੜਤ ਲੋਕਾਂ ਦੀ ਸਹਾਇਤਾ ਲਈ ਇੱਕ ਮਹੀਨੇ ਦੀ ਤਨਖ਼ਾਹ ਦਾ ਯੋਗਦਾਨ ਪਾ ਰਹੇ ਹਨ।