ਨਵੀਂ ਦਿੱਲੀ:ਕਰਨਾਟਕ ਦੇ ਕਾਂਗਰਸੀ ਵਿਧਾਇਕ ਕੇ.ਸੀ. ਵੀਰੇਂਦਰ ‘ਪੱਪੀ’ ਨੂੰ ਸਨਿੱਚਰਵਾਰ ਨੂੰ ਸਿੱਕਮ ਤੋਂ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਗ੍ਰਿਫ਼ਤਾਰ ਕਰ ਲਿਆ। ਵੀਰੇਂਦਰ ਨੂੰ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀ.ਐਮ.ਐਲ.ਏ.) ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ ।
ਉਸ ‘ਤੇ ਗੈਰ-ਕਾਨੂੰਨੀ ਆਨਲਾਈਨ ਅਤੇ ਆਫ਼ਲਾਈਨ ਸੱਟੇਬਾਜ਼ੀ ਦਾ ਦੋਸ਼ ਹੈ।ਈ.ਡੀ. ਨੇ ਸ਼ੁੱਕਰਵਾਰ ਨੂੰ ਵੀਰੇਂਦਰ ਦੇ ਕਈ ਟਿਕਾਣਿਆਂ ‘ਤੇ ਛਾਪਾ ਮਾਰਿਆ । ਛਾਪੇਮਾਰੀ ਦੌਰਾਨ, ਜਾਂਚ ਏਜੰਸੀ ਨੂੰ 12 ਕਰੋੜ ਰੁਪਏ ਦੀ ਨਕਦੀ ਅਤੇ 6 ਕਰੋੜ ਰੁਪਏ ਦੇ ਸੋਨੇ ਦੇ ਗਹਿਣੇ ਮਿਲੇ। ਇਸ ਦੇ ਨਾਲ ਹੀ 1 ਕਰੋੜ ਰੁਪਏ ਦੀ ਵਿਦੇਸ਼ੀ ਕਰੰਸੀ ਵੀ ਬਰਾਮਦ ਕੀਤੀ ਗਈ । ਇਸ ਤੋਂ ਇਲਾਵਾ ਚਾਰ ਵਾਹਨ ਵੀ ਜ਼ਬਤ ਕੀਤੇ ਗਏ ਹਨ । ਕੇ.ਸੀ. ਵੀਰੇਂਦਰ ਕਰਨਾਟਕ ਦੇ ਚਿੱਤਰ ਦੁਰਗਾ ਵਿਧਾਨ ਸਭਾ ਦੇ ਵਿਧਾਇਕ ਹਨ।ਦੱਸਿਆ ਗਿਆ ਹੈ ਕਿ ਵਿਧਾਇਕ ਦੀ ਗੋਆ ਵਿਚ ਕੈਸੀਨੋ ਕਾਰੋਬਾਰ ਵਿੱਚ ਹਿੱਸੇਦਾਰੀ ਹੈ। ਉਹ ਪੰਜ ਕੈਸੀਨੋ ਦੇ ਮਾਲਕ ਹਨ, ਜਿਸ ਵਿਚ ਮਸ਼ਹੂਰ ਪਪੀਜ਼ ਕੈਸੀਨੋ ਵੀ ਸ਼ਾਮਲ ਹੈ।
ਏਜੰਸੀ ਨੇ ਸਨਿੱਚਰਵਾਰ ਨੂੰ 31 ਥਾਵਾਂ, ਜਿੰਨ੍ਹਾਂ ‘ਚ ਕਰਨਾਟਕ ਦੇ ਚਿਤਰਾਦੁਰਗਾ, ਹੁੱਬਲੀ ਅਤੇ ਬੰਗਲੁਰੂ, ਰਾਜਸਥਾਨ ਦੇ ਜੋਧਪੁਰ, ਸਿੱਕਮ, ਮੁੰਬਈ ਅਤੇ ਗੋਆ ਸ਼ਾਮਲ ਹਨ, ਵਿਖੇ ਛਾਪੇਮਾਰੀ ਕੀਤੀ। ਵਿਧਾਇਕ ਨੂੰ ਸ਼ੁੱਕਰਵਾਰ ਨੂੰ ਸਿੱਕਮ ਦੀ ਰਾਜਧਾਨੀ ਗੰਗਟੋਕ ਵਿਚ ਇਕ ਮਨੋਨੀਤ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ ਅਤੇ ਉਸਨੂੰ ਬੈਂਗਲੁਰੂ ਦੀ ਅਧਿਕਾਰ ਖੇਤਰ ਦੀ ਅਦਾਲਤ ਵਿਚ ਪੇਸ਼ ਕਰਨ ਲਈ ਇਕ ਟ੍ਰਾਂਜ਼ਿਟ ਰਿਮਾਂਡ ਪ੍ਰਾਪਤ ਕੀਤਾ ਗਿਆ ਸੀ। ਈ.ਡੀ. ਦਾ ਬੈਂਗਲੁਰੂ ਜ਼ੋਨ ਮਾਮਲੇ ਦੀ ਜਾਂਚ ਕਰ ਰਿਹਾ ਹੈ। ਏਜੰਸੀ ਨੇ ਦੱਸਿਆ ਕਿ ਵਿਧਾਇਕ ਆਪਣੇ ਸਾਥੀਆਂ ਨਾਲ ਇੱਕ ਕੈਸੀਨੋ ਕਿਰਾਏ ‘ਤੇ ਲੈਣ ਲਈ ਵਪਾਰਕ ਦੌਰੇ ‘ਤੇ ਗੰਗਟੋਕ ਗਿਆ ਸੀ। ਵੀਰੇਂਦਰ ਦੇ ਭਰਾ ਕੇ ਸੀ ਨਾਗਰਾਜ ਅਤੇ ਉਸਦੇ ਪੁੱਤਰ ਪ੍ਰਿਥਵੀ ਐਨ ਰਾਜ ਦੇ ਅਹਾਤੇ ਤੋਂ ਜਾਇਦਾਦ ਨਾਲ ਸਬੰਧਤ ਕਈ ਦਸਤਾਵੇਜ਼ ਵੀ ਜ਼ਬਤ ਕੀਤੇ ਗਏ ਹਨ।ਉਸ ਦੇ ਹੋਰ ਸਹਿਯੋਗੀ ਜਿਵੇਂ ਕਿ ਇੱਕ ਹੋਰ ਭਰਾ ਕੇ ਸੀ ਬਿਪੇਸਵਾਮੀ ਦੁਬਈ ਤੋਂ ਆਨਲਾਈਨ ਗੇਮਿੰਗ ਦੇ ਸੰਚਾਲਨ ਨੂੰ ਸੰਭਾਲ ਰਹੇ ਹਨ।
